EDITORIAL

ਪੰਜਾਬੀ ਭਾਸ਼ਾ ਲਈ ਚਿੰਤਾ ਦੀ ਘੜੀ

ਅਮਰਜੀਤ ਸਿੰਘ ਵੜੈਚ (9417801988)

ਕੱਲ੍ਹ ਪੰਜਾਬ ਦੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਜਿਥੇ ਤਿੰਨ ਲੱਖ ਵਿਦਿਆਰਥੀਆਂ ਚੋਂ 4560 ਯਾਨੀ ਦੋ ਫ਼ੀਸਦ ਪੰਜਾਬੀ ਭਾਸ਼ਾ ਦੇ ਪੇਪਰ ‘ਚੋ ਫ਼ੇਲ ਹੋਣ ਦੀ ਖ਼ਬਰ ਨੇ ਨਿਰਾਸ਼ ਕੀਤਾ ਹੈ ਉਥੇ ਹੀ ਪੰਜਾਬੀਆਂ ਲਈ ਇਹ ਫਖ਼ਰ ਦੀ ਗੱਲ ਹੈ ਕਿ ਆਸਟਰੇਲੀਆ ਵਿੱਚ ਪੰਜਾਬੀ ਭਾਸ਼ਾ ਪਿਛਲੇ ਦਸ ਸਾਲਾਂ ਦੌਰਾਨ ਪੰਜ ਗੁਣਾ ਪ੍ਰਫੁਲਿਤ ਹੋਈ ਹੈ ਪਰ ਨਾਲ ਦ‌ੀ ਨਾਲ ਇਕ ਚਿੰਤਾ ਦਾ ਸਬੱਬ ਵੀ ਹੈ ਕਿ ਨਵੀਂ ਪੀੜ੍ਹੀ ਇਸਦੀ ਲਿਪੀ ਗੁਰਮੁੱਖੀ ਤੋਂ ਦੂਰ ਹੋ ਰਹੀ ਹੈ ਅਤੇ ਪੰਜਾਬੀ ਰੋਮਨ ‘ਚ ਲਿਖਣ ਲੱਗ ਪਈ ਹੈ। ਆਸਟਰੇਲੀਆ ‘ਚ ਡੇਢ ਲੱਖ ਤੋਂ ਵੱਧ ਪੰਜਾਬੀ ਰਹਿ ਰਹੇ ਹਨ ਜਿਨ੍ਹਾਂ ਨੇ ਆਪਣੀ ਭਾਸ਼ਾ ਪੰਜਾਬੀ ਲਿਖਾਈ ਹੈ ; ਇਹ ਗਿਣਤੀ 2011 ‘ਚ 71230 ਅਤੇ 2006 ‘ਚ ਸਿਰਫ਼ 26000 ਸੀ। ਆਸਟਰੇਲੀਆ ‘ਚ ਮੌਜੂਦਾ ਪੰਜਾਬੀ ਬੋਲਣ ਵਾਲਿਆਂ ਦੀ ਔਸਤਨ ਉਮਰ 24 ਤੋਂ 35 ਸਾਲਾਂ ਦੇ ਵਿੱਚ-ਵਿੱਚ ਹੈ। ਇਨ੍ਹਾਂ ਵਿੱਚ 80 ਫ਼ੀਸਦ ਪੰਜਾਬੀ ਸਿੱਖ ਪਰਿਵਾਰਾਂ ਦੇ ਹਨ।

ਇਸ ਵਕਤ ਪੰਜਾਬੀ ਦੁਨੀਆਂ ‘ਚ 12 ਕਰੋੜ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਇਨ੍ਹਾਂ ਵਿੱਚੋਂ ਸਾਢੇ ਅੱਠ ਕਰੋੜ ਤਾਂ ਇਕੱਲੇ ਪਾਕਿ-ਪੰਜਾਬ ਵਿੱਚ ਹੀ ਰਹਿੰਦੇ ਹਨ ਜੋ ਸ਼ਾਹਮੁੱਖੀ ਵਿੱਚ ਪੰਜਾਬੀ ਲਿਖਦੇ ਹਨ। ਗੁਰਮੁੱਖੀ ਲਿਪੀ ‘ਚ ਪੰਜਾਬੀ ਲਿਖਣ ਵਾਲਿਆਂ ਦੀ ਗਿਣਤੀ ਤਿੰਨ ਕਰੋੜ ਹੈ ਜੋ ਭਾਰਤੀ-ਪੰਜਾਬ ਤੇ ਭਾਰਤ ਦੇ ਦੂਜੇ ਹਿੱਸਿਆਂ ‘ਚ ਰਹਿੰਦੇ ਹਨ। ਭਾਰਤ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਭਾਵ ਤਿੰਨ ਕਰੋੜ ਦੇ ਕਰੀਬ ਪੰਜਾਬ ‘ਚ ਹੀ ਰਹਿੰਦੇ ਹਨ।

ਪੰਜਾਬ ‘ਚੋਂ ਵੱਡੀ ਗਿਣਤੀ ‘ਚ ਪ੍ਰਵਾਸ ਹੋ ਰਿਹਾ ਹੈ ; ਇਕ ਅੰਦਾਜ਼ੇ ਅਨੁਸਾਰ ਤਰਕੀਬਨ 250 ਪੰਜਾਬੀ ਹਰ ਰੋਜ਼ ਕੈਨੇਡਾ, ਅਮਰੀਕਾ ਤੇ ਅਸਟਰੇਲੀਆ ਲਈ ਉਡਾਣਾਂ ਭਰ ਜਾਂਦੇ ਹਨ। ਉਧਰ ਬਿਹਾਰ ਅਤੇ ਯੂਪੀ ਚੋਂ ਪ੍ਰਵਾਸੀ ਮਜ਼ਦੂਰ ਇਧਰ ਪੰਜਾਬ ਵਿੱਚ ਪੱਕੇ ਤੌਰ ‘ਤੇ ਘਰ ਬਣਾ ਰਹੇ ਹਨ ਅਤੇ ਲਗਾਤਾਰ ਇਧਰ ਆ ਰਹੇ ਹਨ। ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਬੱਚੇ ਪੰਜਾਬੀ ਬੋਲਣ ਲੱਗ ਪਏ ਹਨ। ਇੰਜ ਸੱਭਿਆਚਾਰਕ ਰਲੇਵਾਂ ਵੀ ਇਥੇ ਅਤੇ ਵਿਦੇਸ਼ ਵਿੱਚ ਸ਼ੁਰੂ ਹੋ ਚੁੱਕਿਆ ਹੈ।

ਅਸੀਂ ਇਸ ਗੱਲ ‘ਤੇ ਬੜੇ ਖੁਸ਼ ਹੁੰਦੇ ਹਾਂ ਕਿ ਵੱਡੇ ਅਖਬਾਰੀ ਅਦਾਰਿਆਂ ਨੇ ਪੰਜਾਬੀ ਵਿੱਚ ਅਖ਼ਬਾਰਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਅਖ਼ਬਾਰਾਂ ਸਿਰਫ਼ ਮੁਨਾਫ਼ੇ ਦੀ ਦ੍ਰਿਸ਼ਟੀ ਨਾਲ ਸ਼ੁਰੂ ਹੋਈਆਂ ਹਨ ਜਿਸ ਦਿਨ ਪੜ੍ਹਨ ਵਾਲੇ ਘਟਣ ਲੱਗੇ ਇਹ ਉਸੇ ਵਕਤ ਬੰਦ ਹੋ ਜਾਣਗੀਆਂ। ਕਈ ਪੰਜਾਬੀ ਟੀਵੀ ਚੈਨਲ ਸ਼ੁਰੂ ਹੋ ਚੁੱਕੇ ਹਨ ਜਿਥੇ ਪੰਜਾਬੀ ਦੇ ਤਲੱਫ਼ਜ਼ ਅਤੇ ਸ਼ਬਦ-ਜੋੜਾਂ ਦੀਆਂ ਬਹੁਤ ਗ਼ਲਤੀਆਂ ਹੋ ਰਹੀਆਂ ਹਨ।

ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਹਨ ਉਨ੍ਹਾਂ ਦੀਆਂ ਇਕ ਜਾਂ ਦੋ ਪੀੜ੍ਹੀਆਂ ਮਗਰੋਂ ਪੰਜਾਬੀ ਉਨ੍ਹਾਂ ਪਰਿਵਾਰਾਂ ‘ਚ ਸਿਰਫ਼ ਪ੍ਰਤੀਕਾਤਮਿਕ ਹੀ ਰਹਿ ਜਾਵੇਗੀ । ਭਾਵੇਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵਿਦੇਸ਼ਾਂ ‘ਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਕਈ ਉਪਰਾਲੇ ਕਰ ਰਹੇ ਹਨ ਪਰ ਤਾਂ ਵੀ ਵਿਦੇਸ਼ੀ ਧਰਤੀ ‘ਤੇ ਇਸ ਦੀ ਤਰੱਕੀ ਸੰਭਵ ਨਹੀਂ ਹੈ। ਅੱਜ ਪੰਜਾਬੀ ਕੈਨੇਡਾ ਵਿੱਚ ਦੂਜੀ ਭਾਸ਼ਾ ਬਣ ਗਈ ਹੈ ਪਰ ਜਦੋਂ ਅਗਲੀਆਂ ਪੀੜ੍ਹੀਆਂ ਅੰਗਰੇਜ਼ੀ ਬੋਲਣ ਲੱਗ ਜਾਣਗੀਆਂ ਤਾਂ ਫਿਰ ਕੀ ਹੋਵੇਗਾ। ਇਹ ਵਰਤਮਾਨ ਵਰਤਾਰਾ ਅਗਲੇ 20-30 ਸਾਲ ਹੀ ਚੱਲੇਗਾ ਉਸ ਮਗਰੋਂ ਸਥਿਤੀਆਂ ਬਦਲਣ ਲੱਗ ਜਾਣਗੀਆਂ।

ਪੰਜਾਬੀ ਲਈ ਜ਼ਰੂਰੀ ਹੈ ਕਿ ਇਸ ਦੀਆਂ ਡਿਕਸ਼ਨੱਰੀਆਂ ਬਣਾਉਣ ਦੀ ਜ਼ਿੰਮੇਵਾਰੀ ਸਿਰਫ਼ ਪੰਜਾਬੀ ਯੂਨੀਵਰਸਿਟੀ ਕੋਲ ਹੋਵੇ। ਇਸ ਲਈ ਰਾਜ ਪੱਧਰ ਦਾ ਇਕ ਬੋਰਡ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਅੱਜ ਕਈ ‘ਪੰਜਾਬੀ ਕੀ ਬੋਰਡ’ ਬੜੀ ਵੱਡੀ ਸਮੱਸਿਆ ਬਣੇ ਹੋਏ ਹਨ। ਭਾਵੇਂ ਯੂਨੀ ਕੋਡ ਰਾਹੀਂ ਇਸਦਾ ਹੱਲ ਲੱਭਿਆ ਗਿਆ ਹੈ ਤਾਂ ਵੀ ਫੌਂਟ ਬਦਲਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਪੰਜਾਬੀ ਖੁੱਲ੍ਹੇ ਸੁਭਾਅ ਵਾਲੀ ਭਾਸ਼ਾ ਹੈ ਇਸ ਲਈ ਇਸ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਆਪ-ਮੁਹਾਰੇ ਹੀ ਫਿਟ ਹੋ ਜਾਂਦੇ ਹਨ ਜਿਵੇਂ ਪੰਜਾਬੀ ਹਰ ਥਾਂ ਫਿਟ ਹੋ ਜਾਂਦੇ ਹਨ ਪਰ ਤਾਂ ਵੀ ਇਸ ਵਿੱਚ ਕਿਹੜਾ ਸ਼ਬਦ ਕਦੋਂ ਅਤੇ ਕਿਸ ਰੂਪ ਵਿੱਚ ਸ਼ਾਮਿਲ ਕਰਨਾ ਹੈ ਇਸ ਲਈ ਕੋਈ ਵਿਧਾਨ ਨਹੀਂ ਹੈ ਜਿਵੇਂ ਇੰਗਲਿਸ਼ ਭਾਸ਼ਾ ਲਈ ਇੰਗਲੈਂਡ ਵਿੱਚ ਹੈ।

ਭਾਸ਼ਾਵਾਂ ਦੇ ਵਿਕਾਸ ਲਈ 1948 ‘ਚ ਬਣਿਆ ਭਾਸ਼ਾ ਵਿਭਾਗ ਅਮਲ ਦੀ ਘਾਟ ਨਾਲ ਜੂਝ ਰਿਹਾ ਹੈ ; ਪੰਜਾਬ ਵਿੱਚ ਇਕ ਵੀ ਜ਼ਿਲ੍ਹਾ ਭਾਸ਼ਾ ਅਫ਼ਸਰ ਪੱਕੇ ਤੌਰ ਤੇ ਨਹੀਂ ਹੈ। ਕੈਪਟਨ ਸਰਕਾਰ ਸਮੇਂ ਸਟਾਫ਼ ਦੀ ਘਾਟ ਵਾਲੇ ਮਹਿਕਮੇ ਸਿੱਖਿਆ ਵਿਭਾਗ ‘ਚੋਂ ਲੈਕਚਰਾਰਾਂ ਨੂੰ ਡੈਪੂਟੇਸ਼ਨ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਲਾ ਦਿੱਤਾ ਗਿਆ ਸੀ। ਪਾਕਿਸਤਾਨ ਵਿੱਚ ਸ਼ਾਹਮੁਖੀ ਵਾਲੀ ਪੰਜਾਬੀ ਹੈ ਜਿਸ ਲਿਪੀ ਨੂੰ ਭਾਰਤੀ ਪੰਜਾਬ ਵਾਲੇ ਨਹੀਂ ਪੜ੍ਹ ਸਕਦੇ ਅਤੇ ਗੁਰਮੁੱਖੀ ਨੂੰ ਪਾਕਿਸਤਾਨ ਵਾਲੇ ਨਹੀਂ ਪੜ੍ਹ ਸਕਦੇ। ਗੁਰਮੁੱਖੀ ਲਿਪੀ ਵਾਲੀ ਪੰਜਾਬੀ ਸਿਰਫ਼ ਭਾਰਤੀ ਪੰਜਾਬ ‘ਚ ਹੀ ਵਧ-ਫੁੱਲ ਸਕਦੀ ਹੈ। ਜਿਸ ਲਈ ਕੇਂਦਰਿਤ ਉਪਰਾਲੇ ਕਰਨ ਦੀ ਲੋੜ ਹੈ।

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button