EDITORIAL

ਹਰ ਘਰ ਦੇ ਵਿੱਚ ਲੱਗੀ ਸੰਨ੍ਹ

ਪਿੰਡ ਕੁੱਸਾ : ਇਕ ਨਾਵਲਕਾਰ ਇਕ ਗੈਂਗਸਟਰ

ਅਮਰਜੀਤ ਸਿੰਘ ਵੜੈਚ (94178-01988)

ਕੱਲ੍ਹ 20 ਜੁਲਾਈ ਨੂੰ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭਕਨਾ ਦੇ ਨੇੜੇ ਇਕ ਡੇਰੇ/ਬਹਿਕ ‘ਚ ਹੋਏ ਪੁਲਿਸ-ਗੈਂਗਸਟਰ ਮੁਕਾਬਲੇ ਵਿੱਚ ਮਾਰੇ ਗਏ ਦੋ ਗੈਂਗਸਟਰਾਂ ਦੀ ਮੌਤ ਕੋਈ ਬਹੁਤ ਤਸੱਲੀ ਵਾਲ਼ੀ ਘਟਨਾ ਨਹੀਂ ; ਹਾਂ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਪੁਲਿਸ ਨੇ ਬਹੁਤ ਤਕੜੀ ਕਾਰਵਾਈ ਕਰਕੇ  ਕਿ ਇਕ ਸੁਨੇਹਾ ਦਿਤਾ ਹੈ ਕਿ ਮਾੜੇ ਲੋਕਾਂ ਵਾਸਤੇ ਗੁਰੂਆਂ-ਪੀਰਾਂ ਦੀ ਇਸ ਪਵਿਤਰ  ਧਰਤੀ ‘ਤੇ ਕੋਈ ਥਾਂ ਨਹੀਂ ਹੈ।

‘ਰੰਗਲਾ ਪੰਜਾਬ’ ਲਿਖਣ ਨੂੰ ਤਾਂ ਚੰਗਾ ਲਗਦਾ ਹੈ ਪਰ ਅੱਜ ਪੰਜਾਬ ਕਿਥੇ ਪਹੁੰਚ ਗਿਆ ਹੈ : ਖੇਤੀ ‘ਚ ਨਿਘਾਰ ਆ ਚੁੱਕਾ ਹੈ, ਕਰਜ਼ੇ ਨੇ ਮਾੜੇ ਕਿਸਾਨਾਂ ਦਾ ਦਮ ਨੱਕ ‘ਚ ਕੀਤਾ ਹੋਇਆ ਹੈ, ਹਰ ਸਾਲ ਪੰਜ ਸੌ ਤੋਂ ਵੱਧ ਕਿਸਾਨ ਫਾਹੇ ਲੈ ਰਹੇ ਹਨ, ਪਾਣੀ ਬਹੁਤ ਹੇਠਾਂ ਚਲੇ ਗਏ ਹਨ, ਦਵਾਈਆਂ ਤੇ ਖਾਦਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਸੋਨੇ ਵਰਗੀ ਮਿੱਟੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ, ਮਾਲਵੇ ਦੀ ਧਰਤੀ ਕੈਂਸਰ ਦੀ ਬਿਮਾਰੀ ਨੇ ਕੱਖੋਂ ਹੌਲੀ ਕੀਤੀ ਪਈ ਹੈ, ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ, ਸ਼ਰਾਬ ਪਾਣੀ ਵਾਂਗ ਪੀਤੀ ਜਾ ਰਹੀ ਹੈ, ਹੁਣ ਕੁੜੀਆਂ ਵੀ ਨਸ਼ੇ ਵਿੱਚ ਲਿਪਤ ਹੋਣ ਲੱਗੀਆਂ ਹਨ, ਬੇਰੁਜ਼ਗਾਰੀ ਨੇ ਜਵਾਨੀ ਝੰਬੀ ਪਈ ਹੈ, ਕਰਜ਼ੇ ਚੁੱਕ ਕੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਭੇਜਣ ਲਈ ਮਜਬੂਰ ਹਨ ਤੇ ਪਿਛੇ ਮਾਪੇ ਇਕੱਲਤਾ ਦਾ ਸੰਤਾਪ ਭੋਗ ਰਹੇ ਹਨ, ਭ੍ਰਿਸ਼ਟਾਚਾਰ ਸਿਖਰਾਂ ‘ਤੇ ਹੈ, ਵਿੱਦਿਆ ਦਾ ਮਿਆਰ ਬਹੁਤ ਡਿੱਗ ਚੁੱਕਾ ਹੈ, ਗੈਂਗਸਟਰਾਂ ਦਾ ਖ਼ੌਫ ਵਧ ਰਿਹਾ ਹੈ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਧ ਰਹੇ ਹਨ, ਖਾਲਿਸਤਾਨ ਦੇ ਮੁੱਦੇ ਨੂੰ ਵੀ ਵਰਤਿਆ ਜਾ ਰਿਹਾ ਹੈ, ਦਿਖਾਵੇਬਾਜ਼ੀ ਸਿਖਰਾਂ ‘ਤੇ ਹੈ ਆਦਿ…।

ਇਹ ਹੈ ਅੱਜ ਦਾ ‘ਰੰਗਲਾ ਪੰਜਾਬ’ ਕੀ ਗੁਰੂਆਂ ਦਾ ਇਹ ਹੀ ਪੰਜਾਬ ਸੀ ? ਕੀ ਸ਼ਹੀਦਾਂ ਨੇ ਇਸ ਪੰਜਾਬ ਦੇ ਸੁਪਨੇ ਲਏ ਸਨ ? ਉਪਰੋਕਤ ਕਿਸੇ ਇਕ ਨੁੱਕਤੇ ਨਾਲ, ਘੱਟੋ-ਘੱਟ, ਤੁਸੀਂ ਵੀ ਜ਼ਰੂਰ ਦੋ-ਚਾਰ ਹੋ ਰਹੇ ਹੋਵੋਗੇ। ਇੰਜ ਲਗਦਾ ਹੈ ਕਿ ਇਹ ਧਰਤੀ ਫਟਣ ਨੂੰ ਆ ਰਹੀ ਹੈ ! ਜੇਕਰ ਅੱਜ ਪੰਜਾਬ ਦੀ ਇਹ ਹਾਲਤ ਹੈ ਤਾਂ ਫਿਰ ਇਹਦੇ ਲਈ ਜ਼ਿੰਮੇਵਾਰ ਕੌਣ ਹੈ ? ਜ਼ਿੰਮੇਵਾਰੀ ਤਾਂ ਲਾਣੇਦਾਰਾਂ ਭਾਵ ਸਰਕਾਰਾਂ ਦੀ ਹੈ । ਜਿਨ੍ਹਾਂ ਨੂੰ ਪੰਜਾਬੀਆਂਨੇ ਰਾਜਭਾਗ ਦਿੱਤੇ  ਸੀ। ਉਨ੍ਹਾਂ ਨੇ ਤਾਂ ਮਹਿਲ ਉਸਾਰ ਲਏ ਹਨ ਤੇ ਉਨ੍ਹਾ ਦੀਆਂ ਅਗਲੀਆਂ 10 ਪੀੜ੍ਹੀਆਂ ਆਪਣੇ ਵਾਰਸਾਂ ਵੱਲੋਂ ਲੁੱਟ ਤੇ ਕੁੱਟ ਕੇ ਇਕੱਠੀ ਕੀਤੀ  ਨਾਗਣ-ਮਾਇਆ ਨੂੰ ਜੇ  ਭੋਰ-ਭੋਰ ਕੇ ਵੀ ਖਾਣ ਤਾਂ  ਵੀ ਨਹੀਂ ਮੁਕਣੀ ।

ਸਾਨੂੰ ਤੀਜੇ ਪਾਤਸ਼ਤਹ ਗੁਰੁ ਅਮਰ ਦਾਸ ਸਾਹਿਬ ਦਾ ਇਹ ਸੰਦੇਸ਼ ਵੀ ਯਾਦ ਰੱਖਣਾ ਚਾਹੀਦਾ ਹੈ;

                              ” ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ।।

                               ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਕਾਇ ।।(ਅੰਗ 510)

ਪਿਛਲੇ 75 ਸਾਲਾਂ ‘ਚ ਜਿਨ੍ਹਾਂ ਵੀ ਪਾਰਟੀਆਂ ਨੇ ਪੰਜਾਬ ਦੀ ਸੱਤ੍ਹਾ ਦਾ ਸੁੱਖ ਲੁੱਟਿਆ ਹੈ ਉਹ ਅੱਜ ਇਸ ਦੇ ਦੋਸ਼ੀ ਹਨ ; ਇਕ ਦੂਜੇ ‘ਤੇ ਇਲਜ਼ਾਮ ਲਾ ਕੇ ਨਹੀਂ ਬਚਿਆ ਜਾ ਸਕਦਾ, ਹਾਂ ਇੰਜ ਦੂਸ਼ਣਬਾਜ਼ੀ ਨਾਲ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ ਜਿਸ ਦੀ ਸੰਭਾਵਨਾ ਹੁਣ ਮੱਧਮ ਪੈਣ ਲੱਗ ਪਈ ਹੈ…ਲੋਕ ਹੁਣ ਲੀਡਰਾਂ ਦੀਆਂ ਲੂੰਬੜ ਚਾਲਾਂ ਤੇ ਮਗਰਮੱਛ ਦੇ ਹੰਝੂਆਂ ਦੀ ਪਹਿਚਾਣ ਕਰਨ ਲੱਗ ਪਏ ਹਨ।

ਗੱਲ ਫਿਰ ਸ਼ੁਰੂ ਤੋਂ ਕਰਨ ਲੱਗੇ ਹਾਂ ਕਿ ਸਵਾਲ ਤਾਂ ਇਹ ਉਠਦਾ ਹੈ ਕਿ ਰੂਪਾ ਤੇ ਮੰਨੂ ਗੈਂਗਸਰਟਰ ਬਣੇ ਹੀ ਕਿਉਂ ?  ਮਨਪ੍ਰੀਤ ਮੰਨੂ ਦੇ ਪਿੰਡ ਨੇ ਮੰਨੂ ਨੂੰ ਗੈਂਗਸਟਰ ਕਿਉਂ ਬਣਾ ਦਿੱਤਾ ‘ਤੇ ਏਸੇ ਹੀ ਪਿੰਡ ਦਾ ਮੁੰਡਾ ਕਰਮਜੀਤ ਸਿੰਘ ਕੁੱਸਾ ‘ਰੋਹੀ ਬੀਆਬਾਨ’,’ਅੱਗ ਦਾ ਗੀਤ’ ਤੇ ‘ਅਕਾਲ ਪੁਰਖੀ’ ਵਰਗੇ ਸ਼ਾਹਕਾਰ ਨਾਵਲ ਲਿਖਕੇ ਪੰਜਾਬੀ ਦਾ ਵੱਡਾ ਨਾਵਲਕਾਰ ਕਿਉਂ ਬਣ ਗਿਆ ? ਇਹ ਸਵਾਲ ਸੋਚਣ ਲਈ ਮਜ਼ਬੂਰ ਕਰਦਾ ਹੈ। ਕੋਈ ਵੀ ਆਪਣੇ-ਆਪ ਨੂੰ ਅੱਗ ਦੀ ਭੱਠੀ ਵਿੱਚ ਨਹੀਂ ਝੋਕਦਾ ਜਿਨਾ ਚਿਰ ਉਸ ਨੂੰ ਫਸਾਇਆ ਜਾਂ ਵਰਗਲ਼ਾਇਆ ਨਾ ਜਾਵੇ ਜਾਂ ਉਹ ਮਜਬੂਰ ਨਾ ਹੋਵੇ, ਖੁਸ਼ੀ ਨਾਲ ਕੋਈ ਅੱਕ ਨਹੀ ਚੱਬਦਾ। ਕੋਈ ਵੀ ਮਾਂ ਢਿਡੋਂ ਜਾਏ ਨੂੰ ਆਪਣੀਆਂ ਅੱਖਾਂ ਸਾਹਵੇਂ ਮਰਦਾ ਨਹੀਂ ਵੇਖ ਸਕਦੀ : ਸਿਧੂ ਮੂਸੇਵਾਲੇ ਦੀ ਮਾਂ ਦੇ ਦਰਦ ਨੂੰ ਰੂਪੇ ‘ਤੇ ਮੰਨੂੰ ਦੀਆਂ ਮਾਵਾਂ ਤੋਂ ਬਿਨਾ ਹੋਰ ਕੌਣ ਸਮਝ ਸਕਦਾ ਹੈ ..ਇਕ ਮਾਂ ਹੀ ਦੂਜੀ ਮਾਂ ਦੀਆਂ ਤੜਪਦੀਆਂ ਆਂਦਰਾਂ ਦਾ ਸੇਕ ਮਹਿਸੂਸ ਕਰ ਸਕਦੀ ਹੈ! ਵਧ ਰਹੇ ਜੁਰਮ ‘ਤੇ ਕਾਬੂ ਪਾਉਣਾ ਪੁਲਿਸ ਦਾ ਕੰਮ ਹੈ ਉਹ ਆਪਣਾ ਕੰਮ ਕਰ ਰਹੀ ਹੈ । ਅੱਜ ਸਮਾਜ ਅਤੇ ਸਰਕਾਰਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਐਹੋ ਜਿਹਾ ਕੀ ਕਰੀਏ ਕਿ ਮੁੜਕੇ ਕਦੇ ਕਿਸੇ ਮਾਂ ਦਾ ਪੁੱਤ ਬਿਸ਼ਨੋਈ,ਬੰਬੀਹਾ,ਗੋਲਡੀ,ਰੂਪਾ ਜਾਂ ਮੰਨੂ ਨਾ ਬਣੇ ਤੇ ਫਿਰ ਕੋਈ ਕਿਸੇ ਹੋਰ ‘ਸਿਧੂ ਮੂਸੇਵਾਲ਼ੇ’ ਨੂੰ ਨਾ ਮਾਰੇ ! ਰੱਬ ਮਿਹਰ ਕਰੇ !

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button