EDITORIAL

ਮੀਡੀਆ ਟਰਾਇਲ ਬਨਾਮ ‘ਕੈਂਗਰੂ ਕੋਰਟਸ’

ਅਸੀਂ ਹਾਲੇ ਵੀ 47 'ਚ ਰਹਿੰਦੇ ਹਾਂ

ਅਮਰਜੀਤ ਸਿੰਘ ਵੜੈਚ (94178-01988) 

ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ 24 ਜੁਲਾਈ ਨੂੰ ਝਾਰਖੰਡ ‘ਚ ਇਕ ਸਮਾਰੋਹ ਦੌਰਾਨ ਬੋਲਦਿਆਂ ਇਸ ਗੱਲ ‘ਤੇ ਚਿੰਤਾ ਵੀ ਜਤਾਈ ਅਤੇ ਮੀਡੀਆ ਦੀ ਖਿਚਾਈ ਵੀ ਕੀਤੀ ਕਿ ਮੀਡੀਆ ਵੱਲੋਂ ਕੀਤੀਆਂ ਜਾਂਦੀਆਂ ਇਕ ਤਰਫ਼ਾ ਟਿੱਪਣੀਆਂ ਸਾਡੇ ਲੋਕਤੰਤਰ ਲਈ ਨੁਕਸਾਨਦੇਹ ਹਨ।ਜਸਟਿਸ ਰਾਮੰਨਾ ਦਾ ਕਹਿਣਾ ਸੀ ਕਿ ਮੀਡੀਆ ਦੇ ਇਕ ਖ਼ਾਸ ਹਿੱਸੇ ਖਾਸਕਰ ਇਲੈਕਟਰੌਨਿਕ ਮੀਡੀਆ ਵੱਲੋਂ ਵਿਸ਼ੇਸ਼ ਏਜੰਡੇ ਤਹਿਤ ਬਹਿਸਾਂ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਅਦਾਲਤਾਂ ਦੇ ਕੰਮਕਾਜ ‘ਤੇ ਵੀ ਅਸਰ ਪੈਂਦਾ ਹੈ ਕਿਉਂਕਿ ਇਹ ਚੈੱਨਲ ਕਈ ਸੰਵੇਦਨਸ਼ੀਲ ਮੁੱਦਿਆਂ ‘ਤੇ ਮੀਡੀਆ ਟਰਾਇਲ ਕਰਕੇ ਆਪਣੇ ਤੌਰ ‘ਤੇ ਹੀ ਫ਼ੈਸਲੇ ਸੁਣਾ ਦਿੰਦੇ ਹਨ ਜਿਵੇਂ  ਫ਼ਿਲਮ ਐਕਟਰ ਸੁਸ਼ਾਂਤ ਸਿੰਘ  ਰਾਜਪੂਤ ਦੇ ਕਤਲ ਕੇਸ ਵਿੱਚ ਹੋਇਆ ਸੀ।

ਜਸਟਿਸ ਰਾਮੰਨਾ ਨੇ ਮੀਡੀਆ ਟਰਾਇਲਾਂ ਨੂੰ ‘ਕੈਂਗਰੂ ਕੋਰਟਸ’ ਕਹਿ ਕੇ ਗ਼ੈਰ-ਜ਼ਿੰਮੇਵਾਰ ਮੀਡੀਆ ਨੂੰ ਫਿੱਟ-ਲਾਹਣਤ ਪਾਈ ਹੈ ਜਿਸ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਆਸਟਰੇਲੀਆ ਦਾ ਕੰਗਾਰੂ ਟਪੂਸੀਆਂ  ਮਾਰਦਾ ਰਹਿੰਦਾ ਹੈ ਉਸੇ ਤਰ੍ਹਾਂ ਇਨ੍ਹਾਂ ਮੀਡੀਆ ਵਾਲ਼ਿਆਂ ਦ‌ੀ ਵੀ ਹਾਲਤ ਹੈ ਜੋ ਸਥਿਰ ਨਹੀਂ ਹਨ। ਇਸ ਸ਼ਬਦ ਦੀ ਪਹਿਲੀ ਵਾਰ ਇਸੇ ਸੰਦਰਭ ‘ਚ 1853 ‘ਚ ਅਮਰੀਕਾ ‘ਚ ਵਰਤੋਂ ਹੋਈ ਸੀ। ਭਾਰਤ  ਵੀ ਕਮਾਲ ਹੈ ; ਕੋਈ ਵੀ ਵਾਹਨ ਤੁਸੀਂ ਬਿਨਾ ਰਜਿਸਟਰੇਸ਼ਨ ਦੇ ਸੜਕ ਉਪਰ ਨਹੀ ਚਲਾ ਸਕਦੇ ਤੇ ਰਜਿਸਟਰੇਸ਼ਨ ਤੋਂ ਮਗਰੋਂ ਵੀ ਸੜਕ ‘ਤੇ ਚੱਲਣ ਸਮੇਂ ਸੜਕ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੁਰੀ ਹੈ ਪਰ ਨਿੱਜੀ ਟੀਵੀ ਜਾਂ ਯੂਟਿਊਬ  ਚੈਨਲ ਖੋਲ੍ਹ ਕੇ ਤੁਸੀਂ ਬਿਨਾ ਕੋਈ ਨਿਯਮ ਦੇ ਜਿਵੇਂ ਮਰਜ਼ੀ ਚਲਾਈ ਜਾਵੋ। ਸਰਕਾਰੀ ਚੈਨਲ ਆਕਾਸ਼ਵਾਣੀ ਅਤੇ ਦੂਰਦਰਸ਼ਨ ਤਾਂ ਇਕ ਖ਼ਾਸ ਕੋਡ (ਏਆਈਆਰ ਕੋਡ) ‘ਚ ਬੱਝੇ ਹੋਏ ਹਨ ਪਰ ਨਿੱਜੀ ਚੈਨਲ ਤੇ ਸੋਸ਼ਲ ਮੀਡੀਆ ਬਿਲਕੁੱਲ ਆਜ਼ਾਦ ਹਨ।

ਭਾਰਤ ‘ਚ ਨੌ ਸੌ ਤੋਂ ਵੱਧ ਨਿੱਜੀ ਟੀਵੀ ਚੈਨਲ ਤੇ 29 ਹਜ਼ਾਰ ਤੋਂ ਵੱਧ ਯੂਟਿਊਬ ਚੈਨਲ ਹਨ। ਯੂਟਿਉਬ ਤੋਂ ਇਲਾਵਾ ਫੇਸਬੁੱਕ, ਇੰਸਟਾਗਰਾਮ, ਵੱਟਸਐੱਪ, ਟੈਲੀਗਰਾਮ, ਵੀਚੈਟ, ਟਿਕਟਾਕ ਆਦਿ ਸੋਸ਼ਲ ਮੀਡੀਆ ਦੇ ਪਲੇਟਫ਼ਾਰਮ ਵੀ ਸੂਚਨਾਵਾਂ ਵੰਡਣ  ਦਾ ਕੰਮ ਕਰ ਰਹੇ ਹਨ । ਇਕੱਲਾ ਯੂਟਿਊਬ ਪਲੇਟਫ਼ਾਰਮ ਹੀ ਭਾਰਤ ਵਿੱਚ 42 ਕਰੋੜ ਲੋਕਾਂ ਤੱਕ ਪਹੁੰਚ ਰਿਹਾ ਹੈ ਜੋ  ਵਿਸ਼ਵ ‘ਚ ਅਮਰੀਕਾ ਤੋਂ ਦੂਜੇ ਨੰਬਰ ‘ਤੇ ਹੈ। ਵਿਸ਼ਵ ‘ਚ ਪੰਜ ਕਰੋੜ ਤੋਂ ਵੱਧ ਯੂਟਿਊਬ ਚੈਨਲ ਹਨ ਤੇ ਹਰ ਇਕ ਮਿੰਟ ਬਾਅਦ ਪੰਜ ਸੌ ਘੰ‌ਟਿਆਂ ਦੀਆਂ ਵੀਡੀਓਜ਼ ਯੂਟਿਊਬ ਚੈਨਲਾਂ ‘ਤੇ ਅੱਪਲੋਡ ਹੋ ਜਾਂਦੀਆਂ ਹਨ । ਦੁਨੀਆਂ ‘ਚ ਇਕੱਲੇ ਯੂਟਿਊਬ ਦੇ ਹੀ ਪੌਣੇ ਤਿੰਨ ਅਰਬ ਤੋਂ ਵੱਧ ਗਾਹਕ ਹਨ।

ਐਨੇ ਵੱਡੇ ਪਾਸਾਰ ਵਾਲ਼ੇ ਮੀਡੀਆ ‘ਤੇ ਸਰਕਾਰਾਂ ਵੱਲੋਂ ਨਜ਼ਰ ਰੱਖਣੀ ਅਸੰਭਵ ਹੈ ਪਰ ਇਸ ਦਾ ਕਦਾਚਿਤ  ਇਹ ਮਤਲਬ ਨਹੀਂ ਕਿ ਨਿੱਜੀ ਟੀਵੀ ਜਾਂ ਸੋਸ਼ਲ ਮੀਡੀਆ ਪਲੇਟਫ਼ਰਾਮਾਂ ਦੇ ਖਿਡਾਰੀ ਸਿਰਫ਼ ਪੈਸਾ ਬਟੋਰਨ ਦੇ ਉਦੇਸ਼ ਨਾਲ਼ ਸਮਾਜ ਤੇ ਸਰਕਾਰ ਵਾਸਤੇ ਮੁਸੀਬਤਾਂ ਖੜੀਆਂ ਕਰਦੇ ਰਹਿਣ। ਅਸੀਂ ਦੇਖ ਚੁੱਕੇ ਹਾਂ ਕਿ ਕਿਵੇਂ ਹਾਲ ਹੀ ਵਿੱਚ ਇਕ ਟੀਵੀ ਚੈਨਲ ਦੀ ਬਹਿਸ ਵਿੱਚ ਇਕ ਪਾਰਟੀ ਦੇ  ਬੁਲਾਰੇ  ਵੱਲੋਂ ਦੁਜੇ ਧਰਮ ਦੇ ਪੈਰੋਕਾਰ ‘ਤੇ ਟਿਪਣੀ ਕਰਨ ਕਰਕੇ ਇਲਾਹਾਬਾਦ ਵਿੱਚ ਫ਼ਿਰਕੂ-ਦੰਗੇ ਭੜਕ ਪਏ ਤੇ ਇਸ ਮਗਰੋਂ ਜੈਪੁਰ ਵਿੱਚ ਇਕ  ਧਰਮ ਦੇ ਕਾਤਲ ਵੱਲੋਂ ਦੂਜੇ ਧਰਮ ਦੇ ਵਿਅਕਤੀ ਦੇ  ਕਤਲ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਫ਼ਲਾਉਣ ਨਾਲ ਰਾਜਿਸਥਾਨ ‘ਚ ਦੰਗੇ ਭੜਕੇ।

ਭਾਵੇਂ ਅਸੀਂ ਇਸ ਵਰ੍ਹੇ ਆਜ਼ਾਦੀ ਦੇ 76ਵੇਂ ਸਾਲ ‘ਚ ਪੈਰ ਰੱਖ ਲੈਣਾ ਹੈ ਪਰ ਸਾਡੀ ਸੋਚ ਹਾਲੇ ਵੀ 1947 ‘ਤੇ ਹੀ ਖੜੀ ਹੈ : ਹਿੰਦੋਸਤਾਨ ਦੀ ਵੰਡ ਧਰਮ ਦੇ ਜਨੂੰਨੀਆਂ ਦੀ ਕਟੜਪੰਥੀ ਸੋਚ ਅਤੇ ਸੱਤ੍ਹਾ ਦੇ ਲੋਭੀ ਅਖੌਤੀ ਨੇਤਾਵਾਂ ਕਰਕੇ ਹੋਈ ਸੀ ਪਰ ਦੋਨਾਂ ਹੀ ਮੁਲਕਾਂ, ਭਾਰਤ ਤੇ ਪਾਕਿ ,’ਚ  ਵੰਡ ਮਗਰੋਂ ਧਰਮ ਦੇ ਨਾਂ ‘ਤੇ ਹਾਲੇ ਵੀ ਦੰਗੇ ਹੋ ਰਹੇ; ਫਿਰ ਕੀ ਖੱਟਿਆ ਅਸੀਂ  ਦੋ ਮੁਲਕ ਬਣਾਕੇ !  ਅਸੀਂ ਜ਼ਿਮੇਂਵਾਰ ਨਾਗਰਿਕ ਕਦੋਂ ਬਣਾਗੇ  ; ਨੇਤਾਵਾਂ ਤੋਂ ਇਹ ਉਮੀਦ ਰੱਖਣੀ ਮਹਾਂ ਮੂਰਖਤਾ ਹੋਵੇਗੀ। ਰਾਜਨੀਤਕ ਪਾਰਟੀਆਂ ‘ਤੇ ਧਰਮਾਂ ਦੇ ਅਖੌਤ‌ੀ ਠੇਕੇਦਾਰ  ਤੁਹਾਨੂੰ ਕਦੇ ਵੀ ਇਕ ਜ਼ਿਮੇਂਵਾਰ ਨਾਗਰਿਕ ਨਹੀਂ ਬਣਨ ਦੇਣਗੇ ਕਿਉਂਕਿ ਜੇਕਰ ਤੁਸੀਂ ਇਨ੍ਹਾਂ ਲੀਡਰਾਂ ਦੀਆਂ ਕਮੀਣਤਾਈਆਂ  ਨੂੰ ਸਮਝਣ ਲੱਗ ਪਏ ਤਾਂ ਫਿਰ ਇਨ੍ਹਾਂ ਦੇ ਮਹਿਲ ਮੁਨਾਰੇ ਕਿਵੇਂ ਉਸਰਨਗੇ।

ਇਨ੍ਹਾਂ ਸਥਿਤੀਆਂ ‘ਚ ਸਿਰਫ਼ ਇਕ ਮੀਡੀਆ  ਹੀ ਬੱਚਦਾ ਸੀ ਜਿਸ ਤੋਂ ਆਸ ਕੀਤੀ ਜਾ ਸਕਦੀ ਸ‌ੀ ਕਿ ਸਮਾਜ ਨੂੰ ਇਕ ਦਿਸ਼ਾ ਦਿਖਾਉਂਦਾ  ਜਿਵੇਂ ਆਜ਼ਾਦੀ ਸੰਗਰਾਮ ‘ਚ ਪ੍ਰਿੰਟ ਮੀਡੀਆ ਯਾਨੀ ਅਖ਼ਬਾਰਾਂ  ਅ ਤੇ ਰਸਾਲਿਆਂ  ਨੇ ਇਕ ਜ਼ਬਰਦਸਤ ਰੋਲ ਅਦਾ ਕੀਤਾ ਸੀ । ਜਸਟਿਸ ਰਾਮੰਨਾ ਦੀ , ਪ੍ਰਿੰਟ ਮੀਡੀਆ ਨੂੰ ਛੱਡ ਕੇ, ਇਲੈਕਟ੍ਰਾਨਿਕ ਮੀਡੀਆ ਤੇ ਸੋਸ਼ਲ ਮੀਡੀਆ ‘ਤੇ ਬਹੁਤ ਹੀ ਬੇਬਾਕ , ਚਿੰਤਾ ਅਤੇ ਚੇਤਾਵਨੀ ਵਰਗੀ ਟਿਪਣੀ ‘ਚ ਇਕ ਦੁੱਖ ਵੀ ਝਲਕਦਾ ਹੈ  ਤੇ ਮੀਡੀਆ  ਲਈ ਵੰਗਾਰ ਵੀ ਹੇ ਕਿ ਉਹ ਸਮਾਜ ਪ੍ਰਤੀ ਕਦੋਂ ਜ਼ਿਮੇਵਾਰ ਮੀਡੀਆ ਦਾ ਰੋਲ ਅਦਾ ਕਰਨਾ ਸ਼ੁਰੁ ਕਰੇਗਾ । ਮੀਡੀਏ ਦਾ ਕੰਮ ਸਮਾਜ ‘ਚ ਪਿਆਰ ਅਤੇ ਆਪਸੀ-ਸਮਝ  ਪੈਦਾ ਕਰਨਾ ਅਤੇ ਦੁਸ਼ਮਣ ਸ਼ਕਤੀਆਂ ਤੋਂ ਸੁਚੇਤ ਕਰਨਾ ਹੁੰਦਾ ਹੈ ਨਾ ਕਿ ਨਫ਼ਰਤ ਪੈਦਾ ਕਰਕੇ ਸਮਾਜ ਨੂੰ ਲਹੂ-ਲੁਹਾਣ ਕਰਨਾ ਜੋ ਅੱਜ ਦਾ ਮੀਡੀਆ ਕਰ ਰਿਹਾ। ਜਦੋਂ ਮੀਡੀਆ ਇਕ ਜ਼ਿਮੇਂਵਾਰ  ਮਾਰਗ-ਦਰਸ਼ਕ ਦ‌ੀ ਭੂਮਿਕਾ ਨਿਭਾਉਣ ਲੱਗ ਪਵੇਗਾ ਸਮਾਜ ‘ਚ ਆਪਣੇ ਆਪ ਹੀ ਬਦਲਾ ਦਿਸਣ ਲੱਗ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button