EDITORIAL

ਯੂਕੇ ਦਾ ਪਹਿਲਾ ਭਾਰਤੀ-ਪੰਜਾਬੀ ਪੀਐੱਮ, ਸੂਨਕ ਯੂਕੇ ਦੇ ਕਿੰਗ ਤੋਂ ਵੀ ਅਮੀਰ

ਭਾਰਤੀਆਂ ਨੂੰ ਉਮੀਦਾਂ ਪਰ ਸੂਨਕ ਸਖ਼ਤ

ਅਮਰਜੀਤ ਸਿੰਘ ਵੜੈਚ (94178-01988) 

ਰਿਸ਼ੀ ਸੂਨਕ ਪਹਿਲੇ ਏਸ਼ੀਅਨ,ਪਹਿਲੇ ਭਾਰਤੀ ਮੂਲ ਦੇ ਬੈਂਕਰ-ਲੇਖਕ-ਨੇਤਾ, ਪਹਿਲੇ ਸੱਭ ਤੋਂ ਛੋਟੀ ਉਮਰ (42) , ਪਹਿਲੇ ਗ਼ੈਰ-ਇਸਾਈ  ਤੇ ਪਹਿਲੇ ਹਿੰਦੂ ਹਨ ਜੋ  ਯੂਕੇ ਦੇ ਪ੍ਰਧਾਨ-ਮੰਤਰੀ ਬਣ ਗਏ ਹਨ । ਭਾਵੇਂ ਉਹ ਯੂਕੇ ਦੇ  ਜੰਮਪਲ਼ ਨਾਗਰਿਕ ਹਨ ਤਾਂ ਵੀ ਰਿਸ਼ੀ ਸੂਨਕ ਨੂੰ ਇਕ ਗ਼ੈਰ-ਗੋਰਾ ਹਿੰਦੂ ਪੀਐੱਮ ਕਿਹਾ ਜਾ ਰਿਹਾ ਹੈ । ਰਿਸ਼ੀ ਪਿਛਲੇ 210 ਸਾਲਾਂ ‘ਚ ਪਹਿਲੇ ਗ਼ੈਰ-ਗੋਰਾ ਤੇ ਏਸ਼ੀਅਨ ਨਾਗਰਿਕ ਹਨ ਜ‌ੋ ਯੂਕੇ ਦੇ ਪੀਐੱਮ ਬਣੇ ਹਨ ।

ਭਾਰਤ ਦੇ ਮਸ਼ਹੂਰ ਉਦਯੋਗਪਤੀ ਆਨੰਦ ਮਹਿੰਦਰਾ ਇਸ ਮੌਕੇ ‘ਤੇ 1947 ਵੇਲ਼ੇ ਇੰਗਲੈਂਡ ਦੇ ਪੀਐੱਮ ਵਿੰਸਟਨ ਚਰਚਿਲ ਦੇ ਉਸ ਬਿਆਨ ਨੂੰ ਯਾਦ ਕਰਕੇ ਟਵੀਟ ਕਰਦੇ ਹਨ ਕਿ ਜਿਸ ਚਰਚਿਲ ਜੋ ਭਾਰਤ ਨੂੰ ਆਜ਼ਾਦ ਕਰਨ ਦੇ ਹੱਕ ‘ਚ ਨਹੀਂ ਸੀ, ਨੇ ਭਾਰਤ  ਦੇ ਲੀਡਰਾਂ ਨੂੰ ਆਜ਼ਾਦੀ ਲੈਣ ਸਮੇਂ ” ਘੱਟ ਅਕਲ ਤੇ ਹਲਕੇ ਚਰਿਤਰ ਵਾਲ਼ੇ “(“…all Indian leaders will be of low calibre & men of straw.” ) ਕਿਹਾ ਸੀ ਅੱਜ ਭਾਰਤੀ ਮੂਲ ਦਾ  ਹੀ ਯੂਕੇ ਦਾ ਨਾਗਰਿਕ ਯੂਕੇ ਦਾ ਪੀਐੱਮ ਬਣ ਗਿਆ ਹੈ ..ਜ਼ਿੰਦਗੀ ਕਿੰਨੀ ਖ਼ੂਬਸੂਰਤ ਹੈ ” ।

ਇਸਦੇ ਬਿਲਕੁਲ ਵਿਪਰੀਤ ਜਿਸ ਮੁਲਕ ਦੇ ਸ਼ਾਸਕਾਂ ਨੂੰ ਸਾਡੇ ਲੀਡਰ ਨਿੰਦਦੇ ਨਹੀਂ ਥੱਕਦੇ ਉਸ ਮੁਲਕ ਨੇ ਭਾਰਤੀ ਮੂਲ ਦੇ ਯੂਕੇ ਦੇ ਨਾਗਰਿਕ ਨੂੰ ਹੀ ਆਪਣਾ ਪੀਐੱਮ ਬਣਾ ਦਿਤਾ ਹੈ । ਇਹ ਯੂਕੇ ਵਿੱਚ ਲੋਕਤੰਤਰ ਦੀ ਬੁਲੰਦੀ ਹੈ ਤੇ ਦੁਨੀਆਂ ਲਈ ਇਕ ਸੁਨੇਹਾ ਵੀ ਹੈ ਕਿ ਦੁਨੀਆਂ ਹੁਣ ,ਵਿਸ਼ਵ ਪਿੰਡ’ ਹੈ ਜਿਸ ਵਿੱਚ ਹਰ ਮਨੁੱਖ ਨੂੰ ਕਿਤੇ ਵੀ ਵਿਚਰਨ ਤੇ ਵਿਕਾਸ ਕਰਨ ਦਾ ਹੱਕ ਹੈ ।

ਇਸ ਤੋਂ ਪਹਿਲਾਂ ਅਮਰੀਕਾ ਵਿੱਚ ਬਾਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਨਾਲ਼ ਵੀ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਪੈਦਾ ਹੋਈਆਂ ਸਨ । ਸਾਲ 2021 ‘ਚ ਜਦੋਂ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ  ਜੋ ਬਾਇਡਨ ਨੇ ਸੌਂਹ ਚੁੱਕੀ ਸੀ ਤਾਂ ਬਾਇਡਨ ਦੇ ਨਾਲ਼ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਬਤੌਰ ਉਪ-ਰਾਸ਼ਟਰਪਤੀ ਵਜੋਂ ਸੌਂਹ ਚੁੱਕੀ ਸੀ । ਪੁਰਤਗਾਲ ਦੇ ਮੌਜੂਦਾ ਪੀਐੱਮ ਐਨਟੋਨੀਓ ਕੋਸਟਾ ਵੀ ਭਾਰਤ ਦੇ ਗੋਆ ਰਾਜ ਨਾਲ਼ ਸਬੰਧਿਤ ਹਨ ਤੇ ਕੋਸਟਾ ਕੋਲ ਤਾਂ ਭਾਰਤ ਦੀ ਓਆਈਸੀ ਵੀ ਹੈ ।

ਇਸ ਤੋਂ ਪਹਿਲਾਂ ਵੀ ਕਈ ਭਾਰਤੀ-ਮੂਲ ਦੇ ਲੋਕ ਵੱਖ-ਵੱਖ ਮੁਲਕਾਂ ਜਿਵੇਂ ਮਾਰੀਸ਼ਸ਼,ਪੁਰਤਗਾਲ,ਮਲੇਸ਼ੀਆ,ਸਿੰਗਾਪੁਰ,ਤਰਿਨੀਦਾਦ,ਫ਼ਿਜ਼ੀ, ਆਇਰਲੈਂਡ ਆਦਿ ਦੇ ਪ੍ਰਧਾਨ-ਮੰਤਰੀ ਤੇ ਹੋਰ ਅਹੁਦਿਆਂ ‘ਤੇ ਰਹਿ ਚੁੱਕੇ ਹਨ । ਜਦੋਂ 2004 ਵਿੱਚ ਭਾਰਤ ਨੇ ਯੂਪੀਏ ਦੀ ਅਗਵਾਈ ‘ਚ ਆਪਣਾ ਪੀਐੱਮ ਚੁਣਨਾ ਸੀ ਤਾਂ ਕਾਂਗਰਸ , ਬਤੌਰ ਯੂਪੀਏ ਗੱਠਜੋੜ ਦੀ ਵੱਡੀ ਪਾਰਟੀ ਨੇ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਦਾ ਨਾਂ ਜਾਰੀ ਕਰ ਦਿਤਾ । ਸੋਨੀਆਂ ਦੇ ਨਾਮ ‘ਤੇ ਪੂਰੇ ਦੇਸ਼ ਵਿੱਚ ਹਿਲਜੁੱਲ ਹੋਈ । ਬੀਜੇਪੀ ਦੇ ਸੰਸਦ ਮੈਂਬਰ ( ਹੁਣ ਸਵਰਗੀ) ਸੁਸ਼ਮਾ ਸਵਰਾਜ ਨੇ ਤਾਂ ਐਲਾਨ ਕਰ ਦਿਤਾ ਸੀ ਕਿ ਜੇਕਰ ਸੋਨੀਆਂ ਪੀਐੱਮ ਬਣੇਗੀ ਤਾਂ ਸਵਰਾਜ ਸਿਰ ਮੁਨਵਾ ਕੇ ਚਿੱਟੀ ਸਾੜੀ ਪਾ ਲਵੇਗੀ ਤੇ ਸਿਰਫ਼ ਛੋਲਿਆਂ ਦਾ ਨਾਸ਼ਤਾ ਹੀ ਕਰਿਆ ਕਰੇਗੀ । ਉਦੋਂ ਪਾਰਟੀ ਨੇ ਡਾ: ਮਨਮੋਹਨ ਸਿੰਘ ਨੂੰ ਪੀਐੱਮ ਬਣਾਇਆ ਸੀ ।

ਯੂਕੇ ਦੇ ਸੱਭ ਤੋਂ ਪਹਿਲੇ ਪੀਐੱਮ ਰੌਬਰਟ ਵਾਲਪੋਲ ਸਨ ਜੋ  ਸੱਭ ਤੋਂ ਲੰਮਾ ਸਮਾਂ 1721 ਤੋਂ 1742 ਤੱਕ ਲਗਾਤਾਰ 21 ਸਾਲ ਪੀਐੱਮ ਰਹੇ । 20ਵੀ ਸਦੀ ‘ਚ ਮਰਾਗਰੇਟ ਥੈਚਰ ਯੂਕੇ ਦੇ ਪਹਿਲੇ ਨਾਰੀ ਪੀਐੱਮ ਸਨ ਜੋ ਤਕਰੀਬਨ 11 ਸਾਲ, ਮਈ 1979 ਤੋਂ ਨਵੰਬਰ 1990 ਤੱਕ ਦੇਸ਼ ਨੂੰ ਅਗਵਾਈ ਦਿੰਦੇ ਰਹੇ । ਲਿਜ਼ ਟਰੈਸ ਸੱਭ ਤੋਂ ਘੱਟ ਸਮਾਂ ਸਿਰਫ 45  ਦਿਨਾਂ ਤੱਕ ਪੀਐੱਮ ਦੇ ਅਹੁਦੇ ‘ਤੇ ਰਹੇ । ਦੋ ਕਿਤਾਬਾਂ ਦੇ ਲੇਖਕ , ਸੂਨਕ ਯੂਕੇ ਦੇ ਉਸ ਵਕਤ ਪੀਐੱਮ ਬਣੇ ਹਨ ਜਦੋਂ ਇਹ ਮੁਲਕ ਕਰੋਨਾ ਮਗਰੋਂ ਇਕ ਗਹਿਰੇ ਆਰਥਿਕ ਸੰਕਟ ‘ਚੋਂ ਲੰਘ ਰਿਹਾ ਹੈ ਤੇ ਸੂਨਕ ਨੇ ਇਕ ਵਾਅਦਾ ਕੀਤਾ ਹੈ ਕਿ ਉਹ ਦੇਸ਼ ਨੂੰ ਮੁੜ ਪੈਰਾਂ ਸਿਰ ਕਰਨ ਲਈ ਦਿਨ ਰਾਤ ਇਕ ਕਰ ਦੇਣਗੇ ।

ਰਿਸ਼ੀ ਦੇ ਵੱਡ-ਵਡੇਰੇ ਬੜੀ ਮਿਹਨਤ ਤੇ ਦ੍ਰਿੜਤਾ ਵਾਲੇ ਸਨ। ਉਨ੍ਹਾ ਦੇ ਦਾਦਾ ਗੁਜਰਾਂਵਾਲ਼ਾ, ਪਾਕਿਸਤਾਨ ਦੇ ਪੰਜਾਬ ਦੇ ਰਹਿਣ ਵਾਲ਼ੇ ਸਨ ਜੋ 1937 ‘ਚ ਹੀ ਅਫ਼ਰੀਕਾ ਦੇ ਕੀਨੀਆ ‘ਚ ਜਾ ਵੱਸੇ ਸਨ ਤੇ ਫਿਰ ਰਿਸ਼ੀ ਦੇ ਪਿਤਾ ਜੀ ਯੂਕੇ ਚਲੇ ਗਏ ਜਿਥੇ ਰਿਸ਼ੀ ਦੀ ਯੂਕੇ ਦੇ ਸੱਭ ਤੋਂ ਮਹਿੰਗੇ ਵਿਦਿਅਕ ਸੰਸਥਾਨਾ ‘ਚ ਪੜ੍ਹਾਈ ਹੋਈ । ਸੂਨਕ ਦੇ ਨਾਨਕੇ  ਲੁਧਿਆਣੇ ‘ਚ ਰਹਿੰਦੇ ਹਨ ।

ਸਟੈਂਡਫੋਰਡ ਯੂਨੀਵਰਸਿਟੀ ਤੋਂ ਐੱਮਬੀਏ ਰਿਸ਼ੀ ਸ਼ੁਰੂ ਤੋਂ ਹੀ ਪੈਸੇ ਦੇ ਹਿਸਾਬ ਵਿੱਚ ਤਿੱਖੇ ਹਨ ਤੇ ਫਿਰ ਸੂਨਕ ਦਾ ਵਿਆਹ ਵੀ ਭਾਰਤ ਦੇ ਇਨਫੋਸੈਸ ਦੇ ਫਾਂਊਡਰ ਅਰਬਪਤੀ ਨਰਾਇਣਨ ਮੂਰਥੀ ਦੀ ਬੇਟੀ ਅਕਸ਼ਤਾ ਮੂਰਥੀ ਨਾਲ਼ ਹੋਇਆ । ਅਕਸ਼ਤਾ ਤੇ ਸੂਨਕ ਦੋਹਾਂ ‘ਤੇ ਟੈਕਸ ਬਚਾਉਣ ਦੇ ਦੋਸ਼ ਵੀ ਲੱਗ ਚੁੱਕੇ ਹਨ । ਰਿਸ਼ੀ ਕੋਲ਼ ਲੰਮਾਂ ਸਮਾਂ ਅਮਰੀਕਾ ਦਾ ‘ਗਰੀਨ ਕਾਰਡ’ ਵੀ ਰਿਹਾ । ਕੋਵਡ ਦੌਰਾਨ ਸੂਨਕ ਯੂਕੇ ਦੇ ਵਿੱਤ ਮੰਤਰੀ ਸਨ ।  ਸੂਨਕ ਤੋਂ ਪਹਿਲਾਂ ਲਿਜ਼ਾ ਟਰੱਸ ਪੀਐੱਮ ਬਣੇ ਪਰ ਸਿਰਫ਼ 45 ਦਿਨਾਂ ‘ਚ ਹੀ ਲਿਜ਼ਾ ਨੇ ਹਾਰ ਮੰਨ ਲਈ ਤੇ ਇੰਜ ਸੂਨਕ ਨੂੰ ਮੌਕਾ ਮਿਲ਼ ਗਿਆ ।

ਯੂਕੇ ਦੀ ਹਾਊਸ ਆਫ ਕਾਮਨਜ਼/ਲੋਕਸਭਾ ਵਿੱਚ ਵਿੱਚ ਕੁੱਲ 650 ਚੁਣੇ ਹੋਏ ਸੰਸਦ ਮੈਂਬਰ ਹਨ : ਇਸ ਵਕਤ ਕੰਜਰਵੇਟਿਵ ਪਾਰਟੀ ਕੋਲ਼ 357 ਮੈਬਰ ਹਨ ਤੇ ਇਨ੍ਹਾ ਵਿੱਚੋਂ 188 ਮੈਂਬਰ ਸੂਨਕ ਦੇ ਹੱਕ ਵਿੱਚ ਸਨ । ਟੱਰਸ ਦੇ ਅਸਤੀਫ਼ੇ ਮਗਰੋਂ ਸਾਬਕਾ ਪੀਐੱਮ  ਬੌਰਿਸ ਜੌਨਸਨ ਤੇ ਪੈਨੀ ਮੌਰਡੂਐਂਟ ਨੇ ਵੀ ਕਿਸਮਤ ਅਜਮਾਉਣੀ ਚਾਹੀ ਪਰ ਕੰਜਰਵੇਟਿਵ/ ਟੋਰੀ ਪਾਰਟੀ ਦੇ ਵੱਧ ਮੈਂਬਰ ਸੂਨਕ ਨੂੰ ਹਮਾਇਤ ਦੇ ਰਹੇ ਸਨ ਜਿਸ ਕਰਕੇ ਪੈਨੀ ਤੇ ਜੌਨਸਨ ਨੇ ਨਾਮ ਵਾਪਸ ਲੈ ਲਏ । ਇਹ ਵੀ ਰਿਸ਼ੀ ਲਈ ਤਸੱਲੀ ਦਾ ਕਾਰਨ ਹੈ ਕਿ ਟੋਰੀ ਪਾਰਟੀ ਦੇ 50 ਫ਼ੀਸਦ ਸੰਸਦ ਮੈਂਬਰ ਉਸ ਦੇ ਹੱਕ ਵਿੱਚ ਹਨ । ਇੰਜ ਸੂਨਕ ਦੀ ਸਰਕਾਰ ਨੂੰ ਸਥਿਰਤਾ ਮਿਲਣ ‘ਚ ਮਦਦ ਮਿਲ਼ੇਗੀ ।

‘ਫੌਰਚੂਨ’ ਰਸਾਲੇ ਨੇ ਇੰਗਲੈਂਡ ਦੇ ‘ਦਾ ਸੰਡੇ ਟਾਈਮਜ਼’ ਦੇ ਹਵਾਲੇ ਨਾਲ਼ ਦੱਸਿਆ ਹੈ ਕਿ ਰਿਸ਼ੀ ਸੂਨਕ ਇੰਗਲੈਂਡ ਦੇ 222ਵੇਂ ਅਮੀਰ ਹਨ  । ਰਿਸ਼ੀ ਯੂਕੇ ਦੇ ‘ਕਿੰਗ ਚਾਰਲਸ-3’ ਤੋਂ ਵੀ ਅਮੀਰ ਹਨ । ਕਿੰਗ ਚਾਰਲਸ ਦੀ 4400 ਰੁ: ਕਰੋੜ ਦੀ ਜਾਇਦਾਦ ਹੈ ਜਦੋਂ ਕਿ ਰਿਸ਼ੀ ਤੇ ਉਨ੍ਹਾਂ ਦੀ ਹਮਸਫ਼ਰ 7300 ਰੁ: ਕਰੋੜ ਦੇ ਮਾਲਕ ਹਨ । ਰਿਸ਼ੀ ਦਾ ਆਪਣੇ ਸਹੁਰੇ ਨਾਰਾਇਣਨ ਮੂਰਥੀ ਦੀ  ਭਾਰਤ ‘ਚ ਆਈ ਟੀ ਦੀ ਸੱਭ ਤੋਂ ਵੱਡੀ ‘ਇਨਫੋਸਿਸ’ ਕੰਪਨੀ ‘ਚ 0.09 ਫੀਸਦ ਹਿਸਾ ਹੈ ਜਿਸ ਤੋਂ ਰਿਸ਼ੀ ਨੂੰ ਕਰੋੜਾਂ ਦੀ ਸਲਾਨਾ ਆਮਦਨ ਹੈ ।

ਰਿਸ਼ੀ ਹਿਸਾਬ ਕਿਤਾਬ ਦੇ ਮਾਹਿਰ ਹਨ ਤੇ ਉਨ੍ਹਾਂ ਨੇ ਲਿਜ਼ ਟਰੱਸ ਨੂੰ ਕਿਹਾ ਸੀ ਕਿ ਲਿਜ਼ ਬਿਨਾ ਕਰਜ਼ ਲਏ ਦੇਸ਼ ਨਹੀਂ ਚਲਾ ਸਕਦੀ ਜੋ ਸੱਚ ਹੋਇਆ ਤੇ ਲਿਜ਼ ਨੇ ਆਪਣੀ ਹਾਰ ਮੰਨ ਲਈ । ਹੁਣ ਸੂਨਕ ਦੇ ਸਾਹਵੇਂ ਬੜੀਆਂ ਚੁਣੌਤੀਆਂ ਹਨ ਕਿਉਂਕਿ ਯੂਕੇ ਦੀ  ਆਰਥਿਕਤਾ ਡਗਮਗਾ ਗਈ ਹੈ ਜਿਸ ਕਰਕੇ ਯੂਕੇ ਵਿਸ਼ਵ ਦੀਆਂ ਵੱਡੀਆਂ ਆਰਥਿਕ ਸ਼ਕਤੀਆਂ ‘ਚ ਭਾਰਤ ਤੋਂ ਹੇਠਾਂ ਛੇਵੇਂ ਸਥਾਨ ‘ਤੇ ਖਿਸਕ ਗਿਆ ਹੈ । ਆਪਣੀ ਕਾਬਲੀਅਤ ਵਖਾਉਣ ਲਈ ਰਿਸ਼ੀ ਕੋਲ਼ ਬੜਾ ਵਧੀਆ ਮੌਕਾ ਹੈ । ਭਾਰਤ ਵਿੱਚ ਵੀ ਇਹ ਮੌਕਾ ਡਾ. ਮਨਮੋਹਣ ਸਿੰਘ ਨੂੰ 1991 ‘ਚ ਬਤੌਰ ਵਿੱਤ ਮੰਤਰੀ ਮਿਲਿਆ ਸੀ ਜਦੋਂ ਦੇਸ਼ ਘੋਰ ਆਰਥਿਕ ਸੰਕਟ ‘ਚੋ ਲੰਘ ਰਿਹਾ ਸੀ । ਇਸ ਤੋਂ ਪਹਿਲਾਂ ਚੰਦਰ ਸ਼ੇਖਰ ਦੀ ਸਰਕਾਰ ਨੇ 470 ਕੁਇੰਟਲ ਸੋਨਾ ਇੰਗਲੈਂਡ ਕੋਲ਼ ਗਹਿਣੇ ਰੱਖ ਕੇ ਅਰਬਾਂ ਰੁ: ਦਾ ਕਰਜ਼ਾ ਲਿਆ ਸੀ ਜੋ ਬਾਅਦ ‘ਚ ਮਨਮੋਹਨ ਸਿੰਘ ਦੀ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਵਾਪਸ ਭਾਰਤ ਕੋਲ਼ ਆ ਗਿਆ  ਸੀ ।

ਰਿਸ਼ੀ ਤੋਂ ਜਿਥੇ ਇੰਗਲੈਂਡ ਵਾਸੀਆਂ ਨੂੰ ਬਹੁਤ ਆਸਾਂ ਹਨ ਉਥੇ ਭਾਰਤੀਆਂ ਨੂੰ ਵੀ ਉਮੀਦਾਂ ਹਨ : ਹੁਣ ਸਮਾਂ ਹੀ ਦੱਸੇਗਾ ਕਿ ਰਿਸ਼ੀ ਕਿਸਦੀਆਂ ਆਸਾਂ ‘ਤੇ ਪੂਰੇ ਉਤਰਦੇ ਹਨ ? ਵੈਸੇ ਰਿਸ਼ੀ ਬਾਰੇ  ਕਿਹਾ ਜਾਂਦਾ ਹੈ ਕਿ ਉਹ ਸਖ਼ਤ ਫੈਸਲੇ ਲੈਣ ਦੇ ਹਮਾਇਤੀ ਹਨ  ਤਾਂ ਫਿਰ ਹੋ ਸਕਦਾ ਹੈ ਕਿ ਉਨ੍ਹਾਂ ਦੇ ਫ਼ੈਸਲਿਆਂ ਨਾਲ਼ ਬਹੁਤ ਲੋਕ ਉਦਾਸ ਵੀ ਹੋ ਜਾਣ ।  ਇਹ ਕਿਹਾ ਜਾ ਰਿਹਾ ਹੈ ਕਿ ਉਹ ਯੂਕੇ ਦੇ ਨਾਗਰਿਕ ਪਹਿਲਾਂ ਹਨ ਇਸ ਲਈ ਯੂਕੇ ਨੂੰ ਸਥਿਰ ਕਰਨ ਲਈ ਕੀਤੇ ਜਾਣ ਵਾਲ਼ੇ ਫ਼ੈਸਲੇ ਹੋ ਸਕਦਾ ਹੈ ਭਾਰਤੀਆਂ ਦੇ ਰਾਸ ਨਾ ਆਉਣ ਪਰ ਫਿਰ ਵੀ ਇਹ ਸਮਝਿਆ ਜਾ ਰਿਹਾ ਹੈ ਕਿ ਉਹ ਭਾਰਤੀਆਂ ਪ੍ਰਤੀ ਕੁਝ ਨਰਮੀ ਵਿਖਾ ਸਕਦੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button