EDITORIAL

‘ਹਾਥੀ’ ਤੋਂ ‘ਡਿੱਗੇ’ ਨਵਜੋਤ ਸਿੱਧੂ 

ਧੀ ਨੇ ਵਿਧਾਇਕ ਪਿਉ 'ਤੇ ਮਾਂ ਸਮੇਤ ਕੀਤੇ ਅੱਠ ਕਤਲ

ਅਮਰਜੀਤ ਸਿੰਘ ਵੜੈਚ (9417801988)

ਪੰਜਾਬ ਦੇ ਮੁੱਖ ਮੁੱਦਿਆਂ ‘ਤੇ ਬੋਲ-ਬੋਲ ਕੇ ਆਪਣੀ ਸਿਆਸੀ ਜ਼ਮੀਨ ‘ਪੱਕੀ’ ਕਰਨ ਦੀ ਅਸਫ਼ਲ ਕੋਸ਼ਿਸ਼ ਵਿੱਚ ਕੱਲ੍ਹ ਨਵਜੋਤ ਸਿੰਘ ਸਿੱਧੂ ਸ਼ਾਹੀ ਸ਼ਹਿਰ ਪਟਿਆਲਾ ‘ਚ ‘ਮਹਾਰਾਜਿਆਂ’ ਵਾਂਗ ਗੱਜਰਾਜ ਯਾਨੀ ਹਾਥੀ ‘ਤੇ ਮਹਿੰਗਾਈ ਦੀ ਸਿਆਸੀ ਪਾਉੜੀ ਲਾ ਕੇ ਚੜ੍ਹ ਤਾਂ ਗਏ ਪਰ ਜਿਉਂ ਕੱਲ੍ਹ ਹੀ ਸੁਪਰੀਮ ਕੋਰਟ ਨੇ ਉਨ੍ਹਾਂ ਵਿਰੁੱਧ 34 ਸਾਲ ਪੁਰਾਣੇ ਕੇਸ ‘ਚ ਇਕ ਸਾਲ ਦੀ ਸਜ਼ਾ ਸੁਣਾਈ ਤਾਂ ਸਿੱਧੂ ਨੂੰ ਇਹ ਭੁੱਲ ਗਿਆ ਕਿ ਉਹ ‘ਸਿਆਸੀ ਹਾਥੀ’ ਤੋਂ ਕਦੋਂ ‘ਡਿੱਗ’ ਗਏ। ਸੁਭਾਵਿਕ ਹੀ ਸਿੱਧੂ ਲਈ ਇਹ ਬਹੁਤ ਵੱਡਾ ਝਟਕਾ ਹੈ ਕਿਉਂਕਿ ਇੱਕ ਤਾਂ ਉਹ ਪੰਜਾਬ ਦੀ ਸਿਆਸਤ ‘ਚ ਆਪਣੀ ਥਾਂ ਗਵਾ ਚੁੱਕੇ ਹਨ, ਦੂਜਾ ਉਹ ਅੰਤਰਰਾਸ਼ਟਰੀ ਕ੍ਰਿਕੇਟ ਦੇ ਧੂਆਂ-ਧਾਰ ਬੱਲੇਬਾਜ਼ੀ ਲਈ ਮਸ਼ਹੂਰ ਰਹਿ ਚੁੱਕੇ ਹਨ।

ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੇ ਲੋਕਾਂ ਵਿੱਚ ਅਦਾਲਤਾਂ ਵਿੱਚੋਂ ਮਿਲਦੇ ਨਿਆਂ ਬਾਰੇ ਵਿਸ਼ਵਾਸ ਤਾਂ ਜ਼ਰੂਰ ਪੱਕਾ ਕੀਤਾ ਹੈ ਕਿ ਅਦਾਲਤਾਂ ਵਿੱਚ ਤਾਕਤਵਰ ਇਨਸਾਫ਼ ਨੂੰ ਅਗਵਾ ਨਹੀਂ ਕਰ ਸਕਦੇ ਪਰ ਇਥੇ ਇਹ ਸਵਾਲ ਤਾਂ ਉਠਦਾ ਹੈ ਕਿ ਅਦਾਲਤਾਂ ‘ਚੋ ਇਨਸਾਫ਼ ਲੈਣ ਲਈ 34 ਵਰ੍ਹੇ ਕੋਈ ਗਰੀਬ ਕਿਵੇਂ ਲੜੇਗਾ ? ਟਾਇਮਜ਼ ਆਫ ਇੰਡੀਆ, 6 ਜਨਵਰੀ, 2019 ‘ਚ ਦੱਸਿਆ ਗਿਆ ਸੀ ਕਿ ਭਾਰਤ ਵਿੱਚ ਸਭ ਤੋਂ ਪੁਰਾਣਾ ਕੇਸ ਸੰਨ 1800 ਦਾ ਕਲਕੱਤਾ ਹਾਈਕੋਰਟ ਵਿੱਚ ਪਿਆ ਹੈ ਜਿਸ ਦੀ ਆਖਰੀ ਸੁਣਵਾਈ 20 ਨਵੰਬਰ 2018 ‘ਚ ਹੋਈ ਸੀ।

ਸਾਬਕਾ ਮੰਤਰੀ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਆਲਮੀ ਖਿਡਾਰੀ ਦਾ ਸਿਆਸਤ ਵਿੱਚ ਇਸ ਤਰ੍ਹਾਂ ਦਾ ਹਸ਼ਰ ਕਈ ਸਵਾਲ ਖੜੇ ਕਰਦਾ ਹੈ ਕਿਉਂਕਿ ਸਿੱਧੂ ਦੇ ਯਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ-ਮੰਤਰੀ ਇਮਰਾਨ ਖਾਨ ਵੀ ਸਿਆਸਤ ਵਿੱਚ ਪੈਰ ਨਹੀਂ ਜਮਾ ਸਕੇ। ਸਿੱਧੂ ਦਾ ਇੱਕ ਈਮਾਨਦਾਰ ਸਿਆਸਤਦਾਨ ਵਜੋਂ ਬਿੰਬ ਉਭਰਿਆ ਸੀ ਪਰ ਉਹ ਨਾ ਤਾਂ ਬੀਜੇਪੀ ਅਤੇ ਫਿਰ ਨਾ ਹੀ ਕਾਂਗਰਸ ਵਿੱਚ ਪੱਕੇ ਪੈਰੀਂ ਹੋ ਸਕੇ। ਮੌਜੂਦਾ ਕੇਸ ਸਿੱਧੂ ਦੇ ਸਿਆਸਤ ‘ਚ ਆਉਣ ਤੋਂ ਪਹਿਲਾਂ (ਦਸੰਬਰ 1988) ਦਾ ਹੈ ਪਰ ਇਸ ਦੇ ਫ਼ੈਸਲੇ ਦਾ ਸਿੱਧੂ ਦੀ ਸਿਆਸਤ ‘ਤੇ ਜ਼ਰੂਰ ਮਾੜਾ ਅਸਰ ਪਵੇਗਾ ਕਿਉਂਕਿ ਸਿੱਧੂ ਨੂੰ ਇੱਕ ਸਾਲ ਜੇਲ੍ਹ ‘ਚ ਰਹਿਣਾ ਪੈ ਸਕਦਾ ਹੈ ਜੇਕਰ ਅਦਾਲਤ ਵੱਲੋਂ ਕੋਈ ਨਰਮੀਂ ਨਹੀਂ ਵਿਖਾਈ ਜਾਂਦੀ।

ਕਾਂਗਰਸ ਦੀ 2017 ਤੋਂ ਪਹਿਲਾਂ ਨਵਜੋਤ ਸਿੱਧੂ ਨੂੰ ਪਾਰਟੀ ‘ਚ ਲਿਆਉਣ ਦੀ ਇਹ ਮਨਸ਼ਾ ਸੀ ਕਿ ਅਕਾਲੀ-ਭਾਜਪਾ ਗੱਠ-ਬੰਧਨ ਨੂੰ ਤੋੜ ਕੇ ਸੱਤਾ ‘ਤੇ ਕਬਜ਼ਾ ਕੀਤਾ ਜਾਵੇ, ਜਿਸ ਵਿੱਚ ਉਹ ਕਾਮਯਾਬ ਵੀ ਹੋਈ ਪਰ ਸਿੱਧੂ ਨੂੰ ਪਾਰਟੀ ਵਿੱਚ ਵਾਅਦੇ ਅਨੁਸਾਰ ਥਾਂ ਨਹੀਂ ਮਿਲੀ ਤਾਂ ਓਹੀ ਸਿੱਧੂ ਕਾਂਗਰਸ ਨੂੰ ਪੰਜਾਬ ਵਿੱਚ ਮੂਧੇ ਮੂੰਹ ਮਾਰ ਗਿਆ। ਕੈਪਟਨ-ਸਿੱਧੂ ਦੀ ਜੰਗ ਨੇ ਪੰਜਾਬ ਦਾ ਵੀ ਵੱਡਾ ਨੁਕਸਾਨ ਕੀਤਾ। ਖ਼ੁਦ ਸਿੱਧੂ ਲਈ ਵੀ ਹੁਣ ਸਿਆਸੀ ਪਿਚ ‘ਤੇ ਦੁਬਾਰਾ ਚੌਕੇ-ਛੱਕੇ ਮਾਰਨੇ ਬਹੁਤ ਹੀ ਮੁਸ਼ਕਿਲ ਬਲਕਿ ਅਸੰਭਵ ਹੋਣਗੇ। ਸਮਾਂ ਬੜਾ ਬਲਵਾਨ ਹੁੰਦਾ ਹੈ ਇਸ ਲਈ ਸਿੱਧੂ ਨੂੰ ਘੱਟੋਂ-ਘੱਟ ਇਕ ਸਾਲ ਤਾਂ ਉਡੀਕ ਕਰਨੀ ਹੀ ਪਵੇਗੀ।

ਸਿਆਸਤ ‘ਚ ਇਕ ਗੱਲ ਬੜੀ ਸਪੱਸ਼ਟ ਹੈ ਕਿ ਇਸ ਵਿੱਚ ਸਭ ਕੁਰਸੀ ਦੇ ਯਾਰ ਹੁੰਦੇ ਹਨ। ਹਰਿਆਣਾ ਵਿੱਚ ਰੇਲੂ ਰਾਮ ਪੁਨੀਆ ਵਿਧਾਇਕ ਕਤਲ ਮਾਮਲਾ ਬੜਾ ਬਦਨਾਮ ਹੋਇਆ ਸੀ ਜਿਸ ਵਿੱਚ ਧੀ ਨੇ ਘਰਵਾਲੇ ਨਾਲ ਮਿਲਕੇ ਆਪਣੇ ਪੇਕਿਆਂ ਵਿੱਚ ਮਾਂ-ਪਿਉ ਸਮੇਤ 2001 ਵਿੱਚ ਸਾਰੇ ਪਰਿਵਾਰ ਦੇ ਅੱਠ ਜੀਆਂ ਦੇ ਕਤਲ ਕਰ ਦਿੱਤੇ ਸਨ। ਇਸੇ ਤਰ੍ਹਾਂ ਨੇਪਾਲ ਵਿੱਚ ਵੀ ਰਾਜੇ ਦੇ ਭਰਾ ਨੇ ਦੇਸ਼ ‘ਤੇ ਕਬਜ਼ਾ ਕਰਨ ਲਈ ਸੱਤਾ ‘ਤੇ ਬੈਠੇ ਰਾਜਾ ਬਰਿੰਦਰ ਸਮੇਤ ਪੂਰੇ ਪਰਿਵਾਰ ਦੇ ਨੌ ਜੀਅ ਕਤਲ ਕਰ ਦਿੱਤੇ ਸਨ।

ਪੰਜਾਬ ਦਾ ਮੁੱਖ-ਮੰਤਰੀ ਬਣਨ ਦਾ ਸੁਪਨਾ ਕਈ ਕਾਰਨਾਂ ਕਰਕੇ ਚੂਰੋ-ਚੂਰ ਹੋਇਆ ਹੈ; ਸਿੱਧੂ ਸਿਰਫ ਆਪਣੇ ਆਪ ਨੂੰ ਉਭਾਰਦੇ ਰਹੇ ਹਨ ਅਤੇ ਵਿਰੋਧੀਆਂ ਲਈ ਉਹ ਬੜੇ ਤਲਖ਼ ਸ਼ਬਦ ਵਰਤਣ ਲਈ ਜਾਣੇ ਜਾਂਦੇ ਹਨ। ਇਸ ਕਰਕੇ ਸਿੱਧੂ ਨੇ ਆਪਣੀ ਪਾਰਟੀ ਵਿੱਚ ਦੋਸਤ ਘੱਟ ‘ਤੇ ਦੁਸ਼ਮਣ ਜ਼ਿਆਦਾ ਬਣਾ ਲਏ ਹਨ। ਸਿੱਧੂ ਪੱਤਰਕਾਰਾਂ ਨੂੰ ਵੀ ਤੂੰ-ਤੜੱਕ ਕਰਕੇ ਬੋਲਦੇ ਰਹੇ ਹਨ। ਸਿੱਧੂ ਦੇ ਕਾਂਗਰਸ ਵਿਚਲੇ ਵਿਰੋਧੀ ਕੱਛਾਂ ਵਜਾ ਰਹੇ ਨੇ ‘ਤੇ ‘ਠੋਕੋ ਤਾਲੀ’ ਵਰਗੇ ਸਿੱਧੂ ਦੇ ਤਕੀਆ ਕਲਾਮ ਤੇ ਟਵੀਟ ਕੀਤੇ ਜਾ ਰਹੇ ਨੇ। ਵਿਰੋਧੀ ਵੀ ਆਪਣੇ ਢੰਗ ਨਾਲ ‘ਸੁਆਦ’ ਲੈ ਰਹੇ ਹਨ।

ਕਾਂਗਰਸ ਲਈ ਇਹ ਸਮਾਂ ਬਹੁਤ ਮਾੜਾ ਚੱਲ ਰਿਹਾ ਹੈ ਕਿਉਂਕਿ ਇਕ ਪਾਸੇ ਪੰਜ ਦਿਨ ਪਹਿਲਾਂ ਜਾਖੜ ਕਾਂਗਰਸ ਨੂੰ ਮਿਹਣੇ ਮਾਰ-ਮਾਰ ਕੇ ‘ਗੁੱਡ ਬਾਏ’ ਕਰ ਗਏ ਅਤੇ ਕੱਲ੍ਹ ਹੀ ਉਹ ਬੀਜੇਪੀ ਦੇ ਕਮਲ ਨੂੰ ਆਪਣੇ ਕੋਟ ‘ਤੇ ਸਜਾ ਚੁੱਕੇ ਹਨ ਅਤੇ ਕੱਲ੍ਹ ਹੀ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਹੁਣ ਤਾਂ ਸਮਾਂ ਹੀ ਦੱਸੇਗਾ ਕਿ ਸਿੱਧੂ ਦੁਬਾਰਾ ਇੱਕ ਸਾਲ ਬਾਅਦ ਕਾਂਗਰਸ ਦੀ ਸਿਆਸੀ ਪਿੱਚ ‘ਤੇ  ਬੈਟਿੰਗ ਕਰਨ ਲਈ ਉਤਰਦੇ ਹਨ ਜਾਂ ਕੁਝ ਹੋਰ ਕਰਦੇ ਹਨ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button