EDITORIAL

ਰਿਸ਼ਤੇ ਲਈ ਇਕ ਨਵੀਂ ਡਿਗਰੀ, ਹੁਣ ਇਥੇ ‘ਸਵੰਬਰ’ ਵੀ ਹੋਣ ਲੱਗੇ

ਟੱਸ-ਟੱਸ ਕਰਦਾ ਪੰਜਾਬ

ਅਮਰਜੀਤ ਸਿੰਘ ਵੜੈਚ (94178-01988) 

ਅੱਜ ਕੁਝ ਰਾਸ਼ਟਰੀ ਅਖ਼ਬਾਰਾਂ ‘ਚ  ਦੋ ਇਸ਼ਤਿਹਾਰ ਛਾਇਆ ਹੋਏ ਹਨ : ਪਹਿਲੇ ਪੰਨੇ ‘ਤੇ ਹੈ ਪੰਜਾਬ ਸਰਕਾਰ ਦਾ ‘ਹੱਸਦਾ-ਵੱਸਦਾ ਪੰਜਾਬ’ ਜਿਸ ਵਿੱਚ ਮਾਨ ਸਾਹਿਬ ਕੇਸਰੀ ਪੱਗ ਬੰਨ੍ਹੀ ਕਹਿ ਰਹੇ ਹਨ ‘7 ਮਹੀਨੇ ਬਨਾਮ 70 ਸਾਲ’ ਤੇ ਇਸੇ ਹੀ ਇਸ਼ਤਿਹਾਰ ‘ਚ ਇਕ ਕਿਸਾਨ ਕਾਲ਼ੀ ਪੱਗ ਬੰਨ੍ਹੀ ਇੰਜ ਲੱਗ ਰਿਹਾ ਹੈ ਜਿਵੇਂ ਮਾਨ ਸਹਿਬ ਨੂੰ ਹੱਸਕੇ ਕੋਈ ਸਵਾਲ ਕਰ ਰਿਹਾ ਹੋਵੇ । ਓਸੇ ਹੀ ਇਸ਼ਤਿਹਾਰ ਦੇ ਪਿਛਲੇ ਪਾਸੇ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਹੱਥ ਜੋੜਕੇ ਤੁਰੇ ਜਾਂਦਿਆਂ  ਦਾ ਇਸ਼ਤਿਹਾਰ ਹੈ ਜਿਸ ਵਿੱਚ ਇਹ ਸੰਦੇਸ਼ ਹੈ ਕਿ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੁਨੀਆਂ ਦੇ ਪੈਰਿਸ,ਮੌਂਟਰੀਅਲ,ਮੈਕਸੀਕੋ ਸਿਟੀ,ਮੈੱਲਬੌਰਨ ਅਤੇ ਹੋਰ 57 ਸ਼ਹਿਰਾਂ ਨੂੰ ਪਛਾੜਕੇ ਦੁਨੀਆਂ ਦਾ 2022 ਦਾ ‘ ਵਰਲਡ ਗਰੀਨ ਸਿਟੀ ਅਵਾਰਡ-2022’ ਜਿਤ ਗਿਆ ਹੈ : ਇਸ ਅਵਾਰਡ ਦਾ ਮਤਲਬ ਹੈ ਕਿ ਹੈਦਰਾਬਾਦ ਦੁਨੀਆਂ ਵਿੱਚ ਸੱਭ ਤੋਂ ਵੱਧ ਰੁੱਖਾਂ ਨੂੰ ਪਿਆਰ ਕਰਨ ਵਾਲ਼ਾ ਸ਼ਹਿਰ ਹੈ ।

ਮੰਗਲਵਾਰ ਨੂੰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਦੋ ਸਕੇ ਭਰਾਵਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਤੇ ਇਥੇ  ਹੀ ਕੁਝ ਦਿਨ ਪਹਿਲਾਂ ਇਕ ਨਸ਼ੇ ‘ਚ ਧੁੱਤ ਪੰਜਾਬਣ ਮੁਟਿਆਰ ਦੀ ਵੀਡੀਓ ਵਾਇਰਲ ਹੋਈ ਸੀ । ਇਹ ਓਹੀ ਸ਼ਹਿਰ ਹੈ ਜੋ ਵਿਧਵਾਵਾਂ ਦੀ ਬਸਤੀ ‘ਮਕਬੂਲਪੁਰਾ’ ਕਰਕੇ ਪਹਿਲਾਂ ਹੀ  ਨਸ਼ਰ ਹੋ ਚੁੱਕਾ ਹੈ । ਸਾਲ 1999 ‘ਚ ‘ਦਾ ਟ੍ਰਿਬਿਊਨ’ ਦੇ ਪਿੰਸੀਪਲ ਕਾਰਸਪੌਂਡੈਂਟ ਵਰਿੰਦਰ ਵਾਲੀਆ ਦੀ ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਇਸ ਬਸਤੀ ‘ਚ ਤਿੰਨ ਸਾਲਾਂ ਦੌਰਾਨ 30 ਔਰਤਾਂ ਦੇ ਸਿਰਾਂ ‘ਤੇ ਚਿੱਟੀਆਂ ਚੁੰਨੀਆਂ ਆ ਗਈਆਂ ਸਨ । ਇਹ ਬਸਤੀ ਨਸ਼ਿਆਂ ਲਈ ਹਾਲੇ ਵੀ ਬਦਨਾਮ ਹੈ । ਉਂਜ ਪੰਜਾਬ ‘ਚੋਂ ਹਰ ਰੋਜ਼ ਕਿਸੇ ਨਾ ਕਿਸੇ ਦੀ ਨਸ਼ੇ ਨਾਲ਼ ਮੌਤ ਦੇ ਮੂੰਹ ‘ਚ ਪੈਣ ਦੀ ਖ਼ਬਰ ਆਪਾਂ ਪੜ੍ਹ ਹੀ ਲੈਂਦੇ ਹਾਂ ।

ਇਸੇ ਵਰ੍ਹੇ ਫਰਵਰੀ ‘ਚ ਪੀਜੀਆਈ ਦੇ ਡਾ: ਜੇ ਐੱਸ ਠਾਕੁਰ ਦੁਆਰਾ ਸੰਪਾਦਿਤ ਪੁਸਤਕ ‘Roadmap for Prevention and Control of Substance Abuse in Punjab’,  ਦਾ ਦੂਸਰਾ ਅਡੀਸ਼ਨ ਜਾਰੀ ਕੀਤਾ ਗਿਆ ਜਿਸ ‘ਚ  ਦੱਸਿਆ ਗਿਆ ਕਿ ਪੰਜਾਬ ‘ਚ 30 ਲੱਖ ਲੋਕ ਨਸ਼ਾ ਕਰਦੇ ਹਨ ਤੇ  ਇਨ੍ਹਾਂ ਵਿੱਚੋਂ 20 ਲੱਖ ਤਾਂ ਸ਼ਰਾਬ ਪੀਣ ਵਾਲ਼ੇ ਹਨ ।

ਫ਼ਿਰੋਜ਼ਪੁਰ ਦੇ ਸ਼ਹਿਰ ਜ਼ੀਰਾ ਦੇ ਇਕ ਪਿੰਡ ‘ਚ ਲੱਗੀ ਸ਼ਰਾਬ ਦੀ ਫੈਕਟਰੀ ਦੇ ਬਾਹਰ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਤੇ ਦੂਸਰੇ ਲੋਕ ਧਰਨਾ ਲਾਕੇ ਬੈਠੇ ਹਨ ਜੋ ਇਸ ਗੱਲ ਦਾ ਰੋਸ ਕਰ ਰਹੇ ਹਨ ਕਿ ਫੈਕਟਰੀ ਦੇ ਗੰਦੇ ਪਾਣੀ ਕਾਰਨ ਇਲਾਕੇ ਦੇ ਬੋਰਾਂ ‘ਚੋਂ ਗੰਧਲ਼ਾ ਤੇ ਲਾਲ ਪਾਣੀ ਨਿਕਲਣ ਲੱਗ ਪਿਆ ਹੈ ਜੋ ਲੋਕਾਂ ਨੂੰ ਬਿਮਾਰੀਆਂ ਲਾ ਰਿਹਾ ਹੈ । ਇਸ ਮੁੱਦੇ ‘ਤੇ ਸਰਕਾਰ ਵੱਲੋਂ ਕੁਝ ਨਾ ਕਰਨ ਕਰਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਨੂੰ ਪੰਜ ਕਰੋੜ ਦਾ ਜੁਰਮਾਨਾ ਵੀ ਕਰ ਦਿਤਾ ਹੈ । ਫੈਕਟਰੀ ਵਾਲ਼ੇ ਕੋਰਟ ਵਿੱਚ ਗਏ ਸਨ ਕਿ ਸਰਕਾਰ ਉਹ ਧਰਨਾ ਖ਼ਤਮ ਕਰਵਾਵੇ । ਇਥੇ ਹੀ  ਬੱਸ ਨਹੀਂ ਸੰਗਰੂਰ ਤੇ ਮੁਹਾਲੀ ਵਿੱਚ ਕਈ ਮੁਲਾਜ਼ਮ ਤੇ ਬੇਰੁਜ਼ਗਾਰਾਂ ਦੀਆਂ ਜੱਥੇ ਬੰਦੀਆਂ ਧਰਨੇ ਲਾਈ ਬੈਠੀਆਂ ਹਨ । ‘ਰੰਗਲੇ ਪੰਜਾਬ’ ਦੀਆਂ ਧੀਆਂ ਟੈਂਕੀਆਂ ‘ਤੇ ਕਰਵਾ ਚੌਥ ਮਨਾਉਣ ਲਈ ਮਜਬੂਰ ਹਨ ਤੇ ਗੱਭਰੂ ਟੈਕੀਆਂ ਤੋਂ ਚੀਕਾਂ ਮਾਰ ਮਾਰ ਕੇ ਆਪਣੀਆਂ ਫ਼ਰਿਆਦਾਂ ਕਰ ਰਹੇ ਹਨ ।

ਪੰਜਾਬ ‘ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ । ਭਗਵੰਤ ਮਾਨ , ਮੁੱਖ ਮੰਤਰੀ, ਪੰਜਾਬ ਦੇ ਸ਼ਹਿਰ ਸੰਗਰੂਰ ‘ਚ ਭਾਰਤੀ ਕਿਸਾਨ ਯੂਨੀਅਨ ( ਏਕਤਾ-ਉਗਰਾਹਾਂ) ਵੱਲੋਂ ਇਸੇ ਮਹੀਨੇ ਦੀ ਨੌਂ ਤਰੀਕ ਤੋਂ ਧਰਨਾ ਜਾਰੀ ਹੈ ਜੋ ਅੱਜ 12 ਵੇਂ ਦਿਨ ‘ਚ ਪਹੁੰਚ ਗਿਆ ਹੈ । ਕਿਸਾਨਾ ਦੀਆਂ ਬਹੁਤ ਮੰਗਾਂ ਹਨ ਜਿਨ੍ਹਾਂ ‘ਚੋਂ ਬਹੁਤੀਆਂ ‘ਤੇ ਕਿਸਾਨ ਲੀਡਰਾਂ ਦੀ ਮਾਨ ਨਾਲ਼ 7 ਅਕਤੂਬਰ ਨੂੰ ਚੰਡੀਗੜ੍ਹ ‘ਚ ਹੋਈ  ਮੀਟਿੰਗ ‘ਚ ਸਹਿਮਤੀ ਬਣ ਗਈ ਸੀ ਪਰ ਕਿਸਾਨਾਂ ਅਨੁਸਾਰ ਸਰਕਾਰ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ । ਇਹ ਮੋਰਚਾ ਅੱਜ ਤੋਂ ਮਾਨ ਦੀ ਸੰਗਰੂਰ ਵਾਲ਼ੀ ਰਿਹਾਇਸ਼ ਨੂੰ ਚਾਰੇ ਪਾਸਿਓਂ ਘੇਰਨ ਦਾ ਐਲਾਨ ਕਰ ਚੁੱਕੇ ਹਨ ।

ਤਿੰਨ ਲੱਖ ਕਰੋੜ ਕਰਜ਼ੇ ‘ਚ ਦੱਬਿਆ ਪੰਜਾਬ ਹੁਣ ਅੱਠ ਸੀਟਾਂ ਵਾਲ਼ਾ ਇਕ ਨਵਾਂ ਜਹਾਜ਼ ਲੀਜ਼ ‘ਤੇ ਲੈਣ ਜਾ ਰਿਹਾ ਹੈ ਜਿਸ ‘ਤੇ ਇਕ ਘੰਟੇ ਦੀ ਉਢਾਣ ‘ਤੇ ਡੇਢ ਤੋਂ ਦੋ ਲੱਖ ਰੁ: (ਟੈਕਸ ਵੱਖਰਾ) ਖਰਚ ਹੋਇਆ ਕਰਨਗੇ । ਉਂਜ ਪੰਜਾਬ ਕੋਲ਼ ਪਹਿਲਾਂ ਵੀ ਆਪਣਾ ਪੰਜ ਸੀਟਾਂ ਵਾਲ਼ਾ ਜਹਾਜ਼ ਹੈ ।  ਇਸ ਤੋਂ ਇਲਾਵਾ ਮਾਨ ਸਰਕਾਰ ਵੱਡਾ ਖਰਚ ਮੀਡੀਆ ‘ਚ ਇਸ਼ਤਿਹਾਰ ਦੇਣ ‘ਤੇ  ਕਰ ਰਹੀ ਹੈ ਜੋ ਰੋਜ਼ ਹੀ ਵਿਰੋਧੀ ਪਾਰਟੀਆਂ ‘ਤੇ ਰਾਜਨੀਤਿਕ ਤੇ ਸਮਾਜਿਕ ਵਿਸ਼ਲੇਸ਼ਕਾਂ ਦੇ ਨਿਸ਼ਾਨੇ ‘ਤੇ ਰਹਿੰਦਾ ਹੈ । ਵੈਸੇ ਇਸ਼ਤਿਹਾਰ ਬਾਜ਼ੀ ਤੇ ਖਰਚ ਕਾਂਗਰਸ ਤੇ ਅਕਾਲੀ ਸਰਕਾਰਾਂ ਵੀ ਬਿਨਾ ਝਿਜਕੇ ਕਰਦੀਆਂ ਰਹੀਆਂ ਹਨ । ਪੰਜਾਬ ਦੇ ਹੱਸਪਤਾਲ਼ਾਂ ਦੀ ਹਾਲਤ ਕੱਲ੍ਹ ਮਾਨ ਸਾਹਿਬ ਆਪ ਹੀ ਰਾਜਿੰਦਰਾ ਹੱਸਪਤਾਲ਼ ਦੇ ਛਾਪੇ ਦੌਰਾਨ ਵੇਖ ਹੀ ਚੁੱਕੇ ਹਨ ਜਿਥੇ ਲੋਕਾਂ ਨੇ ਰੋ ਰੋ ਕੇ ਸਿਹਤ ਸਹੂਲਤਾਂ ਦੀ ਚਰਮਰਾ ਰਹੀ ਹਾਲਤ ਬਾਰੇ ਦੱਸਿਆ ।

ਮਾਨ ਸਾਰਕਾਰ ਦੇ ਸੱਤ ਮਹੀਨੇ ਪੂਰੇ ਹੋ ਚੁੱਕੇ ਹਨ : ਪੰਜਾਬ ‘ਚੋਂ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਜਾਰੀ ਹੈ ਤੇ ਇੰਜ ਤਕਰੀਬਨ ਹਰ ਰੋਜ਼ ਪੰਜਾਬ ਦੇ 300  ਤੋਂ 400 ਨੌਜਵਾਨ ‘ ਹੱਸਦੇ-ਵੱਸਦੇ ਪੰਜਾਬ’ ਨੂੰ ਟਾਟਾ ਕਰਕੇ ਵਿਦੇਸ਼ਾਂ ‘ਚ ਉਡਾਰੀ ਮਾਰ ਰਹੇ ਹਨ । ਇਸੇ ਵਰ੍ਹੇ ਮਾਰਚ ਮਹੀਨੇ ਦੌਰਾਨ ਲੋਕਸਭਾ ਦੇ ਬੱਜਟ ਸੈਸ਼ਨ ਦੌਰਾਨ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦੱਸਿਆ ਸੀ ਕਿ ਜਨਵਰੀ 2016 ਤੋਂ 26 ਮਾਰਚ 2022 ਤੱਕ ਦੇ ਅੰਕੜਿਆਂ ਅਨੁਸਾਰ ਪੰਜਾਬ ‘ਚੋਂ  ਇਨ੍ਹਾਂ ਪੰਜ ਸਾਲਾਂ ਦੌਰਾਨ ਚਾਰ ਲੱਖ 78 ਹਜ਼ਾਰ ਪੰਜਾਬੀ ਰੁਜ਼ਗਾਰ ਦੀ ਭਾਲ਼ ‘ਚ ਪੰਜਾਬ ਛੱਡ ਗਏ ਸਨ ਜੋ ਗਿਣਤੀ ਹਰ ਰੋਜ਼ ਔਸਤਨ 261 ਬਣਦੀ ਹੈ । ਇਸੇ ਤਰ੍ਹਾਂ ਇਸੇ ਸਮੇਂ ਦੌਰਾਨ ਦੋ ਲੱਖ 62 ਹਜ਼ਾਰ ਵਿਦਿਆਰਥੀ ਸਟੱਡੀ ਵੀਜ਼ੇ ‘ਤੇ ਬਾਹਾਰ ਗਏ ਹਨ । ਇਸ ਹਿਸਾਬ ਨਾਲ਼ 143 ਨੌਜਵਾਨ ਹਰ ਰੋਜ਼ ਪੰਜਾਬ ‘ਚੋ ਦੂਜੇ ਮੁਲਕਾਂ ‘ਚ ਪੜ੍ਹਨ ਜਾ ਰਹੇ ਹਨ ।

‘ਦਾ ਟ੍ਰਿ‌ਬਿਊਨ’ 28 ਜੁਲਾਈ 2018 ਦੀ ਰਿਪੋਰਟ ਮੁਤਾਬਿਕ ਪੰਜਾਬ ‘ਚੋਂ ਹਰ ਵਰ੍ਹੇ 67 ਹਜ਼ਾਰ ਕਰੋੜ ਰੁ: ਆਈਐਲਟਸ,ਵੀਜ਼ਾ,ਜਹਾਜ਼ਾਂ ਦੇ ਟਿਕਟ,ਕੱਪੜੇ, ਰਹਿਣ ਦਾ ਖਰਚਾ ਅਤੇ ਹੋਰ ਫੁਟਕਲ ਖਰਚਿਆਂ ਲਈ ਵਿਦੇਸ਼ਾਂ ‘ਚ ਚਲਾ ਜਾਂਦਾ ਹੈ । ਇਸ ਤੋਂ  ਵੀ ਜੋ ਵੱਧ ਨੁਕਸਾਨ  ਹੋ ਰਿਹਾ ਹੈ ਉਹ ਇਹ ਹੈ ਕਿ ਪੰਜਾਬ ਦਾ ਜਵਾਨ ਤੇ ਬੌਧਿਕ ਸਰਮਾਇਆ ਬਾਹਰ ਜਾ ਰਿਹਾ ਹੈ ਜੋ ਤਿਆਰ ਇਥੇ ਹੋਇਆ ਸੀ ।

ਗੈਂਗਸਟਰਾਂ ਦਾ ਵੱਧਦਾ ਰੁਝਾਨ, ਨਸ਼ੇ, ਬੇਰੁਜ਼ਗਾਰੀ,ਕਿਸਾਨਾਂ ਦੀ ਦਿਨੋਂ ਦਿਨ ਨਿਘਰਦੀ ਹਾਲਤ, ਲੋਕਾਂ ਦਾ ਵਿਦੇਸ਼ਾਂ ਵੱਲ ਵੱਧ  ਰਿਹਾ ਰੁਝਾਨ ਆਦਿ ਨੇ ਕੁਝ ਨਵੀਆਂ ਪ੍ਰਸਥਿਤੀਆਂ ਪੈਦਾ ਕਰ ਦਿਤੀਆਂ ਹਨ । ਪਹਿਲਾਂ ਲੋਕ ਕੁੜੀ ਦਾ ਰਿਸ਼ਤਾ ਕਰਨ ਸਮੇਂ ਪੁਛਦੇ ਸਨ ਕਿ ਮੁੰਡੇ ਕੋਲ਼ ਕਿੰਨੀ ਜ਼ਮੀਨ ਹੈ , ਕਿੰਨੇ ਭੈਣ ਭਰਾ ਹਨ , ਕਿੰਨੀ ਪੜ੍ਹਾਈ ਹੈ ਪਰ ਹੁਣ  ਇਸ ਗੱਲ ਨੂੰ ਪਹਿਲ ਦਿਤੀ ਜਾਂਦੀ ਹੈ ਕਿ ਮੁੰਡਾ ਨਸ਼ੇ ਤਾਂ ਨਹੀ ਕਰਦਾ । ਇਹ ਸਮਝਿਆ ਜਾਣ ਲੱਗ ਪਿਆ ਹੈ ਕਿ ਜੇ ਕਰ ਮੁੰਡਾ ਕੋਈ ਨਸ਼ਾ ਨਹੀਂ ਕਰਦਾ ਤਾਂ ਇਹ ਵੀ ਇਕ ਡਿਗਰੀ ਦੇ ਬਰਾਬਰ ਹੀ ਹੈ ਪਰ ਜੇ ਕਰ ਮੁੰਡਾ ਨਸ਼ੇ ਕਰਦਾ ਹੈ ਤਾਂ ਕੁੜੀ ਵਾਲ਼ੇ ਰੁਤਬਾ, ਜ਼ਮੀਨ,ਪੈਸਾ, ਪੜ੍ਹਾਈ ਆਦਿ ਸੱਭ ਕੁਝ ਹੁੰਦਿਆਂ ਵੀ ਨਾਂਹ ਕਰ ਜਾਂਦੇ ਹਨ । ਵਿਚੋਲੇ ਤੇ ਮਾਂ ਪਿਓ ਇਹ ਮਾਣ ਨਾਲ਼ ਦੱਸਦੇ ਹਨ ਕਿ ਉਨ੍ਹਾਂ ਦਾ ਮੁੰਡਾ ਨਸ਼ੇ ਬਿਲਕੁਲ ਨਹੀਂ ਕਰਦਾ ।

ਹੁਣ ਤਾਂ ਪੰਜਾਬ ‘ਚ ‘ਸਵੰਬਰ’ ਵੀ ਹੋਣ ਲੱਗ ਪਏ ਹਨ । ਇਸੇ ਮਹੀਨੇ ਬਠਿੰਡੇ ‘ਚ ਇਸੇ ਤਰ੍ਹਾਂ ਦੇ ‘ਸਵੰਬਰ’ ਲਈ ਇਸ਼ਤਿਹਾਰ ਦਿਤੇ ਗਏ ਪਰ ਬਾਦ ‘ਚ ਮੀਡੀਏ ਵੱਲੋਂ ਰੌਲ਼ਾ ਪਾਉਣ ‘ਤੇ ਉਸ ‘ਸਵੰਬਰ’ ਦੇ ਪ੍ਰਬੰਧਕਾਂ ਨੂੰ ਪੁਲਿਸ ਨੇ ਅੰਦਰ ਕਰ ਦਿਤਾ । ਇਹ ਹੈ ਸਾਡਾ ‘ਰੰਗਲਾ ,ਹੱਸਦਾ-ਵੱਸਦਾ ਪੰਜਾਬ’ ਇਸ ਦਾ ਫ਼ੈਸਲਾ ਤੁਸੀਂ ਆਪ ਹੀ ਕਰ ਲਵੋ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

One Comment

  1. ਸਾਡਾ ਕੰਮ ਬੋਲਦਾ..…..
    ਪਰ ਤੁਸੀ ਸੁਣਦੇ ਨਹੀਂ।
    ਤਾਹੀਂਓ ਸਾਨੂੰ ਹਜ਼ਾਰਾਂ ਕਰੋੜ ਦੇ
    ਛਪਾਉਣੇ ਇਸ਼ਤਿਹਾਰ ਪੈਂਦੇ ਨੇ।

Back to top button