EDITORIAL

‘ਰਾਹੁਲ ਟਰਾਂਸਪੋਰਟ’, ਫਿਰ ਮਿਲ਼ਾਂਗੇ 2024 ‘ਚ

ਅਮਰਜੀਤ ਸਿੰਘ ਵੜੈਚ (94178-01988)

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ  ਸਾਬਕਾ  ਪ੍ਰਧਾਨ ਰਾਹੁਲ ਗਾਂਧੀ  ਨੇ 22 ਮਈ ਦੀ ਰਾਤ ਨੂੰ ਦਿੱਲੀ ਤੋਂ ਚੰਡੀਗੜ੍ਹ  ਇਕ ਟਰੱਕ ‘ਚ ਸਫ਼ਰ ਕੀਤਾ ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ ਜਿਨਾ ਚਿਰ ਉਹ ਅੰਬਾਲ਼ੇ ਨਹੀਂ ਪਹੁੰਚ ਗਏ ।  ਰਾਹੁਲ ਦਾ ਇਹ ਪਹਿਲਾ ਆਮ ਟਰੱਕ ‘ਚ ਸਫ਼ਰ ਸੀ । ਕਾਂਗਰਸ ਪਾਰਟੀ ਦੇ ਹਿੰਦੀ ‘ਚ ਕੀਤੇ ਟਵੀਟ ਅਨੁਸਾਰ ਰਾਹੁਲ ਨੇ ਟਰੱਕਾਂ ਵਾਲ਼ਿਆਂ ਨਾਲ਼ ਖੁੱਲ੍ਹ ਕੇ ਗੱਲਾਂ ਕੀਤੀਆਂ  ਤੇ ਉਨ੍ਹਾਂ ਦੇ ‘ਮਨ ਕੀ ਬਾਤ’ ਸੁਣੀ । ਗਾਂਧੀ ਅੰਬਾਲ਼ੇ ਦੇ   ਇਤਿਹਾਸਿਕ ਗੁਰਦੁਆਰਾ  ਮੰਜੀ ਸਾਹਿਬ ‘ਚ ਵੀ ਸਵੇਰੇ ਸਵੱਖਤੇ ਮੱਥਾ ਟੇਕਣ ਗਏ; ਇਹ ਦਿਨ ਪੰਜਵੇਂ ਗੁਰੂ ਅਰਜੁਨ ਦੇਵ ਜੀ ਦਾ 417ਵਾਂ ਸ਼ਹੀਦੀ ਪੁਰਬ ਸੀ ।

ਇਸ ਟਵੀਟ ਚ’ ਪਾਰਟੀ ਨੇ ਮੀਡੀਆ ਦੇ ਹਵਾਲੇ ਨਾਲ਼ ਇਹ ਦੱਸਿਆ ਹੈ ਕਿ ਦੇਸ਼ ਵਿੱਚ 90 ਲੱਖ ਟਰੱਕ ਹਨ ਜਿਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਰਾਹੁਲ ਨੇ ਦਿੱਲੀ ਤੋਂ ਚੰਡੀਗੜ੍ਹ ਦਰਮਿਆਨ ਸਫ਼ਰ ਕਰਨ ਸਮੇਂ ਡਰਾਇਵਰਾਂ ਦੀਆਂ ਗੱਲਾਂ ਸੁਣੀਆਂ । ਇਹ 90 ਲੱਖ ਟਰੱਕ ਡਰਾਇਵਰ ਹੀ ਨਹੀਂ ਹਨ ਬਲਕਿ ਵੋਟਰ ਹਨ ਤੇ ਇਨ੍ਹਾਂ ਰਾਹੀ ਇਨ੍ਹਾਂ ਦੇ ਪਰਿਵਾਰਾਂ ਤੱਕ ਵੀ ਰਸਾਈ ਕਰਨ ਦਾ  ਕਾਂਗਰਸ ਦਾ ਇਹ ਨਵੇਕਲਾ ਢੰਗ ਹੈ ।

ਇਹ ਕੋਈ ਸਹਿਜ ਸੁਭਾਵਿਕ ਕੀਤੀ ਯਾਤਰਾ ਨਹੀਂ ;  ਸੱਤ ਸਤੰਬਰ 2022 ਤੋਂ 31 ਜਨਵਰੀ 2023 ਤੱਕ 136 ਦਿਨਾਂ ਦੀ ‘ਭਾਰਤ ਜੋੜੋ ਯਾਤਰਾ’ ਪੂਰੀ ਕੀਤੀ ਸੀ ਜੋ ਕੰਨਿਆਂ ਕੁਮਾਰੀ ਤੋਂ ਚੱਲੀ ਤੇ 12 ਰਾਜਾਂ ‘ਚੋਂ ਤਕਰੀਬਨ 3500 ਕਿ:ਮੀ:  ਦਾ ਫ਼ਾਸਲਾ ਤਹਿ ਕਰਕੇ ਕਸ਼ਮੀਰ ‘ਚ ਸਮਾਪਤ ਹੋਈ ਸੀ ; ਉਹ ਪੂਰੀ ਤਰ੍ਹਾਂ ਨਿਰਧਾਰਿਤ ਯਾਤਰਾ ਸੀ। ਇਸ ਤੋਂ ਪਹਿਲਾਂ ਰਾਹੁਲ ਨੇ  ਕਰਨਾਟਕਾ ਦੀਆਂ ਚੋਣਾਂ ਚ’ ਇਕ ਬੱਸ ‘ਚ ਚੜ੍ਹਕੇ ਲੋਕਾਂ ਨੂੰ ਹੈਰਾਨ ਕਰ ਦਿਤਾ ਸੀ  । ਦਿੱਲੀ – ਚੰਡੀਗੜ੍ਹ ਯਾਤਰਾ ਪੂਰਵ ਤਹਿ ਪ੍ਰੋਗਰਾਮ ਤਹਿਤ ਹੀ ਕੀਤੀ ਗਈ  ਸੀ ਪਰ  ਫ਼ਰਕ ਸਿਰਫ਼ ਇਹ ਹੈ ਕਿ ਇਸ ਦਾ ਸਿਰਫ਼ ਪਾਰਟੀ ਦੇ ਕੁਝ ਚੁਣੀਦਾ ਰਣਨੀਤੀਕਾਰਾਂ ਨੂੰ  ਹੀ ਪਤਾ ਸੀ ।

ਇਨ੍ਹਾਂ ਯਾਤਰਾਵਾਂ ਦਾ ਮਕਸਦ ਇਕੋ ਸੀ ਭਾਵ ਰਾਹੁਲ ਗਾਂਧੀ ਦਾ ਬਿੰਬ ਉਭਾਰਨ ਲਈ ਪਾਰਟੀ ਨੂੰ ਆਮ ਲੋਕਾਂ ਤੱਕ ਲੈ ਜਾਣਾ ਤੇ ਭਾਜਪਾ ਵੱਲੋਂ ਰਾਹੁਲ ਗਾਂਧੀ ਦੀ ਛਵੀ ਨੂੰ ਬਤੌਰ ‘ਪੱਪੂ’ ਉਭਾਰਨ ਵਾਲ਼ੇ ਬਿਰਤਾਂਤ ਨੂੰ ਝੂਠਾ ਸਾਬਤ ਕਰਨਾ । ਪਹਿਲੀ ਯਾਤਰਾ ਬਾਰੇ ਵੀ ਭਰਮ ਭੁਲੇਖੇ ਖੜੇ ਕੀਤੇ ਗਏ ਕਿ ਰਾਹੁਲ ਐਨਾ ਲੰਮਾ ਪੈਂਡਾ ਕਿਵੇਂ ਤਹਿ ਕਰੇਗਾ ? ਗਾਂਧੀ ਨੇ ਉਹ ਯਾਤਰਾ ਸਿਰਫ਼ ਪੂਰੀ ਹੀ ਨਹੀਂ ਕੀਤੀ ਬਲਕਿ ਸਿਖਰ ਦੀ ਸ਼ੀਤ ਲਹਿਰ ਦੌਰਾਨ ਰਾਹੁਲ ਟੀ ਸ਼ਰਟ ਪਾਕੇ ਹੀ ਤੁਰਦੇ ਨਜ਼ਰ ਆਏ । ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ  ਰਾਜਾ ਵੜਿੰਗ ਸਮੇਤ  ਕਈ ਲੀਡਰਾਂ ਨੇ  ਰਾਹੁਲ ਦੀ ਰੀਸ ‘ਚ ਸਿਰਫ਼ ਟੀ ਸ਼ਰਟਾਂ ਹੀ  ਨਹੀਂ ਪਾਈਆਂ ਬਲਕਿ ਪੱਗਾਂ ਵੀ ਬੰਨ੍ਹ ਲਈਆਂ  ਕਿਉਂਕਿ ਰਾਹੁਲ ਸ੍ਰੀ ਦਰਬਾਰ  ਸਾਹਿਬ, ਅੰਮ੍ਰਿਤਸਰ ‘ਚ ਪੱਗ ਬੰਨ੍ਹਕੇ ਮੱਥਾ ਟੇਕਣ ਗਏ ਸਨ  । ਰਾਜਾ ਵੜਿੰਗ ਤਾਂ ਹੁਣ ਲਗਾਤਾਰ ਦਸਤਾਰ ਸਜਾ ਰਹੇ ਹਨ ।

ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਦਾ ਸ੍ਰੀ ਦਰਬਾਰ ਸਾਹਿਬ ‘ਚ ਜਾਣਾ ਬੜੀ ਮਹੱਤਵਪੂਰਣ ਘਟਨਾ ਸੀ ਕਿਉਂਕਿ ਉਸ ਦੀ ਦਾਦੀ ਇੰਦਰਾ ਗਾਂਧੀ ਵੱਲੋਂ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਫੜਨ ਲਈ ਸ੍ਰੀ ਦਰਬਾਰ ਸਾਹਿਬ ‘ਚ ਫੌਜਾਂ ਭੇਜੀਆਂ ਗਈਆਂ ਸਨ ਤੇ ਜ਼ਬਰਦਸਤ ਹਮਲਾ ਕੀਤਾ ਗਿਆ ਸੀ  ।  ਇਸ ਨੂੰ ‘ਬਲਿਊ ਸਟਾਰ ਔਪਰੇਸ਼ਨ, ਦਾ ਨਾਂ ਦਿਤਾ ਗਿਆ ਸੀ ਜਿਸ ਨੇ ਸਿਖਾਂ ਦੇ ਮਨਾਂ ਨੂੰ ਬੁਰੀ ਤਰ੍ਹਾਂ ਵਲੂੰਧਰਿਆ ਸੀ ਤੇ ਉਹ ਜ਼ਖ਼ਮ ਹਾਲੇ ਵੀ ਆਠਰੇ ਨਹੀਂ । ਜੇਕਰ ਕਿਤੇ ਰਾਹੁਲ ਦੇ ਸਲਾਹਕਾਰ ਰਾਹੁਲ ਤੋਂ ‘ਬਲਿਊ ਸਟਾਰ ਔਪਰੇਸ਼ਨ’ ਲਈ ਸਿਖਾਂ ਤੋਂ ਮੁਆਫ਼ੀ ਮੰਗਣ ਲਈ ਸਲਾਹ ਦੇ ਦਿੰਦੇ ਤਾਂ ਕਾਂਗਰਸ ਨੂੰ ਪੂਰੇ ਦੇਸ਼ ‘ਚੋਂ ਸਿਖਾਂ ਵੱਲੋਂ ਹਮਾਇਤ ਮਿਲਣ ਲਈ ਵੱਡਾ ਉਪਰਾਲਾ ਹੋ ਨਿਭੜਨਾ ਸੀ ।

ਇਨ੍ਹਾਂ ਦੋਹਾਂ ਯਾਤਰਾਵਾਂ ਤੋਂ ਇਕ ਗੱਲ ਬੜੀ ਸਪੱਸ਼ਟ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਨੂੰ ਕਿਸੇ ਨੇ  ਚੰਗੀ ਸਲਾਹ ਦਿਤੀ ਹੈ ਕਿ 2024 ‘ਚ ‘ਕਬੱਡੀ’ ਪਾਉਣ ਲਈ ਜ਼ਰੂਰੀ ਹੈ ਕਿ ਰਾਹੁਲ ਗਾਂਧੀ ਰਾਹੀਂ ਪਾਰਟੀ ਨੂੰ ਆਮ ਲੋਕਾਂ ‘ਚ ਉਤਰਿਆ ਜਾਵੇ ਤਾਂ ਕੇ ਲੋਕਾਂ ‘ਚ ਪਾਰਟੀ ਦਾ ਬਿੰਬ ਸੁਧਾਰ ਸਕੇ । ਇਹ ਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇਣ ਲਈ ਘੜੀ ਰਣਨੀਤੀ ਦਾ ਪਹਿਲਾ ਹਿੱਸਾ ਹੈ । ਬੀਜੇਪੀ ਤੇ ਕੇਂਦਰ ਸਰਕਾਰ ਦੇ ਸੂਹੀਆਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ ਕਿ ਭਾਰਤ ਜੋੜੋ ਯਾਤਰਾ ਨਾਲ਼ ਲੋਕਾਂ ‘ਚ ਰਾਹੁਲ ਦੀ ਤਸਵੀਰ ਸੁਧਰੀ ਹੈ ; ਬੀਜੇਪੀ ਇਸ ਮਗਰੋਂ ਸੁਚੇਤ ਹੋ ਗਈ ਹੈ ਕਿਉਂਕਿ ਅਗਲੇ ਵਰ੍ਹੇ ਦੀਆਂ ਆਮ ਚੋਣਾਂ ਲਈ ਵਿਰੋਧੀ ਪਾਰਟੀਆਂ ਵੀ ਇਕੱਠੀਆਂ ਹੋਣ ਲਈ ਬੈਠਕਾਂ ਮਾਰਨ ਲੱਗ ਪਈਆਂ ਹਨ । ਨਵੇਂ ਸੰਸਦ ਭਵਨ ਦੇ ਉਧਘਾਟਨ ਦਾ 19 ਵਿਰੋਧੀ ਪਾਰਟੀਆਂ ਵੱਲੋਂ  ਇਕੱਠੇ ‘ਬਾਈਕਾਟ’ ਕਰਨ ਦਾ ਐਲਾਨ ਵੀ ਭਾਜਪਾ ਲਈ ਚਿੰਤਾ ਦਾ ਬਾਇਸ ਹੈ ।

ਇਸੇ ਵਰ੍ਹੇ ਰਾਹੁਲ ਗਾਂਧੀ  ਦੀ ਸੰਸਦ ਸੀਟ ਰੱਦ ਹੋਣ ਕਾਰਨ ਵੀ ਲੋਕਾਂ ਦੀ ਹਮਦਰਦੀ ਗਾਂਧੀ ਨਾਲ਼ ਜੁੜੀ ਹੈ । ਪਾਰਟੀ ਇਸ ਹਮਦਰਦੀ ਨੂੰ  2024 ਤੱਕ  ਬਰਕਰਾਰ ਤੇ ਕਈ ਗਣਾ ਵਧਾਉਣਾ ਚਾਹੁੰਦੀ ਹੈ  ਇਸੇ ਲਈ ਕਾਂਗਰਸ , ਗਾਂਧੀ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ਼ ਅਗਲੇ ਵਰ੍ਹੇ ਤੱਕ ਮੀਡੀਆ ਦੀਆਂ ਸੁਰਖੀਆਂ ‘ਚ  ਬਣਾਈ ਰੱਖਣਾ  ਲਈ ਕੋਸ਼ਿਸ਼ਾਂ ਕਰੇਗੀ  । ਟਰੱਕਾਂ ਦੇ ਪਿਛੇ ਲਿਖਿਆ ਹੁੰਦਾ ਹੈ ‘ਫਿਰ ਮਿਲ਼ਾਂਗੇ’ , ਸੋ ਅਗਲੇ ਦਿਨਾਂ ‘ਚ ਇਸ ਤਰ੍ਹਾਂ ਦੇ ਹੋਰ ਰੂਪਾਂ ‘ਚ ਵੀ ਰਾਹੁਲ ਤੇ ਕਾਂਗਰਸ ਪਾਰਟੀ ਦਿਸਣਗੇ ।

ਇਸ ਵਰ੍ਹੇ 19 ਜੂਨ ਨੂੰ ਰਾਹੁਲ  53 ਸਾਲਾਂ ਦੇ ਹੋ ਜਾਣਗੇ ; ਭਾਵੇਂ ਕਾਂਗਰਸ ਨੇ ਮਲਿਕਾ ਅਰਜੁਨ ਖੜਗੇ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਹੋਇਆ ਹੈ ਪਰ 2024 ਲਈ ਕਾਂਗਰਸ ਦਾ  ਪੀਐੱਮ ਲਈ ਉਮੀਦਵਾਰ ਰਾਹੁਲ ਨੂੰ ਹੀ ਹੋਵੇਗਾ ਕਿਉਂਕਿ ਸੋਨੀਆਂ ਗਾਂਧੀ 2004 ਵਾਲ਼ੀ ‘ਗ਼ਲਤੀ’ ਦੁਬਾਰਾ ਨਹੀਂ ਕਰਨਗੇ ਜਦੋਂ ਡਾ: ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿਤਾ ਗਿਆ ਸੀ।

ਹੁਣ ਵੇਖਣ ਵਾਲ਼ੀ ਗੱਲ ਤਾਂ ਇਹ ਹੈ ਕਿ ਕੀ ਰਾਹੁਲ , ਮੋਦੀ ਦਾ ਮੁਕਾਬਲਾ ਕਰਨ ਲਈ ਉਸ ਤਰ੍ਹਾਂ ਦਾ ਸਟੇਜੀ ਭਾਸ਼ਣ ਮੁਹਾਵਰਾ ਤੇ ਐਕਟਿੰਗ ਸਿਰਜ ਸਕਦੇ ਹਨ ਕਿ ਨਹੀਂ ? ਪੀਐੱਮ ਮੋਦੀ ਦਾ ਤਲਿਸਮ ਭੰਗ ਕਰਨ ਲਈ ਰਾਹੁਲ ਨੂੰ  ਓਵਰ ਟਾਇਮ ਲਾਉਣਾ ਪਵੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button