EDITORIAL

ਧਰਨੇ,ਰੋਸ-ਮੁਜਾਹਰੇ : ਸਰਕਾਰਾਂ ਦੇ ਵਾਰੇ ਨਿਆਰੇ, ਸਿਆਸਤ ਤੇ ਅਫ਼ਸਰਸ਼ਾਹੀ ਦੀ ਮਿਲ਼ੀਭੁਗਤ

ਕਿਸਾਨ ਅੰਦੋਲਨ ਬਨਾਮ ਸ੍ਰੀ ਲੰਕਾ ਰੋਸ ਮਾਡਲ

ਅਮਰਜੀਤ ਸਿੰਘ ਵੜੈਚ (94178-01988)

ਇਕ ਕਹਾਵਤ ਹੈ ਕਿ ਰੋਏ ਤੋਂ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ । ਜਦੋਂ ਸਰਕਾਰਾਂ ਆਪਣੇ ਫ਼ਰਜ਼ਾਂ ਤੋਂ ਕੁਤਾਹੀ ਕਰਦੀਆਂ ਹਨ ਤਾਂ ਫਿਰ ਲੋਕਾਂ ‘ਚ ਰੋਸ ਜਾਗਦਾ ਹੈ । ਇਹ ਰੋਸ ਫਿਰ ਮੰਗ-ਪੱਤਰ, ਰੋਸ-ਮੁਜਾਹਰੇ,ਰੋਸ-ਮਾਰਚ,ਘਿਰਾਓ,ਸੜਕ-ਰੋਕੋ, ਰੇਲ-ਰੋਕੋ ,ਰੋਸ ਯਾਤਰਾ ਤੇ ਫਿਰ ਮੋਰਚ‌ਿਆਂ ਦੇ ਰੂਪ ਲੈਂਦਾ ਹੈ ।

ਪਿਛਲੇ  15 ਕੁ ਸਾਲਾਂ ‘ਚ ਰੋਸ ਪ੍ਰਗਟਾਉਣ ਦੇ ਉਪਰੋਕਤ ਰੂਪ ਅਕਸਰ ਪੰਜਾਬ ‘ਚ ਵੇਖਣ ਨੂੰ ਮਿਲ਼ ਰਹੇ ਹਨ । ਜਦੋਂ ਤੋਂ ਸਿਆਸੀ ਪਾਰਟੀਆਂ ਨੇ ਸੱਤ੍ਹਾ ਤੱਕ ਪਹੁੰਚਣ ਲਈ ਲੋਕਾਂ ਨੂੰ ਝੂਠੇ ਲਾਰੇ ਲਾਉਣੇ ਸ਼ੁਰੂ ਕੀਤੇ ਹਨ ਉਦੋਂ ਤੋਂ ਹੀ ਲੋਕਾਂ ‘ਚ ਸਿਆਸੀ ਲੀਡਰਾਂ ਪ੍ਰਤੀ ਵਿਦਰੋਹ ਵਧਣ ਲੱਗਾ ਹੈ ।

ਅੱਜ ਕੱਲ਼੍ਹ ਪੰਜਾਬ ‘ਚ ਇਹ ਸਾਰੇ ਰੋਸ ਕਰਨ ਦੇ ਰੂਪ ਜਾਰੀ ਹਨ ।  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ 2015 ਨੂੰ ਲੈਕੇ ਬਹਿਬਲ ਕਲਾਂ ‘ਚ ਬੇਅਦਬੀ ਇਨਸਾਫ਼ ਮੋਰਚਾ ਦਿਸੰਬਰ 2021 ਤੋਂ ਚੱਲ ਰਿਹਾ ਹੈ ਜੋ  ਇਸੇ ਵਰ੍ਹੇ ਪੰਜ ਫਰਵਰੀ ਨੂੰ ਇਕ ਸਖਤ ਰੂਪ ‘ਚ ਬਦਲ ਗਿਆ ਹੈ । ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨਾਲ਼ ਸਬੰਧਿਤ  ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ ਦੀ ਸੀਮਾ ‘ਤੇ  ਪਿਛਲੇ ਵਰ੍ਹੇ ਤੋਂ ਲੱਗਾ ਹੋਇਆ ਹੈ ਜਿਸ ਵਿੱਚ ਹੁਣ ਕਈ ਹੋਰ ਜੱਥੇ-ਬੰਦੀਆਂ ਵੀ ਸ਼ਾਮਿਲ ਹੋ ਰਹੀਆਂ ਹਨ ।

ਜ਼ਿਲ੍ਹਾ ਫ਼ਾਜ਼ਿਲਕਾ ‘ਚ ਮੈਲਬਰੋਜ਼ ਸ਼ਰਾਬ ਦੀ ਫੈਕਟਰੀ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕਰਨ ਦੇ ਵਿਰੋਧ ‘ਚ 24 ਜੁਲਾਈ 2022 ਤੋਂ ਮੋਰਚਾ ਚੱਲ ਰਿਹਾ ਹੈ । ਇਸੇ ਦੌਰਾਨ ਪਿਛਲੇ ਵਰ੍ਹੇ ਜਲੰਧਰ ਦੀ ਲਤੀਫਪੁਰਾ ਕਾਲੋਨੀ ‘ਚ ਢਾਹੇ ਘਰਾਂ ਕਾਰਨ ਉਥੋਂ ਦੇ ਪੀੜਤ ਲੋਕ ਲਗਾਤਾਰ ਧਰਨੇ ‘ਤੇ ਬੈਠੇ ਹਨ ।  ਸੰਗਰੂਰ ‘ਚ  ਪੁਲਿਸ ਭਰਤੀ , ਬੇਰੁਜ਼ਗਾਰ ਅਧਿਆਪਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਵੀ  ਮੁੱਖ ਮੰਤਰੀ ਦੀ ਕੋਠੀ ਨੇੜੇ ਲਗਾਤਾਰ ਧਰਨੇ ਚੱਲ ਰਹੇ ਹਨ ।

ਆਂਗਨਵਾੜੀ ਵਰਕਰਾਂ, ਕੋਰੋਨਾ ਕਾਲ ‘ਚ ਭਰਤੀ ਕੀਤੇ ਸਿਹਤ ਕਾਮਿਆਂ, ਸਿਹਤ ਵਿਭਾਗ ਦੇ ਕਰਮਚਾਰੀਆਂ, ਐਂਬੂਲੈਂਸਾਂ ਦੇ ਡਰਾਇਵਰਾਂ,ਸੇਵਾ-ਮੁਕਤ ਕਰਮਚਾਰੀਆਂ, ਕਾਲਿਜਾਂ ਦੇ ਅਧਿਆਪਕਾਂ, ਕੱਚੇ ਕਰਮਚਾਰੀਆਂ, ਕੰਪਿਊਟਰ ਅਧਿਆਪਕ ਆਦਿ ਅਕਸਰ ਹੀ ਰੋਸ ਮੁਜਾਹਰੇ,ਮੰਗ-ਪੱਤਰ,ਰੋਸ-ਮਾਰਚ,ਘਿਰਾਓ ਆਦਿ ਕਰਦੇ ਰਹਿੰਦੇ ਹਨ । ਇਨ੍ਹਾ ਤੋਂ ਇਲਾਵਾ ਰਾਜਸੀ ਪਾਰਟੀਆਂ ਵੀ  ਇਸੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕਰਦੀਆਂ ਹਨ ।

ਪੰਜਾਬ ‘ਚ ਕਿਸਾਨ ਯੂਨੀਅਨਾਂ ਵੱਲੋਂ ਅਕਸਰ ਇਸ ਤਰ੍ਹਾਂ ਦੇ ਵਿਰੋਧਾਂ ਦਾ ਸੱਦਾ ਦਿਤਾ ਜਾਂਦਾ ਹੈ । ਪੰਜਾਬ ਦੇ ਕਿਸਾਨ ਸਰਕਾਰਾਂ ਵੱਲੋਂ ਉਨ੍ਹਾ ਦੀਆਂ ਜ਼ਮੀਨਾ ਐਕੁਆਇਰ ਕਰਨ ‘ਤੇ ਵਿਰੋਧ ਕਰਦੇ ਹਨ ਕਿਉਂਕਿ ਸਰਕਾਰਾਂ ਕਿਸਾਨਾਂ ਨੂੰ ਬਣਦੀਆਂ ਕੀਮਤਾਂ ਨਹੀਂ ਦਿੰਦੀਆਂ  । ਕੇਂਦਰ ਸਰਕਾਰ ਵੱਲੋਂ ਖੇਤੀ ਲਈ 2020 ‘ਚ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਕੀਤਾ ਗਿਆ ਅੰਦੋਲਨ ਇਤਿਹਾਸਿਕ ਹੋ ਨਿਬੜਿਆ ਸੀ । ਉਸ ਅੰਦੋਲਨ ਦੀ ਕਾਮਯਾਬੀ ‘ਚੋਂ ਹੀ  ਸਮਾਜ ‘ਚ ਪੀੜਤ ਲੋਕਾਂ ਨੇ  ‘ਵਿਰੋਧ ਪ੍ਰਦਰਸ਼ਨਾ ਦਾ ਕਿਸਾਨੀ ਮਾਡਲ’ ਅਪਣਾ ਲਿਆ ਹੈ ।

ਸਰਕਾਰਾਂ ਦੀਆਂ ਨੀਤੀਆਂ ਕਾਰਨ ਪੀੜਤ ਲੋਕ ਸਦਾ ਹੀ ਸੜਕਾਂ ‘ਤੇ ਰਹਿਣ ਇਹ ਕਿਸੇ ਵੀ ਸਰਕਾਰ ਜਾਂ ਪ੍ਰਬੰਧ ਲਈ ਸ਼ੁੱਭ-ਸ਼ਗਨ ਨਹੀਂ । ਇਸ ਦਾ ਮਤਲਬ ਇਹ ਹੀ ਨਿਕਲ਼ਦਾ ਹੈ ਕਿ ਸੱਤ੍ਹਾ ‘ਤੇ ‘ਸੁਸ਼ੋਬਿਤ’ ਲੋਕ ਜਾਂ ਤਾਂ ਅਸੰਵੇਦਨਸ਼ੀਲ ਹਨ ਜਾਂ ਫਿਰ ਅਸਮਰੱਥ ਹਨ । ਇਨ੍ਹਾਂ ਰੋਸ ਪ੍ਰਦਰਸ਼ਨਾ ਕਰਕੇ ਜਿਥੇ ਲੱਖਾਂ ਕੰਮ ਦੇ ਦਿਨ  ਬਰਬਾਦ ਹੁੰਦੇ ਹਨ ਉਥੇ ਨਾਲ਼ ਦੀ ਨਾਲ਼ ਉਨ੍ਹਾ ਲੋਕਾਂ ਦਾ ਵੀ ਹਜ਼ਾਰਾਂ-ਲੱਖਾਂ ‘ਚ ਨੁਕਸਾਨ ਹੁੰਦਾ ਹੈ ਜਿਨ੍ਹਾਂ ਦਾ ਇਨ੍ਹਾ ਰੋਸ-ਪ੍ਰਦਰਸ਼ਨਾਂ ਨਾਲ਼ ਕੋਈ ਵਾਸਤਾ ਹੀ ਨਹੀਂ ਹੁੰਦਾ : ਸੜਕਾਂ ਬੰਦ ਕਰਨ ਨਾਲ਼ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨੀਆਂ ਹੁੰਦੀਆਂ ਹਨ । ਜੇਕਰ ਸਰਕਾਰਾਂ ਹੀ ਪੀੜਤਾਂ ਨੂੰ ਸੁਣ ਤੇ ਸਮਝ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹਲ ਕਰ ਦੇਣ ਤਾਂ ਫਿਰ ਲੋਕ ਕਿਉਂ ਰੋਸ ਮੁਜਾਹਰੇ ਕਰਨ ਲਈ ਸੜਕਾਂ ‘ਤੇ ਉਤਰਨ ।

ਸੱਤ੍ਹਾ ‘ਤੇ ਕਾਬਜ ਲੋਕ ਅਕਸਰ ਪ੍ਰਦਰਸ਼ਨਕਾਰੀਆਂ ‘ਤੇ ਇਹ ਇਲਜ਼ਾਮ ਲਾਉਂਦੇ ਹਨ  ਕਿ ਪ੍ਰਦਰਸ਼ਨਕਾਰੀ ਆਮ ਲੋਕਾਂ ਨੂੰ  ਜਾਣ-ਬੁੱਝ ਕੇ ਪਰੇਸ਼ਾਨ ਕਰਦੇ ਹਨ ਪਰ ਜਦੋਂ ਇਹ ਸਿਆਸੀ ਲੋਕ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ ‘ਚ ਰੋਸ ਕਰਨ ਲਈ ਕਈ ਕਈ ਦਿਨ ਕੰਮ ਨਹੀਂ ਕਰਨ ਦਿੰਦੇ ਤਾਂ ਕੀ ਉਨ੍ਹਾਂ ਦਿਨਾਂ ‘ਚ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ ? ਦਰਅਸਲ ਸੱਤ੍ਹਾਧਾਰੀ ਲੋਕ ਤੇ ਅਫ਼ਸਰਸ਼ਾਹੀ ਹੀ ਨਹੀਂ ਚਾਹੁੰਦੇ ਹੁੰਦੇ  ਕਿ ਲੋਕ ਸ਼ਾਂਤੀ ਨਾਲ਼ ਆਪਣੇ ਕੰਮ ਕਰਨ ਕਿਉਂਕਿ ਜੇਕਰ ਲੋਕ ਸ਼ਾਂਤੀ ਨਾਲ਼ ਕੰਮ ਕਰਨਗੇ ਤਾਂ ਫਿਰ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਜਾਣਗੇ ਤੇ ਫਿਰ ਸੱਤ੍ਹਾ ‘ਤੇ ਕਾਬਜ਼ ਲੋਕ ਮਨਆਈਆਂ ਕਿਵੇਂ ਕਰਨਗੇ । ਸੋ ਸੱਤ੍ਹਾ ਇਹ ਚਾਹੁੰਦੀ ਹੈ ਕਿ ਲੋਕ ਆਪਣੀ ਸ਼ਕਤੀ ਇੰਜ ਹੀ ਨਸ਼ਟ ਕਰਦੇ ਰਹਿਣ ।

ਹੁਣ ਇੰਜ ਬਹੁਤਾ ਦੇਰ ਨਹੀਂ ਚੱਲਣਾ ਕਿਉਂਕਿ ਇਕ ਤਰ੍ਹਾਂ ਦੇ ਰੋਸ ਮੁਜਹਰੇ ਕਰ ਕਰਕੇ ਜਦੋਂ ਲੋਕ ਥੱਕ ਜਾਣਗੇ ਤਾਂ ਫਿਰ ਲੋਕਾਂ ਕੋਲ਼ ਸਾਢੇ ਗੁਆਂਢੀ ਸ੍ਰੀ ਲੰਕਾ ਦਾ ਮਾਡਲ ਵੀ ਜਿਥੇ ਲੋਕਾਂ ਦੇ ਵਿਧਰੋਹ ਨੇ ਉਥੋਂ ਦੇ ਰਾਸ਼ਟਰਪਤੀ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿਤਾ ਸੀ ।

ਕਹਿੰਦੇ ਹਨ  ਕਿ ਜਿਹੜਾ ਵਿਅਕਤੀ ਆਪਣੀ ਗ਼ਲਤੀ ਤੋਂ ਸਬਕ ਨਹੀਂ ਲੈਂਦਾ ਉਹ ਮੂਰਖ ਹੁੰਦਾ ਹੈ ਪਰ ਜਿਹੜਾ ਦੂਜ‌ਿਆਂ ਦੀਆਂ ਗ਼ਲਤੀਆਂ ਤੋਂ ਨਹੀਂ ਸਿਖਦਾ ਉਹ ਮਹਾਂ-ਮੂਰਖ ਹੁੰਦਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button