EDITORIAL

ਫ਼ਿਰਕੂ ਘਟਨਾਵਾਂ ਤੇ ਸਰਕਾਰੀ ਤੰਤਰ

ਅਮਰਜੀਤ ਸਿੰਘ ਵੜੈਚ

ਉਰਦੂ ਦੇ ਪ੍ਰਸਿੱਧ ਸ਼ਾਇਰ ਅਲਾਮਾ ਇਕਬਾਲ ਦਾ ਬਹੁਤ ਹੀ ਮਕਬੂਲ ਸ਼ੇਅਰ ਹੈ ” ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈਂ ਹਮ, ਵਤਨ ਹੈ ਹਿੰਦੋਸਤਾਨ ਹਮਾਰਾ”। ਕਿੰਨਾ ਵੱਡਾ ਸੰਦੇਸ਼ ਹੈ ਇਸ ਵਿੱਚ ਪਰ ਅੱਜ ਅਸੀਂ ਜਦੋਂ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਅਤੇ ਇਸ ਨੂੰ ਭਾਰਤ ਸਰਕਾਰ ‘ਆਜ਼ਾਦੀ ਦਾ ਮਹਾਂ-ਉਤਸਵ’ ਕਰਕੇ ਮਨਾ ਰਹੀ ਹੈ ਤਾਂ ਇਸ ਮੌਕੇ ਰਾਮ ਨੌਵੀਂ ਦੇ ਪਵਿੱਤਰ ਤਿਉਹਾਰ ਸਮੇਂ ਮੱਧ ਪ੍ਰਦੇਸ਼, ਗੁਜਰਾਤ ਤੇ ਝਾਰਖੰਡ ਵਿੱਚ ਜੋ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ ਉਹ ਸ਼ਰਮਿੰਦਾ ਕਰਦੀਆਂ ਹਨ। ਇਥੇ ਹੀ ਬਸ ਨਹੀਂ ਮੱਧ ਪ੍ਰਦੇਸ਼ ਵਿਚ ਖਰਗੋਨ ਸ਼ਹਿਰ ਵਿੱਚ ਤਾਂ ਪ੍ਰਸ਼ਾਸ਼ਨ ਨੇ ਉਨ੍ਹਾਂ ਸ਼ੱਕੀ ਘਰਾਂ ਅਤੇ ਦੁਕਾਨਾਂ ਨੂੰ ਵੀ ਬੁਲਡੋਜ਼ਰਾਂ ਨਾਲ ਨੇਸਤੋ ਨਾਬੂਤ ਕਰ ਦਿੱਤਾ ਹੈ ਜਿਨ੍ਹਾਂ ‘ਚੋਂ ਰਾਮ ਨੌਵੀਂ ਦੀ ਸ਼ੋਭਾ ਯਾਤਰਾ ‘ਤੇ ਪੱਥਰ ਸੁੱਟਣ ਦਾ ਸ਼ੱਕ ਸੀ। ਇਥੇ ਦੋਵਾਂ ਧਿਰਾਂ ਦੇ ਮਕਾਨ ਅਤੇ ਦੁਕਾਨਾਂ ਸਨ।

ਇਸ ‘ਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਹਿੰਸਾ ਫੈਲਾਉਣ ਵਾਲਿਆਂ ਨਾਲ ਕਦੇ ਵੀ ਨਰਮੀ ਨਹੀਂ ਵਰਤਣੀ ਚਾਹੀਦੀ ਪਰ ਨਾਲ ਦੀ ਨਾਲ ਇਹ ਵੀ ਸਵਾਲ ਉਠਦਾ ਹੈ ਕਿ ਘਟਨਾ ਦੇ ਵਾਪਰਨ ਤੋਂ 48 ਘੰਟਿਆਂ ਦੇ ਅੰਦਰ ਅੰਦਰ ਹੀ ਪ੍ਰਸ਼ਾਸ਼ਨ ਨੇ ਦੋਸ਼ੀਆਂ ਦਾ ਪਤਾ ਲਾ ਲਿਆ। ਸਰਕਾਰ ਕਹਿੰਦੀ ਹੈ ਕਿ ਜਿਹੜੇ ਘਰ ਤੋੜੇ ਜਾ ਰਹੇ ਹਨ ਉਹ ਗ਼ੈਰ-ਕਾਨੂੰਨੀ ਢੰਗ ਨਾਲ ਨਾਜਾਇਜ਼ ਕਬਜ਼ੇ ਕਰ ਕੇ ਬਣਾਏ ਗਏ ਸਨ।

ਇਸ ਤੋਂ ਪਹਿਲਾਂ ਵੀ ਦੇਸ਼ ਵਿਚ ਕਈ ਵਾਰ ਫ਼ਿਰਕੂ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਅਜਾਈ ਹੀ ਚਲੀਆਂ ਗਈਆਂ ਹਨ। ਯੂਪੀ, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ, ਜੰਮੂ ਕਸ਼ਮੀਰ ਆਦਿ ਰਾਜਾਂ ‘ਚ ਪਿਛਲੇ ਸਮੇਂ ਦੌਰਾਨ ਕਈ ਵਾਰ ਫ਼ਿਰਕੂ ਦੰਗੇ ਹੁੰਦੇ ਰਹੇ ਹਨ। ਪੰਜਾਬ ਨੇ ਵੀ 1978 ਤੋਂ ਬਾਅਦ 1995 ਤੱਕ ਕਈ ਵਾਰ ਇਸ ਤਰ੍ਹਾਂ ਦੇ ਸੰਤਾਪ ਹੰਡਾਏ ਹਨ।

ਇਥੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਅਜਿਹੇ ਦੰਗਿਆਂ ਦੇ ਪਿਛੇ ਸੋਚੀ ਸਮਝੀ ਸਕੀਮ ਹੁੰਦੀ ਹੈ ਜਿਸ ਦਾ ਫ਼ਾਇਦਾ ਸਿਰਫ ਰਾਜਨੀਤਿਕ ਪਾਰਟੀਆਂ ਨੂੰ ਹੁੰਦਾ ਹੈ ਅਤੇ ਨੁਕਸਾਨ ਸਿਰਫ਼ ਆਮ ਨਾਗਰਿਕ ਦਾ। ਇਹ ਹੁਣ ਆਮ ਨਾਗਰਿਕਾਂ ਖਾਸ ਕਰ ਮਾਤਾ ਪਿਤਾ, ਸਮਾਜਿਕ ਸੰਸਥਾਵਾਂ ਅਤੇ ਧਾਰਮਿਕ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਕੱਠੇ ਹੋ ਕੇ ਸ਼ਰਾਰਤੀ ਲੋਕਾਂ ਨੂੰ ਬੇਪਰਦਾ ਕਰਨ ਤਾਂ ਕਿ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਸਰਕਾਰੀ ਤੰਤਰ ਨਿਰਪੱਖ ਹੋ ਕੇ ਕੰਮ ਕਰੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button