EDITORIAL

ਸਾਲ ਤਿੰਨ, ਸਾਢੇ ਤਿੰਨ ਲੱਖ ਖੁਦਕੁਸ਼ੀਆਂ, ਰੋਜ਼ 103 ਮਜ਼ਦੂਰ ਕਰਦੇ ਨੇ ਖੁਦਕੁਸ਼ੀਆਂ

61 ਘਰੇਲੂ ਔਰਤਾਂ ਵੀ ਮਰਦੀਆਂ ਨੇ ਰੋਜ਼

ਅਮਰਜੀਤ ਸਿੰਘ ਵੜੈਚ (94178-01988)

‘ਵਿਸ਼ਵ ਗੁਰੂ ‘ਬਣਨ ਜਾ ਰਹੇ ਭਾਰਤ ਵਿੱਚ ਹਰ ਰੋਜ਼ 314 ਵਿਅਕਤੀ ਖੁਦਕੁਸ਼ੀਆਂ ਕਰਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਹਨ : ਇਸ ਦਾ ਦੂਸਰਾ ਅਰਥ ਇਹ ਨਿਕਲ਼ਦਾ ਹੈ ਕਿ ਹਰ ਇਕ ਘੰਟੇ ਮਗਰੋਂ 13 ਭਾਰਤੀ ਆਤਮ ਹੱਤਿਆ ਕਰ ਲੈਂਦੇ ਹਨ । ਸਾਲ 2019 ਤੋਂ 2021 ਤੱਕ ਦੇਸ਼ ਵਿੱਚ 3,44,016 ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ । ਅੱਗੇ ਦਿਤੇ ਜਾ ਰਹੇ ਅੰਕੜੇ ਸ਼ਾਇਦ ਤੁਹਾਨੂੰ ਬੋਰ ਕਰਨ ਪਰ ਅੱਖਾਂ ਖੋਲ੍ਹਣ ਵਾਲ਼ੇ ਹਨ ।

ਇਹ ਅੰਕੜੇ ਭਾਰਤ ਸਰਕਾਰ ਦੇ ਹਨ ਜੋ ਮੌਜੂਦਾ ਬਜਟ ਸੈਸ਼ਨ ਦੌਰਾਨ ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਲੋਕ ਸਭਾ ‘ਚ ਪੇਸ਼ ਕੀਤੇ ਹਨ । ਇਨ੍ਹਾਂ ਬਦਕਿਸਮਤ ਲੋਕਾਂ ‘ਚ ‘140 ਕਰੋੜ ਦੇਸ਼ਵਾਸੀਆਂ’ ‘ਚੋਂ ਸੱਭ ਤੋਂ ਵੱਡੀ ਗਿਣਤੀ ਰੋਜ਼ਾਨਾਂ ਦਿਹਾੜੀ ਕਰਕੇ ਆਪਣੇ ਪਰਿਵਾਰ ਚਲਾਉਣ ਵਾਲ਼ੇ ਮਜ਼ਦੂਰ ਹੁੰਦੇ ਹਨ । ਪਿਛਲੇ ਤਿੰਨ ਸਾਲਾਂ ‘ਚ , 2019 ਤੋਂ 2021 ਦੇ ਐੱਨਸੀਆਰਬੀ( ਨੈਸ਼ਨਲ ਕਰਾਈਮ ਰਿਕਾਰਡ ਬਿਊਰੋ) ਦੇ ਸਰਵੇਖਣਾਂ ਅਨੁਸਾਰ ਦੇਸ਼ ਦੇ 1,12,233 ਮਿਹਨਤਕਸ਼ਾਂ ਨੇ ਜੀਣ ਨਾਲ਼ੋ ਮਰਨਾ ਹੀ ਠੀਕ ਸਮਝਿਆ । ਇਹ ਮੌਤਾਂ ਕਰੋਨਾ ਕਾਲ ਦੌਰਾਨ ਹੋਰ ਵਧੀਆਂ ਸਨ ਜਦੋਂ ਕੇਂਦਰ ਸਰਕਾਰ 55 ਕਰੋੜ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਸੀ । ਇਸ ਦਾ ਮਤਲਬ ਇਹ ਨਿਕਲ਼ਦਾ ਹੈ ਕਿ 103 ਮਜ਼ਦੂਰ ਹਰ ਰੋਜ਼ ਭਾਵ ਚਾਰ ਮਜ਼ਦੂਰ ਹਰ ਇਕ ਘੰਟੇ ਮਗਰੋਂ ਆਤਮ ਹੱਤਿਆ ਕਰਨ ਲਈ ਜਾਂ ਤਾਂ ਮਜਬੂਰ ਹੋ ਜਾਂਦੇ ਹਨ ਜਾਂ ਮਜਬੂਰ ਕਰ ਦਿਤੇ ਜਾਂਦੇ ਹਨ ।

ਇਥੇ ਹੀ ਬੱਸ ਨਹੀਂ ਆਪਣੇਾ ਕੰਮ ਕਰਨ ਵਾਲ਼ੇ ਲੋਕ ਭਾਵ ਸੈਲਫ਼ ਐਂਪਲਾਇਡ ਲੋਕ ਅਤੇ ਨਿੱਜੀ ਅਦਾਰਿਆਂ ‘ਚ ਨੌਕਰੀਆਂ ਕਰ ਰਹੇ ਮਹੀਨਾਵਾਰ ਤਨਖਾਹ ਲੈਣ ਵਾਲ਼ੇ ਲੋਕ ਵੀ ਹਰ ਰੋਜ਼ ਮਰਨ ਲਈ ਮਜਬੂਰ ਹੋ ਰਹੇ ਹਨ । ਇਨ੍ਹਾਂ ਤਿੰਨ ਸਾਲਾਂ ਦੌਰਾਨ 53,661 ਸੈਲਫ਼ ਐਂਪਲਾਇਡ ਤੇ 43,420 ਨੌਕਰੀਪੇਸ਼ਾ ਲੋਕ ਜਾਨਾਂ ਗੁਆ ਚੁੱਕੇ ਹਨ । ਇਹ ਸੰਖਿਆ ਵੀ ਕੋਵਿਡ ਦੇ ਦੌਰਾਨ ਵਧੀ ਸੀ । ਦੇਸ਼ ਦਾ ਕਿਸਾਨ ਲਗਾਤਾਰ ਗੁਰਬਤ ਦਾ ਮਾਰਿਆ ਆਤਮ ਹੱਤਿਆਵਾਂ ਕਰ ਰਿਹਾ ਹੈ । ਇਸ ਸਰਵੇਖਣ ਦੇ ਸਮੇਂ ਅਨੁਸਾਰ 31,840 ਕਿਸਾਨ ਜਾਨਾਂ ਦੇਣ ਲਈ ਮਜਬੂਰ ਹੋਏ ਭਾਵ ਤਕਰੀਬਨ ਕਰ ਰੋਜ਼ 30 ਕਿਸਾਨ ਖੇਤੀ ਦੇ ਧੰਦੇ ਤੋਂ ਤੰਗ ਹੋਕੇ ਮਰਨ ਲਈ ਮਜਬੂਰ ਹਨ ।

ਕੋਵਿਡ ਦੇ ਦੌਰਾਨ ਸਾਡੇ ਘਰਾਂ ਨੂੰ ਚਲਾਉਣ ਵਾਲ਼ੀਆਂ ਔਰਤਾਂ ਵੀ ਆਰਥਿਕ ਤੰਗੀ ਕਾਰਨ ਮੌਤ ਨੂੰ ਗਲ਼ੇ ਲਾਉਣ ਲਈ ਮਜਬੂਰ ਹੋਈਆਂ । ਬਿਊਰੇ ਦੇ ਅੰਕੜਿਆਂ ਮੁਤਾਬਿਕ ਇਸ ਸਮੇਂ ਦੌਰਾਨ 66,912 ਔਰਤਾਂ ਜੋ ਘਰੇਲੂ ਗ੍ਰਹਿਣੀਆਂ ਸਨ ਆਤਮ ਹੱਤਿਆਵਾਂ ਕਰ ਗਈਆਂ ਭਾਵ 61 ਗ੍ਰਹਿਣੀਆਂ ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਖੁਦਕੁਸ਼ੀਆਂ ਕਰ ਜਾਂਦੀਆਂ ਹਨ । ਇਹ ਅੰਕੜਾ ਜੋ 2019 ‘ਚ 21,,359 ਸੀ ਉਹ ਵੱਧਕੇ 2020 ‘ਚ 22374 ਤੇ 2021 ‘ਚ 23,179 ‘ਤੇ ਪਹੁੰਚ ਗਿਆ ।

ਵਿਦਿਆਰਥੀ ਵੀ ਇਸ ਸੰਕਟ ਤੋਂ ਨਹੀਂ ਬਚ ਸਕੇ । ਇਨ੍ਹਾਂ ਤਿੰਨਾ ਸਾਲਾਂ ‘ਚ ਤਕਰੀਬਨ 36,000 ਵਿਦਿਆਰਥੀ ਖੁਦਕੁਸ਼ੀਆਂ ਕਰ ਗਏ । ਇਸ ਹਿਸਾਬ ਨਾਲ਼ 32 ਵਿਦਿਆਰਥੀ ਹਰ ਰੋਜ਼ ਮੌਤ ਨੂੰ ਗਲ਼ੇ ਲਾ ਲੈਂਦੇ ਹਨ । ਵਿਦਿਆਰਥੀਆਂ ‘ਤੇ ਵੀ ਕਰੋਨਾ ਕਾਲ਼ ਦਾ ਬੜਾ ਮਾੜਾ ਅਸਰ ਪਿਆ । ਸਾਲ 2019 ‘ਚ 10,335, 2020 ‘ਚ 12,526 ਤੇ 2021 ‘ਚ 13,089 ਵਿਦਿਆਰਥੀ ਮੌਤ ਦੇ ਮੂੰਹ ‘ਚ ਜਾ ਪਏ । ਇਹ ਸੰਖਿਆਂ 2019 ਤੋਂ ਵੱਧਦੀ ਹੀ ਆ ਰਹੀ ਹੈ ।
ਉਪਰੋਕਤ ਅੰਕੜੇ ਸਿਰਫ਼ ਉਹ ਹਨ ਜੋ ਪੁਲਿਸ ਦੇ ਕੋਲ਼ ਰਿਕਾਰਡ ਹੋਏ ਹਨ ਪਰ ਇਹ ਅੰਕੜੇ ਅਸਲੀਅਤ ‘ਚ ਤਾਂ ਇਸ ਤੋਂ ਵੀ ਵੱਡੇ ਹੋਣਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਮੌਤਾਂ ਨੂੰ ਸਮਾਜਿਕ ਤਾਅਨਿਆਂ ਤੋਂ ਡਰਦਿਆਂ ਲੁਕੋਇਆ ਜਾਂਦਾ ਹੈ । ਇਹ ਅੰਕੜੇ ਵੀ ਕੋਈ ਨਿਕੇ ਨਹੀਂ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕੇ । ਇਨ੍ਹਾਂ ਆਤਮ ਹੱਤਿਆਵਾਂ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਨ੍ਹਾਂ ਸਾਰੀਆਂ ਮੌਤਾਂ ਦੀ ਇਕ ਗੱਲ ਸਾਂਝੀ ਹੈ ਕਿ ਜਿਸ ਵੀ ਘਰ ਦਾ ਮੈਂਬਰ ਖਤਮ ਹੋ ਜਾਂਦਾ ਹੈ ਉਸ ਘਰ ‘ਤੇ ਦੁੱਖਾਂ ਦੇ ਪਹਾੜ ਟੁੱਟ ਪੈਂਦੇ ਹਨ । ਇਨ੍ਹਾਂ ਪੀੜਤ ਪਰਿਵਾਰਾਂ ‘ਚ 99 ਫ਼ੀਸਦ ਗਰੀਬੀ ਦੇ ਮਾਰੇ ਪਰਿਵਾਰ ਹੀ ਹੁੰਦੇ ਹਨ ।

ਸਰਕਾਰਾਂ ਭਾਵੇਂ ਗਰੀਬਾਂ ਲਈ ਬਹੁਤ ਸਕੀਮਾਂ ਦਾ ਐਲਾਨ ਕਰ ਦੀਆਂ ਹਨ ਪਰ ਉਪਰੋਕਤ ਤੱਥ ਗਵਾਹੀ ਭਰਦੇ ਹਨ ਕਿ ਇਨ੍ਹਾਂ ਸਕੀਮਾਂ ਦਾ ਪੂਰਾ ਲਾਭ ਅਸਲੀ ਲੋਕਾਂ ਤੱਕ ਨਹੀਂ ਪਹੁੰਚਦਾ । ਸਰਕਾਰਾਂ ਨੂੰ ਚਾਹੀਦਾ ਹੈ ਕਿ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤਕ ਪਹੁੰਚਦਾ ਕਰਨ ਲਈ ਸਰਕਾਰੀ ਤੰਤਰ ਨੂੰ ਚੁਸਤ-ਫ਼ੁਰਤ ਬਣਾਉਣ ਵੱਲ਼ ਵੀ ਧਿਆਨ ਦੇਵੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button