EDITORIAL

ਦੇਸ਼ ‘ਚ ਨਫ਼ਰਤੀ ਮਾਹੌਲ ਵਧਿਆ

2016 ਤੋਂ 20 ਤੱਕ 3400 ਫਿਰਕੂ ਦੰਗੇ

ਅਮਰਜੀਤ ਸਿੰਘ ਵੜੈਚ (94178-01988)

ਚਾਰ ਸਤੰਬਰ ਨੂੰ ਸਾਡੇ ਦੇਸ਼ ਦੇ ਅਰਬਪਤੀ ਤੇ ‘ਗੋਦਰੇਜ ਇੰਡੱਸਟਰੀਜ਼’ ਦੇ ਚੇਅਰਮੈਨ ਨਾਦਿਰ ਗੋਦਰੇਜ ਮੁੰਬਈ ‘ਚ ਇਕ ਕਿਤਾਬ ਨੂੰ ਜਾਰੀ ਕਰਨ ਦੀ ਰਸਮ ਸਮੇਂ ਬੋਲਦਿਆਂ ਕਿਹਾ ਸੀ ਕਿ ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ। ਗੋਦਰੇਜ ਨੇ ਕਿਹਾ ਕਿ  ਦੇਸ਼ ਆਰਥਿਕ ਮੁਹਾਜ਼ ‘ਤੇ ਵਧੀਆ ਕੰਮ ਕਰ ਰਿਹਾ ਹੈ ਪਰ ਦੇਸ਼ ਨੂੰ ਇਕੱਠਿਆਂ ਰੱਖਣ ਲਈ ਵੀ ਯਤਨ ਹੋਣੇ ਚਾਹੀਦੇ ਹਨ। ਗੋਦਰੇਜ ਦੇ ਇਸ ਬਿਆਨ ਦੇ ਬਹੁਤ ਗੰਭੀਰ ਅਰਥ ਹਨ ਕਿਉਂਕਿ ਉਦਯੋਗਪਤੀ ਅਕਸਰ ਰਾਜਸੀ ਬਿਆਨਬਾਜ਼ੀ ‘ਚ ਨਹੀਂ ਪੈਂਦੇ : ਇਸੇ ਹੀ ਦਿਨ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਭਾਜਪਾ ‘ਤੇ ਬੜਾ ਸਖ਼ਤ ਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਡਰ ਤੇ ਨਫ਼ਰਤ ਦਾ ਪ੍ਰਸਾਰ ਤੇ ਪ੍ਰਚਾਰ ਕਰ ਰਹੇ ਹਨ ਜਿਸ ਨਾਲ਼ ਦੇਸ਼ ਕਮਜ਼ੋਰ ਹੋਵੇਗਾ। ਇਸ ਸਥਿਤੀ ਦਾ ਫ਼ਾਇਦਾ ਦੁਸ਼ਮਣ ਦੇਸ਼ ਲੈਣਗੇ।

ਇਸੇ ਹੀ ਦਿਨ ਭਾਵ ਚਾਰ ਸਤੰਬਰ ਨੂੰ ਕਾਂਗਰਸ ਤੋਂ ਵੱਖ ਹੋਏ ਸਾਬਕਾ ਮੁੱਖ ਮੰਤਰੀ, ਜੰਮੂ ਤੇ ਕਸ਼ਮੀਰ ਗ਼ੁਲਾਮ ਨਬੀ ਆਜ਼ਾਦ ਨੇ ਜੰਮੂ ‘ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਫ਼ਰਤ ਦੀਆਂ ਕੰਧਾਂ ਡੇਗਣ ਲਈ ਸਾਂਝੇ ਯਤਨਾਂ ਦਾ ਸੱਦਾ ਦੇਣ ਆਏ ਹਨ।ਇਨ੍ਹਾਂ ਤਿੰਨੇ ਨਾਮਵਰ ਸ਼ਖ਼ਸੀਅਤਾਂ ਦੇ ਇਕੋ ਹੀ ਤਰਜ਼ ‘ਤੇ ਦਿੱਤੇ ਬਿਆਨਾਂ ਨੂੰ ਐਵੇਂ ਸਿਰ ਉਪਰ ਦੀ ਕੱਡਣਾ ਸਿਆਣਪ ਨਹੀਂ ਹੋਵੇਗੀ। ਇਸੇ ਵਰ੍ਹੇ ਫਰਵਰੀ ਮਹੀਨੇ ‘ਚ ਸਵਰਗਵਾਸ ਹੋਏ ਬਜਾਜ ਗੁਰੱਪ ਦੇ ਮਾਲਕ ਰਾਹੁਲ ਬਜਾਜ ਨੇ ਵੀ ਨਵੰਬਰ 2019 ‘ਚ ਇਕ ਇਸੇ ਤਰ੍ਹਾਂ ਦਾ ਬਿਆਨ ਦਿਤਾ ਸੀ ਜਿਸ ਨੇ ਦੇਸ਼ ਦੇ ਲੋਕਾਂ ਨੂੰ ਹੈਰਾਨ ਕਰ ਦਿਤਾ ਸੀ : ਕੇਂਦਰੀ  ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ‘ਚ ਰਾਹੁਲ ਬਜਾਜ ਨੇ ਕਹਿ ਦਿਤਾ ਸੀ ਕਿ “ਮੈਂ ਬਿਨਾ ਚਿਕਚਾਹਟ ਤੋਂ ਕਹਿਣਾ ਚਾਹਾਂਗਾ ਕਿ ਬਿਨਾ ਸ਼ੱਕ ਤੁਹਾਡੇ ਵੱਲੋਂ ਵਧੀਆ ਕੰਮ ਕੀਤੇ ਜਾ ਰਹੇ ਹਨ ਪਰ ਹੁਣ ਕੁਝ ਕਹਿਣ ਤੋਂ ਡਰ ਲਗਦਾ ਹੈ ਕਿ ਪਤਾ ਨਹੀਂ ਸਾਡੇ ਵੱਲੋਂ ਕੀਤੀ ਗਈ ਆਲੋਚਨਾ ਨੂੰ ਤੁਸੀਂ ਪਸੰਦ ਕਰੋਂਗੇ ਜਾਂ ਨਹੀਂ”। ਇਸ ਤੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇ ਤੁਸੀਂ ਕਹਿ ਰਹੇ ਹੋ ਤਾਂ ਜ਼ਰੂਰ ਇੰਜ ਹੋਵੇਗਾ ਜਿਸ ਲਈ ਸਾਨੂੰ ਇਹ ਮਾਹੌਲ ਸਾਧਾਰਨ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਦੇ ਵਿਚਾਰ ਗੋਦਰੇਜ ਦੇ ਛੌਟੇ ਭਰਾ ਆਦੀ ਗੋਦਰੇਜ ਨੇ ਵੀ 2019 ‘ਚ ਪੇਸ਼ ਕੀਤੇ ਸਨ ਕਿ ਦੇਸ਼ ਵਿੱਚ ਬਰਦਾਸ਼ਤ ਕਰਨ ਦਾ ਮਾਹੌਲ ਖ਼ਤਰੇ ਵਿੱਚ ਹੈ ; ਆਦੀ ਨੇ ਕਿਹਾ ਸ‌ਿ ਕਿ ਨਫ਼ਰਤੀ ਅਪਰਾਧ ਤੇ ਅਸਹਿਣਸ਼ੀਲਤਾ ਦੇਸ਼ ਦੇ ਵਿਕਾਸ ਵਿੱਚ ਵੱਡਾ ਅੜਿਕਾ ਡਾਹ ਰਹੇ ਹਨ। ਇਸ ਵਰ੍ਹੇ ਬਜਟ ਸੈਸ਼ਨ ਦੌਰਾਨ ਸਰਕਾਰ ਨੇ ਲੋਕਸਭਾ ‘ਚ ਦੱਸਿਆ ਸੀ ਕਿ 2016 ਤੋਂ 2020 ਤੱਕ ਤਕਰੀਬਨ 3400 ਫਿਰਕੂ ਦੰਗੇ ਦੇਸ਼ ਵਿੱਚ ਹੋਏ ਸਨ, ਭਾਵ ਹਰ ਸਾਲ 680 ਦੰਗੇ ਹੁੰਦੇ ਹਨ। ਸਰਕਾਰ ਦੇ ਅੰਕੜੇ ਇਕ ਹੋਰ ਕਹਾਣੀ ਦੱਸਦੇ ਹਨ ਕਿ 2016 ‘ਚ 869 ਫਿਰਕੂ ਦੰਗੇ ਹੋਏ ਸਨ ਜੋ ਘਟਦੇ ਘਟਦੇ 2017 -723,2018-572 ਤੇ 2019 ‘ਚ 434 ਰਹਿ ਗਏ ਪਰ 2020 ‘ਚ ਇਹ 857 ਦੇ ਅੰਕੜੇ ਨਾਲ  ਫਿਰ 2016 ਦੇ 869 ਅੰਕੜੇ ਦੇ ਨੇੜੇ ਜਾ ਪਹੁੰਚੇ । ਸਾਲ 2020 ‘ਚ ਸੀਏਏ ਭਾਵ  ਸਿਟੀਜ਼ਨ ਅਮੈਂਡਮੈਂਟ ਐਕਟ 2020 ਦਾ ਵਿਰੋਧ ਵੱਡੇ ਪੱਧਰ ‘ਤੇ ਹੋਇਆ ਸੀ।

ਦਿੱਲੀ ‘ਚ ਇਸ ਕਾਨੂੰਨ ਦੇ ਵਿਰੋਧ ‘ਚ ਫਿਰਕੂ ਦੰਗੇ ਭੜਕੇ ਜੋ ਕੇਂਦਰ ਸਰਕਾਰ ਦੇ ਕੰਟਰੋਲ ਵਾਲ਼ੀ ਦਿੱਲੀ ਪੁਲਿਸ ਤੋਂ ਸੰਭਾਲੇ ਨਾ ਗਏ। ਇਹ ਦੰਗੇ ਲਗਾਤਾਰ ਦਸ ਦਿਨ ਚੱਲਦੇ ਰਹੇ ਤੇ 53 ਲੋਕਾਂ ਦੀ ਬਲੀ ਲੈਕੇ ਹੀ ਰੁਕੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਰ੍ਹੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਲਾਲ ਕਿਲੇ ਤੋਂ ਬੋਲਦਿਆਂ 15 ਅਗਸਤ ਨੂੰ ਕਿਹਾ ਸੀ ਕਿ ਆਜ਼ਾਦੀ ਦੇ 2047 ‘ਚ 100 ਵਰ੍ਹੇ ਪੂਰੇ ਹੋਣ ‘ਤੇ ਦੇਸ਼ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਾਉਣ ਲਈ ਦੇਸ਼ ਦੇ ਵਿਕਾਸ ਲਈ ਮਨੁੱਖਤਾ ‘ਤੇ ਅਧਾਰਿਤ ਸੋਚ ਅਪਣਾਉਣੀ ਪਵੇਗੀ । ਸੋ ਦੇਸ਼ ਦੇ ਸਿਰਕੱਢ ਉਦਯੋਗਪਤੀਆਂ ਤੇ ਸਿਆਸਦਾਨਾਂ ਵੱਲੋਂ ਜੋ ਫ਼ਿਕਰ ਜ਼ਾਹਿਰ ਕੀਤੇ ਗਏ ਹਨ ਉਨ੍ਹਾਂ ਦੀ ਰੌਸ਼ਨੀ ‘ਚ ਹੀ ਦੇਸ਼ ਦੇ ਨੀਤੀ ਘਾੜਿਆਂ ਨੂੰ ਸੋਚਣ ਤੇ ਵਿਚਰਣ ਦੀ ਲੋੜ ਹੈ ਜਿਸ ਦੀ ਵੱਡੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button