EDITORIAL

ਕੇਂਦਰ ਸਰਕਾਰ ਦੀ ਪਹਿਲ ਕਦਮੀ ਦੇ ਅਰਥ

ਅਮਰਜੀਤ ਸਿੰਘ ਵੜੈਚ

ਪਿਛਲੇ ਕੁਝ ਸਮੇਂ ਤੋਂ ਸਿੱਖਾਂ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਪ੍ਰਤੀ ਕਿਸਾਨ ਅੰਦੋਲਨ ਸਮੇਂ ਦੂਰੀਆਂ ਵਧੀਆਂ ਸਨ। ਉਹ ਕੇਂਦਰ ਸਰਕਾਰ ਵੱਲੋਂ ਗੁਰੂ ਤੇਗ ਬਹਾਦੁਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ , ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਲਾਲ ਕਿਲ੍ਹੇ ‘ਤੇ ਆਯੋਜਿਤ ਵਿਸ਼ਾਲ ਸਮਾਗਮ ਤੋਂ ਮਗਰੋਂ ਜ਼ਰੂਰ ਘਟੀਆਂ ਹਨ। ਕਿਸਾਨ ਅੰਦੋਲਨ ਦੌਰਾਨ ਇਕ ਪਾਸੜ ਮੀਡੀਆ ਨੇ ਕਿਸਾਨ ਅੰਦੋਲਨ ਨੂੰ ਖਾਲਿਸਤਾਨੀ, ਮਾਉਵਾਦੀ, ਅੱਤਵਾਦੀ, ਵਿਹਲੇ ਕਮਿਊਨਿਸਟ ਆਦਿ ਇਲਜ਼ਾਮ ਲਾ ਕੇ ਬਹੁਤ ਬਦਨਾਮ ਕੀਤਾ ਗਿਆ। 26 ਜਨਵਰੀ 2021 ਨੂੰ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਝੁਲਾਉਣ ਕਰਕੇ ਕਈ ਕਿਸਾਨਾਂ ਖਾਸ ਕਰਕੇ ਸਿੱਖ ਕਿਸਾਨਾਂ ਉਪਰ ਕੇਸ ਦਰਜ ਕੀਤੇ ਗਏ ਅਤੇ ਕਈ ਗ੍ਰਿਫ਼ਤਾਰ ਵੀ ਕੀਤੇ ਗਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਸਹਿਬ ਦੇ 551 ਵੇਂ ਪ੍ਰਕਾਸ ਪੁਰਬ ‘ਤੇ 19 ਨਵੰਬਰ 2021 ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ। ਸਰਕਾਰ ਨਾਲ ਬਾਅਦ ਵਿੱਚ ਹੋਏ ਸਮਝੌਤੇ ਵਿੱਚ ਇਹ ਸ਼ਰਤ ਸੀ ਕਿ ਇਸ ਅੰਦੋਲਨ ਦੌਰਾਨ ਕਿਸਾਨਾਂ ਉਪਰ ਜਿਨੇ ਵੀ ਜਿਸ ਵੀ ਰਾਜ ਵਿੱਚ ਬਣੇ ਸਨ ਉਹ ਵਾਪਸ ਲੈ ਲਏ ਜਾਣਗੇ। ਭਾਵੇਂ ਕੇਂਦਰ ਸਰਕਾਰ ਨੇ ਉਹ ਸਾਰੇ ਕੇਸ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਹਾਲੇ ਤੱਕ ਕੇਸ ਵਾਪਸ ਨਹੀਂ ਲਏ ਗਏ। ਇਹ 400 ਸਾਲਾ ਪੁਰਬ ਸਰਕਾਰੀ ਪੱਧਰ ‘ਤੇ ਮਨਾਉਣ ਦੀ ਸਰਕਾਰ ਦੀ ਪਹਿਲ ਕਦਮੀ ਦਾ ਚਾਰੇ ਪਾਸਿਓਂ ਸਵਾਗਤ ਕੀਤਾ ਗਿਆ ਹੈ।  ਲਾਲ ਕਿਲ੍ਹੇ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਖੁਦ ਆਪਣੇ ਸੀਨੀਅਰ ਮੰਤਰੀਆਂ ਹਰਦੀਪ ਸਿੰਘ ਪੁਰੀ ਅਤੇ ਜੀ ਕਿਸ਼ਨਾ ਰੈਡੀ ਸਮੇਤ ਇਸ ਸਮਾਗਮ ‘ਚ ਹਿੱਸਾ ਲਿਆ ਅਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਕਦੇ ਵੀ ਕਿਸੇ ਮੁਲਕ ਜਾਂ ਧਰਮ ਲਈ ਖਤਰਾ ਨਹੀਂ ਬਣਿਆ।

ਮੋਦੀ ਨੇ ਕਿਹਾ ਕਿ ਭਾਰਤ ਦੀ ਪਹਿਚਾਣ ਨੂੰ ਬਚਾਉਣ ਲਈ ਗੁਰੂ ਤੇਗ ਬਹਾਦੁਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਰੂ ਜੀ ਨੂੰ ਸ਼ਰਧਾਜਲੀ ਦੇਣ ਲਈ ਆਏ ਅਤੇ ਉਨ੍ਹਾਂ ਕਿਹਾ ਕਿ ਕਸਮੀਰੀ ਪੰਡਤਾਂ ਨੂੰ ਔਰਗਜ਼ੇਬ ਦੇ ਜ਼ੁਲਮਾਂ ਤੋਂ ਬਚਾਉਣ ਲਈ ਤੇਗ ਬਹਾਦੁਰ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਜਿਸ ਲਈ ਪੂਰਾ ਭਾਰਤ ਉਨ੍ਹਾਂ ਦਾ ਰਿਣੀ ਰਹੇਗਾ  ਸਿੱਖ ਹਮੇਸਾ ਹੀ ਮਾਨਵਤਾ ‘ਤੇ ਜ਼ੁਲਮ ਕਰਨ ਵਾਲ਼ਿਆਂ ਵਿਰੁਧ ਲੜਦੇ ਰਹੇ ਨੇ ਅਤੇ ਖਾਸ ਤੌਰ ‘ਤੇ ਦਿੱਲੀ ਦੇ ਸ਼ਾਸ਼ਕਾਂ ਨਾਲ ਟੱਕਰ ਲੈਂਦੇ ਰਹੇ ਨੇ। ਸਿੱਖਾਂ ਦੇ ਬਹਾਦੁਰ ਜਰਨੈਲ ਬਘੇਲ ਸਿੰਘ ਧਾਲੀਵਾਲ, ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਦਿੱਲੀ ਦੇ ਮੁਗ਼ਲ ਬਾਦਸਾਹ ਸੁਲਤਾਨ ਸ਼ਾਹ ਆਲਮ ਨੂੰ ਹਰਾਉਣ ਮਗਰੋਂ ਦਿੱਲੀ ਦੇ ਲਾਲ ਕਿਲ੍ਹੇ ‘ਤੇ ਸਿੱਖਾਂ ਵੱਲੋਂ ਕਬਜ਼ਾ ਕਰ ਲਿਆ ਸੀ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਰਾਜਵਿ ਲੋਚਨ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ 11 ਮਾਰਚ 1783 ਨੂੰ ਬਘੇਲ ਸਿੰਘ ਨੇ ਆਪਣ‌ੀ ਫੌਜ ਨਾਲ ਲਾਲ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਅਤੇ ਸ਼ਰਤਾਂ ਮਨਵਾ ਕੇ ਹੀ ਕਿਲ੍ਹਾ ਛੱਡਿਆ। ਸ਼ਰਤਾਂ ਇਹ ਸਨ ਕਿ ਮੁਗਲ ਬਾਦਸ਼ਾਹ ਤਿੰਨ ਲੱਖ ਰੁਪਈਏ ਦੇਵੇਗਾ ਅਤੇ ਦਿੱਲੀ ਵਿੱਚ ਨੌ ਗੁਰਦੁਆਰਾ ਸਾਹਿਬ ਉਸਾਰਨ ਦਿੱਤੇ ਜਾਣਗੇ। ਮੁਗ਼ਲ ਬਾਦਸ਼ਾਹ ਨੇ ਇਹ ਸ਼ਰਤਾਂ ਮੰਨੀਆਂ ਤਾਂ ਜਾਕੇ ਬਘੇਲ ਸਿੰਘ ਨੇ ਕਿਲ੍ਹਾ ਛੱਡਿਆ। ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਨੇ ਇਕ ਸੰਦੇਸ਼ ਦਿੱਤਾ ਹੈ ਕਿ ਮੋਦੀ ਸਰਕਾਰ ਸਿੱਖ ਧਰਮ ਦੀਆਂ ਕੁਰਬਾਨੀਆਂ ਦਾ ਦਿਲੋਂ ਸਤਿਕਾਰ ਕਰਦੀ ਹੈ। ਜੋ ਦੂਰੀਆਂ ਅਤੇ ਗ਼ਲਤ ਫ਼ਹਿਮੀਆਂ ਪੈਦਾ ਹੋਈਆਂ ਸਨ ਉਹ ਸਿਰਫ਼ ਵਕਤੀ ਸਨ। ਹਰਿਆਣਾ ਸਰਕਾਰ ਵੀ 24 ਅਪ੍ਰੈਲ ਨੂੰ ਪਾਣੀਪੱਤ ਵਿਖੇ ਇਕ ਵੱਡਾ ਸਮਾਗਮ ਕਰਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇ ਰਹੀ ਹੈ। ਇਹ ਚੰਗੀ ਗੱਲ ਹੈ ਕਿ ਅਗਰ ਇਹ ਵਿਸ਼ਵਾਸ ਹੋਰ ਪੱਕਾ ਹੋ ਜਾਵੇ ਅਤੇ ਦੇਸ਼ ਵਿੱਚ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਸਿਰਜਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button