EDITORIAL

ਚੋਣਾਂ ਦੇ ਨਾਅਰੇ  ਬੱਸ ਲਗਦੇ ਕਰਾਰੇ ! 

ਲੀਡਰਾਂ 'ਚੋਂ ਕਿਰਦਾਰ ਗਾਇਬ

ਅਮਰਜੀਤ ਸਿੰਘ ਵੜੈਚ (94178-01988)

ਲੋਕ ਅਕਸਰ ਕਹਿੰਦੇ ਹਨ ਕਿ ਰਾਜਸੀ ਪਾਰਟੀਆਂ ਚੋਣਾਂ ਸਮੇਂ ਵਾਅਦੇ ਤਾਂ ਬਹੁਤ ਕਰਦੀਆਂ ਹਨ ਪਰ ਪੂਰੇ ਕਰਨ ‘ਚ ਬੁਰੀ ਤਰ੍ਹਾਂ ਫ਼ੇਲ ਹੋ ਜਾਂਦੀਆਂ ਹਨ । ਚੋਣਾਂ ਜਿੱਤਣ ਲਈ ਪਾਰਟੀਆਂ ਤੇ ਉਮੀਦਵਾਰ ਨਾਅਰੇ ਬਣਾਉਣ ਲਈ  ਚੋਟੀ ਦਾ ਜ਼ੋਰ ਲਾ ਦਿੰਦੇ ਹਨ ਤਾਂ ਕੇ ਚੋਣ ਨਾਅਰੇ ਪੜ੍ਹਨ ਤੇ ਸੁਣਨ ਵਾਲੇ ਦੇ ਦਿਲ ‘ਤੇ ਪੱਕੀ ਤਰ੍ਹਾਂ ਚਿਪਕ ਜਾਣ ।

ਭਾਰਤੀ ਚੋਣਾਂ ‘ਚ ਜਿਹੜੇ ਨਾਅਰੇ ਸਾਡੀਆਂ ਯਾਦਾਂ ‘ਚ ਟਿਕੇ ਹੋਏ ਹਨ ਉਨ੍ਹਾਂ ‘ਚ 1965 ਦੀ ਭਾਰਤ-ਪਾਕਿ ਜੰਗ ਸਮੇਂ ਲਾਲ ਬਹਾਦੁਰ ਸ਼ਾਸਤਰੀ ਵੱਲੋਂ ਯੂਪੀ ਦੇ ਪਰਿਆਗਰਾਜ ਦੇ ਉਰਵਾ ‘ਚ ਇਕ ਭਾਰੀ ਇਕੱਠ ‘ਚ ਦਿਤਾ ਗਿਆ ਸੀ ‘ਜੈ ਜਵਾਨ ਜੈ ਕਿਸਾਨ’ ਜੋ ਬਾਅਦ ‘ਚ ਚੋਣਾਂ ‘ਚ ਵੀ ਵਰਤਿਆ ਜਾਂਦਾ ਰਿਹਾ ਹੈ : ਇਸ ਨਾਅਰੇ ‘ਚ ਸਵਰਗੀ ਅਟੱਲ ਬਿਹਾਰੀ ਵਾਜਪਾਈ ਨੇ  ਇੰਜ ਵਾਧਾ ਕੀਤਾ ‘ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ‘ ਤੇ ਹੁਣ ਨਰਿੰਦਰ ਮੋਦੀ ਨੇ ਇਸ ‘ਚ ‘ਜੈ ਅਨੁਸੰਧਾਨ’ ਜੋੜ ਦਿੱਤਾ ਹੈ ।

ਸਾਲ 1971 ‘ਚ ਜਦੋਂ  ਲੋਕਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਪਾਰਟੀ ਨੇ ਇੰਦਰਾ ਗਾਂਧੀ ਦੀ ਅਗਵਾਈ ‘ਚ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਜੋ ਬੜਾ ਮਕਬੂਲ ਹੋਇਆ ਪਰ ਗਰੀਬੀ ਹਾਲੇ ਵੀ ਓਥੇ ਦੀ ਓਥੇ ਹੀ ਹੈ , ਨਾਅਰੇ ਬਣਾਉਣ ਤੇ ਨਾਅਰੇ ਲਾਉਣ ਵਾਲ਼ੇ ਸਭ ਚਲੇ ਗਏ। ਸੰਨ 1975 ਦੀ ਐਮਰਜੈਂਸੀ ਤੋਂ ਬਾਅਦ ਮਾਰਚ 1977 ‘ਚ ਹੋਈਆਂ ਆਮ ਚੋਣਾਂ ‘ਚ ਜਨਤਾ ਪਾਰਟੀ ਨੇ ‘ਇੰਦਰਾ ਹਟਾਓ, ਭਾਰਤ ਬਚਾਓ’ ਸਲੋਗਨ ਦਿਤਾ । ਜਨਤਾ ਪਾਰਟੀ ਸਰਕਾਰ ਤਾਂ ਬਣੀ ਪਰ ਜਲਦੀ ਹੀ ਇਸ ‘ਚ ਤਰੇੜਾਂ ਪੈਣ ਲੱਗ ਪਈਆਂ । 1980 ‘ਚ ਇੰਦਰਾ ਫਿਰ ਤਕੜੇ ਬਹੁਮਤ ਨਾਲ਼ ਵਾਪਸ ਸੱਤਾ ‘ਚ ਆ ਗਈ , ਨਾਅਰੇ ਕੰਮ ਨਹੀਂ ਆਏ ।

ਪਿਛਲੇ ਵੀਹਾਂ ਸਾਲਾਂ ‘ਚ ਪਾਰਟੀਆਂ ਲੋਕਾਂ ਨੂੰ ਲੁਭਾਉਣ ਲਈ ਜੋ ਸਲੋਗਨ ਵਰਤਦੀਆਂ ਰਹੀਆਂ ਹਨ ਉਨ੍ਹਾਂ ਦੀ ਇਕ ਝਲਕ ਦੇਖੋ । 2004 ‘ਚ ਭਾਜਪਾ ਨੇ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ‘ਚ ਆਮ ਚੋਣਾਂ ਲੜੀਆਂ ਜਿਸ ਵਿੱਚ ਭਾਜਪਾ ਨੇ 2004 ਤੱਕ ਵਾਜਪਾਈ ਦੀ ਸਰਕਾਰ ਦੀਆਂ ਪਰਾਪਤੀਆਂ ਨੂੰ ‘ਇੰਡੀਆ ਸ਼ਾਇਨਿੰਗ’ ਨਾਲ ਪੇਸ਼ ਕੀਤਾ ਪਰ ਭਾਜਪਾ ਹਾਰ ਗਈ ਤੇ ਡਾ. ਮਨਮੋਹਨ ਸਿੰਘ ਦੀ ਅਗਵਾਈ ‘ਚ ਕਾਂਗਰਸ ਨੇ ਸਰਕਾਰ ਬਣਾ ਲਈ ਜੋ ਦੂਜੀ ਵਾਰ ਫਿਰ 2009 ਚ’ ਵੀ ਜਿੱਤ ਗਈ ।  ਮਨਮੋਹਨ ਸਿੰਘ ਸਰਕਾਰ ਕੋਲਾ ਤੇ ਟੈਲੀਕੌਮ ਘੁਟਾਲਿਆਂ ਕਾਰਨ ਬਦਨਾਮ ਹੋ ਗਈ ਤਾਂ 2014 ‘ਚ ਭਾਜਪਾ ਨਵੇਂ ਸਲੋਗਨ  ਮੈਂ ਭੀ ਚੌਕੀਦਾਰ ,ਮੋਦੀ ਹੈ ਤੋ ਮੁਮਕਿਨ ਹੈ ,ਅੱਛੇ ਦਿਨ ਆਨੇ ਵਾਲੇ ਹੈਂ,ਅਬ ਕੀ ਬਾਰ ਮੋਦੀ ਸਰਕਾਰ, ਸਭ ਕਾ ਸਾਥ ਸਬ ਕਾ ਵਿਕਾਸ ਤੇ ਕਾਂਗਰਸ ਮੁਕਤ ਭਾਰਤ ਨਾਲ਼ ਚੋਣ ਮੈਦਾਨ ‘ਚ ਉਤਰੀ ਤੇ ਸੱਤਾ ‘ਤੇ ਕਬਜ਼ਾ ਕਰ ਲਿਆ ।

ਸਾਲ 2014 ‘ਚ ਬੀਐੱਸਪੀ-ਕਾਸ਼ੀਰਾਮ ਤੇਰੀ ਨੇਕ ਕਮਾਈ ਤੂਨੇ ਸੁੱਤੀ ਕੌਮ ਜਗਾਈ, ਬੀਐੱਸਪੀ ਕੀ ਕਿਆ ਪਹਿਚਾਨ ਨੀਲਾ ਝੰਡਾ ਹਾਥੀ ਨਿਸ਼ਾਨ, ਤਿਲਕ ਤਰਾਜੂ ਔਰ ਤਲਵਾਰ ਇਨਕੋ ਮਾਰੋ ਜੂਤੇ ਚਾਰ, ਮਿਲੇ ਮੁਲਾਇਮ ਕਾਸ਼ੀ ਰਾਮ ਹਵਾ ਮੇਂ ਉੜੇਗਾ ਜੈ ਸ਼੍ਰੀ ਰਾਮ, ਹਾਥੀ ਨਹੀਂ ਗਣੇਸ਼ ਹੈ ਬ੍ਰੱਹਮਾ ਵਿਸ਼ਨੂ ਮਹੇਸ਼ ਹੈ, ਬ੍ਰੱਹਮਾ ਸੰਖ ਬਜਾਏਗਾ ਹਾਥੀ ਦਿੱਲੀ ਜਾਏਗਾ। ਇਸੇ ਤਰ੍ਹਾਂ 2019 ‘ਚ ਫਿਰ ਇਕ ਵਾਰ ਮੋਦੀ ਸਰਕਾਰ, ਸਭ ਕਾ ਸਾਥ ਸਭ ਕਾ ਵਿਕਾਸ ਸਭ ਕਾ ਵਿਸ਼ਵਾਸ ਆਦਿ ਸਲੋਗਨਾ ਨਾਲ਼ ਮੈਦਾਨ ‘ਚ ਉਤਰੀ ਤੇ ਨਾਲ਼ ਦੀ ਨਾਲ਼ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਦਾ ਮੁੱਦਾ ਉਠਾ ਕੇ ਫਿਰ ਸੱਤਾ ਆਪਣੇ ਕਬਜ਼ੇ ‘ਚ ਕਰ ਲਈ ।

ਹਾਲ ਹੀ ‘ਚ ਪੰਜਾਬ ਤੇ ਯੂਪੀ ‘ਚ ਚੋਣਾਂ ਹੋ ਕੇ ਹਟੀਆਂ ਹਨ ਉਥੇ ਨਾਅਰਿਆਂ ਦੀਆਂ ਕਿਸਮਾਂ ਵੇਖੋ 

ਯੂਪੀ ਚੋਣਾਂ : ਬੀਜੇਪੀ -ਬੱਚਾ ਬੱਚਾ ਰਾਮ ਕਾ ਜਨਭੂਮੀ ਕੇ ਕਾਮ ਕਾ, ਯੂਪੀ ਮੇਂ ਹੈ ਦਮ ਕਿਉਂਕਿ ਜੁਰਮ ਹੈ ਯਹਾਂ ਕਮ, ਯੂਪੀ+ਯੋਗੀ ਬਹੁਤ ਹੈ ਉਪਯੋਗੀ, ਸੋਚ ਇਮਾਨਦਾਰ ਕਾਮ ਦਮਦਾਰ , ਇਸ ਬਾਰ  ਫਿਰ ਭਾਜਪਾ ਸਰਕਾਰ, ਯੋਗੀ ਹੈ ਤੋ ਯਕੀਨ ਹੈ ,( ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ) ਸਾਇਕਲ ਰੱਖੋ ਨਾਮਾਇਸ਼ ਮੇਂ  ਬਾਬਾ(ਯੋਗੀ) ਰਹੇਗਾ ਬਾਈਸ ਮੇਂ  ਫਿਰ ਟਰਾਈ ਕਰਨਾ ਸਤਾਈਸ ਮੇਂ , ਜੰਤਾ ਕੀ ਹੁੰਕਾਰ ਭਾਜਪਾ ਕੀ ਸਰਕਾਰ । ਕਾਂਗਰਸ- ਲੜਕੀ ਹੂੰ ਲੜ ਸਕਤੀ ਹੂੰ , ਲੜੇਗਾ ਬੜੇਗਾ ਜੀਤੇਗਾ ਯੂਪੀ ।

ਪੰਜਾਬ 2022 ਦਾ ਸਿਆਸੀ ਨਜ਼ਾਰਾ : ਕਾਂਗਰਸ – ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹਲ, ਲੋਕਾਂ ਦਾ ਸੀਐੱਮ ਲੋਕਾਂ ਦੀ ਸਰਕਾਰ, ਪੰਜਾਬ ਦੀ ਚੜ੍ਹਦੀ ਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ,  ਨਵੀ ਸੋਚ ਨਵਾਂ ਪੰਜਾਬ । ਅਕਾਲੀ ਦਲ -ਸੌ ਸਾਲ ਵਿਕਾਸ ਦੇ ਵਿਸ਼ਵਾਸ ਦੇ ,ਪੰਜਾਬ ਦੀ ਗੱਲ, ਪੰਜਾਬ ਦੀ ਉਮੀਦ, ਤੁਸੀਂ ਵਿਸ਼ਵਾਸ ਕਰੋ ਮੈਂ ਵਿਕਾਸ ਕਰਾਂਗਾ । ‘ਆਪ’- ਪੰਜਾਬ ਦੀ ਇਕੋ ਉਮੀਦ-ਆਮ ਆਦਮੀ ਪਾਰਟੀ, ਇਕ ਮੌਕਾ ਭਗਵੰਤ ਮਾਨ ਤੇ  ਕੇਜਰੀਵਾਲ਼ ਨੂੰ । ਬੀਜੇਪੀ – ਨਵਾਂ ਪੰਜਾਬ ਬੀਜੇਪੀ ਦੇ ਨਾਲ਼, । ਪੰਜਾਬ ਲੋਕ ਕਾਂਗਰਸ- ਬੱਸ ਹੁਣ ਗੋਲ਼ ਕਰਨਾ ਬਾਕੀ  , ਕੈਪਟਨ ਕਮਿੰਗ ਬੈਕ ।

ਜਦੋਂ ਪਾਰਟੀਆਂ ਲਗਾਤਾਰ ਆਪਣੇ ਨਾਅਰਿਆਂ ਨੂੰ ਲੋਕਾਂ ਤੱਕ ਲਿਜਾਣ ਲਈ ਤਰਲੋਮੱਛੀ ਹੁੰਦੀਆਂ ਹਨ ਤਾਂ ਵੋਟਰਾਂ ਦੇ ਦਿਮਾਗਾਂ ਵਿੱਚ ਕਾਵਿਕ ਸਲੋਗਨ ਸਹਿਜ ਸੁਭਾ ਹੀ ਥਾਂ ਬਣਾ ਲੈਂਦੇ ਹਨ । ਸਲੋਗਨ ਆਮ ਲੋਕਾਂ ‘ਚ ਕਿਸੇ ਉਮੀਦਵਾਰ ਜਾਂ ਪਾਰਟੀ ਦੇ ਹੱਕ ‘ਚ ਮਾਹੌਲ ਬਣਾਉਣ ‘ਚ ਰੋਲ ਅਦਾ ਕਰਦੇ ਹਨ । ਦੂਜੀ ਸੱਚਾਈ ਇਹ ਹੈ ਕਿ ਇਹ ਸਲੋਗਨ ਸਿਰਫ਼ ਵੋਟਾਂ ਬਟੋਰਨ ਤੱਕ ਹੀ ਹੁੰਦੇ ਹਨ । ਜਿੱਤਣ ਮਗਰੋਂ ਪਾਰਟੀਆਂ ਆਪਣੇ ਵਾਅਦੇ ਪੂਰੇ ਹੁੰਦੇ ਨਾ ਵੇਖ ਪਿਛਲੀ ਸਰਕਾਰ ‘ਤੇ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ ਲਾਉਂਦੀਆਂ ਹਨ  ਜਾਂ ਆਪਣੇ ਵਾਅਦੇ ਪੂਰੇ ਕਰਨ ਦੀ ਆਸ   ਅਗਲੀਆਂ ਚੋਣਾਂ ਤੱਕ ਬਣਾ ਕੇ ਰੱਖਦੀਆਂ ਹਨ ।  ਚੋਣ ਨਾਅਰੇ ਬਣਾਉਣ ਵਾਸਤੇ ਕੁਝ ਪਾਰਟੀਆਂ ਤਾਂ ਵਿਸ਼ੇਸ਼ ਤੌਰ ‘ਤੇ ਕਵੀਆਂ ਦੀ ਵੀ ਮਦਦ ਲੈਂਦੀਆਂ ਹਨ ।

ਸੱਚਾਈ ਤਾਂ ਇਹ ਹੈ ਕਿ ਚੋਣ ਨਾਅਰੇ ਸਿਰਫ਼ ਲੋਕਾਂ ਨੂੰ ਮਦਾਰੀ ਵਾਂਗ ਡੁੱਗਡੁੱਗੀ ਵਜਾਕੇ ਇਕੱਠਾ ਕਰਨ ਦਾ ਹੀ ਕੰਮ ਕਰਦੇ ਹਨ । ਜਿਸ ਤਰ੍ਹਾਂ ਮਦਾਰੀ ਆਪ ਤਮਾਸ਼ਾ ਦਿਖਾਕੇ ਚਾਰ ਪੈਸੇ ਇਕੱਠ ਕਰਕੇ ਚਲਦਾ ਬਣਦਾ ਹੈ ਓਸੇ ਤਰ੍ਹਾਂ ਹੀ ਇਹ ਲੀਡਰ ਚੋਣ ਨਾਅਰਿਆਂ ਨਾਲ਼ ਲੋਕਾਂ ਨੂੰ ਇਕੱਠਾ ਕਰਦੇ ਹਨ ਤੇ ਵੋਟਾਂ ਬਟੋਰ ਕੇ ਜਿਤਣ ਮਗਰੋਂ ਗਧੇ ਦੇ ਸਿੰਗਾਂ ਵਾਂਗ ਗਾਇਬ ਹੋ ਜਾਂਦੇ ਹਨ ।

ਅੱਜ ਭਾਰਤ ਦੀਆਂ ਅਦਾਲਤਾਂ ‘ਚ ਸਾਡੇ ਚੁਣੇ ਹੋਏ ਐੱਮਪੀਜ਼ / ਐੱਮਐੱਲਜ਼ ‘ਚੋ 4500 ਤੋਂ ਵੱਧ ‘ਤੇ ਵੱਖ-ਵੱਖ ਅਦਾਲਤਾਂ ‘ਚ ਅਪਰਾਧਿਕ ਮੁਕੱਦਮੇ ਚੱਲ ਰਹੇ ਹਨ ਜੋ ਹਰ ਸਾਲ ਵਧ ਰਹੇ ਹਨ । ਸਿਆਸਤ ‘ਚ ਅਪਰਾਧੀ ਤੇ ਭਰਿਸ਼ਟ ਲੋਕ ਆਪਣੇ ਬਾਹੂਬਲ ਤੇ ਸਰਮਾਏ ਦੇ ਜ਼ੋਰ ਨਾਲ਼ ਪੈਰ ਜਮਾਉਣ ਲੱਗ ਪਏ ਹਨ । ਸੋ ਭਾਰਤੀ ਲੋਕਤੰਤਰ ਨੂੰ ਤਾਂ ਹੀ ਬਚਾਕੇ ਰੱਖਿਆ ਜਾ ਸਕਦਾ ਹੈ ਜੇ ਕਰ ਲੋਕ ਵੋਟ ਪਾਉਣ ਸਮੇਂ ਨਾਅਰਿਆਂ ਨਾਲੋਂ ਉਮੀਦਵਾਰ ਦਾ ਕਿਰਦਾਰ ਵੇਖ ਕੇ ਵੋਟਾਂ ਪਾਉਣਗੇ । ਵੈਸੇ ਅੱਜ ਦੇ ਲੀਡਰਾਂ ‘ਚੋ ਕਿਰਦਾਰ ਲੱਭਣਾ ਗਧੇ ਦੇ ਸਿਰ ‘ਚੋ ਸਿੰਗ ਲੱਭਣ ਵਰਗਾ ਔਖਾ ਕੰਮ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button