EDITORIAL

ਪੰਜਾਬ ਸਿੰਘ ਹੋ ਗਿਆ 56 ਦਾ, ਵਧਾਈਆਂ ਦੇਵਾਂ ਜਾਂ ਵੈਣ ਸੁਣਾ !

ਲੀਡਰਾਂ ਨੇ ਲੁੱਟਿਆ ਪੰਜਾਬ ਨੂੰ 

ਅਮਰਜੀਤ ਸਿੰਘ ਵੜੈਚ (94178-01988) 

ਅੱਜ 1966 ਵਾਲ਼ੇ ਵੱਡੇ-ਟੁੱਕੇ ਪੰਜਾਬ ਦਾ 57ਵਾਂ ਜਨਮ ਦਿਨ ਹੈ ਜਿਸ ਨੂੰ ਸਿਆਸਤਦਾਨਾਂ ਦੀਆਂ ਕਮੀਨੀਆਂ ਨੀਤਾਂ ਨੇ 1947 ‘ਚ ਬੁਰੀ ਤਰ੍ਹਾਂ ਲਹੂ-ਲੁਹਾਣ ਕੀਤਾ ਸੀ । ਸੰਨ 47 ‘ਚ ਬਣਿਆ ‘ਮੇਰਾ ਦੇਸ਼ ਮਹਾਨ’ ਇਸੇ ਵਰ੍ਹੇ ਦੁਨੀਆਂ ਦੀ ਪੰਜਵੀਂ ਵੱਡੀ ਆਰਥਿਕ ਤਾਕਤ ਬਣ ਗਿਆ ਹੈ ਤੇ ਸਾਡਾ ਪੰਜਾਬ ਸਿੰਘ ਆਪਣੇ ਦੇਸ਼ ‘ਚ , ਜੋ‌ ਕਿਸੇ ਵਕਤ ਦੇਸ਼ ਦਾ ਸਿਰ-ਮੌਰ ਸੂਬਾ ਸੀ ,  16 ਵੇਂ ਸਥਾਨ ‘ਤੇ ਖਿਸਕ ਗਿਆ ਹੈ ।

ਪੰਜਾਬ ਸਿਆਂ ਤੂੰ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ‘ਚ ਪਹਿਲਾਂ ਕੁਰਬਾਨੀਆਂ ਦਾ ਕੋਈ ਅੰਤ ਨਹੀਂ ਛੱਡਿਆ, ਹਿੰਦੋਸਤਾਨ ਦੀ ਵੰਡ ਸਮੇਂ ਤੇਰੀ ਧਰਤੀ ‘ਤੇ ਮੌਤ ਦਾ ਤਾਂਡਵ ਹੋਇਆ , ਫਿਰ ਤੂੰ ਪਾਕਿਸਤਾਨ ਨਾਲ਼ ਲੱਗੀਆਂ ਲੜਾਈਆਂ ‘ਚ ਦੇਸ਼ ਨਾਲੋਂ ਵਧ ਚੜ੍ਹਕੇ ਲੜਿਆ , ਤੇਰੀਆਂ ਬੀਬੀਆਂ ਨੇ 1971 ਦੀ ਲੜਾਈ ‘ਚ ਪਾਕਿ ਸਰਹੱਦ ‘ਤੇ ਡਟੇ ਫੌਜੀਆਂ ਲਈ ਲੰਗਰ ਲਾ ਛੱਡਿਆ, ਵਰ੍ਹਦੀਆਂ ਗੋਲ਼ੀਆਂ ‘ਚ ਪੰਜਾਬੀਆਂ ਨੇ ਬੈਰਕਾਂ ਤੇ ਟੈਂਕਾਂ ‘ਚ ਬੈਠੇ ਜਵਾਨਾਂ ਨੂੰ ਗੁਰੂ ਦਾ ਲੰਗਰ ਪਹੁੰਚਦਾ ਕੀਤਾ, ਆਜ਼ਾਦੀ ਮਗਰੋਂ ਦੇਸ਼ ਨੂੰ ਖੁਰਾਕ ‘ਚ ਪੈਰਾਂ ‘ਤੇ ਖੜਾ ਕੀਤਾ, ਦੇਸ਼ ਦੀਆਂ ਫੌਜਾਂ ‘ਚ ਆਪਣੇ ਗੱਭਰੂ ਭੇਜੇ  ਤੇ ਹਾਲੇ ਵੀ ਤੂੰ ਖੂਨ ਪਸੀਨਾ ਕਰਕੇ ਦੇਸ਼ ਦੇ ਖੁਰਾਕ ਭੰਡਾਰ ਭਰ ਰਿਹਾ ਹੈ..ਚੀਨ ਦੇ ਚੀਨੇ ਹਾਲੇ ਵੀ ਸਿੰਘਾਂ ਦੇ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ਼ ਤ੍ਰਬਕ ਜਾਂਦੇ ਹਨ .ਹਾਲੇ ਵੀ ਸਰਹੱਦਾਂ ‘ਤੇ ਰਾਖੀ ਕਰਦੇ ਤੇਰੇ ਗੱਭਰੂ ਲਗਾਤਾਰ ‘ਤਿਰੰਗੇ’ ‘ਚ ਲਿਪਟ-ਲਿਪਟ ਕੇ ਆ ਰਹੇ ਨੇ

ਪੰਜਾਬ ਸਿਆਂ  ਤੈਨੂੰ ਬਦਲੇ ‘ਚ ਕੀ ਮਿਲ਼ਿਆ । ਪਿਛਲੀ ਸਦੀ ਦੇ  ਸੱਤਵੇਂ ਦਹਾਕੇ ਦੇ ਆਰੰਭ ‘ਚ ਪਹਿਲਾਂ  ਨਕਸਲੀ ਲਹਿਰ ਨੇ ਪੰਜਾਬ ਦਾ ਘਾਣ ਕੀਤਾ,  ਫਿਰ 1978 ਤੋਂ ਅੱਤਵਾਦ, ਹਜ਼ਾਰਾਂ ਹੀ ਨਿਰਦੋਸ਼ ਹਿੰਦੂ-ਸਿਖਾਂ ਦੇ ਕਤਲ ,  ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ,ਹਜ਼ਾਰਾਂਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ, ਪੁਲਿਸ ਤੇ ਅੱਤਵਾਦੀਆਂ ਵੱਲੋਂ ਲੋਕਾਂ ਨਾਲ਼ ਘੋਰ ਜ਼ਿਆਦਤੀਆਂ,  ਕੁੜੀਆਂ ਤੇ ਔਰਤਾਂ ਦੀ ਬੇਪਤੀ,  ਇੰਦਰਾ ਦੇ ਕਤਲ ਮਗਰੋਂ ’84-ਸਿਖ-ਨਸਲਕੁਸ਼ੀ’, ਧਾਰਮਿਕ ਸਥਾਨਾਂ ਦੀ ਬੇਅਦਬੀ , ਗੈਂਗਸਟਰ,ਧਰਤੀ ਹੇਠਲਾ ਖਤਮ ਹੁੰਦਾ ਪਾਣੀ, ਕਿਸਾਨ ਖੁਦਕੁਸ਼ੀਆਂ,ਕੈਂਸਰ,ਬੇਰੁਜ਼ਗਾਰੀ ,ਭਰਿਸ਼ਟਾਚਾਰ,ਪਰਵਾਸ, ਵਿਦੇਸ਼ੀਂ ਭੇਜਣ ਵਾਲ਼ੇ ਏਜੰਟਾਂ ਦੀਆਂ ਠੱਗੀਆਂ, ਨਕਲੀ ਵਿਆਹ ,ਵਿਆਹਾਂ ਸ਼ਾਦੀਆਂ ‘ਤੇ ਫ਼ਜ਼ੂਲ ਖਰਚ ਤੇ ਹੋਰ ਬਹੁਤ ਕੁਝ ਵੀ…  ।

                              ਪੰਜਾਬ ਸਿਆਂ ਤੈਨੂੰ ਤੇਰੇ ਸਭਿਆਚਾਰ ਦੇ ‘ਰਖਵਾਲੇ’ ਹਮੇਸ਼ਾ ਤੈਨੂੰ  ‘ਰੰਗਲਾ ਪੰਜਾਬ’

ਕਹਿਕੇ ਸਿਰ ਉੱਚਾ ਕਰ ਲੈਂਦੇ ਨੇ ਤੇ ਫਿਰ ਕਹਿੰਦੇ ਨੇ ‘ਪੰਜਾਬੀਆਂ ਦੀ ਸ਼ਾਨ ਵੱਖਰੀ’ ! ਅੱਜ ਕੱਲ੍ਹ ਤਾਂ ਰੋਜ਼ ਅਖ਼ਬਾਰਾਂ ‘ਚ  ਲੋਕ ਪੜ੍ਹਦੇ ਹਨ ਕਿ ਨਸ਼ੇ ਕਾਰਨ ਫਲਾਣੇ ਥਾਂ ਇਕ ਗੱਭਰੂ ਦੀ ਜਾਨ ਗਈ, ਕਿਤੇ ਕਿਸੇ ਨਸ਼ਾ ਕਰਦੀ ਕੁੜੀ ਦੀ ਵੀਡੀਓ  ਵਾਇਰਲ ਹੋਈ ਫਿਰਦੀ ਹੈ, ਕਿਸੇ ਕਿਸਾਨ ਨੇ ਕਰਜ਼ੇ ਤੋਂ ਤੰਗ ਆਕੇ ਸਲਫ਼ਾਸ ਖਾ ਲਈ ਜਾਂ ਪਰਨਾ ਗੱਲ਼ ‘ਚ ਪਾ ਫਾਹਾ ਲੈ ਲਿਆ, ਕਿਤੇ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਲਾਮੀਆਂ ਦੇ ਬੈਂਕ ਨੋਟਿਸ ਕੱਢੀ ਜਾਂਦੇ ਨੇ, ਲੋਕ ਜ਼ਮੀਨਾਂ  ਤੇ ਗਹਿਣੇ ਵੇਚ-ਵੇਚ  ਤੇ ਕਰਜ਼ੇ ਲੈ-ਲੈ ਆਪਣੇ ਬੱਚਿਆਂ ਨੂੰ ਰੋਜ਼ੀ ਕਮਾਉਣ ਲਈ ਬਾਹਰ ਤੋਰੀ ਜਾ ਰਹੇ ਹਨ.. ਰੋਜ਼ ਦਿਹਾੜੇ ਗੈਂਗਸਟਰਾਂ ਦੀਆਂ ਧਮਕੀਆਂ ਲੋਕਾਂ ਨੂੰ ਮਿਲ਼ ਰਹੀਆਂ ਨੇ ,ਦਿਨ ਦਿਹਾੜੇ ਕਤਲ ਹੋ ਰਹੇ ਨੇ…….ਕੀ ਇਹ ਹੀ ਹੈ ਪੰਜਾਬੀਆਂ ਦੀ ਸ਼ਾਨ  ਵੱਖਰੀ !

ਪੰਜਾਬੀਆਂ ਨੇ ਜਿਨ੍ਹਾਂ ਪਾਰਟੀਆਂ ਨੂੰ ਸਮੇਂ-ਸਮੇਂ ਪੰਜਾਬ  ‘ਤੇ ਰਾਜ ਕਰਨ ਲਈ ਵੋਟਾਂ ਪਾਕੇ ਸੱਤ੍ਹਾ ਦੇ ਸਿਖਰ ‘ਤੇ ਪਹੁੰਚਾਇਆ ਉਨ੍ਹਾਂ ‘ਚੋਂ ਬਹੁਤੇ ਆਪਣੇ ਘਰਾਂ ਨੂੰ ਢੋਣ ਲੱਗ ਪਏ ਤੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਕਿਸੇ ਨੇ ਧਰਮ ਦੇ ਨਾਂ ਤੇ ਮੋਰਚੇ ਲਾ ਲਏ, ਕਿਸੇ ਨੇ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਦਿੱਤੀ, ਕਿਸੇ ਨੇ ਸਾਇਕਲ ਵੰਡ ਦਿਤੇ ਕਿਸੇ ਨੇ ਮੁਬਾਇਲ ਫੋਨ ਮੁਫ਼ਤ ਵੰਡ ਦਿਤੇ । ਇਕ ਨੇ ਖਾਲਾਸੇ ਦੀ ਸਾਜਨਾ ਤੇ ਜਸ਼ਨ ਕਰਦਾ ਰਿਹਾ ਤੇ ਦੂਜਾ  ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ‘ਤੇ ਸੋਨੇ ਦੀ ਪਾਲਕੀ ਲੈ ਵਾਘਾ ਲੰਘ ਗਿਆ । ਇਕ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ  ਦਾ ਢੰਡੋਰਾ ਪਿੱਟ ਦਿਤਾ ਤੇ  ਨਸ਼ੇ ਖ਼ਤਮ ਕਰਨ ਦੀ ਝੂਠੀ ਸੌਂਹ ਚੁੱਕ ਲਈ, ਦੂਜੇ ਨੇ ‘ਤੀਰਥ ਯਾਤਰਾ’ ਮੁੱਫ਼ਤ ਕਰ ਦਿਤੀ । ਕਿਸੇ ਨੇ ਪਾਣੀ ‘ਚ ਬੱਸ ਚਲਾ ਦਿਤੀ, ਕਿਸੇ ਨੇ ਪੰਚਾਇਤੀ ਜ਼ਮੀਨਾਂ ਵੇਚਣੀਆਂ ਸ਼ੁਰੂ ਕਰ ਦਿਤੀਆਂ ਤੇ ਦੂਜੇ ਨੇ ਲੋਕਾਂ ਨੂੰ ਵੰਡਣੀਆਂ ਸ਼ੁਰੂ ਕਰ ਦਿਤੀਆਂ । ਕੋਈ ਘਰ-ਘਰ ਰੁਜ਼ਗਾਰ ਦੀ ਗੱਲ ਕਰਦਾ ਰਿਹਾ ਤੇ ਦੂਜਾ ਵਿਦੇਸ਼ਾਂ ‘ਚ ਗਏ ਲੋਕਾਂ ਨੂੰ ਵਾਪਸ ਲਿਆਉਣ ਦੇ ਸੁਪਨੇ ਵਿਖਾਕੇ ਗੱਦੀ ਜਾ ਬੈਠਾ ।

ਇਨ੍ਹਾਂ ਲੀਡਰਾਂ ਨੇ ਆਪਣੀ ਕੁਰਸੀ ਦੀ ਹਵਸ ਪੂਰੀ ਕਰਨ ਲਈ ਕਦੇ ਪਾਣੀ ਵੇਚ ਦਿਤੇ ਕਦੀ ਇਲਾਕੇ ਵੇਚ ਦਿਤਾ । ਕੋਈ ਚੰਡੀਗੜ੍ਹ ਪੰਜਾਬ ਨੂੰ ਲੈਕੇ ਦੇਣ ਲਈ ਝੰਡੇ ਚੁੱਕ ਲਿਆਇਆ ਤੇ ਕੋਈ ਪੰਜਾਬ ਨੂੰ ਕੈਲੀਫ਼ੋਰਨੀਆਂ ਬਣਾਉਣ ਦੇ ਸਬਜ਼ਬਾਗ ਵਿਖਾ ਗਿਆ । ਇਕ ਨੂੰ ਪੰਥ ਖ਼ਤਰੇ ‘ਚ ਲੱਗਦਾ ਹੈ ਤੇ ਦੂਜਾ ਪੰਜਾਬ ‘ਚ ਖਾਲਿਸਤਾਨ ਬਣਾਉਣ ਦੇ ਖ਼ਾਬ ਬੁਣ ਰਿਹਾ ਹੈ ।  ਇਕ ‘ਭਾਰਤ-ਪਾਕਿ ਪੰਜਾਬ’ ਖੇਡਾਂ ਕਰਵਾ ਦਿੰਦਾ ਹੈ ਤੇ ਦੂਜਾ ‘ਵਰਲਡ ਕਬੱਡੀ ਕੱਪ’ ਤੇ ਤੀਜਾ ‘ਖੇਡਾਂ ਵਤਨ ਪੰਜਾਬ ਦੀਆਂ, ਕਰਵਾ ਦਿੰਦਾ ਹੈ ਤੇ ਜਦੋਂ ਗੁਜਰਾਤ ‘ਚ ਰਾਸ਼ਟਰੀ ਖੇਡਾਂ ਹੁੰਦੀਆਂ ਹਨ ਤਾਂ ਪੰਜਾਬ ਦਸਵੇਂ ਨੰਬਰ ‘ਤੇ ਜਾ ਡਿਗਦਾ ਹੈ । ਅੱਜ ਪੰਜਾਬ ਦਾ ਕਿਸਾਨ ਕਰਜ਼ੇ ‘ਚ ਖੁਭਿਆ ਪਿਆ ਹੈ ਤੇ ਪੰਜਾਬ ਖੁਦ ਤਿੰਨ ਲੱਖ ਕਰੋੜ ਰੁ: ਦਾ ਕਰਜ਼ਈ ਹੈ ।

ਆਪਣੇ-ਆਪ ਨੂੰ ਕਿਸਾਨਾਂ ਦਾ ਹਤੈਸ਼ੀ ਦੱਸਣ ਵਾਲ਼ੇ ਕੇਂਦਰ ਸਰਕਾਰ ਕੋਲ਼ ਕਿਸਾਨਾਂ ਦੇ ਹੱਕ ਗਹਿਣੇ ਧਰਨ ਲੱਗਿਆਂ ਜ਼ਰਾ ਗੁਰੇਜ਼ ਨਹੀਂ ਕਰਦੇ ਤੇ ਆਪਣੇ ਧੀਆਂ ਪੁੱਤਰਾਂ ਨੂੰ ਵਜ਼ੀਰੀਆਂ ਦੁਆਕੇ ਪੰਜਾਬ ਦੀ ‘ਬੱਲੇ-ਬੱਲੇ’ ਕਰਵਾ ਦਿੰਦੇ ਹਨ । ਉਂਜ ਲੀਡਰ ਕਹਿੰਦੇ ਨੇ ਕਿ ਉਹ ਪੰਜਾਬ ਦੇ ਪਾਣੀਆਂ ਲਈ ਜਾਨਾਂ ਵਾਰ ਦੇਣਗੇ ਪਰ ਇਕ ਦੇ ਰਾਜ ਕਰਦਿਆਂ ਐੱਸਵਾਈਐੱਲ ਦੀ ਉਸਾਰੀ ਹੋ ਜਾਂਦੀ ਹੈ ਤੇ ਦੂਜੇ ਦੇ ਰਾਜ ਸਮੇਂ ਹਾਂਸੀ-ਬੁਟਾਣਾ ਨਹਿਰ ਨਿਕਲ਼ ਜਾਂਦੀ ਹੈ ।

ਪੰਜਾਬ ਸਿਆਂ ਅੱਜ ਤੇਰਾ 57ਵਾਂ ਜਨਮ ਦਿਨ ਹੈ ..ਤੈਨੂੰ ਵਧਾਈਆਂ ਦੇਈਏ ਜਾਂ ਉਨ੍ਹਾਂ ਮਾਵਾਂ ਦੇ ਵੈਣ ਸੁਣੀਏ ਜਿਨ੍ਹਾਂ ਦੇ ਪੁੱਤਰ ਨਸ਼ੇ ਦੇ ਟੀਕੇ ਲਾ-ਲਾ ਮੌਤ ਦੇ ਮੂੰਹ ‘ਚ ਜਾ ਰਹੇ ਹਨ, ਫਾਹੇ ਲਟਕਟੇ ਕਿਸਾਨਾਂ ਦੇ ਉਜੜ ਰਹੇ ਘਰਾਂ ਦਾ ਵਿਰਲਾਪ ਸੁਣੀਏਂ ਜਾਂ ਫਿਰ ਕਿਸੇ ਓਸ ‘ਕਲਾਕਾਰ ਦਾ ਨਵਾਂ ਰਲੀਜ਼ ਹੋਇਆ ਗੀਤ ਸੁਣੀਏਂ ਜਿਹੜਾ ਪਤਾ ਨੀ ਕਿਹੜੇ ਪੰਜਾਬ ਬਾਰੇ ਕਹੀ ਜਾਂਦਾ ਕਿ ‘ਪੰਜਾਬ ਦੀ ਹੋ ਗਈ ਬੱਲੇ ਬਈ ਬੱਲੇ ‘।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button