EDITORIAL

ਪੀਏਯੂ ਨੂੰ ਮਿਲ ਸਕਦਾ ਹੈ ਜਲਦ ਨਵਾਂ ਵੀਸੀ !

ਰੰਧਾਵਾ, ਬੈਂਸ, ਸਿੱਧੂ, ਗਿੱਲ, ਸੰਧੂ ਦੌੜ 'ਚ, ਪੀਏਯੂ, ਪੰਜਾਬੀ, ਫ਼ਰੀਦ ਯੂਨੀਵਰਸਿਟੀਆਂ ਸੰਕਟ 'ਚ

ਅਮਰਜੀਤ ਸਿੰਘ ਵੜੈਚ (9417801988)

ਪੰਜਾਬ ਦੀ ਖੇਤੀ ‘ਤੇ ਕਿਸਾਨਾਂ ਦੀ ਰੂਹ ਕਰਕੇ ਜਾਣੀ ਜਾਂਦੀ ਪੀਏਯੂ (ਪੰਜਾਬ ਐੱਗਰੀਕਲਚਰਲ ਯੂਨੀਵਰਸਿਟੀ ), ਲੁਧਿਆਣਾ ਪਿਛਲੇ ਸਾਢੇ 13 ਮਹੀਨਿਆਂ ਤੋਂ ਵਾਈਸ-ਚਾਂਸਲਰ ਦੀ ਇੰਤਜ਼ਾਰ ‘ਚ ਹੈ। ਹੁਣ ਪੰਜਾਬੀ ਦੇ ਸਭ ਤੋਂ ਪਹਿਲੇ ਸ਼ਾਇਰ ਬਾਬਾ ਫ਼ਰੀਦ ਦੇ ਨਾਂ ‘ਤੇ ਬਣੀ ‘ਬਾਬਾ ਫ਼ਰੀਦ ਮੈਡੀਕਲ ਸਾਇੰਸਿਜ਼ ਯੂਨੀਵਰਸਿਟੀ’, ਫ਼ਰੀਦਕੋਟ ਵੀ ਡਾ: ਰਾਜ ਬਹਾਦੁਰ ਦਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਵੀਸੀ ਤੋਂ ਸੱਖਣੀ ਹੋ ਗਈ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਪਹਿਲਾਂ ਹੀ ਪੰਜਾਬ ਸਰਕਾਰ ਦੇ ਆਰਥਿਕ-ਲਾਰਿਆਂ ਦੀ ਸਤਾਈ ਹੋਈ ਹੈ।

ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ ਉਹ ਸਾਰੀਆਂ ਹੀ ਪੀਏਯੂ ਨੂੰ ਪੰਜਾਬ ਲਈ ਬਹੁਤ ਹੀ ਮਹੱਤਵਪੂਰਨ ਸੰਸਥਾ ਮੰਨਦੀਆਂ ਰਹੀਆਂ ਹਨ। ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਪੀਏਯੂ ਨੇ ਦੇਸ਼ ‘ਚ ‘ਹਰਾ ਇਨਕਲਾਬ’ ਲਿਆਉਣ ‘ਚ ਅਹਿਮ ਯੋਗਦਾਨ ਪਾਇਆ ਸੀ ਜਦੋਂ ਦੇਸ਼ ਵਧਦੀ ਆਬਾਦੀ ਕਾਰਨ ਖੁਰਾਕ ਦੀ ਘਾਟ ਨਾਲ਼ ਜੂਝ ਰਿਹਾ ਸੀ ਤੇ ਅਮਰੀਕਾ ਭਾਰਤ ਨੂੰ ਸ਼ਰਤਾਂ ਲਾਕੇ ਕਣਕ ਦਿੰਦਾ ਸੀ।ਇਹ ਯੂਨੀਵਰਸਿਟੀ ਹੁਣ ਤੱਕ ਵਿਸ਼ਵ ਪੱਧਰ ਦੇ ਵਿਗਿਆਨੀ ਪੈਦਾ ਕਰ ਚੱਕੀ ਹੈ ਤੇ ਇਸ ਵੱਲੋਂ ਕੀਤੀਆਂ ਖੋਜਾਂ ਨੇ ਪੰਜਾਬ ਦੀ ਖੇਤੀ ਦਾ ਨਕਸ਼ਾ ਹੀ ਬਦਲ ਦਿੱਤਾ ਹੈ, ਪੰਜਾਬ ‘ਚ ਪ੍ਰਤੀ ਏਕੜ ਕਣਕ ਦੀ ਪੈਦਾਵਾਰ 1960 ‘ਚ 4/5 ਕੁਇੰਟਲ ਮਰਕੇ ਹੁੰਦੀ ਸੀ ਜੋ ਅੱਜ 27/28 ਕੁਇੰਟਲ ਹੋ ਚੁੱਕੀ ਹੈ।

ਪੀਏਯੂ ਦੇ ਸਾਬਕਾ ਵੀਸੀ ਡਾ: ਬਲਦੇਵ ਸਿੰਘ ਢਿਲੋਂ ਨੇ ਪਿਛਲੇ ਵਰ੍ਹੇ 30 ਜੂਨ ਨੂੰ ਅਸਤੀਫ਼ਾ ਦੇ ਦਿੱਤਾ ਸੀ। ਉਸ ਵਕਤ ਕੈਪਟਨ ਮੁੱਖ-ਮੰਤਰੀ ਸਨ ਤੇ ਕੈਪਟਨ ਨੂੰ ਉਨ੍ਹਾਂ ਦਿਨਾਂ ‘ਚ ਨਵਜੋਤ ਸਿੱਧੂ ਨੇ ਹਫ਼ਾਇਆ ਹੋਇਆ ਸੀ ਜਿਸ ਕਰਕੇ ਕੈਪਟਨ ਕੋਈ ਵੀਸੀ ਨਾ ਲਾ ਸਕੇ। ਕੈਪਟਨ ਨੇ ਸਾਬਕਾ ਵੀਸੀ ਡਾ: ਔਲਖ ਨੂੰ ਪੇਸ਼ਕਸ਼ ਕੀਤੀ ਸੀ ਪਰ ਔਲਖ ਨੇ ਹਾਮੀ ਨਹੀਂ ਭਰੀ। ਕੈਪਟਨ ਦੇ ਪਹਿਲੀ ਵਾਰੀ 2002 ‘ਚ ਮੁੱਖ-ਮੰਤਰੀ ਬਣਨ ਸਮੇਂ ਵੀ ਡਾ: ਔਲਖ ਵੀਸੀ ਰਹਿ ਚੱਕੇ ਸਨ। ਸਾਲ 2007 ‘ਚ ਬਾਦਲ ਸਰਕਾਰ ਆ ਗਈ ਤੇ ਡਾ: ਔਲਖ ਨਾਲ ਬਾਦਲ ਸਾਹਿਬ ਇਕ ਬਹੁਤ ਹੀ ਨਿੱਕੀ ਜਿਹੀ ਗੱਲ ਕਾਰਨ ਔਖੇ-ਭਾਰੇ ਹੋ ਗਏ ਸਨ ਜਿਸ ਕਰਕੇ ਡਾ: ਔਲਖ ਨੇ ਸਰਕਾਰ ਦੇ ਕਹਿਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।

ਪਿਛਲੇ ਸਾਲ 20 ਸਤੰਬਰ ‘ਚ ‘ਘਰ-ਘਰ ਏਹੋ ਚੱਲੀ ਗੱਲ…’ ਵਾਲੇ ਚਰਨਜੀਤ ਚੰਨੀ ਨੇ ਪੰਜਾਬ ਦੀ ਵਾਗ-ਡੋਰ ਸੰਭਾਲੀ ਤੇ ਉਹ ਵੀ ਇਹ ਮਸਲਾ ਨਾ ਹੱਲ ਕਰ ਸਕੇ। ਸਾਢੇ ਪੰਜ ਮਹੀਨੇ ਭਗਵੰਤ ਮਾਨ ਹੁਰਾਂ ਨੂੰ ਵੀ ਮੁੱਖ-ਮੰਤਰੀ ਦੀ ਕੁਰਸੀ ਸੰਭਾਲ਼ਿਆਂ ਹੋ ਗਏ ਹਨ। ਇਸ ਸਮੇਂ ਦੌਰਾਨ ਪੀਏਯੂ ਦਾ ਵੀਸੀ ਤਾਂ ਨਹੀਂ ਲੱਗ ਸਕਿਆ ਸਗੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦਾ ਵੀਸੀ ਵੀ ਅਸਤੀਫ਼ਾ ਦੇ ਗਿਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਜੋ ਪਹਿਲਾਂ ਹੀ ਵਿੱਤੀ ਸੰਕਟ ਦੀ ਮਾਰੀ ਹੋਈ ਹੈ ਪਿਛਲੇ 15 ਸਾਲਾਂ ਤੋਂ ਸਰਕਾਰ ਤੋਂ ਮਦਦ ਦੀ, ਊਠ ਦਾ ਬੁੱਲ੍ਹ ਡਿਗਣ ਵਰਗੀ, ਆਸ ਲਾਈ ਬੈਠੀ ਹੈ।

ਸਰਕਾਰ ਨੇ ਪੀਏਯੂ ਦਾ ਵੀਸੀ ਲਾਉਣ ਲਈ ਨਾਮ ਤਾਂ ਛਾਂਟ ਲਏ ਹਨ ਪਰ ਹਾਲੇ ਰਾਜਪਾਲ ਨੂੰ ਕਿਹੜੇ ਤਿੰਨ ਨਾਵਾਂ ਦੀ ਸਿਫ਼ਾਰਿਸ਼ ਕਰਨੀ ਹੈ ਉਸ ਦਾ ਫ਼ੈਸਲਾ ਸਰਕਾਰ ਨਹੀਂ ਕਰ ਸਕੀ । ਇਹ ਵੀ ਚਰਚਾ ਚੱਲ ਰਹੀ ਹੈ ਕਿ ਸ਼ਾਇਦ ‘ਆਪ’ ਦੀ ‘ਹਾਈ ਕਮਾਂਡ’ ਕੋਈ ਵੀਸੀ ਲਾ ਸਕਦੀ ਹੈ। ਉਂਜ ਇਹ ਪਤਾ ਲੱਗਿਆ ਹੈ ਕਿ ਡਾ: ਐੱਲ ਐੱਸ ਰੰਧਾਵਾ ,ਡਾ; ਨਵਤੇਜ ਸਿੰਘ ਬੈਂਸ ,ਡਾ: ਰਾਜਿੰਦਰ ਸਿੰਘ ਸਿਧੂ, ਡਾ: ਐੱਮ ਐੱਸ ਗਿੱਲ ਤੇ ਸ੍ਰੀ ਕਰਨ ਨਰਿੰਦਰ ਖੇਤੀ ਯੂਨੀਵਰਸਿਟੀ, ਜੋਬਨੇਰ, ਰਾਜਿਸਥਾਨ ਦੇ ਮੌਜੂਦਾ ਵੀਸੀ ਡਾ: ਜੀਤ ਸਿੰਘ ਸੰਧੂ ਦੇ ਨਾਮ ਵਿਚਾਰੇ ਗਏ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਵੀਸੀ ਦੀ ਪੋਸਟ ਭਰਨ ਵਾਸਤੇ ਉਮੀਦਵਾਰਾਂ ਤੋਂ ਉਨ੍ਹਾਂ ਦੇ ਜੀਵਨ-ਬਿਊਰੇ ਮੰਗੇ ਗਏ ਹਨ।

ਦਰਅਸਲ ਪੀਏਯੂ ਦਾ ਪ੍ਰਬੰਧਕੀ ਬੋਰਡ ਹੀ ਰਾਜਪਾਲ ਨੂੰ ਵੀਸੀ ਦੇ ਅਹੁਦੇ ਲਈ ਨਾਮ ਭੇਜਦਾ ਹੈ ਪਰ ਹੁਣ ਸਰਕਾਰ ਹੀ ਇਕ ਢੰਗ ਨਾਲ ਬੋਰਡ ਦਾ ਕੰਮ ਕਰਨ ਲੱਗ ਪਈ ਹੈ। ਬੋਰਡ ਦੀ ਹਾਲੇ ਵੀਸੀ ਦੀ ਨਾਮਜ਼ਦਗੀ ਲਈ ਕੋਈ ਮੀਟਿੰਗ ਨਹੀਂ ਹੋਈ ਹੈ। ਅੱਜ ਜਦੋਂ ਖੇਤੀ, ਖਾਸਕਰ ਪੰਜਾਬ ਦੀ ਖੇਤੀ, ਇਕ ਗੰਭੀਰ ਸੰਕਟ ‘ਚੋਂ ਲੰਘ ਰਹੀ ਹੈ ਤਾਂ ਉਸ ਵਕਤ ਕਿਸਾਨਾਂ ਨੂੰ ਢਾਰਸ ਬਨ੍ਹਾਉਣ ਲਈ ਪੀਏਯੂ ਇਕ ਮਾਰਗ ਦਰਸ਼ਕ ਦਾ ਕੰਮ ਕਰ ਰਹੀ ਹੈ ਪਰ ਹੁਣ ਪੀਏਯੂ ਦੀ ਹਾਲਤ ਵੀ ਤਰਸਯੋਗ ਲੱਗਣ ਲੱਗੀ ਹੈ ਤਾਂ ਇਸ ਨੂੰ ਢਾਰਸ ਕੌਣ ਦਏਗਾ ; ਪਿਛਲੇ ਸਾਢੇ 13 ਮਹੀਨਿਆਂ ਤੋਂ ਯੂਨੀਵਰਸਿਟੀ ਦਾ ਕੰਮ ਪੰਜਾਬ ਦੇ ਬਿਊਰੋਕਰੇਟ ਹੀ ਚਲਾ ਰਹੇ ਹਨ ਤੇ ਇਸ ਸਮੇਂ ਦੌਰਾਨ ਵੀ ਤਿੰਨ ਆਈਏਐੱਸ ਅਧਿਕਾਰੀ ਬਦਲੇ ਜਾ ਚੁੱਕੇ ਹਨ।

ਜਿਸ ਫੁਰਤੀ ਨਾਲ ਮਾਨ ਸਰਕਾਰ ਦੇ ਮੰਤਰੀ ਛਾਪੇ ਮਾਰ ਰਹੇ ਹਨ, ਪੰਚਾਇਤੀ ਜ਼ਮੀਨਾਂ ਛੁਡਵਾਈਆਂ ਜਾ ਰਹੀਆਂ ਹਨ, ਆਮ ਆਦਮੀ ਕਲਿਨਿਕਾਂ ਦੀ ਤਿਆਰੀ ਕੀਤੀ ਗਈ ਹੈ, ਮੁੱਖ-ਮੰਤਰੀ ਨੇ ਆਪਣੇ ਤੇ ਵਿਰੋਧੀ ਧਿਰ ਦੇ ਸਾਬਕਾ ਮੰਤਰੀਆਂ ਸਮੇਤ ਅਫਸਰਾਂ ਨੂੰ ਭਰਿਸ਼ਟਾਚਰ ਦੇ ਦੋਸ਼ਾਂ ‘ਚ ਜੇਲ੍ਹ ਭੇਜਿਆ ਹੈ, ਡੀਜੀਪੀ ਤੇ ਏਜੀ ਬਦਲੇ ਹਨ ਓਨੀ ਫੁਰਤੀ ਪੀਏਯੂ ਵੱਲ ਕਿਉਂ ਨਹੀਂ ਦਿਖਾਈ ? ਕਈ ਅਗਾਂਹਵਧੂ ਕਿਸਾਨਾਂ ਨੇ ਵੀ ਇਸ ਮੁੱਦੇ ‘ਤੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਪੀਏਯੂ ਪ੍ਰਤੀ ਇਸ ਤਰ੍ਹਾਂ ਦਾ ਰਵੱਈਆਂ ਬੜਾ ਦੁੱਖਦਾਈ ਹੈ। ਪੀਏਯੂ ਟੀਚਰਜ਼ ਅਸੋਸੀਏਸ਼ਨ ਦੇ ਪ੍ਰਧਾਨ ਤੇ ਯੂਨੀਵਰਸਿਟੀ ਦੇ ਮੈਨੇਜਮੈਂਟ ਬੋਰਡ ਦੇ ਸਪੈਸ਼ਲ ਇਨਵਾਇਟੀ ਡਾ: ਹਰਮੀਤ ਸਿੰਘ ਕਿੰਗਰਾ ਨੇ ਵੀ ਇਸ ਮੁੱਦੇ ਤੇ ਚਿੰਤਾ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੀਸੀ ਦੀ ਨਿਯੁਕਤੀ ਜਲਦੀ ਹੋਣੀ ਚਾਹੀਦੀ ਹੈ ਕਿਉਂਕਿ ਯੂਨੀਵਰਸਿਟੀ ਦੇ ਬਹੁਤ ਸਾਰੇ ਮਹੱਤਵਪੂਰਨ ਫ਼ੈਸਲੇ ਵੀਸੀ ਨਾ ਹੋਣ ਕਰਕੇ ਅਟਕੇ ਪਏ ਹਨ।

‘ਆਪ’ ਨੇ ਪੰਜਾਬ ‘ਚ ਸਿਹਤ ਤੇ ਸਿਖਿਆ ਦੇ ਵਿੱਚ ‘ਇਨਕਲਾਬੀ’ ਤਬਦੀਲੀਆਂ ਦਾ ਨਾਅਰਾ ਲਾਕੇ ਸੱਤ੍ਹਾ ਸੰਭਾਲੀ ਸੀ ਪਰ ਜਿਸ ਢੰਗ ਨਾਲ ਸਰਕਾਰ ਵੱਲੋਂ ਪੀਏਯੂ ਤੇ ਪੰਜਾਬੀ ਯੂਨੀਵਰਸਿਟੀ ਪ੍ਰਤੀ ਲਾਪਰਵਾਹੀ ਵਰਤੀ ਜਾ ਰਹੀ ਹੈ ਉਸ ਤੋਂ ਲਗਦਾ ਹੈ ਕਿ ਸਰਕਾਰ ਇਨ੍ਹਾਂ ਯੂਨੀਵਰਸਿਟੀਆਂ ਨੂੰ ਸਿਖਿਆ ਦੀ ਪਰਿਭਾਸ਼ਾ ਤੋਂ ਬਾਹਰ ਸਮਝ ਰਹੀ ਹੈ। ਪੀਏਯੂ ਵੀਸੀ ਦੀ ਨਿਯੁਕਤੀ ਨਾਲ ਯੂਨੀਵਰਸਿਟੀ ਦੇ ਹੋਰ ਵੀ ਕਈ ਮਹੱਤਵਪੂਰਣ ਅਹੁਦੇ ਜਿਵੇਂ ਰਜਿਸਟਰਾਰ,ਡਾਇਰੈਕਟਰ ਰਿਸਰਚ,ਡਾਇਰੈਕਟਰ ਐਕਸਟੈਂਸ਼ਨ ਐਜੁਕੇਸ਼ਨ, ਡੀਨ ਕਾਲਿਜ ਆਫ ਐਗਰੀਕਲਚਰ,ਡੀਨ ਪੀਜੀ ਸਟੱਡੀਜ਼, ਡੀਨ ਸਟੂਡੈਂਟ ਵੈੱਲਫ਼ੇਅਰ,ਚੀਫ਼ ਇੰਜਨੀਅਰ,ਕੰਪਟਰੋਲਰ, ਇਸਟੇਟ ਅਫ਼ਸਰ ਤੇ ਲਾਇਬਰੇਰੀਅਨ ਦੇ ਅਹੁਦੇ ਖਾਲੀ ਪਏ ਹਨ।

ਮੁੱਖ-ਮੰਤਰੀ ਤਾਂ ਖ਼ੁਦ ਕਿਸਾਨ ਪਰਿਵਾਰ ‘ਚੋ ਹਨ ਤਾਂ ਫਿਰ ਪੰਜਾਬ ਦੀ ਖੇਤੀ ਦੀ ਸਾਹ-ਰਗ ਪੀਏਯੂ ਨੂੰ ਕਿਉਂ ਵੀਸੀ ਨਸੀਬ ਨਹੀਂ ਹੋ ਰਿਹਾ ! ਇਕ ਰਾਜ਼ ਬਣਿਆ ਹੋਇਆ ਹੈ ! ਉਂਜ ਇਹ ਸੁਣਨ ‘ਚ ਆਇਆ ਹੈ ਕਿ ਹਾਲ ਦੇ ਦਿਨਾਂ ‘ਚ ਚੀਫ਼ ਸੈਕਰੇਟਰੀ ਦੇ ਦਫ਼ਤਰ ‘ਚ ਇਸ ਤਰ੍ਹਾਂ ਦੀ ਹਲਚਲ ਹੋਈ ਹੈ ਜਿਸ ਤੋਂ ਆਸ ਬੱਝੀ ਹੈ ਕਿ 15 ਅਗਸਤ ਤੋਂ ਮਗਰੋਂ ਯੂਨੀਵਰਸਿਟੀ ਨੂੰ ਨਵਾਂ ਵੀਸੀ ਮਿਲ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button