EDITORIAL

ਅੰਮ੍ਰਿਤਪਾਲ ‘ਸਿਖ ਕੌਮ ਦਾ ਜਰਨੈਲ’-ਤੁਫ਼ਾਨ , ਪੁਲਿਸ ਨੇ ਵਖਾਈ ਸਮਝਦਾਰੀ

ਸ਼੍ਰੀ ਆਕਾਲ ਤਖਤ ਤੋਂ ਜਾਰੀ ਹੋਵੇ ਹੁਕਮਨਾਮਾ

ਅਮਰਜੀਤ ਸਿੰਘ ਵੜੈਚ (94178-01988)

ਕੱਲ੍ਹ ਅਜਨਾਲ਼ਾ ‘ਚ ਜੋ ਕੁਝ ਵਾਪਰਿਆ ਹੈ ..ਉਹ ਨਹੀਂ ਵਾਪਰਨਾ ਚਾਹੀਦਾ ਸੀ : ਮੁਹਾਲੀ ‘ਚ ਮਾਨ ਸਰਕਾਰ ਕਈ ਭਾਰਤੀ ਤੇ ਵਿਦੇਸ਼ੀ ਉਦਯੋਗ ਪਤੀਆਂ ਨੂੰ ਜੀ ਆਇਆਂ ਕਹਿ ਰਹੀ ਹੈ ਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ ਤੋਂ ਤਕਰੀਬ 15 ਕਿਲੋਮੀਟਰ ਅੰਦਰ ਅਜਨਾਲ਼ਾ ‘ਚ ਕੱਲ੍ਹ ਪੁਲਿਸ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਨਾਲ਼ ਆਏ ਲੋਕਾਂ ਦਰਮਿਆਨ ਗਹਿਗੱਚ ਲੜਾਈ ਹੋਈ ਹੈ । ਦੋਹਾਂ ਹੀ ਪਾਸਿਆਂ ਤੋਂ ਇਕ ਦੂਜੇ ‘ਤੇ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਜਦੋਂ ਕਿ ਦੋਹਾਂ ਹੀ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ ।

ਭਾਈ ਅੰਮ੍ਰਿਤਪਾਲ ਦੇ ਇਕ ਸਾਥੀ ਲਵਪ੍ਰੀਤ ਸਿੰਘ ਤੁਫ਼ਾਨ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਵਰਿੰਦਰ ਸਿੰਘ ਵੱਲੋਂ ਤੁਫ਼ਾਨ ‘ਤੇ ਉਸਨੂੰ (ਵਰਿੰਦਰ) ਅਗਵਾ ਕਰਕੇ ਕੁਟਣ ਦੇ ਦੋਸ਼ਾਂ ਲਈ ਤੁਫ਼ਾਨ ‘ਤੇ ਕੇਸ ਦਰਜ ਕਰਕੇ ਤੁਫ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਕੱਲ੍ਹ ਭਾਈ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ‘ਚ ਇਕ ਵੱਡੇ ਇਕੱਠ ਨੂੰ ਨਾਲ਼ ਅਜਨਾਲ਼ਾ ਪੁਲਿਸ ਥਾਣੇ ‘ਤੇ ਕਬਜ਼ਾ ਕਰਨ ‘ਚ ਕਾਮਯਾਬ ਹੋ ਗਏ । ਇਹ ਇਕੱਠ ਪੁਲਿਸ ਨੂੰ ਮਜਬੂਰ ਕਰਨ ਲਈ ਸਫ਼ਲ ਹੋ ਗਿਆ ਤੇ ਆਖ਼ਰ ਤੁਫਾਨ ਨੂੰ ਜੇਲ੍ਹ ‘ਚੋਂ ਰਿਹਾ ਕਰਨ ਲਈ ਪੁਲਿਸ ਤਿਆਰ ਹੋ ਗਈ ਤੇ ਅੱਜ ਉਸ ਨੂੰ ਰਿਹਾ ਕਰਨ ਦੇ ਅਦਾਲਤੀ ਹੁਕਮ ਵੀ ਜਾਰੀ ਹੋ ਗਏ ਤੇ ਉਸ ਨੂੰ ਰਿਹਾ ਵੀ ਕਰ ਦਿਤਾ । ਤੁਫ਼ਾਨ ਨੇ ਜੇਲ੍ਹ ‘ਚੋਂ ਨਿਕਲ਼ਦਿਆਂ ਹੀ ਅੰਮ੍ਰਿਤਪਾਲ ਨੂੰ ‘ਸਿਖ ਕੌਮ ਦਾ ਜਰਨੈਲ’ ਖਿਤਾਬ ਦੇ ਦਿਤਾ ਹੈ ।

ਹੁਣ ਸਵਾਲ ਪੁਲਿਸ ‘ਤੇ ਵੀ ਉਠ ਰਹੇ ਹਨ ਕਿ ਪੁਲਿਸ ਨੇ ਤੁਫ਼ਾਨ ‘ਤੇ ਐਫ਼ਆਈਆਰ ਕਰਨ ਤੋਂ ਪਹਿਲਾਂ ਜਾਂਚ ਕਿਉਂ ਨਹੀਂ ਕੀਤੀ ? ਕੀ ਪੁਲਿਸ ਤੁਫ਼ਾਨ ‘ਤੇ ਕੇਸ ਦਰਜ ਕਰਨ ਲਈ ਕਿਸੇ ਦਬਾਅ ਹੇਠ ਸੀ ? ਜਾਂ ਫਿਰ ਕੱਲ੍ਹ ਅਜਨਾਲ਼ਾ ‘ਚ ਹੋਈ ਘਟਨਾ ਮਗਰੋਂ ਪੁਲਿਸ ਕਿਸੇ ਦਬਾਅ ‘ਚ ਸੀ ? ਕੱਲ੍ਹ ਜਦੋਂ ਪੁਲਿਸ ਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਭਿੜ ਰਹੇ ਸਨ ਤਾਂ ਉਸ ਵਕਤ ਪੁਲਿਸ ਵੱਲੋਂ ਸਿਰਫ਼ ਹਲਕਾ ਹੀ ਲਾਠੀ ਚਾਰਜ ਕੀਤਾ ਗਿਆ । ਇਸ ਸਥਿਤੀ ‘ਚ ਹਾਲਾਤ ਵਿਗੜ ਵੀ ਸਕਦੇ ਸਨ ।

ਸਾਰੀਆਂ ਹੀ ਵਿਰੋਧੀ ਧਿਰਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਭਾਈ ਅੰਮ੍ਰਿਤਪਾਲ ‘ਤੇ ਉਜਰ ਕੀਤੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਢਾਲ਼ ਬਣਾਕੇ ਉਸ ਵੱਲੋਂ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ । ਉਧਰ ਪੁਲਿਸ ਦੀ ਸਥਿਤੀ ਬੜੀ ਹੀ ਸਵਾਲੀਆ ਹੋ ਗਈ ਹੈ । ਪੁਲਿਸ ਵੱਲੋਂ ਤੁਫ਼ਾਨ ਨੂੰ ਰਿਹਾ ਕਰਨ ਲਈ ਮਜਬੂਰ ਹੋਣ ਮਗਰੋਂ ਇਹ ਵਿਚਾਰ ਬਣ ਰਹੇ ਹਨ ਕਿ ਜੇ ਕਰ ਇਸ ਤਰ੍ਹਾਂ ਹੀ ਪੁਲਿਸ ‘ਤੇ ਹਮਲੇ ਹੋਣ ਲੱਗੇ ਤਾਂ ਕੀ ਪੁਲਿਸ ਭਵਿਖ ‘ਚ ਕਿਸੇ ਹੋਰ ‘ਤੇ ਕਾਰਵਾਈ ਕਰ ਸਕੇਗੀ ਜਾਂ ਫਿਰ ਸਥਿਤੀਆਂ ਪੁਲਿਸ ਦੇ ਹੱਥੋਂ ਨਿਕਲ਼ ਜਾਣਗੀਆਂ ?

ਪੁਲਿਸ ਨੇ ਵਰਿੰਦਰ ਵੱਲੋਂ ਸਿਰਫ਼ ਸ਼ਿਕਾਇਤ ਕਰਨ ‘ਤੇ ਐੱਫ਼ਆਈਆਰ ਦਰਜ ਕਰ ਦਿਤੀ ਪਰ ਅਜਨਾਲ਼ਾ ‘ਚ ਹੋਈ ਹਿੰਸਾ ‘ਚ ਕਈ ਪੁਲਿਸ ਵਾਲ਼ੇ ਜ਼ਖ਼ਮੀ ਹੋ ਗਏ ਤਾਂ ਐੱਫ਼ਆਈਆਰ ਕਿਉਂ ਦਰਜ ਨਹੀਂ ਕੀਤੀ ਗਈ ? ਉਧਰ ਮੁਹਾਲੀ ‘ਚ ਕੌਮੀ ਇਨਸਾਫ਼ ਮੋਰਚਾ ਦੇ ਵਿਰੋਧ ਸਮੇਂ ਚੰਡੀਗੜ੍ਹ ਪੁਲਿਸ ਤੇ ਪ੍ਰਦਰਸ਼ਨਕਾਰੀਆਂ ‘ਚ ਹੋਈ ਲੜਾਈ ਸਮੇਂ ਵੀਡੀਓਜ਼ ‘ਤੇ ਅਧਾਰਿਤ ਹੀ ਕਈ ਲੋਕਾਂ ‘ਤੇ ਪੁਲਿਸ ਕੇਸ ਦਰਜ ਕਰ ਦਿਤੇ ਗਏ । ਇਸ ਤੋਂ ਵੀ ਅੱਗੇ ਕਥਿਤ ਦੋਸ਼ੀਆਂ ਦੀ ਪਹਿਚਾਣ ਲਈ ਅਖ਼ਬਾਰਾਂ ‘ਚ ਇਸ਼ਤਿਹਾਰ ਵੀ ਦੇ ਦਿਤੇ ਗਏ ਸਨ ।

ਕੱਲ੍ਹ ਦੀ ਸਥਿਤੀ ਪੰਜਾਬੀ ਦੀ ਕਹਾਵਤ ‘ਭਰਾ ਮਾਰੂ ਜੰਗ’ ਨੂੰ ਸਿਧ ਕਰਨ ਵਾਲ਼ੀ ਸੀ : ਜਿਹੜੇ ਲੋਕ ਪ੍ਰਦਰਸ਼ਨ ਕਰਨ ਗਏ ਸਨ ਉਹ ਵੀ ਪੰਜਾਬੀ ਤੇ ਪੁਲਿਸ ਵੀ ਪੰਜਾਬੀ …। ਇਹ ਪੁਲਿਸ ਵੱਲੋਂ ਸਮਝਦਾਰੀ ਵਰਤਣ ਦਾ ਸਿੱਟਾ ਹੀ ਹੈ ਕਿ ਕੱਲ੍ਹ ਅਜਨਾਲ਼ਾ ‘ਚ ਸਥਿਤੀ ਵਿਗੜੀ ਨਹੀਂ । ਜੇਕਰ 2015 ‘ਚ ਵੀ ਪੁਲਿਸ ਇਸੇ ਤਰ੍ਹਾਂ ਮੁਸਤੈਦੀ ਵਰਤਦੀ ਤਾਂ ਬਹਿਬਲ ਕਲਾਂ ਤੇ ਕੋਟੋਪੂਰਾ ਦੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਦੀਆਂ । ਕੀ 2015 ‘ਚ ਪੁਲਿਸ ਨੇ ਆਪਣੇ ਆਪ ਹੀ ਗੋਲ਼ੀ ਚਲਾਉਣ ਦਾ ਫੈਸਲਾ ਕੀਤਾ ਸੀ ? ਅਜਨਾਲ਼ੇ ਦੀ ਘਟਨਾ ਬਾਰੇ ਇਹ ਪਤਾ ਲੱਗ ਰਿਹਾ ਹੈ ਕਿ ਪੁਲਿਸ ਨੂੰ ਉਪਰੋਂ ਵੀ ਹਦਾਇਤਾਂ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੋਈ ਘਟਨਾ ਨਹੀਂ ਵਾਪਰਨੀ ਚਾਹੀਦੀ ਕਿਉਂਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਸੀ ਕਿ 2015 ਫਿਰ ਵਾਪਰੇ । ਕੀ 2015 ‘ਚ ਪੰਜਾਬ ‘ਚ ਬਾਦਲ ਦੀ ਅਗਵਾਈ ਵਾਲ਼ੀ ਸਰਕਾਰ ਨੇ ਪੁਲਿਸ ਨੂੰ ਇਸ ਤਰ੍ਹਾਂ ਦੀਆਂ ਹਦਾਇਤਾਂ ਦਿਤੀਆਂ ਸੀ ?

ਵਰਨਣ ਯੋਗ ਹੈ ਕਿ 13 ਅਪ੍ਰੈਲ 1978 ਨੂੰ ਵੀ ਅੰਮ੍ਰਿਤਸਰ ਸ਼ਹਿਰ ‘ਚ ਨਿਰੰਕਾਰੀਆਂ ਨਾਲ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੇ ਸਾਥੀਆਂ ਤੇ ਆਖੰਡ ਕੀਰਤਨੀ ਜੱਥੇ ਦਰਮਿਆਨ ਝੜਪਾ ਹੋਈਆਂ ਸਨ ਜਿਸ ‘ਚ 14 ਜਣੇ ਮਾਰੇ ਗਏ ਸਨ । ਉਸ ਵਕਤ ਵੀ ਪੰਜਾਬ ‘ਚ ਬਾਦਲ ਦੀ ਹੀ ਸਰਕਾਰ ਸੀ । ਕੱਲ੍ਹ ਵਾਲ਼ੀ ਵੀ ਘਟਨਾ ਅੰਮ੍ਰਿਤਸਰ ਜ਼ਿਲ੍ਹੇ ‘ਚ ਹੀ ਵਾਪਰੀ ਹੈ । ਬਸ ਇਹ ਸ਼ੁਕਰ ਹੈ ਕਿ ਕੱਲ੍ਹ ਅਜਨਾਲ਼ੇ ‘ਚ ਕੋਈ ਮਾੜੀ ਘਟਨਾ ਨਹੀਂ ਵਾਪਰੀ ।

ਇਹ ਖਦਸ਼ੇ ਪਰਗਟਾਏ ਜਾ ਰਹੇ ਹਨ ਕਿ ਪੰਜਾਬ ਦੇ ਮਾਹੌਲ ਨੂੰ ਫਿਰ ਖ਼ਰਾਬ ਕਰਨ ਲਈ ਪੰਜਾਬ ਵਿਰੋਧੀ ਸ਼ਕਤੀਆਂ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਹਨ । ਭਾਈ ਅੰਮ੍ਰਿਤਪਾਲ ‘ਤੇ ਵੀ ਵਿਰੋਧੀ ਪਾਰਟੀਆਂ ਇਨ੍ਹਾਂ ਚਾਲਾਂ ਦਾ ਹਿੱਸਾ ਹੋਣ ਦੇ ਦੋਸ਼ ਲਾ ਚੁੱਕੀਆਂ ਹਨ । ਭਾਈ ਅੰਮ੍ਰਿਤਪਾਲ ਇਸ ਦਾ ਖੰਡਨ ਕਰ ਚੁਕਿਆ ਹੈ । ਗੱਲ ਇਹ ਨਹੀਂ ਕਿ ਕੋਣ ਕਿਹੜੀ ਚਾਲ਼ ਚੱਲ ਰਿਹਾ ਹੈ , ਦਰਅਸਲ ਸਵਾਲ ਇਹ ਹੈ ਕਿ ਜੇਕਰ ਪੰਜਾਬ ਦੀ ਫ਼ਿਜ਼ਾ ਖ਼ਰਾਬ ਹੁੰਦੀ ਹੈ ਤਾਂ ਇਸ ਦਾ ਨੁਕਸਾਨ ਆਮ ਪੰਜਾਬੀ ਨੂੰ ਹੀ ਹੋਣਾ ਹੈ , ਲੀਡਰਾਂ ਲੂਡਰਾਂ ਨੇ ਤਾਂ ਫਿਰ ਬਚ ਜਾਣਾ ਹੈ ।

ਹੁਣ ਸਵਾਲ ਇਹ ਉਠਦਾ ਹੈ ਕਿ ਕੀ ਅਜਨਾਲ਼ਾ ਦੀ ਘਟਨਾ ਉਥੇ ਹੀ ਸਮਾਪਤ ਹੋ ਜਾਵੇਗੀ ਜਾਂ ਇਹ ਅੱਗ ਦੁਬਾਰਾ ਫਿਰ ਕਿਸੇ ਹੋਰ ਰੂਪ ‘ਚ ਭੜਕੇਗੀ ? ਇਹ ਡਰ ਹਾਲੇ ਬਣਿਆ ਹੀ ਰਹਿਣਾ ਹੈ । ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਸ ਸਮੇਂ ਸ੍ਰੀ ਆਕਾਲ ਤੱਖਤ ਸਾਹਿਬ ਤੋਂ ਵੀ ਸਿਖਾਂ ਲਈ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ ਕਿ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਦੇ ਪ੍ਰਦਰਸ਼ਨਾ ‘ਚ ਨਾਲ਼ ਲੈ ਕੇ ਜਾਣਾ ਚਾਹੀਦਾ ਹੈ ?

ਸਬੰਧਿਤ ਪੰਜਾਬ ਹਿਤੈਸ਼ੀ ਧਿਰਾਂ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਹੈ ਤਾਂ ਕੇ ਸਥਿਤੀਆਂ ਹੱਥਾਂ ‘ਚੋਂ ਨਿਕਲਣ ਤੋਂ ਪਹਿਲਾਂ ਹੀ ਕਾਬੂ ‘ਚ ਕਰ ਲਈਆਂ ਜਾਣ । ਇਸ ਸਮੇਂ ਪੰਜਾਬ ਦੀ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਸਿਸਟਮ ਨੂੰ ਚੁੱਸਤ-ਦਰੁਸਤ ਕਰਕੇ ਪੰਜਾਬ ਦੀ ਵਿਗੜ ਰਹੀ ਸਥਿਤੀ ਨੂੰ ਬਚਾਉਣ ਲਈ ਕਾਰਜਸ਼ੀਲ ਹੋ ਜਾਵੇ । ਮਾਨ ਸਰਕਾਰ ਜਿਨਾ ਮਰਜ਼ੀ ਕਹਿ ਲਵੇ ਕਿ ਪੰਜਾਬ ‘ਚ ਕਾਨੂੰਨ ਵਿਵੱਸਥਾ ਠੀਕ ਠਾਕ ਹੈ ਪਰ ਜ਼ਮੀਨੀ ਸੱਚਾਈ ਕੁਝ ਹੋਰ ਹੈ । ਮਾਨ ਸਰਕਾਰ ਨੂੰ ‘ਬਿੱਲੀ ਨੂੰ ਵੇਖ ਕੇ ਕਬੂਤਰ ਵੱਲੋਂ ਅੱਖਾਂ ਮੀਟਣ’ ਵਾਲ਼ੀ ਕਹਾਵਤ ਤੋਂ ਸਬਕ ਸਿਖਣ ਦੀ ਲੋੜ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button