EDITORIAL

ਰੁਪਾਲੀ ਆਪਣੇ ਹੀ ਘਰ ‘ਚ ਕਿਉਂ ਸੜੀ ?

ਅਮਰਜੀਤ ਸਿੰਘ ਵੜੈਚ (94178-01988) 

ਦੋ ਸਾਲਾਂ ਦੀ ਰੁਪਾਲੀ ਨੂੰ ਕੀ ਪਤਾ ਸੀ ਕਿ ਉਹਦੇ ਘਰ (ਝੁੱਗੀ) ਦੇ ਨਾਲ ਜਿਥੇ ਰੋਟੀ ਪੈਦਾ ਹੁੰਦੀ ਹੈ ਉਥੋਂ ਹ‌ੀ ਉਹਦੀ ਮੌਤ ਅੱਗ ਬਣਕੇ  ਆਵੇਗੀ ! ਰੁਪਾਲੀ ਤਾਂ ਆਪਣੇ ਘਰ ਦੇ ਨਾਲ ਲਗਦੇ ਖੇਤਾਂ ‘ਚੋਂ ਉਹਦੇ ਘਰ ਵੱਲ ਵਧੀ ਆਉਂਦੀ ਅੱਗ ਤੋਂ ਬਚਣ ਲਈ ਆਪਣੇ ਘਰ ਦੇ ਵਿੱਚ ਵੜਕੇ ਲੋਹੇ ਦੀਆਂ ਪਾਈਪਾਂ ਵਾਲੇ ਮੰਜੇ ਦੇ ਪਾਵਿਆਂ ਨੂੰ ਗਲਵੱਕੜੀ ਪਾਕੇ ਲੁਕ ਗਈ  ਸੀ…ਤੇ ਉਸ ਦੀ ਇਹ ਮਾਸੂਮੀਅਤ ਉਹਦੀ ਮੌਤ ਬਣ ਗਈ, ਉਹ ਉਥੇ ਹੀ ਕੋਲਾ ਹੋ ਮੰਜੇ ਦੇ ਨਾਲ ਸੜੀ ਪਲਾਸਟਿਕ ਵਾਂਗ ਚਿੰਬੜ ਗਈ ! ਪਿਉ ਵੱਡੀ ਧੀ ਨੂੰ ਤਾਂ ਬਚਾ ਗਿਆ ਪਰ ਰੁਪਾਲੀ ਲੱਭਿਆ ਵੀ ਨਾ ਲੱਭੀ ਤੇ ਜਦੋਂ ਸਾਰੀ ਬਸਤੀ ਸੁਆਹ ਹੋ ਗਈ ਤਾਂ ਰੁਪਾਲੀ (ਰੂਪ ਵਾਲੀ) ਕਾਲੀ ਸਿਲ ਬਣ ਗਈ ਸੀ। ਰੁਪਾਲੀ ਨੂੰ ਤਾਂ ਲੱਗਿਆ ਹੋਣੈ ਕਿ ਉਹ ਆਪਣੇ ਘਰ ਵਿੱਚ ਲੁਕ ਕੇ ਅੱਗ ਤੋਂ ਬਚ ਜਾਵੇਗੀ। ਜੇ ਬੰਦਾ ਆਪਣੇ ਘਰ ਵਿੱਚ ਮਹਿਫ਼ੂਜ਼ ਨਹੀਂ ਤਾਂ ਫਿਰ ਉਹ ਕਿਥੇ ਜਾਵੇ ?

ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਡੇਰਾ ਬੱਸੀ ‘ਚ ਮੁਬਾਰਕਪੁਰ-ਪੰਡੇਵਾਲ ਸੜਕ ‘ਤੇ ਪੈਂਦੇ ਪਿੰਡ ਸੁੰਡਰਾਂ ‘ਚ 14 ਮਈ ਸ਼ਨੀਵਾਰ ਨੂੰ ਸੌ-ਸਵਾ ਸੌ ਪਰਵਾਸੀ ਮਜ਼ਦੂਰਾਂ ਦੇ 45 ਘਰ (ਝੁੱਗੀਆਂ) ਖੇਤਾਂ ਵਿੱਚ ਨਾੜ ਨੂੰ ਲੱਗੀ ਅੱਗ ਨੇ ਅੱਖ ਦੇ ਫੋਰ ਵਿੱਚ ਸੁਆਹ ਕਰ ਦਿੱਤੇ ਅਤੇ ਇਨ੍ਹਾਂ ਵਿੱਚ ਪਿਛਲੇ 15-20 ਸਾਲਾਂ ਤੋਂ ਰਹਿੰਦੇ ਲੋਕ ਬਰਬਾਦ ਹੋ ਗਏ ..ਹੁਣ ਪਿੰਡ ਦੀ ਧਰਮਸ਼ਾਲਾ ਵਿੱਚ ਆਪਣੇ ਸੁਪਨਿਆਂ ਦੀਆਂ ਕਬਰਾਂ ਦਾ ਮਾਤਮ ਮਨਾ ਰਹੇ ਨੇ।

ਪਿਛੇ ਜਿਹੇ ਬਟਾਲਾ ਵਿੱਚ ਸਕੂਲ ਦੇ ਨਿੱਕੇ-ਨਿੱਕੇ ਬੱਚੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲੱਗੀ/ਲਾਈ ਅੱਗ ਦੀ ਲਪੇਟ ਵਿੱਚ ਆ ਗਏ ਸਨ ਜੋ ਰੱਬੋਂ ਹੀ ਬਚੇ। ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਅਸੀਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਹਾਂ। ਸਰਕਾਰਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਵੱਲੋਂ  ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਪਰ ਕਿਸਾਨਾਂ ‘ਤੇ ਕੋਈ ਅਸਰ ਨਹੀਂ ਹੁੰਦਾ। ਭਾਵੇਂ ਕਿਸਾਨ ਕਹਿੰਦੇ ਨੇ ਕਿ ਉਹ ਮਜ਼ਬੂਰੀ ‘ਚ ਅੱਗ  ਲਾਉਂਦੇ ਨੇ ਪਰ ਜਿਹੜੇ ਕਿਸਾਨ ਅੱਗ ਨਹੀਂ ਲਾਉਂਦੇ ਉਹ ਕਿਵੇਂ ਸਾਰਦੇ ਹਨ। ਕਿਸਾਨ ਕਹਿੰਦੇ ਹਨ ਕਿ ਸਰਕਾਰ ਉਨ੍ਹਾਂ ਨੂੰ ਪ੍ਰਤੀ ਕੁਵਿੰਟਲ 200 ਰੁ: ਦੇ ਹਿਸਾਬ ਨਾਲ ਖਰਚਾ ਦੇਵੇ ਤਾਂ ਉਹ ਪਰਾਲੀ/ਨਾੜ ਨਹੀਂ ਸਾੜਨਗੇ। ਇਹ ਗੱਲ ਠੀਕ ਹੈ ਕਿ ਛੋਟੇ ਕਿਸਾਨ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਸਰਕਾਰਾਂ ਨੂੰ ਉਨ੍ਹਾਂ ਦੀ ਬਾਂਹ ਫੜਨੀ ਵੀ ਚਾਹੀਦੀ ਹੈ ਪਰ ਜੋ ਹਾਦਸੇ ਵਾਪਰ ਰਹੇ ਹਨ ਉਨ੍ਹਾਂ ਦੀ ਜ਼ਿਮੇਵਾਰੀ ਕੌਣ ਲਵੇਗਾ ?

ਪਿੰਡ ਦੇ ਸਰਪੰਚ ਪ੍ਰਮੋਦ ਕੁਮਾਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਕਿ ਰੁਪਾਲੀ ਦੀ ਮੌਤ ‘ਤੇ ਹੁਣ ਕੋਝੀ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ। ਰੁਪਾਲੀ ਦੀ ਮੌਤ ਲਈ ਭਾਵੇਂ ਪੁਲਿਸ ਨੇ ਜ਼ਮੀਨ ਦੇ ਠੇਕੇਦਾਰ ‘ਤੇ ਕੇਸ ਦਰਜ ਕਰ ਦਿੱਤਾ ਹੈ ਪਰ ਕੀ ਉਸ ਦਾ ਲੁੱਟ-ਪੁੱਟ ਗਿਆ ਪਰਿਵਾਰ ਅਦਾਲਤਾਂ ਦੀਆਂ ‘ਪੌੜੀਆਂ’ ਚੜ੍ਹ ਸਕੇਗਾ ? ਕੀ ਉਹ ਆਪਣੇ ਪਰਿਵਾਰ ਨੂੰ ਪਾਲੇਗਾ ਜਾਂ ਕੇਸ ਲੜੇਗਾ, ਭਾਵੇ ਗਰੀਬ ਲੋਕਾਂ ਨੂੰ ਸਰਕਾਰ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ।

ਹਰਿਆਣਾ, ਸਿਰਸੇ ਦਾ ਪੰਜਾਬੀ ਸ਼ਾਇਰ ਕਸ਼ਮੀਰ ਮੌਜੀ ਕਹਿੰਦਾ ਹੈ ;

ਭੁੱਖਿਆ ਹੀ ਡੰਗ ਸਾਰ ਲਿਆ ਹੈ

ਸਬਰ ਦਾ ਫੱਕਾ ਮਾਰ ਲਿਆ ਹੈ

ਐਸਾ ਲਗਦੈ ਅਸੀਂ ਗਰੀਬਾਂ

ਜਨਮ ਕਸੂਤੇ ਵਾਰ ਲਿਆ ਹੈ

ਰੁਪਾਲੀ ਦੀ ਬੇਵਕਤੀ ‘ਤੇ ਗ਼ੈਰ-ਕੁਦਰਤੀ ਮੌਤ ਪੰਜਾਬ ਦੇ ਮੱਥੇ ‘ਤੇ ਇੱਕ ਵੱਡਾ ਕਲੰਕ ਛੱਡ ਗਈ ਹੈ। ਮੁਗ਼ਲਾਂ ਤੋਂ ਭਾਰਤ ਦੀਆਂ ਧੀਆਂ ਬਚਾਉਣ ਵਾਲਾ ਪੰਜਾਬ ਕੁੱਖਾਂ ‘ਚ ਹੀ ਧੀਆਂ ਕਤਲ ਅਤੇ ਨਸ਼ੇ ਕਾਰਨ ਤਾਂ ਪਹਿਲਾਂ ਹੀ ਬਦਨਾਮ ਹੋ ਚੁੱਕਾ ਹੈ ਹੁਣ ਰੁਪਾਲੀ ਦੀ ਮੌਤ ਵੀ ਕਈ  ਸਵਾਲ ਕਰੇਗੀ। ਮੀਡੀਆ ਚੁੱਪ ਹੈ ! ਕਿਉਂ ? ਜੇ ਇਹ ਹਾਦਸਾ ਦਿੱਲੀ ‘ਚ ਹੁੰਦਾ ਤਾਂ ਕਈ ‘ਰਾਸ਼ਟਰਵਾਦੀ’ ਟੀਵੀ ਚੈਨਲ ਲਾਈਵ ਵੀ ਕਰ ਦਿੰਦਾ। ਇਹ ਮਹਿਜ਼ ਹਾਦਸਾ ਨਹੀਂ ਹੈ।

ਸਾਡੇ ‘ਚੋਂ’ ਬਹੁਤੇ ਸਿਆਣੇ’, ਮਨੁੱਖ ਦੀ ਮੌਤ ਨੂੰ ਹੀ ਮੌਤ ਮੰਨਦੇ ਹਨ ਪਰ ਖੇਤਾਂ ਵਿੱਚ ਅੱਗ ਲਾਉਣ ਨਾਲ ਮਰਦੇ ਹਜ਼ਾਰਾਂ ਪੰਛੀ, ਕੀੜੇ, ਸੁੰਡੀਆਂ, ਚੂਹੇ, ਮਿੱਟੀ ਦਾ ਜੈਵਿਕ ਮਾਦਾ ਆਦਿ ਨਸ਼ਟ ਹੋ ਜਾਂਦਾ ਹੈ ਜਿਨ੍ਹਾਂ ‘ਚੋਂ ਬਹੁਤੇ ਕਿਸਾਨਾਂ ਦੇ ਮਿੱਤਰ ਪੰਛੀ/ਕੀੜੇ ਹੁੰਦੇ ਹਨ। ਅੱਗ ਨਾਲ ਵਾਤਾਵਰਣ ਦੀ ਬਰਬਾਦੀ ਅਲੱਗ ਹੁੰਦੀ ਹੈ ਅਤੇ ਲੋਕਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਲੱਗ। ਜਿਸ ਜ਼ਮੀਨ ‘ਚ ਅੱਗ ਲੱਗਦੀ ਹੈ ਉਸ ਵਿੱਚ ਅਗਲੇ ਵਰ੍ਹੇ ਬੀਜੀ ਜਾਣ ਵਾਲੀ ਫ਼ਸਲ ਨੂੰ ਬਿਮਾਰੀਆਂ ਵੀ ਛੇਤੀ ਪੈਂਦੀਆਂ ਹਨ। ਅਸੀ ਆਪਣੇ ਪੈਰਾਂ ‘ਤੇ ਆਪ ਹੀ ਕੁਹਾੜੀ ਮਾਰ ਰਹੇ ਹਾਂ।

ਰੁਪਾਲੀ ਦੀ ਦਰਦਨਾਕ ਮੌਤ ਦਾ ਮਤਲਬ ਹੈ : ਬਸ ! ਹੁਣ ਹੋਰ ਨਹੀਂ। ਸਾਰਿਆਂ ਨੂੰ ਇਕੱਠਿਆਂ ਬੈਠ ਕਿ ਨਾੜ/ਪਰਾਲੀ ਨੂੰ ਅੱਗ ਨਾ ਲਾਉਣ ਲਈ ਸਖ਼ਤ ਕਦਮ ਚੁੱਕਣੇ ਪੈਣਗੇ ਤਾਂ ਕਿ ਰੁਪਾਲੀ ਵਰਗੀਆਂ ਹੋਰ ਧੀਆਂ/ਪੁੱਤਰ ਇੰਜ ਅਜਾਈਂ ਆਪਣੇ ਮਾਪਿਆਂ ਤੋਂ ਸਦਾ ਲਈ ਨਾ ਵਿਛੜ ਸਕਣ।

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button