EDITORIAL

ਕਿੰਜ ਬਣਦੇ ਨੇ ਗੋਲਡੀ ,ਜੱਗੂ, ਬਿਸ਼ਨੋਈ , ਬੰਬੀਹੇ ? ਲੀਡਰਾਂ ਦੀ ਚੋਣ ਵੇਲ਼ੇ ਨਸਲ ਪਰਖ ਲਓ

ਅਮਰਜੀਤ ਸਿੰਘ ਵੜੈਚ (94178-01988)

ਮਨੁੱਖ ਦੀ ਇਕ ਆਦਤ ਰਹੀ ਹੈ ਕਿ ਪਤਾ ਹੋਣ ਦੇ ਬਾਵਜੂਦ ਕਿ ਗ਼ਲਤੀ ‘ਮੇਰੀ’ ਹੈ ਤਾਂ ਵੀ ਇਲਜ਼ਾਮ ਦੂਜੇ ‘ਤੇ ਹੀ ਧਰਨ ਦੀ ਪੂਰੀ ਵਾਹ ਲਾ ਦਿਤੀ ਜਾਂਦੀ ਹੈ । ਪੰਜਾਬ ਵਿੱਚ ਨਸ਼ਿਆਂ ,ਗੈਂਗਸਟਰਾਂ, ਧਰਤੀ ਹੇਠਲੇ ਪਾਣੀ ਦੀ ਬਰਬਾਦੀ, ਖੇਤੀ ‘ਚ ਜ਼ਹਿਰਾਂ ਦੀ ਵਰਤੋਂ ਤੇ ਇਸੇ ਤਰ੍ਹਾਂ ਹੋਰ ਵੀ ਕਈ ਪੱਖ ਹਨ ਜਿਥੇ ਸਾਡੀਆਂ ਲਾਪਰਵਾਹੀਆਂ ਸਾਨੂੰ ਮਹਿੰਗੀਆਂ ਪੈਂਦੀਆਂ ਹਨ ਪਰ ਅਸੀ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਹਾਂ ।

ਇਥੇ ਗੱਲ ਸਿਰਫ਼ ਨਸ਼ਿਆਂ ਤੇ ਗੈਂਗਸਟਰਾਂ ਦੀ ਹੀ ਕਰਾਂਗੇ : ਕੋਈ ਵੀ ਬੱਚਾ ਪੈਦਾ ਹੋਣ ਮਗਰੋਂ ਜਵਾਨ ਹੋਣ ਤੱਕ ਲੰਮਾ ਸਮਾਂ ਘਰ ‘ਚ ਹੀ ਰਹਿੰਦਾ ਹੈ । ਘਰ ‘ਚ ਰਹਿੰਦਾ ਉਹ ਆਪਣੇ ਰਿਸ਼ਤਿਆਂ ਤੇ ਸਮਾਜ ਨਾਲ਼ ਵਰਤਣਾ ਸਿਖਦਾ ਹੈ । ਹਰ ਰੋਜ਼ ਸ਼ਾਮ ਨੂੰ ਰਾਤ ਗੁਜ਼ਾਰਨ ਲਈ ਉਹ ਘਰ ਹੀ ਮੁੜਦਾ ਹੈ ਤਾਂ ਫਿਰ ਉਹ ਮਾੜੀ ਸੰਗਤ ‘ਚ ਕਦੋਂ ਗ਼ਲਤਾਨ ਹੋ ਜਾਂਦਾ ਹੈ ? ਇਹ ਹੀ ਸਵਾਲ ਹੈ ਜੋ ਸਾਡੀ ਸਾਰਿਆਂ ਦੀ ਤਵੱਜੋਂ ਭਾਲ਼ਦਾ ਹੈ ।

ਜਿਹੜੇ ਯੁਵਕ ( ਲੜਕੇ ਤੇ ਲੜਕੀਆਂ) ਗ਼ਲਤ ਸੰਗਤ ‘ਚ ਪੈਦੇ ਹਨ ਉਨ੍ਹਾਂ ਉਪਰ ਹੋਏ ਸਮਾਜਿਕ ਅਧਿਅਨ ਇਸ ਸਿੱਟੇ ‘ਤੇ ਹੀ ਪਹੁੰਚੇ ਹਨ ਕਿ ਜਦੋਂ ਮਾਪਿਆਂ/ਸਰਪ੍ਰਸਤਾਂ ਵੱਲੋਂ ਆਪਣੇ ਬੱਚਿਆਂ ‘ਤੇ ਨਿਗਰਾਨੀ ਘੱਟ ਜਾਂਦੀ ਹੈ ਤੇ ਜ਼ਿਆਦਾ ਖੁੱਲ੍ਹਾਂ ਦਿਤੀਆਂ ਜਾਂਦੀਆਂ ਹਨ ਤਾਂ ਬੱਚੇ ਹੱਥਾਂ ‘ਚੋਂ ਤਿਲਕ ਜਾਂਦੇ ਹਨ । ਚੜ੍ਹਦੀ ਉਮਰੇ ਯੁਵਕਾਂ ਨੂੰ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ । ਜਿਹਨੇ ਲਾਈ ਗੱਲੀਂ ਓਸੇ ਨਾਲ਼ ਉਠ ਚੱਲੀ ।

ਯੁਵਕਾਂ ਨੂੰ ਸਮਝਣ ਲਈ ਸਾਨੂੰ ਇਕ ਘੁਮਿਆਰ ਵੱਲੋਂ ਭਾਂਡੇ ਬਣਾਉਣ ਦੇ ਕੰਮ ਨੂੰ ਸਮਝਣਾ ਚਾਹੀਦਾ ਹੈ : ਚੜ੍ਹਦੀ ਉਮਰ ਭਾਂਡੇ ਬਣਾਉਣ ਲਈ ਘੁਮਿਆਰ ਵੱਲੋਂ ਗੋਈ ਮਿੱਟੀ ਵਰਗੀ ਹੁੰਦੀ ਹੈ । ਘੁਮਿਆਰ ਪਹਿਲਾਂ ਮਿੱਟੀ ਨੂੰ ਬੜੇ ਧਿਆਨ ਨਾਲ਼ ਗੋਂਦਾ ਹੈ । ਜਦੋਂ ਮਿੱਟੀ ਤਿਆਰ ਹੋ ਜਾਂਦੀ ਹੈ ਤਾਂ ਉਹ ਕਲਾਕਾਰ ਮਿੱਟੀ ਸੁਕਣ ਤੋਂ ਪਹਿਲਾਂ ਪਹਿਲਾਂ ਹੀ ਉਸ ਨੂੰ ਲੋੜ ਅਨੁਸਾਰ ਘੜਿਆਂ,ਸੁਰਾਹੀਆਂ,ਗਮਲਿਆਂ ,ਕੂੰਡਿਆਂ,ਦੀਵਿਆਂ,ਚਿਲਮਚਾਂ ,ਹੁੱਕਿਆਂ ਆਦਿ ‘ਚ ਆਪਣੇ ਚੱਕ ‘ਤੇ ਚਾੜ੍ਹਕੇ ਢਾਲ਼ ਦਿੰਦਾ ਹੈ । ਥੋੜੀ ਜਿਹੀ ਦੇਰ ਤੇ ਲਾਪਰਵਾਹੀ ਵੀ ਉਸ ਘੁਮਿਆਰ ਨੂੰ ਬੜੀ ਮਹਿੰਗੀ ਪੈ ਜਾਂਦੀ ਹੈ ।

ਇਹੋ ਹੀ ਸਥਿਤੀ ਯੁਵਕਾਂ ਦੀ ਹੁੰਦੀ ਹੈ । ਮਾਪੇ ਆਪਣੇ ਬੱਚਿਆਂ ਦੀਆਂ ਗਤੀ ਵਿਧੀਆਂ ਤੋਂ ਜਾਂ ਤਾਂ ਅਣਜਾਣ ਰਹਿੰਦੇ ਹਨ ਜਾਂ ਫਿਰ ਲਾਡ-ਲਾਡ ‘ਚ ਅੱਖੋਂ ਪਰੋਖੇ ਕਰ ਦਿੰਦੇ ਹਨ । ਜਦੋਂ ਘਰ ‘ਚ ਵੱਡੇ ਸ਼ਰਾਬ ਦੇ ਪੈੱਗ ਲਾ ਰਹੇ ਹੁੰਦੇ ਹਨ ਤਾਂ ਸਾਡੇ ਪੰਜਾਬੀ ਆਪਣੇ ਨਿੱਕੇ ਬਾਲਾਂ ਨੂੰ ਨਿੱਕੇ-ਨਿੱਕੇ ਘੁੱਟ ਭਰਾ ਕੇ ਬੜੇ ਖੁਸ਼ ਹੁੰਦੇ ਹਨ । ਬੱਚਿਆਂ ਨੂੰ ਖਿਡੌਣੇ ਦੇਣ ਸਮੇਂ ਬੰਦੂਕਾਂ ਤੇ ਪਿਸਟਲ ਖਰੀਦ ਕੇ ਦਿੰਦੇ ਹੀ ਨਹੀਂ ਬਲਕਿ ਫਿਰ ਆਪ ਨਿਸ਼ਾਨਾਂ ਲਾਉਣਾ ਵੀ ਸਿਖਾਉਂਦੇ ਹਨ…ਤੇ ਫਿਰ ਹੱਸਦੇ ਵੀ ਹਨ । ਜਦੋਂ ਕੋਈ ਛੋਟਾ ਬੱਚਾ ਗਾਲ਼ ਕੱਢਦਾ ਹੈ ਤਾਂ ਫਿਰ ਬੜੇ ਖੁਸ਼ ਹੀ ਨਹੀਂ ਹੁੰਦੇ ਸਗੋਂ ਦੂਜਿਆਂ ਨੂੰ ਬੜੇ ਚਾਅ ਨਾਲ਼ ਦੱਸਦੇ ਹਨ ।

ਕਈ ਵਾਰ ਨਿੱਕੇ ਜੁਆਕ ਕੋਈ ਗ਼ਲਤੀ ਕਰ ਲੈਂਦਾ ਹੈ ਤਾਂ ਫਿਰ ਉਨ੍ਹਾਂ ਨੂੰ ਸਜ਼ਾ ਵੱਡਿਆਂ ਵਾਂਗ ਦਿਤੀ ਜਾਂਦੀ ਹੈ । ਅਸੀਂ ਬੱਚਿਆਂ ਤੋ ਜਦੋਂ ਵੱਡਿਆਂ ਵਰਗੇ ਵਤੀਰੇ ਦੀ ਆਸ ਕਰਨ ਲੱਗ ਪੈਂਦੇ ਹਾਂ ਫਿਰ ਕਹਾਣੀ ਸ਼ੁਰੂ ਹੁੰਦੀ ਹੈ ਕਿਸੇ ਬੱਚੇ ਜਾਂ ਯੁਵਕ ਦੀ ਜਦੋਂ ਉਹ ਲੀਹੋਂ ਲਹਿਣ ਲੱਗਦਾ ਹੈ । ਬੱਚੇ ਅਗਰ ਨਸ਼ਿਆਂ ‘ਤੇ ਲੱਗਦੇ ਹਨ ਜਾਂ ਗੈਂਗਸਟਰ ਬਣਦੇ ਹਨ ਤਾਂ ਇਸ ਵਿੱਚ 15 ਆਨੇ ਕਸੂਰ ਮਾਪਿਆਂ ਦਾ ਹੁੰਦਾ ਹੈ । ਜਦੋਂ ਕੋਈ ਬੱਚਾ ਜਾਂ ਯੁਵਕ ਮਾਪਿਆਂ ਤੋਂ ਬਾਗੀ ਹੁੰਦਾ ਹੈ ਜਾਂ ਕਿਸੇ ਬੱਚੇ ਨੂੰ ਲੋੜ ਨਾਲ਼ੋਂ ਵੱਧ ਪਿਆਰ ,ਪੈਸਾ ਤੇ ਪਰਵਰਿਸ਼ ਮਿਲ਼ਦੀ ਹੈ ਤਾਂ ਉਹ ਗ਼ਲਤ ਸੰਗਤ ‘ਚ ਸ਼ਾਮਿਲ ਹੁੰਦਾ ਹੈ । ਸਮਾਜ ਵਿੱਚ ਇਸ ਤਰ੍ਹਾਂ ਦੇ ਲੋਕ ਤਾਂ ਹਮੇਸ਼ਾ ਹੀ ਮੌਜੂਦ ਰਹਿੰਦੇ ਹਨ ਜੋ ਇਸ ਤਰ੍ਹਾਂ ਦੇ ਘਰਾਂ ਦੇ ਯੁਵਕਾਂ ਦੀ ਭਾਲ਼ ‘ਚ ਰਹਿੰਦੇ ਹਨ ਜਿਨ੍ਹਾਂ ਨੂੰ ਫੂਕ ਛਕਾ ਕੇ ਵਰਤਿਆ ਜਾ ਸਕੇ ।

ਉਪਰੋਕਤ ਚਰਚਾ ਦਾ ਇਹ ਕਦਾਚਿੱਤ ਮਤਲਬ ਨਹੀਂ ਕਿ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ : ਸਰਕਾਰਾਂ ਆਪਣੀਆਂ ਜ਼ਿੰਮੇਵਾਰੀਆਂ ‘ਚ ਜਦੋਂ ਫ਼ੇਲ ਹੁੰਦੀਆਂ ਹਨ ਤਾਂ ਹੀ ਪੁਲਿਸ ਦੀ ਨੱਕ ਹੇਠ ਸ਼ਰੇਆਮ ਨਸ਼ੇ ਵਿਕਦੇ ਹਨ ਤੇ ਗੈਂਗਸਟਰ ਦਿਨ ਦਿਹਾੜੇ ਕਤਲ ਕਰਨ ਤੋਂ ਡਰਦੇ ਨਹੀਂ । ਸਰਕਾਰਾਂ,ਪੁਲਿਸ ਤੇ ਰਾਜਸੀ ਲੋਕਾਂ ਦੀ ਮਿਲ਼ੀ ਭੁਗਤ ਸਮਾਜ ‘ਚ ਫੂਲਨ ਦੇਵੀ, ਬਿਸ਼ਨੋਈ,ਬੰਬੀਹੇ,ਗੋਲਡੀ,ਜੱਗੂ ਆਦਿ ਪੈਦਾ ਕਰਦੀ ਹੈ ।
ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜੇਕਰ ਮਾਪੇ ਆਪਣੇ ਬੱਚਿਆਂ ‘ਤੇ ਨਿਗਰਾਨੀ ਰੱਖਣ ਤਾਂ ਉਹ ਬੱਚੇ ਕਦੇ ਵੀ ਬਿਸ਼ਨੋਈ ਜਾਂ ਬੰਬੀਹੇ ਨਹੀਂ ਬਣ ਸਕਦੇ । ਅਸੀਂ ਕੁੱਤੇ ਖਰੀਦਣ ਸਮੇਂ ਤਾਂ ਨਸਲ ਦਾ ਲੱਭਦੇ ਹਾਂ ਪਰ ਲੀਡਰਾਂ ਦੀ ਚੋਣ ਕਰਨ ਸਮੇਂ ਅੱਖਾਂ ਬੰਦ ਕਰ ਲੈਂਦੇ ਹਾਂ । ਇਸ ਤੋਂ ਇਲਾਵਾਂ ਸਰਕਾਰਾਂ ਬਣਾਉਣ ਸਮੇਂ ਜਦੋਂ ਅਸੀਂ ਆਪਣੇ ਐੱਮਪੀ,ਐੱਮਐੱਲਏ,ਐੱਮਸੀ,ਪੰਚ ਤੇ ਸਰਪੰਚ ਚੁਣਦੇ ਹਾਂ ਜੇਕਰ ਉਸ ਵਕਤ ਵੀ ਸੁਚੇਤ ਹੋ ਜਾਈਏ ਤਾਂ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਅਸੀਂ ਸਮਾਜ ਚੋਂ ਨਸ਼ਿਆਂ ਤੇ ਗੈਂਗਸਟਰਾਂ ਦਾ ਗੰਦ ਬਹੁਤ ਜਲਦੀ ਖਤਮ ਕਰ ਸਕਦੇ ਹਾਂ । ਜਿਨ੍ਹਾਂ ਚਿਰ ਅਸੀਂ ਇਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਦੇ ਰਹਾਂਗੇ ਪਰ ਆਪਣੀਆਂ ਜ਼ਿਮੇਵਾਰੀਆਂ ਤੋਂ ਮੂੰਹ ਮੋੜਦੇ ਰਹਾਂਗੇ ਓਨਾ ਚਿਰ ਸਾਡੇ ਗੱਭਰੂ ਇਸੇ ਤਰ੍ਹਾਂ ਬਿਸ਼ਨੋਈ-ਬੰਬੀਹੇ -ਜੱਗੂ ਬਣਦੇ ਰਹਿਣਗੇ ਤੇ ਏਸੇ ਤਰ੍ਹਾਂ ਹੀ ਰੋਜ਼ ਨਸ਼ਿਆਂ ਦੀ ਬਲੀ ਚੜ੍ਹਦੇ ਰਹਿਣਗੇ ।
ਇਥੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਹਾਲੇ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਬਚਦੇ ਹਨ ਉਨ੍ਹਾਂ ਨੂੰ ਤਾਂ ਬਚਾ ਲਈਏ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button