EDITORIAL

ਚੰਡੀਗੜ੍ਹ ਸ਼ਕਤੀ ਦਾ ਗੜ੍ਹ ਜਾਂ ਪੁਆੜੇ ਦੀ ਜੜ੍ਹ

ਅਮਰਜੀਤ ਸਿੰਘ ਵੜੈਚ (94178-01988)

ਸੰਨ 47 ਦੀ ਵੰਡ ਮਗਰੋਂ ਭਾਰਤੀ ਪੰਜਾਬ ਦੀ ਰਾਜਧਾਨੀ ਜਲੰਧਰ ਬਣਾਈ ਗਈ। ਇਸੇ ਦੌਰਾਨ ਕੁਝ ਸਮਾਂ ਸ਼ਿਮਲਾ ਵੀ ਪੰਜਾਬ ਦੀ ਰਾਜਧਾਨੀ ਰਹੀ। ਫਿਰ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਦੂਰ-ਦ੍ਰਿਸ਼ਟੀ ਸਦਕਾ ਪੰਜਾਬ ਲਈ ਇਕ ਆਧੁਨਿਕ ਨਵੀਂ ਰਾਜਧਾਨੀ ਬਣਾਉਣ ਦਾ ਸੁਪਨਾ ਲਿਆ ਗਿਆ ; ਇੰਜ  1953 ‘ਚ ਪੰਜਾਬ ਨੂੰ ਨਵੀਂ ਰਾਜਧਾਨੀ ਚੰਡੀਗੜ੍ਹ  ਦੇ ਰੂਪ ‘ਚ ਮਿਲੀ। ਚੰਡੀਗੜ੍ਹ ਕਿਸੇ ਪੁਰਾਣੇ ਸ਼ਹਿਰ, ਕਸਬੇ ਜਾਂ ਪਿੰਡ ਦਾ ਨਾਮ ਨਹੀਂ ਹੈ ਬਲਕਿ ਇਹ ਨਾਮ ਚੰਡੀਗੜ੍ਹ ਦੇ ਇਲਾਕੇ ‘ਚ ਸਥਿਤ ਦੇਵੀ ਚੰਡੀ ਮੰਦਰ ਤੋਂ ਲਿਆ ਗਿਆ ; ਚੰਡੀ ਦਾ ਮਤਲਬ ਹੈ ਸ਼ਕਤੀ ਦੀ ਦੇਵੀ ਅਤੇ ਇਸ ਦੇ ਨਾਲ ਸ਼ਬਦ ‘ਗੜ੍ਹ” ਭਾਵ ਕਿਲਾ ਜੋੜ ਕਿ ‘ਚੰਡੀਗੜ੍ਹ’ ਬਣਾ ਦਿੱਤਾ ਗਿਆ।

ਇਸ ਨਵੇਂ ਸ਼ਹਿਰ ਦੀ ਥਾਂ ਇਸ ਢੰਗ ਨਾਲ ਚੁਣੀ ਕਿ ਇਹ ਪੰਜਾਬ ਦੇ ਵਿਚਕਾਰ ਹੋਵੇ ; ਉਸ ਵਕਤ ਪੰਜਾਬ ਦੀਆਂ ਸਰਹੱਦਾਂ ਮੌਜੂਦਾ ਹਰਿਆਣਾ ਸਮੇਤ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੱਕ ਸਨ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ‘ਚ ਵੱਸਿਆ ਚੰਡੀਗੜ੍ਹ ਅੱਜ ਤੱਕ ਭਾਰਤ ਦਾ ਸਭ ਤੋਂ ਖੂਬਸੂਰਤ ਅਤੇ ਆਧੁਨਿਕ ਢੰਗ ਨਾਲ ਬਣਿਆਂ ਸ਼ਹਿਰ ਹੈ।  ਇਥੋਂ ਦਾ ਰੌਕ ਗਾਰਡਨ, ਰੋਜ਼ ਗਾਰਡਨ, ਹਰਿਆਵਲ, ਸੜਕਾਂ ਅਤੇ ਸੈਕਟਰਾਂ ਦੀ ਵਿਓਂਤਬੰਦੀ, ਵਿਧਾਨ-ਸਭਾਵਾਂ, ਹਾਈਕੋਰਟ, ਸੈਕਰੇਟੇਰੀਏਟ, ਲਈਅਰ ਵੈਲੀ, ਸੁਖਨਾ ਝੀਲ ਆਦਿ ਵਿਸ਼ੇਸ਼ ਖਿਚ ਦਾ ਕਾਰਨ ਹਨ। ਇਸੇ ਕਰਕੇ ਇਸ ਨੂੰ ‘ਸਿਟੀ ਬਿਊਟੀਫ਼ੁੱਲ’ ਕਿਹਾ ਜਾਂਦਾ ਹੈ।

ਇਸ ਸ਼ਹਿਰ ਦੀ ਵਿਓਂਤਬੰਦੀ ਲਈ 1950 ‘ਚ ਪਹਿਲਾਂ ਅਮਰੀਕਾ ਦੀ ਇਕ ਫਰਮ ਨੂੰ ਚੁਣਿਆ ਗਿਆ। ਇਸ ਦੀ ਪਲਾਨਿੰਗ ਕਰਨ ਵਾਲੇ ਅਮਰੀਕੀ ਆਰਕੀਟੈਕਟ ਐਲਬਰਟ ਮੇਅਰ ਅਤੇ ਮੈਥੀਓ ਨੋਵਾਕੀ ਨੇ ਕੰਮ ਕਰਨਾ ਆਰੰਭ ਕਰ ਦਿਤਾ ਸੀ ਕਿ ਅਚਾਨਕ ਨੋਵਾਕੀ ਦੀ ਇਕ  ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਜਿਸ ਮਗਰੋਂ ਮੇਅਰ ਵੀ ਕੰਮ ਛੱਡ ਗਏ। ਇਸ ਮਗਰੋਂ 1951 ‘ਚ ਭਾਰਤ ਨੇ ਫ਼ਰਾਂਸ ਦੇ ਆਰਕੀਟੈਕਟ ਲੀ ਕਾਰਬੂਜ਼ੀਅਰ ( ਅਸਲੀ ਨਾਂ Charles Ednard Jeaneret / Le Carbusier) ਨੂੰ ਇਸ ਕਾਰਜ ਲਈ ਚੁਣਿਆ।

ਚੰਡੀਗੜ੍ਹ ਬਣਾਉਣ ਲਈ ਪੰਜਾਬ ਦੇ ਪੁਆਧ ਇਲਾਕੇ ਦੇ 50 ਪਿੰਡਾਂ ਨੂੰ ਉਜਾੜਿਆ ਗਿਆ ਜਿਥੇ ਅੱਜ ਕੱਲ੍ਹ ਦੁਨੀਆਂ ਦਾ ਇਹ ਸ਼ਹਿਰ ਵੱਸਿਆ ਹੈ। ਇਸ ਵਿੱਚ ਪੰਜਾਬ ਦੀ ਰਾਜਧਾਨੀ ਸਰਕਾਰੀ ਤੌਰ ‘ਤੇ ਤਾਂ 21 ਸਿਤੰਬਰ 1953 ਨੂੰ ਤਬਦੀਲ ਹੋ ਗਈ ਸੀ ਪਰ ਇਸਦਾ ਉਦਘਾਟਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸ਼ਾਦ ਨੇ ਸੱਤ ਸਿਤੰਬਰ 1953 ਨੂੰ ਕੀਤਾ ਸੀ।

ਇਸ ਸ਼ਹਿਰ ਦੀ ਖੂਬਸੂਰਤੀ ਅਤੇ ਵਿਓਂਤਬੰਦੀ ਦੇ ਆਧਾਰ ‘ਤੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਵੱਲੋਂ ਜੁਲਾਈ 2016 ‘ਚ ਇਸ ਸ਼ਹਿਰ ਨੂੰ ‘ਵਿਸ਼ਵ ਵਿਰਾਸਤੀ ਸ਼ਹਿਰ’ ਦਾ ਦਰਜਾ ਦੇ ਦਿੱਤਾ ਗਿਆ। ਇਸ ਸ਼ਹਿਰ ਨੂੰ ਇਸ ਵਰ੍ਹੇ 23 ਸਤੰਬਰ ਨੂੰ 70ਵਾਂ ਸਾਲ ਲੱਗ ਜਾਵੇਗਾ। ਇਸ ਸ਼ਹਿਰ ਨੂੰ 56 ਸੈਕਟਰਾਂ ‘ਚ ਵੰਡਿਆ ਗਿਆ ਹੈ ਜੋ ਕਾਰਬੂਜ਼ੀਅਰ ਨੇ ਸਿਰਫ਼ 30 ਸੈਕਟਰਾਂ ਤੱਕ ਹੀ ਰੱਖਿਆ ਸੀ ਪਰ ਬਆਦ ਵਿੱਚ 31 ਤੋਂ 47 ਸੈਕਟਰ ਹੋਰ ਜੋੜ ਦਿਤੇ ਗਏ। ਇਸਦੇ 56 ਸੈਕਟਰ ਗਿਣਤੀ ਵਿੱਚ 55 ਹਨ ਪਰ ਲਗਾਤਾਰ ਇਕ ਤੋਂ ਛਪਿੰਜਾ ਤੱਕ ਗਿਣਦਿਆਂ ਪਤਾ ਲੱਗਦਾ ਹੈ ਕਿ ਸੈਕਟਰ ਨੰਬਰ 13 ਗੁੰਮ ਹੈ ; ਭਾਰਤੀ ਤੇ ਫ਼ਰਾਂਸ ਦੇ ਸੱਭਿਆਚਾਰ ‘ਚ ’13’ ਦੇ ਅੰਕ ਨੂੰ ਸ਼ੈਤਾਨ /ਅਸ਼ੁੱਭ ਮੰਨਿਆਂ ਜਾਂਦਾ ਹੈ ਇਸ ਲਈ ਕਾਰਬੂਜ਼ੀਅਰ ਨੇ 13ਵੇਂ ਸੈਕਟਰ ਨੂੰ ਨੰਬਰ ਹੀ ਨਹੀਂ ਦਿੱਤਾ ; ਹੁਣ 2020 ‘ਚ ਚੰਡੀਗੜ੍ਹ ਪ੍ਰਸ਼ਾਸਨ ਨੇ ਮਨੀਮਾਜਰਾ ਨੂੰ ਸਰਕਾਰੀ ਤੌਰ ‘ਤੇ ਸੈਕਟਰ 13 ਦਾ ਨਾਮ ਦੇ ਦਿੱਤਾ ਹੈ।

ਸੰਨ 1948 ‘ਚ ‘ਪੰਜਾਬੀ ਸੂਬਾ’ ਦੀ ਮੰਗ ਉਠਣ ਮਗਰੋਂ ਕੇਂਦਰ ਸਰਕਾਰ ਨੇ ਇਕ ਨਵੰਬਰ 1966 ਨੂੰ  1947 ਤੋਂ ਬਾਅਦ ਵਾਲੇ ਪੰਜਾਬ ਨੂੰ ਤੋੜਕੇ ਨਵਾਂ ਰਾਜ ਹਰਿਆਣਾ ਬਣਾ ਦਿੱਤਾ ਅਤੇ ਕੁਝ ਹਿੱਸੇ ਕੇਂਦਰ ਸਾਸ਼ਿਤ ਪ੍ਰਦੇਸ਼ ਹਿਮਾਚਲ ‘ਚ ਰਲਾ ਦਿੱਤੇ ਅਤੇ ਬਾਕੀ ਬਚੇ ਇਲਾਕੇ ਨੂੰ ਮੌਜੂਦਾ ਪੰਜਾਬ ਬਣਾ ਦਿੱਤਾ। Punjab Reorganisation Act 1966 (Act 31-1966) ਅਨੁਸਾਰ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦ‌ੀ ਸਾਂਝੀ ਰਾਜਧਾਨੀ ਰਹੇਗੀ। ਇਸ ਐਕਟ ਅਨੁਸਾਰ ਇਕ ਨਵੰਬਰ 1966 ਤੋਂ ਪਹਿਲੇ ਪੰਜਾਬ ਦੇ ਅੰਬਾਲਾ ਜ਼ਿਲ੍ਹੇ ਦੀ ਖਰੜ ਤਹਿਸੀਲ ਦੇ ਦੋ ਕਾਨੂੰਨਗੋਈ ਹਲਕੇ ਮਨੀਮਾਜਰਾ ਅਤੇ ਮਨੌਲੀ ਦੇ, ਸ਼ਡਿਊਲ ਦੂਜੇ ਅਨੁਸਾਰ, ਇਲਾਕੇ ਇਕ ਨਵੰਬਰ ਤੋਂ ਕੇਂਦਰ ਸਾਸ਼ਿਤ ਪ੍ਰਦੇਸ਼ ਬਣਾ ਦਿੱਤੇ ਗਏ, ਜਿਸ ਇਲਾਕੇ ‘ਚ ਚੰਡੀਗੜ੍ਹ ਬਣਿਆ ਹੋਇਆ ਸੀ।

ਦਰਅਸਲ 47 ਦੀ ਵੰਡ ਮਗਰੋਂ ਪੰਜਾਬ ਲਈ ਰਾਜਧਾਨੀ ਦੀ ਲੋੜ ਸੀ ਜਿਸ ਕਰਕੇ ਪੰਜਾਬ ਨੂੰ ਨਵੀਂ ਰਾਜਧਾਨੀ ਵਜੋਂ ਚੰਡੀਗੜ੍ਹ ਬਣਾ ਦਿੱਤਾ ਗਿਆ ਜਦੋਂ  ਕਿ ਨਵਾਂ ਰਾਜ ਹਰਿਆਣਾ ਬਣਾਉਣ  ਦੀ ਕੋਈ ਮੰਗ ਨਹੀਂ ਸੀ। ਅਸੂਲਨ ਤਾਂ ਨਵੇਂ ਰਾਜ ਨੂੰ ਨਵੀਂ ਰਾਜਧਾਨੀ ਬਣਾਉਣੀ ਚਾਹੀਦੀ ਹੈ ਜਿਵੇਂ ਪੁਰਾਣੀ ਰਵਾਇਤ ਚੱਲਦੀ ਆ ਰਹੀ ਹੈ। ਪੰਜਾਬ ਦੀ ਵੰਡ ਸਮੇਂ ਇਹ ਫ਼ੈਸਲਾ ਨਹੀਂ ਕੀਤਾ ਗਿਆ ਜਿਸ ਕਰਕੇ ਇਹ ਸ਼ਹਿਰ ਪੰਜਾਬ ਤੇ ਹਰਿਆਣੇ ਦਰਮਿਆਨ ਹਮੇਸ਼ਾ ਪੁਆੜੇ ਦ‌ੀ ਜੜ੍ਹ ਬਣਿਆ ਰਿਹਾ ਹੈ। ਇਹ ਸਾਡੀ ਲੀਡਰਸ਼ਿਪ ਅਤੇ ਸਰਕਾਰਾਂ ਦੀ ਨਲਾਇਕੀ ਹੀ ਹੈ ਕਿ ਇਸ ਸ਼ਹਿਰ ਕਰਕੇ ਕਈ ਲੋਕ, ਲੀਡਰ ਅਤੇ ਅਫ਼ਸਰ ਬਲੀ ਚੜ੍ਹ ਚੁੱਕੇ ਹਨ। ਪੰਜਾਬ ਨੂੰ ਤੋੜਿਆਂ ਵੀ 1966 ਤੋਂ ਹੁਣ 56 ਸਾਲ ਹੋਣ ਵਾਲੇ ਹਨ ਮਸਲਾ ਹਾਲੇ ਵੀ ਓਥੇ ਦਾ ਓਥੇ ਹੀ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button