EDITORIAL

86 ਫ਼ੀਸਦ ਕੱਟਿਆ ਗਿਆ ਪੰਜਾਬ , ਪਿੰਡਾਂ-ਸ਼ਹਿਰਾਂ ‘ਚ  ਪਹੁੰਚੀ ਨਸ਼ਿਆਂ ਦੀ ਸੇਮ

ਧਰਮ ਦੇ ਨਾਂ ਤੇ ਨਵਾਂ ਖਤਰਨਾਕ ਬਿਰਤਾਂਤ

ਅਮਰਜੀਤ ਸਿੰਘ ਵੜੈਚ (94178-01988)

ਆਓ ਜ਼ਰਾ ਪੰਜਾਬ ਨੂੰ ਮਿਲ਼ੀਏ :  ਮਹਾਂ ਪੰਜਾਬ ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਸੀ ਦਾ ਕੁਲ ਖੇਤਰਫਲ਼ 3 ਲੱਖ 58 ਹਜ਼ਾਰ 344 ਸੌ  ਵਰਗ ਕਿਲੋਮੀਟਰ ਸੀ  ਪਰ ਅੱਜ ਦੇ ਪੰਜਾਬ ਕੋਲ਼ ਸਿਰਫ 50,362 ਵਰਗ ਕਿਲੋਮੀਟਰ ਧਰਤੀ ਹੈ ।  ਇਸ ਨੂੰ ਸਾਧਾਰਾਣ ਸ਼ਬਦਾਂ ‘ਚ ਕਿਹਾ ਜਾ ਸਕਦਾ ਹੈ ਕਿ  ਹੁਣ ਪੰਜਾਬ ਕੋਲ਼ 47 ਤੋਂ ਪਹਿਲਾਂ ਵਾਲ਼ੇ ਪੰਜਾਬ ਦਾ ਸਿਰਫ 14 ਫ਼ੀਸਦੀ ਰਕਬਾ ਹੀ ਬਚਿਆ ਹੈ ।

ਸੰਨ 1947 ‘ਚ ਹਿੰਦੋਸਤਾਨ ਦੀ ਵੰਡ ਸਮੇਂ ਪੰਜ ਡਵੀਜ਼ਨਾ ਦੇ 29 ਜ਼ਿਲਿਆਂ ਵਾਲ਼ਾ ਪੰਜਾਬ ਦੋ ਹਿੱਸਿਆਂ ‘ਚ ਵੰਡਿਆ ਗਿਆ ; ਪੂਰਬੀ ਪੰਜਾਬ  13 ਜ਼ਿਲ੍ਹਿਆਂ ਨਾਲ਼ ਭਾਰਤ ਦੇ ਹਿਸੇ ਆਇਆ ਤੇ ਪੱਛਮੀ ਪੰਜਾਬ ਨੂੰ 16 ਜ਼ਿਲ੍ਹੇ ਮਿਲ਼ੇ ਜੋ ਹੁਣ ਪਾਕਿਸਤਾਨ ਵਿੱਚ ਹੈ ।  ਮਹਾਂ ਪੰਜਾਬ ਅਫਗਾਨਿਸਤਾਨ ਵਾਲ਼ੇ ਪਾਸੇ ਪੱਛਮ ਵੱਲ ਬਲੋਚਿਸਤਾਨ ਨਾਲ਼ ਲਗਦਾ ਸੀ। ਉਤਰ ਵਾਲ਼ੇ ਪਾਸੇ ਕਸ਼ਮੀਰ ਨਾਲ਼ , ਪੂਰਬ ਵੱਲੋਂ ਗੁੜਗਾਓਂ ਤੇ ਦੱਖਣ ਵਿੱਚ ਰਾਜਪੂਤਾਨਾਂ  ਭਾਵ ਰਾਜਿਸਥਾਨ ਨਾਲ਼ ਲਗਦਾ ਸੀ । ਇਸ ਵਿੱਚ ਕਈ ਰਿਆਸਤਾਂ  ਜਿਵੇਂ ਕਾਂਗੜਾ,ਪਟਿਆਲ਼ਾਂ, ਜੀਦ,ਕਪੂ੍ਰਥਲ਼ਾ, ਨਾਭਾ, ਫਰੀਦਕੋਟ ,ਨਾਲ਼ਾਗੜ੍ਹ ਆਦਿ ਵੀ ਸ਼ਾਮਿਲ ਸਨ ।

ਚੌਦਵੀਂ ਸਦੀ  ਦੇ ਉਤਰ-ਪੱਛਮ ‘ਚ ਮੌਰੱਕੋ ਦੇ ਜੰਮਪਲ਼ ਵਿਸ਼ਵ ਸੈਲਾਨੀ ਇਬਨੇ ਬਤੂਤਾ  ਨੇ ਦੁਨੀਆਂ ਦੇ ਕਈ ਦੇਸ਼ਾਂ ਦੀ ਸੈਰ ਕੀਤੀ । ਇਤਿਹਾਸ ‘ਚ ਇਹ ਦਰਜ ਹੈ ਕਿ ਬਤੂਤਾ 14 ਵੀਂ ਸਦੀ ‘ਚ ਪੰਜਾਬ ਦੇ ਅਬੋਹਰ ‘ਚ ਆਇਆ ਸੀ ਤੇ ਉਸ ਨੇ ਵੀ ਪੰਜਾਬ ਦਾ ਜ਼ਿਕਰ ਕੀਤਾ ਹੋਇਆ ਹੈ । ਉਹ ਚੀਨ ਤੱਕ ਗਿਆ ਸੀ ।

ਮਹਾਂਭਾਰਤ ‘ਚ ਪੰਜਾਬ ਨੂੰ ‘ਪੰਚਾ ਨਾਦਾ’ ਲਿਖਿਆ ਗਿਆ ਹੈ ਜਦੋਂ ਕਿ ‘ਆਇਨ-ਏ-ਅਕਬਰੀ’ ‘ਚ ਅਬੁਲ ਫ਼ਜ਼ਲ ਪੰਜਾਬ ਨੂੰ ‘ਪੰਚਨਦ’ ਲਿਖਦਾ ਹੈ । ਇਹ ਹਵਾਲੇ ਮਿਲ਼ਦੇ ਹਨ ਕਿ ਇਸ ਖਿਤੇ ਨੂੰ ਪੰਜਾਬ ਦਾ ਨਾਮ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਦਿਤਾ ਸੀ। ਇਸ ਦਾ ਜ਼ਿਕਰ ‘ਤੁਜ਼ਕ-ਏ-ਜਹਾਂਗੀਰੀ’ ‘ਚ ਮਿਲ਼ਦਾ ਹੈ । ਪੰਜਾਬ ਪਰਸ਼ੀਅਨ ਸ਼ਬਦਾਂ ‘ਪੰਜ’ ਤੇ ‘ਆਬ’ ਨੂੰ ਜੋੜ ਕੇ ਬਣਾਇਆ ਗਿਆ ਹੈ  ਭਾਵ ਪੰਜ ਪਾਣੀਆਂ ਦੀ ਧਰਤੀ । ਇਸ ਨੂੰ ਪੁਰਾਤਨ ਇਤਿਹਾਸ ‘ਚ ‘ਸਪਤ ਸਿੰਧੂ’ ਵੀ ਕਿਹਾ ਗਿਆ ਹੈ ਜਦੋਂ ਇਸ ‘ਚ ਸੱਤ ਨਦੀਆਂ ਸ਼ਾਮਿਲ ਸਨ । ਇਸਦੇ ਪੱਛਮ ‘ਚ ਸਿੰਧ ਤੇ ਪੂਰਬ ‘ਚ ਸਰਸਵਤੀ ਨਦੀਆਂ ਵਗਦੀਆਂ ਸਨ ਤੇ ਸਤਲੁਜ,ਬਿਆਸ,ਰਾਵੀ,ਚਨਾਬ ਤੇ ਜੇਹਲਮ ਇਸਦੇ ਅੰਦਰ ਵਗਦੀਆਂ ਸਨ ।

ਪੰਜਾਬ ਦੇ ਸੱਤਲੁਜ ਤੋਂ ਪਰਲੇ ਪਾਸੇ ਭਾਵ ਪੱਛਮ ਵਾਲ਼ੇ ਪਾਸੇ ਤੋਂ ਪੇਸ਼ਵਰ ਤੇ ਕਸ਼ਮੀਰ ਤੱਕ ਕਿਸੇ ਵਕਤ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਸੀ ਜਿਸ ਨੂੰ ਅੱਜ ਤੱਕ ਸਿਖ ਰਾਜ ਕਰਕੇ ਜਾਣਿਆ ਜਾਂਦਾ ਹੈ । ਰਣਜੀਤ ਸਿੰਘ ਵਰਗਾ ਰਾਜ ਦੇਣ ਦੇ ਲਾਰੇ ਹੁਣ ਸਾਰੇ ਲੀਡਰ ਲਾਉਂਦੇ ਹਨ ਪਰ ਸਾਰੇ ਹੀ ਪਾਖੰਡੀ ਨਿਕਲ਼ਦੇ ਹਨ ।

ਸੰਨ ਸੰਤਾਲ਼ੀ ‘ਚ ਮਹਾਂ ਪੰਜਾਬ ਵੀ ਵੰਡਿਆ ਗਿਆ ਤੇ ਫਿਰ 1950 ‘ਚ ਭਾਰਤੀ ਪੰਜਾਬ ਦੇ ਉਤਰ ਵਿੱਚੋਂ ਸ਼ਿਮਲਾ,ਕਾਂਗੜਾ ਆਦਿ ਕੱਟਕੇ ਕੇਂਦਰ ਸਾਸ਼ਿਤ ਹਿਮਾਚਲ ਪ੍ਰਦੇਸ਼ ‘ਚ ਸ਼ਾਮਿਲ ਕਰ ਦਿਤੇ ਗਏ । ਪੰਜਾਬੀ ਸੂਬਾ ਲਹਿਰ ਮਗਰੋਂ ਇਕ ਨਵੰਬਰ 1966 ਨੂੰ ਪੰਜਾਬ ‘ਚ ਇਕ ਹੋਰ ਸੂਬਾ ਹਰਿਆਣਾ ਬਣਾ ਦਿਤਾ ਗਿਆ  ਤੇ ਫਿਰ ਮੌਜੂਦਾ ਪੰਜਾਬ ਰਹਿ ਗਿਆ ਜਿਸ ਦੇ ਹਿਸੇ  ਸਿਰਫ਼ 50362 ਵਰਗ ਕਿਲੋਮੀਟਰ ਦਾ ਹਿੱਸਾ ਰਹਿ ਗਿਆ ।

ਬਾਬੇ ਨਾਨਕ, ਗੋਬਿੰਦ, ਬੁੱਲ੍ਹੇ,ਵਾਰਿਸ,ਪ੍ਰੋ: ਪੂਰਨ ਸਿੰਘ, ਮੋਹਨ ਸਿੰਘ ਤੇ ਸ਼ਿਵ ਦਾ ਪੰਜਾਬ ਕਿਥੇ ਹੈ  ?  ਇਥੇ ਕਦੇ ਦੁੱਧ ਦੀਆਂ ਨਦੀਆਂ ਵਗਦੀਆਂ ਸਨ, ਇਥੋਂ ਦਾ ਪਾਣੀ ਦੁੱਧ ਵਾਂਗ ਲੱਗਦਾ ਸੀ, ਭੰਗੜੇ-ਗਿੱਧੇ ਪੈਂਦੇ ਸੀ, ਮੇਲੇ ਭਰਦੇ ਸਨ, ਢੋਲ ਵਜਦੇ ਸੀ ਤੇ  ਛਿੰਜਾਂ ਪੈਂਦੀਆਂ ਸਨ । ਪੰਜਾਬੀ ਖੇਤਾਂ ‘ਚ ਜਾਕੇ ਸਰੋਂ ਦੇ ਫੁੱਲਾਂ ਵਾਂਗ ਖਿੜ ਜਾਂਦੇ ਸੀ  ਤੇ ਹਵਾਵਾਂ ‘ਚ  ਮਹਿਕਾਂ ਹੁੰਦੀਆਂ ਸਨ ।

ਅੱਜ ਦਾ ਪੰਜਾਬ ਕਿਹੋ ਜਿਹਾ ਹੈ :  ਪੰਜਾਂ ਪਾਣੀਆਂ ਦੀ ਧਰਤੀ ਹੇਠਲ਼ਾ  ਤੇ ਇਸ ਦੀਆਂ ਨਦੀਆਂ ਦਾ ਪਾਣੀ ਖਤਮ ਹੋ ਰਿਹਾ ਹੈ , ਧਰਤੀ ਦੀ ਸਿਹਤ ਬੇਹੱਦ ਕਮਜ਼ੋਰ ਹੋ ਗਈ ਹੈ , ਪੰਜਾਬੀਆਂ ਦੇ ਵਾਰਿਸ ਇਸ ਧਰਤੀ ਤੋਂ ਮੋਹ ਤੋੜਦੇ ਜਾ ਰਹੇ ਹਨ , ਰਾਜਨੀਤਿਕ ਤੇ ਪੁਲਿਸ ਗੁੰਡਾਗਰਦੀ ਵਧਦੀ ਜਾ ਰਹੀ ਹੈ, ਗੈਂਗਸਟਰ ਵਧ ਰਹੇ ਹਨ , ਨਸ਼ਿਆਂ ਦੀ ਸੇਮ ਤਕਰੀਬਨ ਹਰ ਘਰ ਦੇ ਨੇੜੇ ਪਹੁੰਚ ਚੁੱਕੀ ਹੈ, ਕੁੜੀਆਂ ਵੀ ਨਸ਼ੇ ਦੇ ਕਸੀਦੇ ਕੱਢਣ ਲੱਗ ਪਈਆਂ ਹਨ , ਜ਼ਮੀਨਾਂ ‘ਤੇ ਕਬਜ਼ੇ ਕਰਨ ਦੀਆਂ ਘਟਨਾਵਾਂ ਵਧ ਰਹੀਆਂ ਹਨ, ਭਿਰਿਸ਼ਟਾਚਾਰ ਹਰ ਸਰਕਾਰੀ ਦਫ਼ਤਰ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ , ਬੇਰੁਜ਼ਗਾਰੀ ਦਾ ਧੂੰਆਂ ਹਰ ਘਰ ‘ਚੋਂ ਨਿਕਲ਼ ਰਿਹਾ ਹੈ , ਔਰਤਾਂ ਦੇ ਗਲ਼ਾਂ ‘ਚੋਂ ਗਹਿਣੇ ਝਪਟਣ ਦੀਆਂ ਖ਼ਬਰਾਂ ਰੋਜ਼ ਆ ਰਹੀਆਂ ਹਨ, ਬੈਂਕਾਂ  ਤੇ ਦੁਕਾਨਾਂ ‘ਚ ਡਾਕੇ ਪੈ ਰਹੇ ਹਨ, ਦਿਨ ਦਿਹਾੜੇ ਕਤਲ ਹੋ ਰਹੇ ਹਨ, ਧਰਮ ਦੇ ਨਾਂ ‘ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਦਲਿਤਾਂ ਤੇ ਜੱਟਾਂ ਦਰਮਿਆਨ ਖਾਈ ਵਧ ਰਹੀ ਹੈ, ਅਖੌਤੀ ਧਾਰਮਿਕ ਬਾਬੇ ਲੋਕਾਂ ਨੂੰ ਲੁੱਟ ਰਹੇ ਹਨ, ਧਰਮ ਪਰਿਵਰਤਨ ਦੀਆਂ ਘਟਨਾਵਾਂ ਖਤਰਨਾਕ ਬੜਕਾਂ ਮਾਰ ਰਹੀਆਂ ਹਨ , ਖਾਲਿਸਤਾਨ ਤੇ ਧਰਮ ਦੇ ਨਾਂ ‘ਤੇ ਇਕ ਨਵਾਂ  ਖਤਰਨਾਕ ਬਿਰਤਾਂਤ ਸਿਰਜਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ,ਛੋਟੇ ਕਿਸਾਨ ਜ਼ਮੀਨਾਂ ਵੇਚਣ ਲਈ ਮਜਬੂਰ ਹੋ ਰਹੇ ਹਨ …. ਇਹ ਲਿਸਟ ਖਤਮ ਹੋਣ ਵਾਲ਼ੀ ਨਹੀਂ ।

ਕੀ ਸਾਡੇ ਕੋਲ਼ ਕੋਈ ਜਵਾਬ ਹੈ ਕਿ ਸਮਕਾਲੀ ਕਵੀ ਸੁਰਜੀਤ ਪਾਤਰ ਕਿਉਂ ਲਿਖਣ ਲਈ ਮਜਬੂਰ ਹੋ ਰਿਹਾ ਗਿਆ :

ਪੰਛੀ ਤਾਂ ਉਡ ਗਏ ਨੇ
ਰੁੱਖ ਵੀ ਸਲਾਹਾਂ ਕਰਨ:
ਚਲੋ ਏਥੋਂ ਚੱਲੀਏ

ਘਰ ਘਰ ਪੁੱਤ ਕਹਿਣ:
ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚੱਲ ਏਥੋਂ ਚੱਲੀਏ

ਤੂੰ ਨੀ ਸੁਣੇ, ਟਿਕੀ ਰਾਤੇ
ਪਿੰਡ ਦੇ ਉਜਾੜਾਂ ਵਿਚ
ਮੋਏ ਕਿਰਸਾਨ ਸਾਰੇ
ਏਹੀ ਵ੍ਰਿੰਦਗਾਨ ਗਾਉਂਦੇ
ਚਲੋ ਏਥੋਂ ਚੱਲੀਏ

ਏਹੀ ਹੈ ਵ੍ਰਿੰਦਗਾਨ
ਏਹੀ ਹੈ ਸਮੂਹ-ਗਾਨ
ਚਲੋ ਏਥੋਂ ਚੱਲੀਏ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button