EDITORIAL

ਚੱਢਾ ਨੇ ਕੀਤੀ ਮੋਦੀ ਸਰਕਾਰ ਛੱਲਣੀ-ਛੱਲਣੀ, ਹੁਣ ਆਧਾਰ ਦੀ ਥਾਂ ‘ਉਧਾਰ ਕਾਰਡ’

800 ਕਿਸਾਨ ਹੋਏ ਸ਼ਹੀਦ-ਚੱਢਾ

ਅਮਰਜੀਤ ਸਿੰਘ ਵੜੈਚ (94178-01988)

ਰਾਜ ਸਭਾ ‘ਚ ‘ਆਪ’ ਪੰਜਾਬ ਦੇ ਮੈਂਬਰ ਰਾਘਵ ਚੱਢਾ ਨੇ ਕੱਲ੍ਹ 2023-24 ਦੇ ਬਜਟ ‘ਤੇ ਬੋਲਦਿਆਂ ਅੰਕੜਿਆਂ ਦੇ ਤੀਰਾਂ ਨਾਲ਼ ਸਰਕਾਰ ਨੂੰ ਛੱਲਣੀ-ਛੱਲਣੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ : ਚੱਢਾ ਖ਼ੁਦ ਇਕ ਅਰਥ ਸ਼ਾਸਤਰ ਦੇ ਵਿਦਿਆਰਥੀ ਹਨ ਸੋ ਉਨ੍ਹਾਂ ਨੇ ਅੰਕੜਿਆਂ ਨਾਲ਼ ਹੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੋਦੀ ਸਰਕਾਰ ਵੀ ਅੰਕੜਿਆਂ ਦੀ ਸ਼ਤਰੰਜ ਨਾਲ਼ ਵਿਰੋਧੀਆਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੀ ਹੈ ।

ਚੱਢਾ ਦਾ ਕਹਿਣਾ ਹੈ ਕਿ ਇਕੱਲੀ ਮੋਦੀ ਸਰਕਾਰ ਨੇ ਆਪਣੇ ਨੌ ਸਾਲਾਂ ‘ਚ 85 ਲੱਖ ਕਰੋੜ ਰੁ: ਦਾ ਕਰਜ਼ ਦੇਸ਼ ਦੇ ਸਿਰ ਚਾੜ੍ਹ ਦਿਤਾ ਹੈ ਜਦੋਂ ਕਿ 1947 ਤੋਂ 2014 ਤੱਕ ਸਾਰੀਆਂ ਸਰਕਾਰਾਂ ਨੇ ਸਿਰਫ਼ 55 ਲੱਖ ਕਰੋੜ ਦਾ ਕਰਜ਼ਾ ਲਿਆ ਸੀ । ਉਨ੍ਹਾਂ ਅਨੁਸਾਰ 2014 ‘ਚ ਰਸੋਈ ਗੈਸ 400 ਰੁ: ਸਿਲੰਡਰ ਸੀ ਜੋ ਹੁਣ 1100 ਰੁ: ਹੋ ਗਿਆ ਹੈ । ਇਸੇ ਤਰ੍ਹਾਂ ਪੈਟਰੋਲ 2014 ‘ਚ 55 ਰੁ:ਲੀਟਰ ਸੀ ਜੋ ਹੁਣ 100 ਰੁ: ਨੂੰ ਜਾ ਲੱਗਿਆ ਹੈ ਤੇ ਇਸੇ ਸਮੇਂ ਦੌਰਾਨ ਡੀਜ਼ਲ 45 ਰੁ: ਤੋਂ ਵੱਧ ਕਿ ਹੁਣ 90 ਰੁ: ਲੀਟਰ ਨੂੰ ਮਿਲ਼ ਰਿਹਾ ਹੈ । ਇਹੋ ਹਾਲ ਇਸ ਸਮੇਂ ਦੁੱਧ ਦਾ ਰਿਹਾ ਜੋ 2014 ‘ਚ 36 ਰੁ: ਲੀਟਰ ਸੀ ਤੇ ਹੁਣ 60 ਰੁ: ਨੂੰ ਪਾਰ ਕਰ ਗਿਆ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ‘ਚ ਆਟਾ,ਦਾਲ਼,ਪਿਆਜ,ਦੁਧ,ਦਹੀਂ ਆਦਿ ਸਭ ਕੁਝ ਮਹਿੰਗਾ ਹੋਇਆ ਹੈ । ਚੱਢਾ ਨੇ ਚੁੱਟਕੀ ਲੈਂਦਿਆਂ ਸਰਕਾਰ ‘ਤੇ ਤਨਜ਼ ਕੀਤੀ ਕਿ ਹੁਣ ਲੋਕਾਂ ਨੂੰ ‘ਆਧਾਰ ਕਾਰਡ’ ਦੀ ਨਹੀਂ ਬਲਕਿ ‘ਉਧਾਰ ਕਾਰਡ’ ਦੀ ਲੋੜ ਹੈ ।

ਰਾਘਵ ਨੇ ਮੋਦੀ ਸਰਕਾਰ ਵੱਲੋਂ ਹਰ ਵਰ੍ਹੇ ਦੋ ਕਰੋੜ ਨੌਕਰੀਆਂ ਦੇਣ ਦੇ ਵਾਅਦੇ ਦੀ ਫੂਕ ਕੱਢਦਿਆਂ ਕਿਹਾ ਕਿ ਜੋ ਬੇਰੁਜ਼ਗਾਰੀ ਦਰ 2014 ‘ਚ 4.9 ਫੀਸਦ ਸੀ ਉਹ ਹੁਣ 8 ਫੀਸਦ ‘ਤੇ ਪਹੁੰਚ ਗਈ ਹੈ । ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਵੱਲੋਂ ਦਿਤੇ ਅੰਕੜਿਆਂ ਨੂੰ ਦੱਸਦਿਆਂ ਚੱਢਾ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪ ਮੰਨਿਆ ਹੈ ਕਿ ਸਰਕਾਰ ਕੋਲ਼ 22 ਕਰੋੜ ਲੋਕਾਂ ਨੇ ਨੌਕਰੀਆਂ ਲਈ ਅਰਜ਼ੀਆਂ ਦਿਤੀਆਂ ਪਰ ਸਰਕਾਰ ਸਿਰਫ ਸੱਤ ਲੱਖ ਲੋਕਾਂ ਨੂੰ ਹੀ ਰੁਜ਼ਗਾਰ ਦੇ ਸਕੀ । ਉਨ੍ਹਾਂ ਕਿਹਾ ਕਿ ਇਹ ਅੰਕੜੇ ਤਾਂ ਸਿਰਫ਼ ਸਰਕਾਰੀ ਖੇਤਰ ਦੇ ਹਨ ਗ਼ੈਰ-ਸਰਕਾਰੀ ਖੇਤਰ ‘ਚ ਬੇਰੁਜ਼ਗਾਰੀ ਦੀ ਹਾਲਤ ਹੋਰ ਵੀ ਮਾੜੀ ਹੈ ।

ਰਾਘਵ ਚੱਡਾ ਅਨੁਸਾਰ ਦੇਸ਼ ਦਾ ਕਿਸਾਨ ਵੀ ਪਿਛਲੇ ਸਮੇਂ ਦੌਰਾਨ ਗੰਭੀਰ ਸੰਕਟ ‘ਚ ਫਸਿਆ ਹੈ । ਚੱਢਾ ਨੇ ਸਰਕਾਰੀ ਸੰਸਥਾ ਐੱਨਸੀਆਰਬੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ 2021 ‘ਚ 10800 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ ਜਿਸ ਦਾ ਮਤਲਬ ਇਹ ਹੈ ਕਿ ਦੇਸ਼ ‘ਚ ਹਰ ਰੋਜ਼ 30 ਕਿਸਾਨ ਮੌਤ ਨੂੰ ਗਲ਼ੇ ਲਾ ਲੈਂਦੇ ਹਨ । ਕਿਸਾਨ ਅੰਦੋਲਨ ਦਾ ਸਾਰਾ ਜ਼ਿੰਮਾ ਕੇਂਦਰ ਸਰਕਾਰ ਸਿਰ ਮੜ੍ਹਦਿਆਂ ਰਾਘਵ ਨੇ ਕਿਹਾ ਕਿ ਉਸ ਅੰਦੋਲਨ ‘ਚ 800 ਕਿਸਾਨ ਸ਼ਹੀਦ ਹੋ ਗਏ ਸਨ । ਜੇ ਚੱਢਾ ਇਹ ਦਾਅਵਾ ਕਰਦੇ ਹਨ ਕਿ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲ਼ੇ ਕਿਸਾਨ ਸ਼ਹੀਦ ਸਨ ਤਾਂ ਫਿਰ ਉਨ੍ਹਾ ਦੀ ਪੰਜਾਬ ਸਰਕਾਰ ਨੂੰ ਸ਼ਹੀਦਾਂ ਨੂੰ ਸ਼ਹੀਦਾ ਵਾਲ਼ਾ ਸਨਮਾਨ ਵੀ ਦੇਣਾ ਚਾਹੀਦਾ ਹੈ ਅਤੇ ਉਨ੍ਹਾ ਦੇ ਪਰਿਵਾਰਾਂ ਨੂੰ ਸ਼ਹੀਦ ਪਰਿਵਾਰਾਂ ਵਾਲ਼ੀਆਂ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ ।

ਰਾਗਵ ਅਨੁਸਾਰ ਸਰਕਾਰ ਦੀਆਂ ਨੀਤੀਆਂ ਦਾ ਹੀ ਅਸਰ ਹੈ ਕਿ ਇਕ ਪਾਸੇ ਤਾਂ ਸਰਕਾਰ ਆਪਣੇ ਚਹੇਤਿਆਂ ਨੂੰ 10 ਲੱਖਾਂ ਕਰੋੜਾਂ ਦਾ ਕਰਜ਼ਾ ਮੁਆਫ਼ ਕਰ ਰਹੀ ਹੈ ਉਥੇ ਕਿਸਾਨਾਂ ਤੋਂ ਕਰਜ਼ਾ ਲੈਣ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜਦੋਂ ਕਿ ਸਰਕਾਰ ਦੇ ਚਹੇਤੇ ਕਰੋੜਾਂ ਦੇ ਗ਼ਬਨ ਕਰਕੇ ਦੇਸ਼ ‘ਚੋਂ ਫਰਾਰ ਹੋ ਰਹੇ ਹਨ । ਅੱਜ ਦੇਸ਼ ਦੇ ਹਰ ਕਿਸਾਨ ਸਿਰ ਔਸਤਨ 74000 ਰੁ: ਕਰਜ਼ਾ ਹੈ ।

ਚੱਢਾ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਸਿਰਫ਼ ਰੁਪਿਆ ਹੀ ਨਹੀਂ ਡਿਗ ਰਿਹਾ ਬਲਕਿ ਦੇਸ਼ ਦੀ ਦਰਾਮਦ ਅਤੇ ਬਰਾਮਦ ਦੋਵੇਂ ਹੀ ਡਿਗ ਰਹੀਆਂ ਹਨ । ਇਕ ਅਮਰੀਕੀ ਡਾਲਰ 2014 ‘ਚ 60 ਰੁ: ਸੀ ਜੋ ਹੁਣ 82 ਰੁ: ਹੋ ਗਿਆ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ 2014 ‘ਚ ਸ਼ੁਰੂ ਕੀਤਾ ਸਟਾਰਟ-ਅੱਪ ਪ੍ਰੋਜੈਕਟ ਵੀ ਲੀਹੋਂ ਲੱਥ ਗਿਆ ਹੈ । ਇਸ ਪ੍ਰੋਜੈਕਟ ਤਹਿਤ ਸ਼ੁਰੂ ਸਟਾਰਟ-ਅੱਪ ਚੋਂ ਕਈ ਤਾਂ ਬੰਦ ਹੋ ਗਏ ਹਨ ਤੇ ਸਿਰਫ਼ 10 ਫੀਸਦ ਹੀ ਪੰਜ ਸਾਲ ਪੂਰੇ ਕਰ ਪਾਏ ਹਨ ।

ਰਾਘਵ ਨੇ ਕੇਂਦਰ ਸਰਕਾਰ ਨੂੰ ਸਲਾਹ ਦਿਤੀ ਹੈ ਕਿ ਬਜਟ ਸੈਸ਼ਨ ਦੋ ਹੋਣੇ ਚਾਹੀਦੇ ਹਨ: ਪਹਿਲਾ, ਬਜਟ ਪੇਸ਼ ਕਰਨ ਸਮੇਂ ਅਤੇ ਦੂਜਾ ਦਿਸੰਬਰ ਵਿੱਚ । ਦੂਜੇ ਬਜਟ ਸੈਸ਼ਨ ਵਿੱਚ ਇਹ ਮੁਲਾਂਕਣ ਹੋਣਾ ਚਾਹੀਦਾ ਹੈ ਕਿ ਸਰਕਾਰ ਦੀ ਬਜਟ ਲਾਗੂ ਕਰਨ ਮਗਰੋਂ ਪ੍ਰਾਪਤੀ ਕੀ ਹੋਈ ਹੈ ।

ਰਾਘਵ ਨੇ ਬੜੀਆਂ ਦਲੀਲਾਂ ਨਾਲ਼ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਕਿ ਕੇਂਦਰ ਸਰਕਾਰ ‘ਤੇ ਇਨ੍ਹਾਂ ਦਾ ਕੋਈ ਅਸਰ ਹੋਣ ਵਾਲ਼ਾ ਨਹੀਂ । ਹਾਂ ! ਰਾਘਵ ਬਜਟ ‘ਤੇ ਦੋ ਸੈਸ਼ਨ ਕਰਨ ਵਾਲ਼ੀ ਸਕੀਮ ਪੰਜਾਬ ‘ਚ ਲਾਗੂ ਕਰਕੇ ਆਪਣਾ ਕੋਈ ਮਾਡਲ ਪੇਸ਼ ਕਰ ਸਕਦੇ ਹਨ ।

ਜਦੋਂ ਰਾਘਵ ਚੱਢਾ ਰਾਜ ਸਭਾ ‘ਚ ਭਾਜਪਾ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਘੇਰ ਰਹੇ ਸਨ ਉਸੇ ਵਕਤ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਕੈਬਨਿਟ ਮੀਟਿੰਗ ‘ਚ ਪੰਜਾਬ ਵਿੱਚ ਡੀਜ਼ਲ ਅਤੇ ਪੈਟਰੋਲ ‘ਤੇ 90 ਪੈਸੇ ਪ੍ਰਤੀ ਲੀਟਰ ਸੈੱਸ ਲਾਉਣ ਦਾ ਫ਼ੈਸਲਾ ਕਰ ਰਹੀ ਸੀ । ਅੱਜ ਤੋਂ ਪੰਜਾਬ ‘ਚ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button