EDITORIAL

ਫ਼ੋਨ ‘ਤੇ ਠੱਗੀ : ਪਟਿਆਲ਼ਾ ਪੁਲਿਸ ਦਾ ਕਮਾਲ, OTP ਦੱਸਿਆ ਤਿੰਨ ਲੱਖ ਗਾਇਬ

1930 ਫ਼ੋਨ ਨੰਬਰ ਦਾ ਕੀ ਹੈ ਰਾਜ਼ ?

ਅਮਰਜੀਤ ਸਿੰਘ ਵੜੈਚ (94178-01988)

ਅੱਜ ਕੱਲ੍ਹ ਅਕਸਰ ਹੀ ਇਹ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਦੇ ਬੈਂਕ ‘ਚੋਂ ਪੈਸੇ ਨਿਕਲ਼ ਗਏ,ਕਿਸੇ ਦੀ ਈਮੇਲ ਹੈਕ ਹੋ ਗਈ,ਕਿਸੇ ਨੂੰ ਅਸ਼ਲੀਲ/ਧਮਕੀ ਭਰੇ ਮੈਸਿਜ਼ ਆਉਣ ਲੱਗੇ ਕਿਸੇ ਦੇ ਕੰਪਿਊਟਰ ‘ਚ ਵਾਇਰਸ ਆ ਗਿਆ ਆਦਿ । ਜੁਰਮ ਦੀ ਦੁਨੀਆਂ ‘ਚ ਇੰਟਰਨੈੱਟ ਦੀ ਵਰਤੋਂ ਨਾਲ਼ ਬਹੁਤ ਵਾਧਾ ਹੋਇਆ ਹੈ । ਜਨਵਰੀ 2021 ਤੋਂ ਨਵੰਬਰ 2022 ਤੱਕ ਭਾਰਤ ‘ਚ ਸਿਰਫ਼ ਪੈਸੇ ਨਾਲ਼ ਸਬੰਧਿਤ 8,85000 ਠੱਗੀਆਂ ਦੀਆਂ ਸ਼ਿਕਾਇਤਾਂ ਪੁਲਿਸ ਕੋਲ਼ ਪੁਜੀਆਂ ਸਨ । ਸਾਲ 2012 ‘ਚ ਸਾਇਬਰ ਨਾਲ਼ ਸਬੰਧਿਤ ਜੋ ਜੁਰਮ ਸਿਰਫ਼ 3377 ਸਨ ਉਨ੍ਹਾਂ ਦੀ ਗਿਣਤੀ 2021 ‘ਚ ਤਕਰੀਬਨ 52000 ਹੋ ਗਈ ।

ਸਾਲ 2021 ਦੌਰਾਨ ਪੂਰੀ ਦੁਨੀਆਂ ‘ਚ 24 ਕਰੋੜ ਕੇਸ ਅਜਿਹੇ ਸਨ ਜਿਨ੍ਹਾਂ ‘ਚ ਠੱਗਾਂ ਨੇ ਰੰਗਦਾਰੀ ਯਾਨੀ ਪੈਸੇ ਮੰਗੇ ਸੀ । ਹਰ ਦੂਜੇ ਅਮਰੀਕਨ ਦਾ ਖਾਤਾ ਸਾਇਬਰ ਅਟੈਕ ਝੱਲ ਚੁੱਕਿਆ ਹੈ । ਇੰਗਲੈਂਡ ਦਾ 39 ਫ਼ੀਸਦ ਵਪਾਰ ਇਸ ਕਾਰਨ ਪ੍ਰਭਾਵਿਤ ਹੋਇਆ ਹੈ । ਯੂਰਪ ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ ਜਿਥੇ ਹਰ ਇਕ ਹਜ਼ਾਰ ਈਮੇਲ ‘ਚੋਂ 500 ਤੋਂ ਵੱਧ ਦਾ ਡਾਟਾ ਲੀਕ ਹੁੰਦਾ ਹੈ ਤੇ ਦੂਜੇ ਨੰਬਰ ‘ਤੇ ਆਸਟਰੇਲੀਆ ਹੈ ਜਿਥੇ ਇਹ ਨੰਬਰ 100 ਤੋਂ 500 ਵਿੱਚ ਹੈ । ਭਾਰਤ ‘ਚ ਇਹ ਦਰ 1000 ਪਿਛੇ 5-10 ਹੀ ਹੈ ।

ਇੰਟਨੈੱਟ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਤੇ ਭਵਿਖ ‘ਚ ਇਸ ਉਪਰ ਨਿਰਭਰਤਾ ਹੋਰ ਵਧ ਜਾਏਗੀ । ਇਸ ਲਈ ਜ਼ਰੂਰੀ ਹੈ ਕਿ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ ।

ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇੰਟਰਨੈੱਟ ‘ਤੇ ਸਾਡੇ ਨਾਲ਼ ਕਿਹੋ ਜਿਹੀਆਂ ਠੱਗੀਆਂ ਹੋ ਸਕਦੀਆਂ ਹਨ : ਪਹਿਲੇ ਨੰਬਰ ‘ਤੇ ਸਾਇਬਰ ਠੱਗ ਬੱਚਿਆਂ ਨੂੰ ਸਰੀਰਕ ਸੋਸ਼ਣ ਦਾ ਡਿਜ਼ੀਟਲ ਸ਼ਿਕਾਰ ਬਣਾਉਂਦੇ ਹਨ , ਦੂਜਾ ਹੈ ਸਾਇਬਰ ਬੁਲਿੰਗ ਭਾਵ ਤੁਹਾਡੇ ਫੋਨ/ਕੰਪਿਊਟਰ ਜਾਂ ਲੈਪਟੌਪ ਰਾਹੀ ਤੁਹਾਨੂੰ ਪਰੇਸ਼ਾਨ ਕੀਤਾ ਜਾਂਦਾ ਹੈ , ਤੀਜੇ ਨੰਬਰ ਹੈ ਸਾਇਬਰ ਸਟਾਕਿੰਗ ਯਾਨੀ ਤੁਹਾਡਾ ਕਿਸੇ ਵੀ ਡਿਜ਼ੀਟਲ ਢੰਗ ਨਾਲ਼ ਮੈਸਿਜ਼/ਈਮੇਲ ਰਾਹੀਂ ਪਿੱਛਾ ਕਰਨਾ ਆਦਿ ।

ਇਕ ਹੁੰਦੀ ਹੈ ਸਾਇਬਰ ਗਰੂਮਿੰਗ ਭਾਵ ਕੋਈ ਦੂਸਰਾ ਵਿਅਕਤੀ ਤੁਹਾਨੂੰ ਮੈਸਿਜ਼/ਈਮੇਲ/ਫੇਸਬੁੱਕ/ਇੰਸਟਾਗਰਾਮ ਆਦਿ ਰਾਹੀ ਸ਼ਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਹੈ । ਅੱਜ ਕੱਲ੍ਹ ਨੌਕਰੀ ਦੇਣ ਦੇ ਦਾਅਵਿਆਂ ਨਾਲ਼ ਭਰੇ ਸੁਨੇਹੇਂ ਵੀ ਤੁਹਾਨੂੰ ਭੇਜੇ ਜਾਂਦੇ ਹਨ ਜੋ ਸਿਰਫ਼ ਤੁਹਾਡੇ ਡਾਟਾ ਜਾਂ ਤੁਹਾਡੇ ਤੱਕ ਰਸਾਈ ਕਰਨ ਦਾ ਬਹਾਨਾ ਹੁੰਦੇ ਹਨ । ਸੈਕਸਟੌਰਸ਼ਨ ਰਾਹੀਂ ਤੁਹਾਨੂੰ ਧਮਕੀਆਂ ਦਿਤੀਆਂ ਜਾਂਦੀਆਂ ਹਨ ਕਿ ਜੇ ਕਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਮੰਨੋਗੇ ਤਾਂ ਤੁਹਾਡੀਆਂ ਗੰਦੀਆਂ ਵੀਡੀਓਜ਼ ਜਾਂ ਤਸਵੀਰਾਂ ਸੋਸ਼ਲ ਮੀਡੀਏ ‘ਤੇ ਪਾ ਦਿਤੀਆਂ ਜਾਣਗੀਆਂ । ਵਿਸ਼ਿੰਗ ਇਕ ਹੋਰ ਧੋਖੇ ਦਾ ਢੰਗ ਹੈ ਜਿਸ ਰਾਹੀਂ ਇਹ ਠੱਗ ਤੁਹਾਡੀ ਨਿੱਜੀ ਜਾਣਕਾਰੀ  Customer ID, Net Banking password, ATM PIN, OTP, Card expiry date ਤੇ ਕਾਰਡ ਦਾ ਸੀਵੀਵੀ ਨੰਬਰ ਤੁਹਾਨੂੰ ਫੋਨ ਕਾਲ ਕਰਕੇ ਜਾਨਣ ਦੀ ਕੋਸ਼ਸ਼ ਕਰਦੇ ਹਨ ।

ਸੈਕਸਟਿੰਗ ਇਕ ਹੋਰ ਢੰਗ ਹੈ ਜਿਸ ਰਾਹੀਂ ਤੁਹਾਨੂੰ ਕਾਮ ਭਰਪੂਰ ਮੈਸਿਜ਼,ਈਮੇਲ.ਵੀਡੀਓਜ਼ ,ਤਸਵੀਰਾਂ ਜਾਂ ਫੋਨ ਕਾਲ ਵੀ ਕਰਕੇ ਉਕਸਾਇਆ ਜਾਂਦਾ ਹੈ । ਸਮੈਸ਼ਿੰਗ ਰਾਹੀਂ ਇਹ ਠੱਗ ਲੋਕਾਂ ਨੂੰ ਕਾਲ-ਬੈਕ ਜਾਂ ਧੋਖੇ ਵਾਲ਼ੀਆਂ ਸਾਈਟਸ ਖੋਲ੍ਹਣ ਲਈ ਉਕਸਾਉਂਦੇ ਹਨ ਤਾਂ ਕਿ ਤੁਹਾਨੂੰ ਜਾਲ਼ ‘ਚ ਫਸਾਇਆ ਜਾ ਸਕੇ । ਇਨ੍ਹਾਂ ਤੋਂ ਇਲਾਵਾ  Customer ID, Net Banking password, ATM PIN, OTP, Card expiry date, Phishing ,Spamming ,Ransomware ,Computer Virus ,data breach  ,Denial of Services (DoS) ,Website Defacement ,Cyber-Squatting ,Pharming ,Cryptojacking ,Online Drug Trafficking ,Espionage ਆਦਿ ਔਨਲਾਈਨ ਠੱਗੀਆਂ ਦੇ ਢੰਗ ਹਨ ਜੋ ਅਕਸਰ ਲੋਕਾਂ ਨਾਲ਼ ਹੁੰਦੇ ਰਹਿੰਦੇ ਹਨ ।

ਜੇਕਰ ਤੁਸੀਂ ਅਜਿਹੇ ਠੱਗਾਂ ਤੋਂ ਬਚਣਾ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖੋ , ਕਦੇ ਵੀ ਸੋਸ਼ਲ ਮੀਡੀਆ ‘ਤੇ ਆਪਣੀ ਨਿੱਜੀ ਜਾਣਕਾਰੀ ਨਾ ਸਾਂਝੀ ਕਰੋ ਤੇ ਸੋਸ਼ਲ ਮੀਡੀਆ ‘ਤੇ ਬੜੀ ਸੋਚ ਸਮਝ ਤੋਂ ਮਗਰੋਂ ਹੀ ਦੋਸਤ ਬਣਾਓ । ਕਦੇ ਵੀ ਕਿਸੇ ਅਣਜਾਣ ਨੂੰ ਆਪਣੇ ਫੋਨ ਵਰਤਣ ਜਾਂ ਕਾਲ ਕਰਨ ਨੂੰ ਨਾ ਦਿਓ, ਆਪਣੇ ਫੋਨ ਨੂੰ ਡਿਜ਼ੀਟਲ/ਬਾਇਓ ਮੀਟਰਿਕ ਲੌਕ ਲਾ ਕੇ ਰੱਖੋ, ਕਦੇ ਵੀ ਕਿਸੇ ਨੂੰ ਫੋਨ ‘ਤੇ ਕੋਈ ਵੀ ਓਪੀਟੀ ਨਾ ਦੱਸੋ ਕਿਉਂਕਿ ਕੋਈ ਵੀ ਬੈਂਕ,ਬੀਮਾ ਕੰਪਨੀ ਜਾਂ ਫੋਨ ਕੰਪਨੀ ਇਸ ਤਰ੍ਹਾਂ ਦੀ ਜਾਣਕਾਰੀ ਫੋਨ ‘ਤੇ ਨਹੀਂ ਮੰਗਦੀ, ਅਣਜਾਣ ਕਾਲਾਂ ਦਾ ਜਵਾਬ ਸੋਚ ਸਮਝ ਕੇ ਹੀ ਦਿਓ, ਕਿਸੇ ਵੀ ਮੈਸਿਜ /ਈਮੇਲ/ਫੇਸਬੁੱਕ ਜਾਂ ਹੋਰ ਐਪਸ ‘ਤੇ ਆਏ ਲਿੰਕ ਨੂੰ ਨਾ ਖੋਲੋ ਭਾਵ ਟੱਚ ਨਾ ਕਰੋ, ਜਿਸ ਮੈਸਿਜ ਵਿੱਚ ਟੱਚ ਕਰਨ ‘ਤੇ ਚਮਤਕਾਰ ਹੋਣ ਦੀ ਗੱਲ ਕੀਤੀ ਹੋਵੇ ਉਸ ਨੂੰ ਨਾ ਟੱਚ ਕਰੋ ,ਆਪਣਾ ਕੋਈ ਵੀ ਪਾਸਵਰਡ ਕਿਸੇ ਨੂੰ ਨਾ ਦੱਸੋ ਆਦਿ ।

ਜੇਕਰ ਕਦੇ ਵੀ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੇ ਨਾਲ਼ ਧੋਖਾ ਹੋ ਗਿਆ ਹੈ ਤਾਂ ਤੁਰੰਤ ਸਥਾਨਿਕ ਪੁਲਿਸ ਨੂੰ ਦੱਸੋ ਜਾਂ ਫਿਰ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਦੇ ਰਾਸ਼ਟਰੀ ਪੋਰਟਲ National Cyber Crime Reporting Portal ‘ਤੇ ਜਾਣਕਾਰੀ ਦਿਓ । ਸਾਈਬਰ ਕਰਾਇਮ ਲਈ ਰਾਸ਼ਟਰੀ ਹੈਲਪਲਾਇਨ ਨੰਬਰ 1930 ‘ਤੇ ਫੋਨ ਕਰੋ ਅਤੇ ਆਪਣੇ ਨਾਲ਼ ਹੋਏ ਧੋਖੇ ਦੀ ਸਹੀ ਸਹੀ ਜਾਣਕਾਰੀ ਦਿਓ ।

ਇਸੇ ਮਹੀਨੇ ਦੇ ਅਰੰਭ ‘ਚ ਪਟਿਆਲ਼ਾ ਦੇ ਐੱਸਐੱਸਪੀ ਵਰੁਣ ਸ਼ਰਮਾ ਆਈਪੀਐੱਸ ਨੇ ਇਕ ਪ੍ਰੈਸ ਕਾਨਫ਼ਰੰਸ ‘ਚ ਦੱਸਿਆ ਸੀ ਕਿ ਪਟਿਆਲ਼ਾ ਪੁਲਿਸ ਨੇ ਪਟਿਆਲ਼ਾ ਪੁਲਿਸ ਹੈਲਪ ਡੈਸਕ ‘ਤੇ ਸਾਇਬਰ ਠੱਗੀ ਹੋਣ ਦੀ ਸ਼ਿਕਾਇਤ ਮਿਲਣ ਦੇ ਅੱਠ ਘੰਟਿਆਂ ਦੇ ਅੰਦਰ-ਅੰਦਰ ਹੀ ਸ਼ਿਕਾਇਤ ਕਰਤਾ ਸ਼ੁਭੱਮ ਦੇ ਤਿੰਨ ਲੱਖ ਤੋਂ ਵੱਧ ਦੀ ਆਨਲਾਇਨ ਹੋਈ ਚੋਰੀ ਦੀ ਰਕਮ ਉਨ੍ਹਾਂ ਦੇ ਬੈਂਕ ਖਾਤੇ ‘ਚ ਵਾਪਿਸ ਕਰਵਾ ਦਿਤੀ ਸੀ । ਸਾਇਬਰ ਸੈੱਲ ਪਟਿਆਲ਼ਾ ਦੇ ਮਹਿਰਾਂ ਨੇ ਦੱਸਿਆ ਕਿ ਸ਼ੁਭੱਮ ਨੂੰ ਇਕ ਫੋਨ ਆਇਆ ਸੀ ਤੇ ਫੋਨ ਕਰਨ ਵਾਲ਼ੇ ਨੇ ਸ਼ੁੱਭਮ ਤੋਂ ਓਟੀਪੀ ਦੱਸਣ ਬਾਰੇ ਕਿਹਾ ਸੀ ਤੇ ਸ਼ੁਭੱਮ ਨੇ ਓਟੀਪੀ ਦੱਸ ਦਿਤਾ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button