EDITORIAL

ਘਰੋਂ ਭੱਜੇ ਬੱਚਿਆਂ ਦੀ ਕਹਾਣੀ

ਅਮਰਜੀਤ ਸਿੰਘ ਵੜੈਚ (9417801988)

ਬਾਈ ਜੂਨ ਨੂੰ ਪਠਾਨਕੋਟ ਦੇ ਨੇੜਲੇ ਪਿੰਡਾਂ ਦੇ ਤਿੰਨ ਬੱਚੇ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਰੋਂਦੇ ਫਿਰਦੇ ਵੇਖੇ ਗਏ ; ਲੋਕਾਂ ਵੱਲੋਂ ਪੁੱਛਣ ‘ਤੇ ਪਤਾ ਲੱਗਿਆ ਕਿ ਤਿੰਨੋਂ ਹੀ ਆਪਣੇ ਘਰ ਵਾਲਿਆਂ ਨੂੰ ਦੱਸੇ ਬਿਨ੍ਹਾਂ ਰੇਲ ਗੱਡੀ ‘ਚ ਚੜ੍ਹ ਗਏ ਮੁੰਬਈ ਜਾਣ ਲਈ। ਰੇਲ ਗੱਡੀ ਇਸ ਲਈ ਚੜ੍ਹੇ ਤਾਂ ਕਿ ਮੁੰਬਈ ਜਾ ਕੇ ਗਾਇਕ ਬਣ ਸਕਣ ! ਦੋ ਬੱਚੇ ਨੌ-ਨੌ ਅਤੇ ਇਕ 16 ਸਾਲਾਂ ਦਾ ਸੀ।

ਗਾਇਕ ਬਣਨ ਦਾ ਫ਼ੁਰਨਾ ਇਨ੍ਹਾਂ ਤਿੰਨਾ ਨੂੰ ਇਕ ਟੀਵੀ ਸ਼ੋ ‘ਚ ਹੋ ਰਹੇ ਮੁਕਾਬਲੇ ‘ਚੋਂ ਫ਼ੁਰਿਆ। ਫਿਰ ਕੀ ਸੀ ਤਿੰਨਾਂ ਨੇ ਸਕੀਮ ਬਣਾਈ ‘ਤੇ ਰੇਲ ਗੱਡੀ ਜਾ ਚੜ੍ਹੇ ; ਚੰਗੇ ਕਰਮਾਂ ਨੂੰ ਰੇਲਗੱਡੀ ਪਠਾਨਕੋਟ ਜਾ ਕੇ ਰੁਕ ਗਈ ਜਿਥੋਂ ਇਨ੍ਹਾਂ ਨੂੰ ਇਹ ਪਤਾ ਨਹੀਂ ਸ‌ੀ ਲੱਗ ਰਿਹਾ ਕਿ ਜਾਣ ਤੇ ਜਾਣ ਕਿਥੇ ? ਪਹਿਲਾਂ ਇਨ੍ਹਾਂ ਨੇ ਕਿਸੇ ਯਾਤਰੀ ਦਾ ਫੋਨ ਲੈਕੇ ਆਪਣੇ ਮਾਮੇ ਨੂੰ ਦੱਸਿਆ ਕਿ ਉਹ ਗਾਇਕ ਬਣਨ ਲਈ ਮੁੰਬਈ ਜਾ ਰਹੇ ਹਨ। ਮਾਮੇ ਨੇ ਸਿਆਣਪ ਕਰਕੇ ਫੋਨ ਵਾਲੇ ਨੂੰ ਵਾਪਸ ਫੋਨ ਕਰਕੇ ਕਿਹਾ ਕਿ ਇਹ ਤਿੰਨੋਂ ਪਿਛਲੇ ਦਿਨਾਂ ਦੇ ਗੁੰਮ ਹੋਏ ਪਏ ਹਨ ਜਲਦੀ ਰੇਲਵੇ ਪੁਲਿਸ ਨੂੰ ਦੱਸ ਦਿਓ। ਇੰਜ ਤਿੰਨੋਂ ‘ਮਸ਼ਹੂਰ ਗਾਇਕਾਂ” ਦੇ ਸੁਪਨੇ ਲੈਣ ਵਾਲੇ ਇਹ ਨੰਨ੍ਹੇ ਫ਼ਰਿਸ਼ਤੇ ਕਿਸੇ ਗ਼ਲਤ ਹੱਥੇ ਚੜ੍ਹਨ ਤੋਂ ਬਚਕੇ  ਰੇਲਵੇ ਪੁਲਿਸ ਦੀ ਮਦਦ ਨਾਲ਼ ਮਾਪਿਆ ਦੇ ਕੋਲ਼ ਪਹੁੰਚ ਗਏ।

ਭਾਰਤ ਵਿੱਚ ਹਰ ਰੋਜ਼ 269 ਬੱਚੇ ਗੁੰਮ ਹੋ ਜਾਂਦੇ ਹਨ ; ਇਸ ਹਿਸਾਬ ਨਾਲ ਹਰ ਚਾਰ ਘੰਟੇ ਮਗਰੋਂ 12 ਬੱਚੇ ਦੇਸ਼ ਵਿੱਚ ਗੁੰਮ ਹੋ ਰਹੇ ਹਨ ਅਤੇ ਹਰ ਮਹੀਨੇ 9019 ਬੱਚੇ ਆਪਣੇ ਮਾਪਿਆਂ ਤੋਂ ਵਿਛੜ ਜਾਂਦੇ ਹਨ। ਮੱਧ ਪ੍ਰਦੇਸ਼, ਬੰਗਾਲ, ਬਿਹਾਰ, ਦਿੱਲੀ ਤੇ ਮਹਾਂਰਾਸ਼ਟਰਾ ਕਰਮਵਾਰ 1,2,3,4,ਅਤੇ 5ਵੇਂ ਨੰਬਰ ‘ਤੇ ਆਉਂਦੇ ਹਨ। ਬੱਚਿਆਂ ਦਾ ਗੁੰਮ ਹੋਣਾ ਹਰ ਮੁਲਕ ਦੀ ਚਿੰਤਾ ਹੈ। ਅਮਰੀਕਾ ਵਿੱਚ ਹਰ ਸਾਲ ਅੱਠ ਲੱਖ ਬੱਚੇ ਗੁੰਮ ਹੁੰਦੇ ਹਨ। ਸੰਯੁਕਤ ਰਾਸ਼ਟਰ ਨੇ 1992 ਵਿੱਚ ਬੱਚਿਆਂ ਦੇ ਹੱਕਾਂ ਲਈ UNCRC ( United Nations Convention on the Child Ridghts) ਦੀ ਸਥਾਪਨਾ ਕੀਤੀ ਸੀ ਜਿਸ ‘ਤੇ ਭਾਰਤ ਨੇ ਵੀ ਦਸਤਖ਼ਤ ਕੀਤੇ ਸਨ।

ਜਿਹੜੇ ਬੱਚੇ ਘਰੋਂ ਗੁੰਮ ਹੋ ਜਾਂਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਨਾਲ ਬਹੁਤ ਮਾੜਾ ਵਾਪਰਦਾ ਹੈ ; ਗੁੰਮ ਬੱਚੇ ਜੋ ਗਿਰੋਹਾਂ ਦੇ ਧੱਕੇ ਚੜ੍ਹ ਜਾਂਦੇ ਹਨ ਉਨ੍ਹਾਂ ਨੂੰ ਕੁਟਿਆ ਜਾਂਦਾ ਹੈ, ਸਰੀਰਕ ਸੋਸ਼ਣ ਹੁੰਦਾ ਹੈ, ਜੇਬ੍ਹ ਕਤਰੇ ਬਣਾਇਆ ਜਾਂਦਾ ਹੈ, ਅੰਗ ਵੇਚੇ ਜਾਂਦੇ ਹਨ, ਅੰਗ ਕੱਟਕੇ ਭੀਖ ਮੰਗਣ ਲਾ ਦਿੱਤਾ ਜਾਂਦਾ ਹੈ, ਕੁੜੀਆਂ ਨੂੰ ਵੇਸਵਾ ਗਮਨੀ ਵਿੱਚ ਵੇਚ ਦਿੱਤਾ ਜਾਂਦਾ ਹੈ, ਲੜਕੀਆਂ ਨੂੰ ਵਿਦੇਸ਼ਾਂ ਵਿੱਚ ਜਿਨਸੀ ਵਪਾਰ ਅਤੇ ਜਬਰਨ ਘਰੇਲੂ ਕੰਮ ਕਰਨ ਲਈ ਸਮੱਗਲ ਕੀਤਾ ਜਾਂਦਾ ਹੈ, ਲੜਕਿਆਂ ਨੂੰ ਵੀ ਵਿਦੇਸ਼ਾਂ ਵਿੱਚ ਵੇਚ ਦਿੱਤਾ ਜਾਂਦਾ ਹੈ, ਮਹਾਂਨਗਰਾਂ ਵਿੱਚ ਬੱਚਿਆਂ ਨੂੰ ਬੰਧਵਾ ਮਜ਼ਦੂਰ ਬਣਾਕੇ ਰੱਖਿਆ ਜਾਂਦਾ ਹੈ ਆਦਿ। ਇਨ੍ਹਾਂ ਬੱਚਿਆਂ ਚੋਂ ਕਈਆਂ ਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਕਈ ਭੁੱਖ/ ਡਰ/ਬਿਮਾਰੀ/ਜ਼ਖ਼ਮਾਂ /ਬਿਨਾ ਇਲਾਜ ਨਾਲ ਮਰ ਜਾਂਦੇ ਹਨ।

ਬੱਚੇ ਕਿਉਂ ਗੁੰਮ ਹੁੰਦੇ ਹਨ : ਅਗਵਾ ਕਰਨਾ, ਬੱਚਿਆਂ ਦਾ ਮਾਪਿਆਂ/ਅਧਿਆਪਕਾਂ/ਸਾਥੀਆਂ ਦੀ ਕੁੱਟ ਦੇ ਡਰੋਂ ਘਰ ਛੱਡਣਾ, ਟੀਵੀ/ਫ਼ਿਲਮਾਂ/ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋਕੇ ਫਿਲਮੀ ਹੀਰੋ/ਹੀਰੋਇਨ ਜਾਂ ਗਾਇਕ ਆਦਿ ਬਣਨ ਲਈ ਘਰ ਛੱਡ ਜਾਣਾ ਜਾਂ ਫਿਰ ਨਾਬਾਲਿਗ ਲੜਕੇ ਜਾਂ ਲੜਕੀ ਦੇ ਪਿਆਰ ‘ਚ ਨਿਰਾਸ਼ ਹੋਕੇ ਘਰ ਛੱਡਣਾ ਅਤੇ ਘਰਦਿਆਂ ਦੀ ਮਰਜ਼‌ੀ ਤੋਂ ਬਿਨ੍ਹਾਂ ਵਿਆਹ ਕਰਵਾਕੇ ਘਰੋਂ ਭੱਜ ਜਾਣਾ ਆਦਿ ਕਾਰਨਾ ਕਰਕੇ ਬੱਚੇ ਘਰੋਂ ਨਿਕਲ ਜਾਂਦੇ ਹਨ।

ਸਾਰੇ ਬੱਚੇ ਪਠਾਨਕੋਟ ਵਾਲੇ ਬੱਚਿਆਂ ਵਰਗੇ ਖ਼ੁਸ਼ਕਿਸਮਤ ਨਹੀਂ ਹੁੰਦੇ ਜੋ ਆਪਣੇ ਘਰ ਪਹੁੰਚ ਜਾਂਦੇ ਹਨ। ਦੇਸ਼ ਵਿੱਚ ਕੁੱਲ ਗੁੰਮ ਹੋਣ ਵਾਲੇ ਬੱਚਿਆਂ ਵਿੱਚੋਂ 69 ਫ਼ੀਸਦ ਲੜਕੀਆਂ ਹੁੰਦੀਆਂ ਹਨ। NCRB (National Crime Record Bureau) ਅਨੁਸਾਰ 2008 ਤੋਂ 2019 ਤੱਕ ਬੱਚਿਆਂ ਦੇ ਗੁੰਮ ਹੋਣ ਦੀਆਂ ਘਟਨਾਵਾਂ ਅੱਠ ਗੁਣਾ ਵਧ ਗਈਆਂ ਹਨ। ਭਾਰਤ ਵਿੱਚ ਹਾਲੇ ਵੀ ਇਕ ਲੱਖ ਅੱਠ ਹਜ਼ਾਰ ਦੋ ਸੌ ਚੌਂਤੀ ਬੱਚੇ ਗੁੰਮ ਹਨ। ਦੇਸ਼ ਵਿੱਚ ਗੁੰਮ ਹੋਣ ਵਾਲੇ ਬੱਚਿਆਂ ਚੋਂ 53 ਫ਼ੀਸਦ ਲੱਭ ਜਾਂਦੇ ਹਨ ਪਰ 47 ਫ਼ੀਸਦ ਨਹੀਂ ਲੱਭਦੇ।

ਨੋਬਲ ਇਨਾਮ ਜੇਤੂ ਕੈਲਾਸ਼ ਸਤਿਆਰਥੀ ਦੀ ਸੰਸਥਾ ‘ਬਚਪਨ ਬਚਾਓ ਅੰਦੋਲਨ’ ਬੱਚਿਆਂ ਦੇ ਹੱਕਾਂ ਲਈ ਦੇਸ਼ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸੰਸਥਾ ਹੁਣ ਤੱਕ 12000 ਤੋਂ ਵੱਧ ਬੱਚਿਆਂ ਨੂੰ ਅਗਵਾਕਾਰਾਂ ਦੀ ਕੈਦ ਚੋਂ ਛੁਡਵਾ ਚੁੱਕੇ ਹਨ। ਸਮਾਜ ਨੂੰ ਇਸ ਪਾਸੇ ਰਲਕੇ ਸ਼ਿਦਤ ਨਾਲ ਕੰਮ ਕਰਨਾ ਚਾਹੀਦਾ ਹੈ ਤਾਂਕਿ ਭਵਿਖ ‘ਚ ਮਾਸੂਮ ਬੱਚੇ ਗ਼ਲਤ ਲੋਕਾਂ ਦੇ ਹੱਥੀਂ ਨਾ ਚੜ੍ਹ ਸਕਣ। ਇਸ ਲਈ ਪੁਲਿਸ ਦੀ ਜ਼ਿਮੇਵਾਰੀ ਜ਼ਿਆਦਾ ਬਣ ਜਾਂਦੀ ਹੈ। ਅਧਿਆਪਕਾਂ ਅਤੇ ਮਾਪਿਆਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ ਅਤੇ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇਸ ਲਈ ਮਾਪਿਆਂ ਲਈ ਵਿਸ਼ੇਸ਼ ਕੋਰਸ ਕਰਵਾਉਣੇ ਚਾਹੀਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button