EDITORIAL

ਪੰਜਾਬ ਦੀ ਨਵੀਂ ਰਾਜਧਾਨੀ ‘ਸੰਗਰੂਰ’, ਪਾਣੀ ਦੀ ਟੈਂਕੀ ‘ਤੇ  ‘ਕਰਵਾ ਚੌਥ’

ਪੰਜਾਬ  ਨੂੰ 'ਭੁਚਾਲ਼' ਦੇ ਚਾਰ ਝਟਕੇ

ਅਮਰਜੀਤ ਸਿੰਘ ਵੜੈਚ (9417801988)

ਕੱਲ੍ਹ ਦਾ ਦਿਨ ਪੰਜਾਬ ਸਰਕਾਰ ਲਈ ਅਸ਼ੁੱਭ ਦਿਨ ਰਿਹਾ ਕਿਉਂਕਿ ਪੰਜਾਬ ਨੂੰ ਕੱਲ ‘ਨੈਤਿਕ ਭੁਚਾਲ’ ਦੇ  ਲਗਾਤਾਰ ਚਾਰ ਝੱਟਕੇ ਲੱਗੇ । ‘ਆਪ’ ਦੀ ਮਾਨ ਸਰਕਾਰ ਨੂੰ ਪਹਿਲੇ ਦੋ ਝਟਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦਿਤੇ ਜਦੋਂ  ਕਵੀ ਕੁਮਾਰ ਵਿਸ਼ਵਾਸ ਤੇ ਦਿੱਲੀ ਦੇ ਬੀਜੇਪੀ ਲੀਡਰ ਤੇਜਿੰਦਰਪਾਲ ਬੱਗਾ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਦਰਜ ਐੱਫਆਈਆਰਾਂ ਰੱਦ ਕਰ ਦਿਤੀਆਂ ਗਈਆਂ , ਇਸ ਮਗਰੋਂ ਤੀਜਾ ਝਟਕਾ  ਪਿਛਲੇ ਵਰ੍ਹੇ ਹੋਈਆਂ ਟੋਕੀਓ ਉਲੰਪਿਕ 2020 ‘ਚ ਡਿਸਕਸ ਥਰੋ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਛੇਵਾਂ ਸਥਾਨ ਹਾਸਿਲ ਕਰਨਵਾਲ਼ੀ ਮੁਕਤਸਰ ਦੀ ਕਮਲਪ੍ਰੀਤ ਕੌਰ ‘ਤੇ ਕੌਮਾਂਤਰੀ ਖੇਡਾਂ ‘ਚ ਹਿੱਸਾ ਲੈਣ ਲਈ ਅਥਲੈਟਿਕ ਦੀ ਕੌਮਾਂਤਰੀ ਕਮੇਟੀ ਦੀ  ਡੋਪਿੰਗ ‘ਤੇ ਬਣੀ ਸਬ-ਕਮੇਟੀ ਨੇ  ਤਿੰਨ ਸਾਲਾਂ ਲਈ ਪਾਬੰਦੀ ਲਾ ਦਿਤੀ ਹੈ ਕਿਉਂਕਿ ਖ਼ਿਡਾਰਨ ਤੇ ਦਵਾਈਆਂ ਖਾਕੇ ਖੇਡਣ ਦਾ ਇਲਜ਼ਾਮ ਸਿਧ ਹੋ ਗਿਆ ਹੈ । ਚੌਥਾ ਝਟਕੇ ਦਾ ਅਸਰ ਭਾਵੇਂ ਜ਼ੋਰ ਦਾ ਮਹਿਸੂਸ ਨਹੀਂ ਕੀਤਾ ਗਿਆ ਪਰ ਹੈ ਉਹ ਵੀ ਪੰਜਾਬ ਸਰਕਾਰ ਲਈ ਚਿਤਾਵਨੀ ਵਾਲ਼ਾ ਹੈ ਜੋ ਹਾਲ ਹੀ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਕੇ ਹਟੀ ਹੈ ।

ਗੁਜਰਾਤ ਵਿੱਚ  ਕੱਲ੍ਹ ਸਮਾਪਤ ਹੋਈਆਂ 36ਵੀਆਂ ਰਾਸ਼ਟਰੀ ਖੇਡਾਂ ਵਿੱਚ ‘ਰੰਗਲਾ ਪੰਜਾਬ’ ’10 ਨੰਬਰ’ ‘ਤੇ ਜਾ ਡਿਗਿਆ ਜੋ 35ਵੀਆਂ ਰਾਸ਼ਟਰੀ ਖੇਡਾਂ ‘ਚ ਪੰਜਵੇਂ ਨੰਬਰ ‘ਤੇ ਸੀ ਤੇ 2001 ‘ਚ ਪੰਜਾਬ ‘ਚ ਹੋਈਆਂ ਇਨ੍ਹਾਂ ਹੀ ਖੇਡਾਂ ‘ਚ ਪਹਿਲੇ ਨੰਬਰ ‘ਤੇ ਰਿਹਾ ਸੀ । ਪੰਜਾਬ ‘ਚ ‘ਆਪ’ ਸਰਕਾਰ ਗਾਰੰਟੀਆਂ ਦੇ ਨਾਲ਼ ਇਹ ਦਾਅਵਾ ਕਰਕੇ ਆਈ ਸੀ ਕਿ ‘ਬਦਲਾਅ’ ਦੇ ਨਾਲ ਹੀ ਪੰਜਾਬ ‘ਚੋਂ ਧਰਨੇ ਖ਼ਤਮ ਹੋ ਜਾਣਗੇ ਪਰ ਪਿਛਲੇ ਛੇ ਮਹੀਨਿਆਂ ਦਾ ਵਿਸ਼ਲੇਸ਼ਣ ਕਰਨ ਤੇ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਧਰਨੇ,ਰੋਸ ਮਾਰਚ,ਸੜਕਾਂ ਜਾਮ , ਰੇਲ ਰੋਕੋ ਆਦਿ ਦੀ ਗਿਣਤੀ ਵਧੀ ਹੈ । ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪੁਲਿਸ ਬੜੇ ਕਰੜੇ ਹੱਥਾਂ ਨਾਲ਼ ਲੈਂਦੀ ਹੈ ਇਸ ਲਈ ਹੁਣ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਹੀ ਪੰਜਾਬ ਦੀ ਨਵੀਂ  ‘ਰਾਜਧਾਨੀ’ ਬਣ ਗਿਆ ਹੈ ।

ਅੱਜ ਕੱਲ੍ਹ ਸੰਗਰੂਰ ਵਿੱਚ ਸੱਭ ਤੋਂ ਵੱਡਾ ਧਰਨਾ ਭਾਰਤੀ ਕਿਸਾਨ ਯੂਨੀਅਨ ਦੇ ਉਗਰਾਹਾਂ ਵਾਲ਼ੇ ਗਰੁੱਪ ਦਾ ਲੱਗਿਆ ਹੈ ਜੋ ‘ਸਿੰਘੂ ਬਾਰਡਰ’ ਵਾਲੇ ਧਰਨੇ ਦਾ ਰੂਪ ਧਾਰ ਗਿਆ ਹੈ , ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮੰਗਾਂ ‘ਤੇ ਸਰਕਾਰ ਸਹਿਮਤ ਹੋ ਗਈ ਹੈ ਪਰ ” ਚਲੋ ਲਾ ਲੈ ਲੈਣ ਦਿਓ ” । ਇਸ ਤੋਂ ਇਲਾਵਾ ਅਧਿਆਪਕ,ਕੱਚੇ ਮੁਲਾਜ਼ਮ,ਬੇਰੁਜ਼ਗਾਰ,ਕੋਰੋਨਾ ਕਰਮਚਾਰੀ,ਗਾਰਡੀਅਨਜ਼ ਆਫ ਗਵਰਨੈਂਸ,ਟਰਾਂਸਪੋਰਟ ਕਰਮਚਾਰੀ,ਆਂਗਨਵਾੜੀ ਵਰਕਰ, ਨੰਬਰਦਾਰ ਯੂਨੀਅਨ ਆਦਿ ਸੰਗਰੂਰ ‘ਚ ਧਰਨੇ ਲਾ ਰਹੇ ਹਨ ਤੇ ਰੋਸ ਮੁਜ਼ਾਹਰੇ ਜਾਰੀ ਹਨ । ਕਈ ਦਿਨਾਂ ਤੋਂ ਮੁਹਾਲੀ ‘ਚ ਪਾਣੀ ਦੀ ਟੈਂਕੀ ‘ਤੇ ਚੜ੍ਹੀਆਂ ਔਰਤਾਂ ਕਰਵਾ ਚੌਥ ਵੀ ਟੈਂਕੀ ਉਪਰ ਹੀ ਮਨਾਉਣ ਲਈ ਮਜਬੂਰ ਹਨ । ਇਥੇ ਹੀ ਬੱਸ ਨਹੀਂ  ਵੱਖ ਵੱਖ ਜ਼ਿਲ੍ਹਿਆਂ ਦੇ ਡੀਸੀ ਦੇ ਦਫ਼ਤਰਾਂ ਮੂਹਰੇ ਧਰਨੇ ਚੱਲ ਰਹੇ ਹਨ ਤੇ ਉਧਰ ਪੰਜਾਬੀ ਯੂਨੀਵਰਸਿਟੀ,ਪਟਿਆਲ਼ਾ ‘ਚ ਕਰਮਚਾਰੀ ਧਰਨੇ ਲਾਕੇ ਬੈਠੇ ਹਨ ।

ਮਾਨ ਸਰਕਾਰ ਦੀ  ‘ਕੰਬਲ਼ੀ’ ਦਿਨੋਂ ਦਿਨ ਭਾਰੀ ਹੋ ਰਹੀ ਹੈ । ਬੇਅਦਬੀ ਦਾ ਮੁੱਦਾ ਸਰਕਾਰ ਲਈ ਇਕ ਵੱਡੀ ਮੁਸੀਬਤ ਬਣ ਗਿਆ ਹੈ ਜਿਸ ਬਾਰੇ ਕੇਜਰੀਵਾਲ ਨੇ ਭਗਵੰਤ ਮਾਨ ਦੀ ਹਾਜ਼ਰੀ ‘ਚ ਕਿਹਾ ਸੀ ਕਿ ਸਰਕਾਰ ਬਣਨ ਦੇ ਮਗਰੋਂ 24 ਘੰਟਿਆਂ ਦੇ ਅੰਦਰ ਅੰਦਰ ਦੋਸ਼ੀ ਸਲਾਖਾਂ ਦੇ ਪਿਛੇ ਹੋਣਗੇ । ਹੁਣ ਤਾਂ ਸਰਕਾਰ ਬਣੀ ਨੂੰ ਅੱਜ ਪੰਜਾ ਹਜ਼ਾਰ ਤੋਂ ਵੱਧ ਘੰਟੇ ਗੁਜ਼ਰ ਚੱਕੇ ਹਨ ।  ਕੱਲ੍ਹ ਨੂੰ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਐੱਸਵਾਈਐੱਲ ਦੇ ਮਸਲੇ ‘ਤੇ ਮੀਟਿੰਗ ਹੈ ਜਿਸ ਬਾਰੇ ਭਗਵੰਤ ਮਾਨ ਦਾ ਬਿਆਨ ਹੈ ਕਿ ਪੰਜਾਬ ਆਪਣੇ ਹੱਕ ਲਈ ਡਟੇਗਾ ਜਿਸ ‘ਤੇ ਪਹਿਲਾਂ  ਹੀ ‘ਆਪ’ ਦਾ ਰਾਜਸਭਾ ‘ਚ ਮੈਂਬਰ ਸੁਸ਼ੀਲ ਗੁੱਪਤਾ ਕਹਿ ਚੁੱਕਿਆ ਹੈ ਕਿ  ਹਰਿਆਣੇ  ‘ਚ 2025 ‘ਚ  ‘ਆਪ’ ਦੀ ਸਰਕਾਰ ਬਣਨ ਮਗਰੋਂ  ਪੰਜਾਬ ‘ਚੋਂ ਐੱਸਈਐੱਲ ਦਾ ਪਾਣੀ ਹਰਿਆਣੇ ਨੂੰ ਮਿਲਣ ਲੱਗ ਜਾਵੇਗਾ। ਪਾਰਟੀ ਕੋਲ਼ ਇਸ ਵਿਰੋਧਾਭਾਸ ਦਾ ਕੋਈ ਜਵਾਬ ਨਹੀਂ ਹੈ । ਇਸੇ ਤਰ੍ਹਾਂ ਹਰਿਆਣੇ ਨੂੰ ਨਵੀਂ ਵਿਧਾਨਸਭਾ ਬਣਾਉਣ ਲਈ ਵੱਖਰੀ ਥਾਂ ਅਲਾਟ ਕਰਨਾ  ਵੀ ਇਕ ਚਿਤਾਵਨੀ ਵਾਲ਼ਾ ਮਸਲਾ ਹੈ ।  ਇਸੇ ਦੌਰਾਨ 36 ਹਜ਼ਾਰ ਕੱਚੇ ਮੁਲਾਜ਼ਮਾਂ ਪੱਕੇ ਹੋਣ ਦੇ ਨੋਟੀਫ਼ੀਕੇਸ਼ਨ ਨੂੰ ਉਡੀਕ ਰਹੇ ਹਨ ।

ਪੰਜਾਬ  ਦੇ ਰਾਜਪਾਲ ਨਾਲ਼ ਸਰਕਾਰ ਦਾ ਪੇਚਾ ਫ਼ਸ ਗਿਆ ਹੈ : ਪਹਿਲਾਂ ਵਿਸ਼ਵਾਸ ਮੱਤ ,ਫਿਰ ਭਗਵੰਤ ਮਾਨ ਦੀ ਰਾਸ਼ਟਰਪਤੀ ਦੇ ਸਮਾਗਮ ‘ਚ ਗ਼ੈਰਹਾਜ਼ਰੀ ਤੇ ਹੁਣ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈ ਚਾਂਸਲਰ ਦੀ ਨਿਯੁਕਤੀ ਲਈ ਰਾਜਪਾਲ ਦੀ ਨਾਂਹ ਤੇ ਨਾਲ਼ ਦੀ ਨਾਲ਼ ਇਸੇ ਯੂਨੀਵਰਸਿਟੀ ਲਈ ਮਨੋਨੀਤ ਵਾਈਸ-ਚਾਂਸਲਰ ਵੱਲੋਂ ਆਪਣਾ ਨਾਂ ਵਾਪਸ ਲੈਣ ਦਾ ਐਲਾਨ  ਚਰਚਾ ‘ਚ ਹਨ ।

ਸਿੱਧੂ ਮੂਸੇਵਾਲ਼ਾ ਦੇ ਕਤਲ ਕੇਸ ‘ਚ ਫੜੇ ਗੈਂਗਸਟਰ ਟੀਨੂ ਦਾ ਪੁਲਿਸ ਹਿਰਾਸਤ ‘ਚੋਂ ਭੱਜਣਾ,ਰਾਜਿੰਦਰਾ ਹਸਪਤਾਲ਼ ‘ਚੋਂ ਇਕ ਸਜ਼ਾਯਾਫਤਾ ਨਸ਼ਾ ਸਮੱਗਲਰ ਦਾ ਫ਼ਰਾਰ ਹੋਣਾ, ਤਰਨਤਾਰਨ ‘ਚ ਦਿਨ ਦਿਹਾੜੇ ਗੈਂਗਸਟਰਾਂ ਵੱਲੋਂ ਕਤਲ, ਗੈਂਗਸਟਰਾਂ ਵੱਲੋਂ ਲੀਡਰਾਂ ਤੇ ਵਪਾਰੀਆਂ ਧਮਕੀਆਂ, ਜੇਲ੍ਹਾਂ ‘ਚੋਂ ਨਸ਼ੇ  ਤੇ ਮੁਬਾਇਲ ਫੋਨ ਮਿਲਣਾ, ਕੈਬਨਿਟ ਮੰਤਰੀ ਸਰਾਰੀ ਦਾ ‘ਆਡੀਓ ਲੀਕ’ ਮਸਲਾ, ਵਿਧਾਇਕ ਪਠਾਣਮਾਜਰਾ ‘ਤੇ ਦੋਸ਼ ਲਾਉਣ ਵਾਲ਼ੀ ਔਰਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਚਿੱਠੀ, ਮਾਨ ਸਰਕਾਰ ਵੱਲੋਂ ਇਸ਼ਤਿਹਾਰਾਂ ‘ਤੇ ਬੇਲੋੜਾ ਖਰਚਾ,ਪੰਜਾਬ ਦੇ ਹੈਲੀਕਾਪਟਰ ਦੀ ਦੁਰ ਵਰਤੋਂ, ਵਿਧਾਇਕਾਂ ਤੇ ਮੰਤਰੀਆਂ ਦਾ ਗੁਜਰਾਤ ਟੂਰ, ਭਗਵੰਤ ਮਾਨ ਦੀ ਜਰਮਨੀ ਯਾਤਰਾ ਸਮੇਂ ਇਕ ਵੱਡੀ ਕੰਪਨੀ ਵੱਲੋਂ ਇਨਵੈਸਟਮੈਂਟ ਕਰਨ ਦਾ ਮਾਨ ਦਾ ਦਾਅਵਾ ਤੇ ਫਿਰ ਉਸ ਕੰਪਨੀ ਵੱਲੋਂ ਇਨਕਾਰ ਤੇ ਮਾਨ ਨੂੰ ਜਹਾਜ਼ ‘ਚੋਂ ਕਥਿਤ ਤੌਰ ਤੇ ਉਤਰਨ ਲਈ ਕਹਿਣ ਦੇ ਵਿਵਾਦ ਮਾਨ ਸਰਕਾਰ ਨੂੰ ਘੇਰੀ ਖੜੇ ਹਨ ।

ਹਾਲ ਹੀ ਵਿੱਚ ਬਾਰਸ਼ ਕਾਰਨ ਫ਼ਸਲਾਂ ਦਾ ਨੁਕਸਾਨ, ਕਿਸਾਨਾਂ ਨੂੰ ਮੂੰਗੀ ‘ਤੇ ਐੱਮਐੱਸਪੀ ਦਾ ਮੁੱਦਾ, ਸਬਜ਼ੀਆਂ ‘ਤੇ ਐੱਮਐੱਸਪੀ ਦਾ ਵਾਅਦਾ, ਔਰਤਾਂ ਦੇ ਖਾਤਿਆਂ ‘ਚ ਹਰ ਮਹੀਨੇ ਇਕ ਹਜ਼ਾਰ ਜਮ੍ਹਾਂ ਕਰਾਉਣ ਦਾ ਵਾਅਦਾ ਆਦਿ ਮੁੱਦੇ ਮੀਡੀਆ ਤੇ ਲੋਕਾਂ ‘ਚ  ਚਰਚਾ ਦਾ ਕੇਂਦਰ ਬਣ ਚੁੱਕੇ ਹਨ । ਇਨ੍ਹਾ ਹੀ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਵੀ ਸਰਕਾਰ ਦੀ ਕੰਡ ਲਾਉਣ ਲਈ ਪੱਬਾਂ ਭਾਰ ਹੋਈਆਂ ਪਈਆਂ ਹਨ ਭਾਵੇਂ ਕਿ ਇਨ੍ਹਾਂ ਕਈ ਮਸਲਿਆਂ ‘ਤੇ ਵਿਰੋਧੀ ਪਾਰਟੀਆਂ ਵੀ ਦੋਸ਼ੀ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button