EDITORIAL

‘ਇਥੇ ਚਿੱਟਾ ਮਿਲ਼ਦਾ ਹੈ’

ਬੰਦ ਕਰੇਗੀ ਮਾਨ ਸਰਕਾਰ, ਮੌਤ ਦਾ ਵਪਾਰ ?

ਅਮਰਜੀਤ ਸਿੰਘ ਵੜੈਚ (9417801988)

ਅੱਜ ਅਖ਼ਬਾਰਾਂ ‘ਚ ਪੁਲਿਸ ਦੇ ਹਵਾਲੇ ਨਾਲ ਇਕ ਖ਼ਬਰ ਛਾਇਆ ਹੋਈ ਹੈ ਕਿ ਮੁਕਤਸਰ ਜ਼ਿਲ੍ਹੇ ‘ਚ ਪੈਂਦੇ ਗਿਦੜਬਾਹਾ ਦੇ ਪਿੰਡ ਕੋਟਲੀ ਅਬਲੂ ਵਿੱਚ ਨਸ਼ੇ ਦੀ ਹਾਲਤ ਵਿੱਚ ਇਕ 32 ਸਾਲਾ ‘ਪੁੱਤਰ’ ਨੇ ਆਪਣੇ ਪਿਉ ਨੂੰ ਸਿਰ ਵਿੱਚ ਇਟ ਮਾਰਕੇ ਕਤਲ ਕਰ ਦਿਤਾ …ਕਾਰਨ ਇਹ ਸੀ ਕਿ ਉਹ ਜਵਾਨ ਆਪਣੇ ਪਿਓ ‘ਤੇ ਆਪਣਾ ਵਿਆਹ ਕਰਵਾਉਣ ਲਈ ਦਬਾਅ ਪਾ ਰਿਹਾ ਸੀ। ਇਸ ਤੋਂ ਪਹਿਲਾਂ ਬਠਿੰਡਾ ਦੇ ਪਿੰਡ ਮੌੜ ਦੀ ਇਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇਕ ਬੋਰਡ ਦਿਖਾਇਆ ਜਾ ਰਿਹਾ ਹੈ ਜਿਸਤੇ ਲਿਖਿਆ ਹੈ ” ਚਿੱਟਾ ਇਧਰ ਮਿਲ਼ਦਾ ਹੈ ” । ਕੁਝ ਦਿਨ ਅੰਮਿਤਸਰ ਦੀ ਇਕ ਕੁੜੀ ਦੀ ਨਸ਼ੇ ‘ਚ ਧੁੱਤ ਹਾਲਤ ‘ਚ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਚੱਲੀ ਸੀ ; ਇਸ ਤਰਾਂ ਦੀਆਂ ਬਹੁਤ ਖ਼ਬਰਾਂ ਅਸੀਂ ਵੇਖ ਚੁੱਕੇ ਹਾਂ।

ਇਹ ਮਹਿਜ਼ ਇਕ ਘਟਨਾ ਨਹੀਂ ਹੈ ਬਲਕਿ ਇਹ ਪੰਜਾਬ ‘ਚ ਨਸ਼ਿਆਂ ਕਾਰਨ ਪੈਦਾ ਹੋ ਰਹੀਆਂ ਜਟਿਲ ਸਥਿਤੀਆਂ ਵੱਲ ਇਸ਼ਾਰਾ ਕਰਦੀ ਇਕ ਘਟਨਾ ਹੈ ਜਿਸ ਦੇ ਬੜੇ ਵਿਸਤਾਰ ਹਨ। ਇਸੇ ਵਰ੍ਹੇ ਫ਼ਰਵਰੀ ‘ਚ ਪੀਜੀਆਈ ਦੇ ਡਾ: ਜੇ ਐਸ ਠਾਕੁਰ ਦੀ ਸੰਪਾਦਿਤ ਕਿਤਾਬ Roadmap for Prevention and Control of Substance Abuse in Punjab’  ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ 30 ਲੱਖ ਲੋਕ  ਇਕ ਜਾਂ ਦੋ ਨਸ਼ਿਆਂ ਦੇ ਆਦੀ ਹਨ । ਇਨ੍ਹਾਂ ‘ਚੋਂ 20 ਲੱਖ ਤਾਂ ਸ਼ਰਾਬ ਪੀਣ ਦੇ ਆਦੀ ਹਨ।

ਪੰਜਾਬ ‘ਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲ਼ਿਆਂ ਦੀ ਖ਼ਬਰਾਂ ਅਸੀਂ ਪੜ੍ਹਨ ਦੇ ਆਦੀ ਹੋ ਗਏ ਹਾਂ। ਇਹ ਨਸ਼ਿਆਂ ਦੀ ਬਿਮਾਰੀ ਕੋਈ  ਇਕ ਦਿਨ ‘ਚ ਨਹੀਂ ਫ਼ੈਲੀ ਬਲਕਿ ਪਿਛਲੇ 50-60 ਸਾਲਾਂ ਤੋਂ ਹੌਲ਼ੀ-ਹੌਲ਼ੀ ਫ਼ੈਲਦੀ ਰਹੀ ਹੈ : ਹੁਣ ਇਹ ਮਹਾਂਮਾਰੀ ਵੱਲ ਵਧ ਰਹੀ ਹੈ ਜਿਸ ਤੋਂ ਅਸੀਂ ਕਬੂਤਰ ਵਾਂਗ ਅੱਖਾਂ ਮੀਚੀ ਬੈਠੇ ਹਾਂ। ਸਰਕਾਰਾਂ ਸਿਰਫ਼ ਲਾਰੇ ਲਾਕੇ ਵੋਟਾਂ ਬਟੋਰਨ ਤੱਕ ਸੀਮਤ ਹਨ ਜੋ ਬਹੁਤ ਹੀ ਦੁੱਖ ਵਾਲ਼ੀ ਗੱਲ ਹੈ ਕਿਉਂਕਿ ਘਰਾਂ ਦੇ ਘਰ ਇਸ ਨਸ਼ੇ ਕਾਰਨ ਬਰਬਾਦ ਹੋ ਰਹੇ ਹਨ ,ਬੱਚੇ ਯਤੀਮ ਹੋ ਰਹੇ ਹਨ.ਕੁੜੀਆਂ ਸਿਰਾਂ ਤੋਂ ਨੰਗੀਆਂ ਹੋ ਰਹੀ ਹਨ ਤੇ ਬਜ਼ੁਰਗ ਮਾਪੇ ਬੇਸਹਾਰਾ ਹੋ ਰਹੇ ਹਨ। ਹੁਣ ਤਾਂ ਅੋਰਤਾਂ ਵੀ ਨਸ਼ੇ ਕਰਨ ਲੱਗ ਪਈਆਂ ਹਨ।

ਨਸ਼ੇ ਪੂਰੀ ਦੁਨੀਆਂ ‘ਚ ਫੈਲੇ ਹੋਏ ਹਨ ਤੇ ਇਕ ਵੱਡੀ ਸਮੱਸਿਆ ਹੈ : ਨਸ਼ਿਆਂ ‘ਚ ਅਫ਼ੀਮ.ਹੈਰ‌ਿਇਨ, ਕੋਕੀਨ,ਗਾਂਜਾ,ਭੁਕੀ,ਨਸ਼ੇ ਦੀਆਂ ਗੋਲ਼ੀਆਂ,ਕੈਪਸੂ,ਟੀਕੇ ਤੇ ਸ਼ਰਾਬ ਆਉਂਦੇ ਹਨ। ਸੰਯੁਕਤ ਰਾਸ਼ਟਰ ਦੇ ਯੂਐੱਨਓਡੀਸੀ ਅਨੁਸਾਰ  ਦੁਨੀਆਂ ‘ਚ ਸੱਭ ਤੋਂ ਵੱਧ ਨਸ਼ੇ ਭਾਵ ਤਕਰੀਬ 40 ਹਜ਼ਾਰ ਕੁਇੰਟਲ ਸਿਰਫ਼ ਅਫਗਾਨਿਸਤਾਨ ‘ਚ ਹੀ ਪੈਦਾ ਹੁੰਦੇ ਹਨ ਤੇ ਸਿਰਫ਼ 5 ਹਜ਼ਾਰ ਕੁਇੰਟਲ ਦੇ ਕਰੀਬ ਬਰ੍ਹਮਾ ਯਾਨੀ ਮਿਆਂਮਾਰ ਤੇ ਇਸੇ ਦੇ ਗੁਆਂਢੀ ਲਾਉਸ ਵਿੱਚ ਪੈਦਾ ਹੁੰਦੇ ਹਨ। ਅਮਰੀਕਾ ਵਰਗੇ ਮੁਲਕ ਵੀ ਨਸ਼ਿਆਂ ਤੋਂ ਪਰੇਸ਼ਾਨ ਹਨ ਪਰ ਇਕ ਗੱਲ ਸਮਝ ਤੋਂ ਬਾਹਰ ਹੈ ਕਿ ਅਮਰੀਕਾ ਅਫਗਾਨਿਸਤਾਨ ਦੇ ਅੱਤਵਾਦ ਨੂੰ ਠੱਲ ਪਾਉਣ ਲਈ ਵੀਹ ਸਾਲ ਤਾਂ ਅਫਗਾਨਿਸਤਾਨ ‘ਚ ਰਹਿ ਸਕਦਾ ਹੈ ਪਰ ਨਸ਼ੇ ਖਤਮ ਕਰਨ ਲਈ ਕੁਜ ਵੀ ਨਹੀਂ ਕਰਦਾ।

ਅੱਜ ਦੇ ‘ਦਾ ਇਕੋਨੌਮਿਕ ਟਾਈਮਜ਼’ ਵਿੱਚ ਛਪੀ  ਨਾਰਕੋਟਿਕਸ ਕੰਟਰੋਲ ਬਿਊਰੋ ,ਇੰਡੀਆ ਦੇ  ਡਾਇਰੈਕਟਰ ਜਨਰਲ ਐੱਸ ਐੱਨ ਦੇ ਪ੍ਰਧਾਨ ਹਵਾਲੇ ਨਾਲ਼ ਛਪੀ ਇਕ ਰਿਪੋਰਟ ਅਨੁਸਾਰ ਦੇਸ਼ ਵਿੱਚ 2017 ਤੋਂ ਬਾਅਦ ਹੁਣ ਤੱਕ ਹੈਰੋਇਨ ਦੀ ਤਿੰਨ ਸੌ ਗੁਣਾ ਅਤੇ ਅਫ਼ੀਮ ਦੀ 172 ਗੁਣਾਂ ਸਮੱਗਲਿੰਗ ਵਧੀ ਹੈ । ਇਹ ਵੀ ਤੱਥ ਸਾਹਮਣੇ ਆਏ ਹਨ ਕਿ ਇਸ ਕਾਲ਼ੇ ਵਪਾਰ ਨੂੰ ਅੱਜ ਕੱਲ ‘ਡਾਰਕਨੈੱਟ’ ਰਾਹੀਂ ਚਲਾਇਆ ਜਾ ਰਿਹਾ ਹੈ : ਡਾਰਕਨੈੱਟ  ,ਇੰਟਰਨੈਟ ਪਲੇਟਫਾਰਮ ‘ਤੇ ਹੀ ਇਕ ਲੁਕਿਆ ਹੋਇਆ ਪਲੇਟਫਾਰਮ ਹੈ ਜਿਸ ਨੂੰ ਇਕ ਖਾਸ ਸੌਫਟਵੇਅਰ ਨਾਲ਼ ਹੀ ਚਲਾਇਆ ਜਾ ਸਕਦਾ ਹੈ ਜੋ ਇਸ ਦੇ ਔਪਰੇਟਰਾਂ ਤੋਂ ਮਹਿੰਗੇ ਭਾਅ ਮਿਲ਼ਦਾ ਹੈ । ਇਹ ਡਾਰਕਨੈੱਟ ‘silk road, silk road 2, pandora, hydra, black market reloaded, agora, evolution, alphabay, berlusconi market, traderoute, valhalla, wallstreet, dream market, cannazon, empire, dark market, hydra market, versus and whitehouse ਨਾਵਾਂ ਹੇਠ ਚੱਲ ਰਿਹਾ ਹੈ ।

ਪੰਜਾਬ ਦੀ ਮੌਜੂਦਾ ਸਥਿਤੀ ਦਾ ਉਪਤੋਕਤ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸੀ ਕਿਸ ਦਲਦਲ ‘ਚ ਧਸਦੇ ਜਾ ਰਹੇ ਹਾਂ । ਇਸ ਨਰਕ ਲਈ ਸਾਡੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਜੋ । ਪੰਜਾਬ ‘ਚ ਸੱਤ੍ਹਾ ਦੇ ਸੁੱਖ ਭੋਗਦੀਆਂ ਰਹੀਆਂ ਹਨ ਸਿਧਿਆਂ ਜ਼ਿਮੇਵਾਰ ਹਨ : ਬੜਾ ਅਫਸੋਸ ਹੁੰਦਾ ਹੈ ਇਨ੍ਹਾਂ ਬੇਸ਼ਰਮਾਂ ‘ਤੇ ਜਦੋਂ ਇਨ੍ਹਾਂ ਦੇ ਲੀਡਰ ਇਸ ਦਾ ਦੋਸ਼ ਇਕ ਦੂਜੇ ‘ਤੇ ਮੜਦੇ ਹਨ ਤੇ ਆਪ ਨਸ਼ੇ ਖਤਮ ਕਰਨ ਦਾ ਨਾਂ ਤੇ ਨਾਅਰੇ ਲਾਕੇ ਸੌਂਹਾਂ ਚੁੱਕਕੇ ਵੋਟਾਂ ਬਟੋਰਨ ਲਈ ਲੋਕਾਂ ਮੂਹਰੇ ਫਿਰ ਹੱਥ ਜੋੜਕੇ ਖੜੇ ਹੋ ਜਾਂਦੇ ਹਨ ।

ਮੌਜੂਦਾ ਮਾਨ ਸਰਕਾਰ ਲਈ ਭਾਵੇਂ ਕਈ ਚੁਣੌਤੀਆਂ ਹਨ ਪਰ ਇਸ ਭਿਆਨਕ ਸਮੱਸਿਆ ‘ਤੇ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਜੋ ਤੇਜ਼ੀ ਹਾਲੇ ਤੱਕ ਨਜ਼ਰ ਨਹੀਂ ਆਈ । ਲੋਕਾਂ ਨੂੰ ਆਸ ਹੈਕਿ ਸ਼ਾਇਦ ਇਹ ਸਰਕਾਰ ਪਿਛਲੀਆਂ ਸਰਕਾਰਾਂ ਦੇ ਬੀਜੇ ਕੰਡੇ ਚੁਗਣ ‘ਚ ਸਫ਼ਲ ਹੋਵੇਗੀ ! ਜੇ ‘ਆਪ’ 2024 ‘ਚ ਪਾਰਲੀਮੈਂਟ ‘ਚ ਜਾਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਨਤੀਜੇ ਵਖਾਉਣੇ ਪੈਣਗੇ ਨਹੀਂ ਤਾਂ ਲੋਕ ਪੂਰੇ ਪੰਜਾਬ ‘ਚ ਸੰਗਰੂਰ ਹੀ ਦੁਹਰਾ ਦੇਣਗੇ ਜਿਸ ਲਈ ਕੁਝ ਹੋਰ ਸ਼ਕਤੀਆਂ ਸਰਗਰਮ ਹੋ ਚੁੱਕੀਆਂ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button