EDITORIAL

ਦੇਸ਼ ਲਈ ਸਭ ਤੋਂ ਖ਼ਤਰਨਾਕ ਬਦਸ਼ਗਨੀ

ਅਮਰਜੀਤ ਸਿੰਘ ਵੜੈਚ

(94178-01988)

ਦੇਸ਼, ਭਾਜਪਾ ਅਤੇ ਮੋਦੀ ਸਰਕਾਰ ਲਈ ਇਹ ਬੜੀ ਮਾੜੀ ਸਥਿਤੀ ਹੈ ਕਿ ਦੇਸ਼ ਦੀ ਸੰਸਦ ਵਿੱਚੋਂ ਵਿਰੋਧੀ ਧਿਰ ਹੀ ਖ਼ਤਮ ਹੋ ਗਈ ਹੈ । ਉਨੀਂਵੀਂ ਸਦੀ ਦੇ ਪੱਛਮੀ ਵਿਦਵਾਨ ਲੌਰਡ ਐਕਟਨ ਦਾ ਕਹਿਣਾ ਸੀ ਕਿ ਤਾਕਤ ਭ੍ਰਿਸ਼ਟ ਕਰਦੀ ਹੈ ਅਤੇ ਪੂਰੀ ਤਾਕਤ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਹੈ । ਵਿਰੋਧੀ ਧਿਰ ਦਾ ਜਿਥੇ ਸੱਤਾਧਾਰੀ ਧਿਰ ਨੂੰ ਲਾਭ ਹੁੰਦਾ ਹੈ ਉਥੇ ਦੇਸ਼ ਦੇ ਲੋਕਾਂ ਦੀ ਆਵਾਜ਼ ਚੁੱਕਣ ਦਾ ਵੀ ਵਿਰੋਧੀ ਧਿਰ ਇਕ ਜ਼ਰੀਆ ਬਣਦੀ ਹੈ ।

ਵਰਤਮਾਨ ਭਾਰਤੀ ਸਿਆਸੀ ਮੰਚ ਤੋਂ ਵਿਰੋਧੀ ਧਿਰ ਦਾ ਸਿਮਟ ਜਾਣਾ ਦੇਸ਼ ਲਈ ਇਕ ਵੱਡੀ ਬਦਸ਼ਗਨੀ ਹੈ। ਆਜ਼ਾਦੀ ਮਗਰੋਂ ਪਹਿਲੀਆਂ ਆਮ-ਚੋਣਾਂ 1952 ਵਿੱਚ ਕਾਂਗਰਸ ਨੇ 45 ਫ਼ੀਸਦ ਵੋਟਾਂ ਨਾਲ 489 ਲੋਕ-ਸਭਾ ਸੀਟਾਂ ਵਿੱਚੋਂ 364 (74%) ਸੀਟਾਂ ਜਿਤ ਕੇ ਦੇਸ਼ ‘ਤੇ ਰਾਜ ਕਰਨਾ ਸ਼ੁਰੂ ਕੀਤਾ ਸੀ । ਹੁਣ ਓਹੀ ਕਾਂਗਰਸ ਪਾਰਟੀ ਨੂੰ 2019 ਵਿੱਚ ਸਿਰਫ਼ 53 ਸੀਟਾਂ ‘ਤੇ ਹੀ ਸਬਰ ਕਰਨਾ । ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਮਗਰੋਂ ਇਹ ਰਾਸ਼ਟਰੀ ਪਾਰਟੀ (INC-Indian National Congress), ਰਾਸ਼ਟਰੀ ਪੱਧਰ ਦੇ ਨਾਲ-ਨਾਲ ਖੇਤਰੀ ਪੱਧਰ ‘ਤੇ ਵੀ ਆਧਾਰ ਗਵਾ ਚੱਕੀ ਹੈ ।

ਇਸ ਸਮੇਂ ਦੌਰਾਨ ਬੀ.ਜੇ.ਪੀ. ਨੇ ਆਪਣਾ ਜ਼ਮੀਨੀ ਕਾਡਰ ਮਜ਼ਬੂਤ ਕੀਤਾ ਅਤੇ ਉਹ ਕੇਂਦਰ ਵਿੱਚ 2014 ‘ਚ ਪੱਕੇ ਪੈਰੀਂ ਪਹੁੰਚ ਗਈ। ਕਾਂਗਰਸ ਦੇ ‘ਚੋਣ ਗੁਰੂ’ ਪੀਕੇ ਕਹਿ ਚੁੱਕੇ ਹਨ ਕਿ ਬੀ.ਜੇ.ਪੀ. ਅਗਲੇ ਦੋ ਦਹਾਕੇ ਹਿਲਣ ਵਾਲੀ ਨਹੀਂ। ਕਾਂਗਰਸ, ਬੀ.ਜੇ.ਪੀ. ‘ਤੇ ਇਹ ਦੋਸ਼ ਲਾਉਂਦੀ ਹੈ ਕਿ ਬੀ.ਜੇ.ਪੀ. ਵੋਟਾਂ ਦਾ ਹਿੰਦੂ ਏਜੰਡੇ ‘ਤੇ ਧਰੁਵੀਕਰਨ ਕਰਕੇ ਸੱਤਾ ਵਿੱਚ ਆਈ ਹੈ। ਕਾਂਗਰਸ ਕੋਲ ਇਸ ਗੱਲ ਦਾ ਵੀ ਤਾਂ ਕੋਈ ਜਵਾਬ ਨਹੀਂ ਕਿ ਕਾਂਗਰਸ ਨੇ ਬੀ.ਜੇ.ਪੀ. ਦੇ ਹਿੰਦੂ ਏਜੰਡੇ ਨੂੰ ਕਾਮਯਾਬ ਕਿਉਂ ਹੋਣ ਦਿੱਤਾ।

ਦਰਅਸਲ ਕਾਂਗਰਸ ਹਿੰਦੂ ਏਜੰਡੇ ਨੂੰ ਆਪਣੇ ਵਿਰੋਧ ਵਿੱਚ ਭੁਗਤਣ ਦੇ ਡਰ ਤੋਂ ਚੁੱਪ ਰਹੀ । ਹੌਲੀ-ਹੌਲੀ ਕਾਂਗਰਸ ਦਾ ਰਾਜਾਂ ‘ਚੋਂ ਵੀ ਸਫਾਇਆ ਹੀ ਹੋ ਗਿਆ । ਕਾਂਗਰਸ ਦੀ ਹਾਈਕਮਾਂਡ ਦੀ ਕਮਜ਼ੋਰੀ ਕਾਰਨ ਦੂਸਰੀਆਂ ਖੇਤਰੀ ਪਾਰਟੀਆਂ ਆਪਣੀ ਥਾਂ ਬਣਾ ਗਈਆਂ ਹਨ ਜੋ ਭਾਰਤੀ ਲੋਕਤੰਤਰ ਲਈ ਇਕ ਸ਼ੁਭ-ਸ਼ਗਨ ਵੀ ਹੈ ਪਰ ਇਸਦੇ ਨਾਲ ਰਾਸ਼ਟਰੀ ਪੱਧਰ ‘ਤੇ ਵੀ ਵਿਰੋਧੀ ਪਾਰਟੀਆਂ ਦਾ ਮਜ਼ਬੂਤ ਹੋਣਾ ਲੋਕਤੰਤਰ ਲਈ ਬਹੁਤ ਅਹਿਮ ਹੈ ।

ਰਾਸ਼ਟਰੀ ਪੱਧਰ ‘ਤੇ ਕਾਂਗਰਸ ਦਾ ਬਦਲ ਲੱਭਣ ਲਈ 1977 ਅਤੇ ਫਿਰ 1995 ਵਿੱਚ ਕੋਸ਼ਿਸ਼ਾਂ ਹੋਈਆਂ ਪਰ ਖੇਰੂੰ-ਖੇਰੂੰ ਹੋ ਗਈਆਂ ਅਤੇ ਫਿਰ 1977 ਵਿੱਚ ਬਣੀ ਜਨਤਾ ਪਾਰਟੀ ਚੋਂ ਨਿਕਲੀ ਬੀ.ਜੇ.ਪੀ. ਇਕ ਮਜ਼ਬੂਤ ਬਦਲ ਬਣਕੇ 2014 ਵਿੱਚ ਇਕ ਤਕੜੀ ਰਾਸ਼ਟਰੀ ਪਾਰਟੀ ਬਣ ਕੇ ਦੇਸ਼ ਦੀ ਸਿਆਸਤ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਈ। ਭਾਵੇਂ ਬੀ.ਜੇ.ਪੀ. ‘ਤੇ ਫਿਰਕੂ ਪਾਰਟੀ ਹੋਣ ਦਾ ਲੇਬਲ ਲੱਗਿਆ ਹੋਇਆ ਹੈ ਪਰ ਅਸਲੀਅਤ ਇਹ ਹੈ ਕਿ ਉਹ ਦੇਸ਼ ਦੇ ਲੋਕਤੰਤਰਿਕ ਢੰਗ ਰਾਹੀਂ ਤਕੜਾ ਬਹੁਮਤ ਲੇਕੇ ਸੱਤਾ ਵਿੱਚ ਆਈ ਹੈ ।

ਹੁਣ ਕਾਂਗਰਸ ਲਈ ਦੁਬਾਰਾ ਉਭਰਨਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਕਾਂਗਰਸ, ਗਾਂਧੀ ਪਰਿਵਾਰ ਚੋਂ ਨਿਕਲਣਾ ਹੀ ਨਹੀਂ ਚਾਹੁੰਦੀ ਜਿਸ ‘ਤੇ ਪ੍ਰਧਾਨ ਮੰਤਰੀ ਮੋਦੀ ਅਕਸਰ ਬੜੇ ਅੰਦਾਜ਼ ਨਾਲ ਤਨਜ਼ ਕੱਸਦੇ ਹਨ। ਕਾਂਗਰਸ  ਗਾਂਧੀ ਪਰਿਵਾਰ ਵਿੱਚੋਂ ਜਾਂ ਪਾਰਟੀ ਵਿੱਚੋਂ ਵੀ ਇੰਦਰਾ ਤੋਂ ਮਗਰੋਂ ਕੋਈ ਰਾਸ਼ਟਰੀ ਕੱਦ ਵਾਲਾ ਲੀਡਰ ਤਿਆਰ ਕਰਨ ਵਿੱਚ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ । ਕਾਂਗਰਸ ਦੀ ਇਸ ਕਮਜ਼ੋਰੀ ਵਿੱਚੋਂ ਹੀ ਕੇਜਰੀਵਾਲ ਨੇ ਆਪਣੀ ਥਾਂ ਖੋਹ ਲਈ ਹੈ।

ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ‘ਚ ਧਾਂਕ ਜਮਾਉਣ ਮਗਰੋਂ ਉਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਬੀ.ਜੇ.ਪੀ. ਅਤੇ ਕਾਂਗਰਸ ਲਈ ਚੁਣੋਤੀ ਪੈਦਾ ਕਰਨ ਜਾ ਰਿਹਾ ਹੈ । ਕੇਜਰੀਵਾਲ ਦਾ ਨਿਸ਼ਾਨਾ ਲਾਲ ਕਿਲੇ ‘ਤੇ ਤਿਰੰਗਾ ਝੁਲਾਉਣਾ ਹੈ ਜਿਸ ਲਈ ਉਸ ਦੀ ‘ਆਪ’ 2024 ਦੀਆਂ ਤਿਆਰੀਆਂ ਕਰਨ ਵਿੱਚ ਡਟ ਚੁੱਕੀ ਹੈ। ਪਾਰਟੀ ਚਾਹੇ ਕੋਈ ਵੀ ਸੱਤ੍ਹਾ ਵਿੱਚ ਹੋਵੇ ਵਿਰੋਧੀ ਧਿਰ ਦਾ ਮਜਬੂਤ ਹੋਣਾ ਸੱਤ੍ਹਾਧਾਰੀ ਪਾਰਟੀ ਲਈ ਵੀ ਅਤੇ ਲੋਕਤੰਤਰ ਦੀਆਂ ਰਵਾਇਤਾਂ ਨੂੰ ਮਜਬੂਤ ਕਰਨ ਲਈ ਬਹੁਤ ਜ਼ਰੂਰੀ ਹੁੰਦਾ ਹੈ ।

ਜੇ ਇੰਜ ਨਾਂ ਹੋਵੇ ਤਾਂ ਫਿਰ ਸੱਤ੍ਹਾਧਾਰੀ ਪਾਰਟੀ ਮਨਆਈਆਂ ਕਰਦੀ ਹੈ ਅਤੇ ਇਸ ਤਰ੍ਹਾਂ ਕਈ ਰਾਸ਼ਟਰੀ ਫ਼ੈਸਲੇ ਲੈਣ ਸਮੇਂ ਉਹ ਦੇਸ਼ ਦੇ ਹਿਤਾਂ ਨੂੰ ਛਿੱਕੇ ਟੰਗ ਸਕਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button