EDITORIAL

ਮਾਨ ਦੀ ਮਰਜ਼ੀ ਬਿਨਾ ਬਣਿਆ ਸੀ ਮੰਤਰੀ ਮੰਡਲ !

ਮਾਨ ਨੇ ਲਾਈਆਂ ਬਰੇਕਾਂ, ਕੀ ਲੀਡਰ ਰੁਕਣਗੇ ?

ਅਮਰਜੀਤ ਸਿੰਘ ਵੜੈਚ (94178-01988) 

ਡਾ: ਰਾਜ ਬਹੁਦੁਰ, ਵੀਸੀ ਤੇ ਚੇਤਨ ਸਿੰਘ ਜੌੜੇਮਾਜਰਾ, ਸਿਹਤ ਮੰਤਰੀ ਵਾਲੇ ਘਮਾਸਾਣ ‘ਚ ਸਰਕਾਰ ਦੀ ਕਿਰਕਰੀ ਹੋਣ ਮਗਰੋਂ ਹੁਣ ਮੁੱਖ-ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਦੀ ਟੀਮ ਨੂੰ ਨਸੀਹਤ ਕੀਤੀ ਹੈ ਕਿ ਸੰਭਲ ਕੇ ਸਹਿਜ ਤੇ ਸਬਰ ਨਾਲ ਚੱਲੋ ਇਹ ਸਰਕਾਰ ਆਪਣੀ ਹੀ ਹੈ। ਮਾਨ ਨੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ‘ਛਾਪੇਮਾਰੀ ਤੇ ਵੀਡੀਓ ਗਰਾਫ਼ੀ ਮੁਹਿੰਮ ‘ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਜਿਤਣ ਮਗਰੋਂ ਵਿਧਾਇਕਾਂ ਦੀ ਮੁਹਾਲੀ ‘ਚ ਇਕ ਮੀਟਿੰਗ ਲੈਂਦਿਆਂ ਕਿਹਾ ਸੀ ਕਿ ਸਾਰੇ ਵਿਧਾਇਕ ਆਪੋ-ਆਪਣੇ ਹਲਕਿਆਂ ‘ਚ ਰਿਹਾ ਕਰਨਗੇ ਤੇ ਚੰਡੀਗੜ੍ਹ ‘ਚ ਡੇਰੇ ਲਾਉਣ ਦੀ ਲੋੜ ਨਹੀਂ।

ਸਿਹਤ ਵਿਭਾਗ ਦੀ ਕੱਲ੍ਹ ਹੋਈ ਮੀਟਿੰਗ ‘ਚ ਮੁੱਖ-ਮੰਤਰੀ ਦਾ ਸਿਹਤ-ਮੰਤਰੀ ਪ੍ਰਤੀ ਵਤੀਰਾ ਵੀ ਚਰਚਾ ‘ਚ ਹੈ ਜੋ ਇਕ ਵਿਭਾਗੀ ਮੀਟਿੰਗ ਵਿੱਚ ਅਧਿਕਾਰੀਆਂ ਦੇ ਸਾਹਮਣੇ ਮੰਤਰੀ ਨਾਲ ਨਹੀਂ ਹੋਣਾ ਚਾਹੀਦਾ ਸੀ। ਘੱਟੋ-ਘੱਟ ਸਰਕਾਰੀ ਮੀਟਿੰਗਾਂ ‘ਚ ਤਾਂ ਸਾਰਿਆਂ ਨੂੰ ਹੀ ਸਰਕਾਰੀ-ਸਲੀਕਾ ਕਾਇਮ ਰੱਖਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਨ, ਫ਼ਰੀਦਕੋਟ ਵਾਲ਼ੇ ਕਾਂਡ ਤੋਂ ਦੁਖੀ ਹੋਏ ਹਨ ਇਸੇ ਕਰਕੇ ਉਨ੍ਹਾਂ ਨੂੰ ਆਪਣੇ ਲੀਡਰਾਂ ਨੂੰ ਇਹ ਹੁਕਮ ਦੇਣੇ ਪਏ ਹਨ। ਸਰਕਾਰ ਕੋਲ ਪੰਜ ਸਾਲ ਹਨ ਜੋ ਇਕ ਚੰਗਾ ਸਮਾਂ ਹੈ, ਜਿਸ ਵਿੱਚ ਪਾਰਟੀ ਕੁਝ ਵੱਖਰਾ ਕਰਕੇ ਵਿਖਾ ਸਕਦੀ ਹੈ ਪਰ ਜਿਸ ਹਿਸਾਬ ਨਾਲ ਵਿਧਾਇਕਾਂ ਤੇ ਮੰਤਰੀਆਂ ਨੇ ਸਪੀਡ ਫੜੀ ਸੀ ਉਸ ਤੋਂ ਇੰਜ ਲੱਗਣ ਲੱਗ ਪਿਆ ਸੀ ਜਿਵੇਂ ਸਰਕਾਰ ਦੀਆਂ ਬਰੇਕਾਂ ਫ਼ੇਲ ਹੋ ਗਈਆਂ ਹੋਣ।

ਸਰਕਾਰ ਬਣੀ ਨੂੰ ਹਾਲੇ ਪੌਣੇ ਪੰਜ ਮਹੀਨੇ ਹੀ ਹੋਏ ਹਨ ਇਸ ਲਈ ਬਹੁਤੇ ਮੰਤਰੀ ਤੇ ਵਿਧਾਇਕ ਚਾਅ-ਚਾਅ ‘ਚ ਹੀ ਕੁਝ ਗ਼ਲਤੀਆਂ ਕਰ ਗਏ ਜਿਸ ਦਾ ਲੋਕਾਂ ‘ਚ ਕਾਫ਼ੀ ਚਰਚਾ ਰਿਹਾ। ਪਾਰਟੀ ਤੇ ਸਰਕਾਰ ਦਾ ਆਈਟੀ ਵਿੰਗ ਹਰ ਮੰਤਰੀ ਤੇ ਵਿਧਾਇਕ ਦੀ ਹਰ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਪੱਬਾਂ ਭਾਰ ਹੋਇਆ ਰਿਹਾ। ਇਕ ਗੱਲ ਜੋ ਹਾਲੇ ਵੀ ਸ਼ੱਕ ਦੇ ਘੇਰੇ ‘ਚ ਹੈ ਕਿ ‘ਆਪ’ ਪਾਰਟੀ ਕਿਸੇ ਘਟਨਾ ‘ਤੇ ਇਕ ਹੋਕੇ ਕਿਉਂ ਨਹੀਂ ਬੋਲਦੀ ; ਡਾ: ਰਾਜ ਬਹਾਦੁਰ ਵਾਲ਼ੀ ਘਟਨਾ ‘ਤੇ ਪਾਰਟੀ ਦੇ ਵਰਕਰਾਂ ਤੇ ਹਮਾਇਤੀਆਂ ਨੇ ਵੀਸੀ ਦੀ ਖੁੰਬ ਠੱਪਣ ‘ਚ ਪੂਰਾ ਜ਼ੋਰ ਲਾ ਦਿਤਾ ਪਰ ਭਗਵੰਤ ਮਾਨ ਨੇ ਵੀਸੀ ਦੇ ਹੱਕ ‘ਚ ਵੋਟ ਪਾ ਦਿਤੀ। ਇਸ ਨਾਲ ਇਹ ਗੱਲ ਸਪੱਸ਼ਟ ਹੋ ਗਈ ਕਿ ਪੰਜਾਬ ‘ਚ ‘ਆਪ’ ਦੇ ਨੇਤਾਵਾਂ ਤੇ ਸਰਕਾਰ  ਦੇ ਕੰਟਰੋਲ ਮੁੱਖ ਮੰਤਰੀ ਕੋਲ ਨਹੀਂ ਹਨ।

ਜਿਹੜੀ ਪਾਰਟੀ ਪੰਜਾਬ ‘ਚ ਇਨਕਲਾਬ ਵਰਗਾ ਬਦਲਾ ਲਿਆਉਣਾ ਚਾਹੁੰਦੀ ਹੈ ਉਸ ਦੇ  ਪੌਣੇ ਪੰਜ ਮਹੀਨੇ ਲੰਘ ਜਾਣ ਤੇ ਵੀ ਹਾਲੇ ਤੱਕ ਮੰਤਰੀ ਮੰਡਲ ‘ਚ ਵੀ ਤਿੰਨ ਮੰਤਰੀਆਂ ਦੀ ਥਾਂ ਖਾਲੀ ਹੀ ਪਈ ਹੈ ! ਇਹ ਸਥਿਤੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਮਾਨ ਤੇ ਕੇਂਦਰੀ ਲੀਡਰਸ਼ਿਪ ਵਿੱਚ ਹਾਲੇ ਚੋਣਾਂ ਤੋਂ ਪਹਿਲਾਂ ਵਾਲ਼ਾ ਰੇੜਕਾ ਚੱਲ ਰਿਹਾ ਹੈ। ਪਹਿਲਾਂ ਵੀ ਮੰਤਰੀ ਮੰਡਲ ਇਕੋ ਵਾਰ ਨਹੀਂ ਬਣ ਸਕਿਆ ਸੀ ।  ਇਹ ਵੀ ਕਣਸੋਆਂ ਕੰਨੀਂ ਪਈਆਂ ਸਨ ਕਿ ਪਹਿਲੇ ਤੇ ਦੂਜੇ ਮੰਤਰੀ ਮੰਡਲ ਦੇ ਵਿਸਤਾਰ ‘ਚ ਕੁਝ ਮੰਤਰੀ ਮਾਨ ਦੀ ਸਹਿਮਤੀ ਤੋਂ ਬਿਨਾ ਲਏ ਗਏ ਸਨ ਤੇ ਉਹ ਵਾਇਆ ਦਿੱਲੀ ਮੰਤਰੀ ਮੰਡਲ ‘ਚ ਆਏ ਹਨ।

ਸੱਤ ਵਿਧਾਇਕਾਂ ਨੂੰ ਛੱਡਕੇ ਬਾਕੀ ਸਾਰੇ ਹੀ ਸਰਕਾਰੀ ਕੰਮਕਾਜ ਤੋਂ ਬਿਲਕੁਲ ਕੋਰੇ ਹਨ ਸੋ ਸਾਰਿਆਂ ਲਈ ਇਕ ਵਿਸ਼ੇਸ਼ ਕੋਰਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਸਰਕਾਰੀ ਕੰਮਕਾਜ ਅਤੇ ਸਰਕਾਰੀ ਪ੍ਰੋਟੋਕੋਲ ਦੀ ਟ੍ਰੇਨਿੰਗ ਦਿਤੀ ਜਾ ਸਕੇ । ਭਾਵੇਂ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਦੀ ਗਰੁੱਪਾਂ ‘ਚ ਮੀਟਿੰਗ ਲਈ ਹੈ ਪਰ ਤਾਂ ਵੀ ਇਕ ਵਿਸ਼ੇਸ਼ ਟ੍ਰੇਨਿੰਗ ਦੀ ਲੋੜ ਹੈ ਜਿਸ ਨਾਲ ਸਰਕਾਰ ਦੇ ਕੰਮ ਕਰਨ ਦੀ ਸਪੀਡ ਹੋਰ ਵਧ ਸਕੇਗੀ।

ਸਾਰੇ ਹੀ ਮਹਿਕਮਿਆਂ ‘ਚ ਹਾਲਾਤ ਕੋਈ ਤਸੱਲੀ ਬਖਸ਼ ਨਹੀਂ ਹਨ ਕਿਉਂਕਿ ਅਫ਼ਸਰ ਆਪ ਇਹ ਗੱਲ ਮੰਨਦੇ ਹਨ ਕਿ ਪਹਿਲੀਆਂ ਸਰਕਾਰਾਂ ਸਮੇਂ ਰਾਜਨੀਤਿਕ ਦਖ਼ਲ ਬਹੁਤ ਜ਼ਿਆਦਾ ਸੀ ਜਿਸ ਕਰਕੇ ਅਫ਼ਸਰ ਕੋਈ ਵੀ ਫ਼ੈਸਲਾ ਲੈਣ ਸਮੇਂ ਕਈ ਕੁਝ ਸੋਚਦੇ ਸਨ। ਆਈਏਐੱਸ, ਆਈਪੀਐੱਸ, ਪੀਸੀਐੱਸ, ਪੀਪੀਐੱਸ ਤੇ ਹੋਰ ਸੇਵਾਵਾਂ ਦੇ ਅਧਿਕਾਰੀ ਲੰਮੀਆਂ ਟ੍ਰੇਨਿੰਗਾਂ ਤੋਂ ਬਾਅਦ ਸਿਧੇ ਪੋਸਟ ਕੀਤੇ ਜਾਂਦੇ ਹਨ। ਸੋ ਜੇ ਕਰ ਉਨ੍ਹਾਂ ‘ਤੇ ਬਿਨਾ ਦਬਾਅ ਪਾਇਆਂ ਉਨ੍ਹਾਂ ਨੂੰ ਕੰਮ ਕਰਨ ਦਿਤਾ ਜਾਵੇ ਤੇ ਰਾਜਨੀਤਕ ਤੇ ਸਮਾਜਿਕ ਤੌਰ ‘ਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਸਰਕਾਰਾਂ ਵਧੀਆ ਨਤੀਜੇ ਲਿਅ ਸਕਦੀਆਂ ਹਨ।

ਪਾਰਟੀ ਅੰਦਰ ‘ਸਭ ਕੁਝ’ ਠੀਕ ਹੈ, ਹਾਲੇ ਸ਼ੱਕ! ਖ਼ੈਰ ! ਕੋਈ ਵੱਡਾ ‘ਰਾਜਨੀਤਿਕ ਹਾਦਸਾ’ ਹੋਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ ਭਵਿਖ ਦੇ ਖ਼ਤਰੇ ਨੂੰ ਹਾਲ ਦੀ ਘੜੀ ਤਾਂ ਟਾਲ਼ ਦਿੱਤਾ ਹੈ  ਪਰ ਮੁੱਖ-ਮੰਤਰੀ ਨੂੰ ਹਾਲੇ ਬਰੇਕਾਂ ‘ਤੇ ਆਪ ਹੀ ਪੈਰ ਰੱਖਣਾ ਪੈਣਾ ਹੈ ਜਿਨਾ ਚਿਰ ਸਰਕਾਰ ਦੀ ਗੱਡੀ ਚੰਗੀ ਤਰ੍ਹਾਂ ਚੱਲ ਨਹੀਂ ਪੈਂਦੀ।

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button