EDITORIAL

‘ਭਾਰਤ ਜੋੜੋ ਯਾਤਰਾ’ ਬਨਾਮ ‘ਰੱਥ ਯਾਤਰਾ’

ਕਾਂਗਰਸ ਲਈ 2024 ਆਖਰੀ ਮੌਕਾ ! ਕਾਂਗਰਸ ਨੂੰ ਇੰਦਰਾ ਵਰਗੇ ਨੇਤਾ ਦੀ ਲੋੜ

ਅਮਰਜੀਤ ਸਿੰਘ ਵੜੈਚ (94178-01988)

ਕਿਸੇ ਸਮੇਂ ਭਾਰਤ ‘ਚ ਭਾਰੀ ਬਹੁਮਤ ਨਾਲ ਸਰਕਾਰਾਂ ਬਣਾਉਣ ਵਾਲੀ ਤਕਰੀਬਨ ਡੇਢ ਸੌ ਸਾਲ ਪੁਰਾਣੀ ਕਾਂਗਰਸ ਪਾਰਟੀ, ਬੀਜੇਪੀ ਦੀ ‘ਰੱਥ ਯਾਤਰਾ’ ਦੀ ਨਕਲ ‘ਤੇ ਅੱਜ ‘ਭਾਰਤ ਜੋੜੋ ਯਾਤਰਾ’ ਵਰਗੇ ਪ੍ਰੋਗਰਾਮ ਉਲੀਕ ਕੇ ਆਪਣੀ ਹੋਂਦ ਬਚਾਉਣ ਲਈ ਅੱਕੀਂ-ਪਲਾਹੀਂ ਹੱਥ ਮਾਰਨ ਲਈ ਮਜਬੂਰ ਹੋ ਰਹੀ ਹੈ। ਕੀ ਕਾਂਗਰਸ ਦਾ ਇਹ ਹਰਬਾ ਬੀਜੇਪੀ ਦੀ 1990 ਦੀ ‘ਰੱਥ ਯਾਤਰਾ’ ਵਾਲਾ ਰੰਗ ਲਿਆ ਸਕੇਗਾ ? ‘ਭਾਰਤ ਜੋੜੋ ਯਾਤਰਾ’ ਦਾ ਨਾਮ ਤੇ ਇਸ ਦਾ ਨਾਅਰਾ ‘ਮਿਲੇ ਕਦਮ ਜੁੜੇ ਵਤਨ’ ਇੰਜ ਲੱਗਦਾ ਹੈ ਜਿਵੇਂ ਭਾਰਤ ਟੁੱਟ ਗਿਆ ਹੋਵੇ। ਸਲੋਗਨ ‘ਚੋ ਕਿਤੇ ਵੀ ਇਹ ਪ੍ਰਭਾਵ ਨਹੀਂ ਮਿਲਦਾ ਕਿ ਇਹ ਕਾਂਗਰਸ ਦੀ ਰੈਲੀ ਯਾਤਰਾ ਹੈ।

ਕਾਂਗਰਸ ਪਾਰਟੀ ਵੱਲੋਂ ਅੱਜ ਤੋਂ ਸ਼ੁਰੂ ਹੋਣ ਵਾਲੀ 3570 ਕਿ.ਮੀ. ‘ਭਾਰਤ ਜੋੜੋ’ ਯਾਤਰਾ ‘ਤੇ ਪਹਿਲਾਂ ਹੀ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ, ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨੇ ਇਹ ਕਹਿ ਕੇ ਕਾਂਗਰਸ ਲੀਡਰਸ਼ਿਪ ਨੂੰ ਚਿੱਤ ਕਰ ਦਿੱਤਾ ਕਿ ਪਹਿਲਾਂ ‘ਪਾਰਟੀ ਜੋੜ ਲਓ’ ਫਿਰ ਦੇਸ਼ ਜੋੜਨ ਦੀ ਗੱਲ ਕਰ ਲੈਣਾ। ਕੇਂਦਰ ‘ਚ ਕਾਂਗਰਸ ਦੀ ਲਗਾਤਾਰ 2014 ਤੇ 2019 ‘ਚ ਨਮੋਸ਼ੀ ਭਰੀ ਹਾਰ ਕਾਰਨ ਅਗਸਤ 2020 ‘ਚ ਗ਼ੁਲਾਮ ਨਬੀ ਆਜ਼ਾਦ, ਕਪਿਲ ਸਿਬਲ, ਮਨੀਸ਼ ਤਿਵਾੜੀ, ਭੁਪਿੰਦਰ ਸਿੰਘ ਹੁੱਡਾ, ਰਾਜਿੰਦਰ ਕੌਰ ਭੱਠਲ, ਆਨੰਦ ਸ਼ਰਮਾ ਸਮੇਤ 23 ਵੱਡੇ ਲੀਡਰਾਂ ਨੇ ਸੋਨੀਆਂ ਗਾਂਧੀ ਨੂੰ ਇਕ ਪੱਤਰ ਲਿਖਕੇ ਪਾਰਟੀ ‘ਚ ਤਬਦੀਲੀਆਂ ਕਰਨ ਲਈ ਕਿਹਾ ਸੀ ਪਰ ਸੋਨੀਆਂ ਨੇ ਕੁਝ ਨਹੀਂ ਕੀਤਾ। ਇਨ੍ਹਾਂ ਨੂੰ ਹੀ ‘ਜੀ 23’ ਗਰੁੱਪ ਕਿਹਾ ਜਾਂਦਾ ਹੈ। ਰਾਹੁਲ ਗਾਂਧੀ ਪਹਿਲਾਂ ਹੀ ਜੁਲਾਈ 2019 ‘ਚ ਪਾਰਟੀ ਪ੍ਰਧਾਨ ਤੋਂ ਅਸਤੀਫ਼ਾ ਦੇ ਗਿਆ  ਸੀ।

ਸੋਨੀਆਂ ਗਾਂਧੀ, ਰਾਹੁਲ ਨੂੰ ਪੀਐੱਮ ਵੇਖਣਾ ਚਾਹੁੰਦੀ ਸੀ ਇਸ ਕਰਕੇ ਉਹ ਚੁੱਪ ਰਹੇ  : ਉਧਰ ਪਾਰਟੀ ‘ਚ ਕਿਸੇ ਇਕ ਲੀਡਰ ‘ਤੇ ਸਹਿਮਤੀ ਬਣਨੀ ਵੀ ਸੰਭਵ ਨਹੀਂ ਸੀ। ਇਸੇ ਕਰਕੇ ਭਾਵੇਂ ਹੁਣ ਮਜ਼ਬੂਰਨ 17 ਅਕਤੁਬਰ ਨੂੰ ਪਾਰਟੀ ਪ੍ਰਧਾਨ ਦੀ ਚੋਣ ਹੋ ਰਹੀ ਹੈ ਪਰ ਪਾਰਟੀ ਵੱਲੋਂ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਹੁਲ ਹੀ ਪਾਰਟੀ ਨੂੰ ਸੁਰਜੀਤ ਕਰ ਸਕਦਾ ਹੈ ਜਦੋਂ ਕੇ ‘ਜੀ 23’ ਇਸ ਤਾਕ ‘ਚ ਹੈ ਕੇ ਪਾਰਟੀ ਦੀ ਵਾਗਡੋਰ ਕਿਸੇ ਹੋਰ ਦੇ ਹੱਥ ‘ਚ ਦਿੱਤੀ ਜਾਵੇ। ਦਸੰਬਰ 1885 ‘ਚ ਸਥਾਪਿਤ ਕੀਤੀ ਗਈ ਇਸ ਪਾਰਟੀ ਨੂੰ ਇਸ ਵਰ੍ਹੇ  ਦਿਸੰਬਰ ‘ਚ 147 ਸਾਲ ਹੋ ਜਾਣਗੇ।

ਕਾਂਗਰਸ ਪਾਰਟੀ ਦੀ ਸਰਪ੍ਰਸਤ ਸੋਨੀਆਂ ਗਾਂਧੀ ਫੈਸਲੇ ਲੈਣ ‘ਚ ਬਹੁਤ ਦੇਰੀ ਕਰਦੇ ਹਨ ਜੋ ਲੀਡਰਾਂ ਨੂੰ ਗਵਾਰਾ ਨਹੀਂ : ਇਸ ਦੀ ਤਾਜ਼ਾ ਮਿਸਾਲ ਤਾਂ ਪੰਜਾਬ ਦੀ ਹੈ ਜਿਥੇ ਪਾਰਟੀ ਨੇ ਪਹਿਲਾਂ ਪ੍ਰਧਾਨ ਬਦਲਣ ‘ਚ ਚੰਗਾ ਡਰਾਮਾ ਕੀਤਾ ਜਿਸ ਨਾਲ ਸਨੀਲ ਜਾਖੜ ਨਰਾਜ਼ ਹੋ ਗਏ। ਫਿਰ ਕੈਪਟਨ ਨੂੰ ਬੇਇਜ਼ਤ ਕਰਕੇ ਸੀਐੱਮ ਦੇ ਅਹੁਦੇ ਤੋਂ ਲਾਹਿਆ ਤੇ ਫਿਰ ਨਵਾਂ ਸੀਐੱਮ ਲਾਉਣ ‘ਚ ਇਕ ਬਹੁਤ ਵੱਡਾ ਨਾਟਕ ਕੀਤਾ ਗਿਆ। ਇਥੇ ਹੀ ਬੱਸ ਨਹੀਂ 2022 ਦੀਆਂ ਚੋਣਾਂ ਲਈ ਸੀਐੱਮ ਦਾ ਚਿਹਰਾ ਐਲਾਨ ਕਰ ਲਈ ਪਾਰਟੀ ਦੀ ‘ਹਾਈ ਕਮਾਂਡ’ ਬੁਰੀ ਤਰ੍ਹਾਂ ਉਲਝੀ ਰਹੀ ਜਿਸ ਦਾ ਸਿੱਟਾ ਪਾਰਟੀ ਨੇ ਵਿਧਾਨਸਭਾ ‘ਚ 77 ਤੋਂ 18 ਸੀਟਾਂ ‘ਤੇ ਡਿਗਣ ਨਾਲ ਵੇਖ ਲਿਆ ਹੈ। ਇਸੇ ਤਰ੍ਹਾਂ ਪਾਰਟੀ ਨੇ ‘ਜੀ 23’ ਲੀਡਰਾਂ ਦੀ ਸਲਾਹ ਮੰਨਣ ਦੀ ਥਾਂ ਉਸ ਨੂੰ ਊਠ ਦੇ ਬੁੱਲ੍ਹ ਵਾਂਗ ਲਟਕਾ ਛੱਡਿਆ।

ਇਸੇ ਦੌਰਾਨ ਕਪਿਲ ਸਿਬਲ ਪਾਰਟ‌ੀ ਛੱਡ ਗਏ ਤੇ ਹੁਣ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਨੂੰ ਇਕ ਵੱਡਾ ਝਟਕਾ ਦਿੱਤਾ ਹੈ ਜਿਸ ਨਾਲ ਪਾਰਟੀ ਨੂੰ ਮਜ਼ਬੂਰ ਹੋ ਕੇ ਪਾਰਟੀ ਪ੍ਰਧਾਨ ਦੀ ਚੋਣ ਦਾ ਐਲਾਨ ਕਰਨਾ ਪਿਆ। ਹੁਣ ਆਜ਼ਾਦ ਨੇ ਆਪ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਆਜ਼ਾਦ ਦੀ ਨਵੀਂ ਪਾਰਟੀ ਦੀ ਸਕੀਮ ਨੂੰ ਜੰਮੂ-ਕਸ਼ਮੀਰ ‘ਚ ਮੋਦੀ-ਸ਼ਾਹ ਜੋੜੀ ਦੀ ਕਿਸੇ ਡੂੰਘੀ ਚਾਲ ਨਾਲ ਵੇਖਿਆ ਜਾ ਰਿਹਾ ਹੈ : ਇਸ ਸਰਹੱਦੀ ਸੂਬੇ ‘ਚੋਂ ਕਾਂਗਰਸ ਨੂੰ ਭਾਜੜਾਂ ਪਾਉਣ ਲਈ ਸੂਬੇ ਦੀ ਭਵਿਖ ‘ਚ ਹੋਣ ਵਾਲੀ ਵਿਧਾਨਸਭਾ ਚੋਣ ‘ਚ ਆਜ਼ਾਦ ਨੂੰ ਬੀਜੇਪੀ ਦੀ ਹਮਾਇਤ ਦਿੱਤ‌ੀ ਜਾ ਸਕਦੀ ਹੈ। ਇਸ ਦਾ ਸੰਕੇਤ ਇਸ ਤੱਤ ਤੋਂ ਵੀ ਮਿਲਦਾ ਹੈ ਕਿ ਸੂਬੇ ਦੇ ਸਾਬਕਾ ਉੱਪ ਮੁੱਖ ਮੰਤਰੀ ਸਮੇਤ 64 ਲੀਡਰਾਂ ਨੇ ਕਾਂਗਰਸ ਤੋਂ ਅਸਤੀਫ਼ੇ ਦੇ ਦਿੱਤੇ ਹਨ।

ਕਾਂਗਰਸ ਨੇ ਜਾਗਣ ‘ਚ ਦੇਰ ਕਰ ਦਿੱਤੀ ਹੈ : ਬੀਜੇਪੀ ਨੇ ਕਾਂਗਰਸ ਨੂੰ ਪਿਛੇ ਧੱਕਣ ਲਈ ਇਕ ਲੰਮੀ ਕਹਾਣੀ ਦੀ ਲਿਖਤ ‘ਰੱਥ ਯਾਤਰਾ’ 1990 ‘ਚ ਹੀ ਲਿਖ ਲਈ ਸੀ ਜਿਸ ਦਾ ਨਤੀਜਾ ਬੀਜੇਪੀ ਨੂੰ 1997 ਦੀਆਂ ਲੋਕਸਭਾ ਚੋਣਾਂ ‘ਚ ਪੂਰਨ ਬਹੁਮਤ ਨਾਲ ਮਿਲਿਆ ਸੀ। ਬੀਜੇਪੀ ਨੂੰ ਆਪਣੀ ਮਿਹਨਤ ਦੇ ਫਲ ਦਾ ਸੁਆਦ ਵੇਖਣ ਲਈ ਸੱਤ ਸਾਲ ਇੰਤਜ਼ਾਰ ਕਰਨਾ ਪਿਆ। ਸਾਲ 1996 ਤੋਂ ਬਾਦ ਕੇਂਦਰ ਵਿੱਚ ਕੋਈ ਵੀ ਸਰਕਾਰ ਟਿਕ ਨਾ ਸਕੀ : 1996 ਤੋਂ 97 ਲਈ ਪਹਿਲਾਂ ਐੱਚ ਡੀ ਦੇਵਗੌੜਾ ਪੀਐੱਮ ਬਣੇ ਫਿਰ 97 ਤੋਂ 98 ਲਈ ਇੰਦਰ ਕੁਮਾਰ ਗੁਜਰਾਲ ਬਣੇ ਤੇ 1998 ‘ਚ ਵਾਜਪਾਈ ਪੀਐੱਮ ਬਣੇ ਜੋ ਲਗਾਤਾਰ ਛੇ ਸਾਲ 16 ਦਿਨ ਇਸ ਅਹੁਦੇ ‘ਤੇ ਬਣੇ ਰਹੇ।

ਇਨ੍ਹਾਂ ਰਾਸ਼ਟਰੀ ਸਥਿਤੀਆਂ ‘ਚ ਕਾਂਗਰਸ ਨੂੰ ‘ਭਾਰਤ ਜੋੜੋ’ ਯਾਤਰਾ ਰਾਹੀਂ ਭਾਜਪਾ ਦੀ ‘ਰੱਥ ਯਾਤਰਾ’ ਵਰਗਾ ਹੁੰਗਾਰਾ ਮਿਲੇਗਾ ਇਸ ‘ਚ ਸ਼ੱਕ ਦੀ ਬਹੁਤ ਵੱਡੀ ਗੁੰਜਾਇਸ਼ ਹੈ। ਕਾਂਗਰਸ ਲਈ ਇਹ ਆਖਰੀ ਮੌਕਾ ਹੀ ਹੋਵੇਗਾ, ਕੀ ਕਾਂਗਰਸ 2024 ‘ਚ ਮੋਦੀ-ਸ਼ਾਹ ਜੋੜੀ ਦੀ ਲਲਕਾਰ ਨੂੰ ਬਰਾਬਰ ਦੀ ਟੱਕਰ ਦੇ ਸਕੇਗੀ ਜਾਂ ਨਹੀਂ ? ਜਿੰਨਾ ਚਿਰ ਪਾਰਟੀ ਨੂੰ ਇੰਦਰਾ ਗਾਂਧੀ ਵਰਗਾ ਮਜ਼ਬੂਤ ਲੀਡਰ ਨਹੀਂ ਮਿਲਦਾ ਉਨਾ ਚਿਰ ਕਾਂਗਰਸ ਲਈ 2024 ‘ਚ ਟਿਕਣਾ ਹਾਲੇ ਸੁਪਨਾ ਹੀ ਲੱਗਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button