EDITORIAL

ਸੰਤ ਦਾ ਕਤਲ ਜਾਂ ਸਾਜ਼ਿਸ਼ ?

ਬੇਈਮਾਨ ਸਿਆਸਤ ਨੇ ਪੰਜਾਬ ਡੋਬਿਆ

ਅਮਰਜੀਤ ਸਿੰਘ ਵੜੈਚ (94178701988)

ਪੰਜਾਬ ‘ਚ ਸ਼ਾਂਤੀ ਬਹਾਲ ਕਰਨ ਦੇ ਮਨਸ਼ੇ ਨਾਲ ਸੰਤ ਹਰਚੰਦ ਸਿੰਘ ਲੌਂਗੋਵਾਲ, ਉਸ ਵਕਤ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਦੋਂ ਦੇਸ਼ ਦੇ ਪ੍ਰਧਾਨ-ਮੰਤਰੀ ਰਾਜੀਵ ਗਾਂਧੀ ਨਾਲ ‘ਪੰਜਾਬ ਸਮਝੌਤੇ’ ‘ਤੇ 24 ਜੁਲਾਈ 1985 ਨੂੰ ਦਿੱਲੀ ਵਿੱਚ ਦਸਤਖ਼ਤ ਕੀਤੇ ਸਨ ਤਾਂ ਸੰਤ ਜੀ ਦੇ ਮਨ ਅੰਦਰ ਜ਼ਰੂਰ ਇਸ ਦਾ ਫਖ਼ਰ ਮਹਿਸੂਸ ਹੋਇਆ ਹੋਵੇਗਾ ਕਿ ਉਨ੍ਹਾ ਪੰਜਾਬ ਨੂੰ ਅੱਗ ‘ਚੋਂ ਕੱਢ ਲਿਆ ਹੈ ਪਰ ਸੰਤ ਇਸ ਹੋਣੀ ਤੋਂ ਜਾਣੂ ਨਹੀਂ ਸਨ ਕਿ ਦਰਅਸਲ ਉਨ੍ਹਾਂ ਨੇ ਆਪਣੀ ਮੌਤ ਦੇ ਵਾਰੰਟ ਉਪਰ ਹੀ ਦਸਤਖ਼ਤ ਕਰ ਦਿਤੇ ਸਨ। ‘ਪੰਜਾਬ ਸਮਝੌਤੇ’ ਤੋਂ ਪੂਰੇ 27ਵੇਂ ਦਿਨ, 20 ਅਗਸਤ ਵਾਲੇ ਦਿਨ ‘ਤੇ ਸੰਤ ਜੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ‘ਚ ਤਕਰੀਬਨ ਛੇ ਹਜ਼ਾਰ ਲੋਕਾਂ ਦੇ ਇਕੱਠ ਨੂੰ ‘ਪੰਜਾਬ ਸਮਝੌਤੇ’  ਬਾਰੇ ਦੱਸ ਰਹੇ ਸੀ ; ਸ਼ਾਮ ਦੇ ਕੋਈ ਸਾਢੇ ਪੰਜ ਵੱਜੇ ਸਨ ਜਦੋਂ ਲੋਕਾਂ ਦੇ ਇਕੱਠ ‘ਚੋਂ ਇਕ 24 ਕੁ ਸਾਲ ਦੇ ਨੌਜਵਾਨ ਨੇ ਸੰਤ ਜੀ ‘ਤੇ ਪਿਸਟਲ ਨਾਲ਼ ਗੋਲ਼ੀਆਂ ਚਲਾ ਦਿੱਤੀਆਂ ਪਰ ਨਿਸ਼ਾਨਾ ਖੁੰਝ ਗਿਆ ਤੇ ਕੁਝ ਅਕਾਲੀ ਵਰਕਰ ਜ਼ਖ਼ਮੀ ਹੋ ਗਏ।

ਸਟੇਜ ‘ਤੇ ਖੜੇ ਲੋਕਾਂ ਨੇ ਸੰਤ ਜੀ ਨੂੰ ਸਟੇਜ ‘ਤੇ ਘੇਰਾ ਪਾਕੇ ਬਚਾ ਲਿਆ ; ਸੰਤ ਜੀ ਦਾ ਲੋਕਾਂ ਦੀ ਭੀੜ ‘ਚ ਦਮ ਘੁੱਟਣ ਲੱਗਿਆ ਤੇ ਓਹ ਜ਼ੋਰ ਲਾਕੇ ਬੋਲੇ “ਓਏ ਮੈਨੂੰ ਸਾਹ ਤੇ ਲੈਣ ਦਿਓ ” ਇਹ ਬੋਲ ਸੰਤ ਦੇ ਆਖਰੀ ਬੋਲ ਸਨ ; ਜਿਉਂ ਹੀ ਸੰਤ ਜੀ ਤੋਂ ਲੋਕਾਂ ਨੇ ਘੇਰਾ ਛੱਡਿਆ ਤਾਂ ਸੰਤ ਜੀ ਤੋਂ ਥੋੜੀ ਦੂਰੀ ‘ਤੇ ਬੈਠੇ ਇਕ ਹੋਰ ਵੀਹ ਕੁ ਸਾਲ ਦੇ ਨੌਜਵਾਨ ਨੇ ਨੇੜੇ ਹੋਕੇ ਸੰਤ ਜੀ ਦੇ ਢਿਡ ‘ਚ ਇਕ ਗੋਲ਼ੀ ਦਾਗ ਦਿੱਤੀ ….ਬਾਕੀ ਕਹਾਣੀ ਰਿਕਾਰਡ ‘ਚੋਂ ਪੜ੍ਹੀ ਜਾ ਸਕਦੀ ਹੈ। ਸੰਤ ਦਾ ਕਤਲ ਕਿਉਂ ਕੀਤਾ ਗਿਆ ? ਇਹ ਸਵਾਲ ਭਾਵੇਂ ਅੱਜ ਤੱਕ  ਆਪਣਾ ਜਵਾਬ ਨਹੀਂ ਲੱਭ ਸਕਿਆ ਪਰ ਇਸ ਕਤਲ ਤੋਂ ਮਗਰੋਂ ਪੰਜਾਬ ‘ਚ ਇਹ ਚਰਚਾ ਜ਼ੋਰ ਫੜ ਗਈ ਸੀ ਕਿ ਇਸ ਕਤਲ ਦੇ ਪਿਛੇ ਰਾਜਨੀਤਿਕ ਸ਼ੈਤਾਨਾਂ ਦਾ ਹੱਥ ਹੈ। ਕਾਰਨ ਭਾਵੇਂ ਕੋਈ ਵੀ ਸੀ ਪਰ ਇਕ ਗੱਲ ਜ਼ਰੂਰ ਹੈ ਕਿ ਉਸ ਕਤਲ ਮਗਰੋਂ ਪੰਜਾਬ ‘ਚ ਬਹੁਤ ਕਤਲੋਗ਼ਾਰਤ ਹੋਈ ਜਿਸ ਵਿੱਚ  ਸੁੱਕੇ ਦੇ ਨਾਲ ਵੱਡੀ ਤਾਦਾਦ ‘ਚ ਗਿੱਲਾ ਵੀ ਬਲਦੀ ਦੇ ਬੂਥੇ ਡਾਹ ਦਿਤਾ ਗਿਆ ।

‘ਸ੍ਰੀ ਅਨੰਦਪੁਰ ਸਾਹਿਬ ਦਾ ਮਤਾ 1973’ ਨੂੰ ਲੈਕੇ  ਸ਼ੁਰੂ ਹੋਏ ਸਿੱਖ ਸੰਘਰਸ਼ ਨੇ 1978 ਦੀ ਵਿਸਾਖੀ ਸਮੇਂ ਅੰਮ੍ਰਿਤਸਰ ਵਿਖੇ ਨਿਰੰਕਾਰੀ-ਅਖੰਡ ਕੀਰਤਨੀ ਜਥੇ ਦੇ ਸ਼ਰਧਾਲੂਆਂ ਵਿਚਕਾਰ ਹੋਏ ਖੂਨੀ ਟਕਰਾ ਨੇ ਪੰਜਾਬ ਦੀਆਂ ਫਿਜ਼ਾਵਾਂ ‘ਚ ਜ਼ਹਿਰਾਂ ਘੋਲ ਦਿਤੀਆਂ ਜੋ ਹਜ਼ਾਰਾਂ ਹੀ ਨਿਰਦੋਸ਼ ਹਿੰਦੂ ਤੇ ਸਿਖ ਪਰਿਵਾਰਾਂ ਦੇ ਜੀਆਂ ਨੂੰ ਨਿਗਲ ਗਈਆਂ। ਇਸੇ ਦੌਰਾਨ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਲਈ 8 ਅਪ੍ਰੈਲ 1982 ਨੂੰ ਇੰਦਰਾ ਗਾਂਧੀ ਨੇ ‘ਸਤਲੁਜ-ਯਮੁਨਾ ਲਿੰਕ’ ਨਹਿਰ ਦੀ ਪੁਟਾਈ ਦਾ ਪਟਿਆਲੇ ਨੇੜੇ ਪਿੰਡ ਕਪੂਰੀ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਟੱਕ ਵੀ ਲਾ ਦਿੱਤਾ। ਕੈਪਟਨ ਸਾਹਿਬ ਇਸ ਟੱਕ ਲਾਉਣ ਲਈ ਸੋਨੇ ਦੀ ਕਹੀ ਬਣਵਾਕੇ ਲੈ ਗਏ ਸਨ। ਇਸੇ ਸਾਲ ਹੀ ਅੰਮ੍ਰਿਤਸਰ ਤੋਂ ਅਗਸਤ ‘ਚ ਧਰਮ-ਯੁੱਧ ਮੋਰਚਾ ਸ਼ੁਰੂ ਹੋਇਆ ਜਿਸ ਦੇ ਡਿਕਟੇਟਰ ਵੀ ਸੰਤ ਲੌਂਗੋਵਾਲ ਹੀ ਸਨ  ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਲੌਂਗੋਵਾਲ ਦੀ ਅਗਵਾਈ ‘ਚ ਇਸ ਮੋਰਚੇ ਦੀ ਹਮਾਇਤ ਕੀਤ‌ੀ ਸੀ।

ਪੰਜਾਬ ‘ਚ 1978 ਤੋਂ ਸ਼ੁਰੂ ਹੋਈ ਤਬਾਹੀ ਦਾ ਪਹਿਲਾ ਪੜਾ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫ਼ੌਜ ਦੇ ਹਮਲੇ ਨਾਲ ਹੋਇਆ ਤੇ ਉਸ ਮਗਰੋਂ ਫਿਰ ਪੰਜਾਬ ‘ਚ ਖਾੜਕੂਆਂ ਵੱਲੋਂ ਮਾਰਧਾੜ ਸ਼ੁਰੂ ਹੋਈ ਤੇ ਫਿਰ ਪੰਜਾਬ ਪੁਲਿਸ ਤੇ ਕੇਂਦਰ ਦੀਆਂ ਫੋਰਸਾਂ ਨੇ ਵੀ ਖਾੜਕੂਆਂ ਦੇ ਖਾਤਮੇ ਲਈ ਆਮ ਪੰਜਾਬੀਆਂ ਨੂੰ ਵੀ ਦੰਦੇ ਹੇਠਾਂ ਧਰ ਲਿਆ। ਇਸ ਜੰਗ ‘ਚ ਰਾਜਸੀ ਲੀਡਰ ਬਿਆਨ ਦੇ ਦੇ ਕੇ ਆਪੋ-ਆਪਣਾ ‘ਹਿੱਸਾ’ ਪਾਉਂਦੇ ਰਹੇ। ਅਕਾਲੀ ਤੇ ਕਾਂਗਰਸੀ ਇਕ ਦੂਜੇ ਨੂੰ ਭੰਡਦੇ ਰਹੇ ਤੇ ਲੋਕ ਭੌਂ-ਚੱਕੇ ਹੋਏ ਦੇਖਦੇ ਰਹੇ। ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੇ ਹੁਕਮ ਦੇਣਾ ਦਾ ਇਵਜ਼ਾਨਾ ਤਤਕਾਲੀ ਪ੍ਰਧਾਨ-ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਜਾਨ ਨਾਲ ਦੇਣਾ ਪਿਆ ਜਦੋਂ ਇੰਦਰਾ ਦੇ ਸਿਖ ਅੰਗ ਰੱਖਿਅਕਾਂ ਨੇ ਇੰਦਰਾਂ ਨੂੰ 31 ਅਕਤੂਬਰ ਨੂੰ ਦਿੱਲੀ ‘ਚ ਪੀਐੱਮ ਦੀ ਸਰਕਾਰੀ ਰਿਹਾਇਸ਼ ‘ਤੇ ਹੀ ਗੋਲ਼ੀਆਂ ਨਾਲ ਭੁੰਨ ਦਿੱਤਾ ; ਇਸ ਮਗਰੋਂ ਦਿੱਲ਼ੀ, ਕਾਨਪੁਰ, ਬੁਕਾਰੋ ਆਦਿ ਸ਼ਹਿਰਾਂ ‘ਚ ਸਿੱਖਾਂ ਨੂੰ ਚੁਣ-ਚੁਣ ਕੇ ਮਾਰਿਆ ਗਿਆ। ਇੰਦਰਾ ਤੋਂ ਮਗਰੋਂ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ-ਮੰਤਰੀ ਬਣੇ ਤਾਂ ਇਹ ‘ਪੰਜਾਬ ਸਮਝੌਤਾ’ ਜਿਸ ਨੂੰ ਅਕਸਰ ‘ਰਾਜੀਵ-ਲੌਂਗੋਵਾਲ਼ ਸਮਝੌਤਾ’ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ ‘ਤੇ 24 ਜੁਲਾਈ 1985 ਨੂੰ ਕੇਂਦਰ ਵੱਲੋਂ ਰਾਜੀਵ ਗਾਂਧੀ ਤੇ ਪੰਜਾਬ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਦਸਤਖ਼ਤ ਕੀਤੇ।

ਇਸ ਸਮਝੌਤੇ ਦੀਆਂ 11 ਧਾਰਾਵਾਂ ਸਨ; 1. ਇਕ ਅਗਸਤ 1982 ਮਗਰੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ, 2. ਫੌਜ ਵਿੱਚ ਭਰਤੀ ਨਿਰੋਲ ਮੈਰਿਟ ਦੇ ਆਧਾਰ ਕਰਨੀ, 3. 1984 ਦੇ ਸਿਖ ਵਿਰੋਧੀ ਦਿੱਲੀ ਦੰਗਿਆਂ ਦੀ ਜਾਂਚ ਲਈ ਬਣਿਆਂ ਰੰਗਨਾਥ ਮਿਸ਼ਰਾ ਕਮਿਸ਼ਨ ਦਿੱਲੀ ਦੇ ਨਾਲ਼ ਬੁਕਾਰੋ ਅਤਾ ਕਾਨਪੁਰ ‘ਚ ਸਿਖ ਵਿਰੋਧੀ ਹਿੰਸਾ ਦੀ ਜਾਂਚ ਵੀ ਕਰੇਗਾ, 4. 1984 ਦੇ ‘ਬਲਿਊ ਸਟਾਰ ਔਪਰੇਸ਼ਨ’ ਸਮੇਂ ਫੌਜ ‘ਚੋਂ ਭਗੌੜੇ ਹੋਣ ਮਗਰੋਂ ਕੱਢੇ ਸਿਖ ਫੌਜੀਆਂ ਨੂੰ ਮੁੜ ਬਹਾਲ ਕਰਨ ਲਈ ਨੌਕਰੀਆਂ ਦੇਣਾ, 5. ਸਰਵ-ਭਾਰਤੀ ਗੁਰਦੁਆਰਾ ਕਾਨੂੰਨ ਬਣਾਉਣਾ , 6. ਪੰਜਾਬੀ ਨੌਜਵਾਨਾਂ ‘ਤੇ ਬਣੇ ਮੁਕੱਦਮੇ ਕੁਝ ਸ਼ਰਤਾਂ ਨਾਲ਼ ਵਾਪਸ ਲੈਣੇ, 7. ਚੰਡੀਗੜ੍ਹ 26 ਜਨਵਰੀ 1986 ਨੂੰ ਪੰਜਾਬ ਨੂੰ ਦੇ ਦੇਣਾ ‘ਤੇ ਪੰਜਾਬ ‘ਚੋਂ ਹਿੰਦੀ ਬੋਲਦੇ ਇਲਾਕੇ ਹਰਿਆਣਾ ਨੂੰ ਦੇਣ ਲਈ ਇਕ ਕਮਿਸ਼ਨ ਬਣਾਉਣਾ, 8. ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਦੇ ਸਬੰਧ ‘ਚ ਕੇਂਦਰ-ਰਾਜ ਰਿਸ਼ਤੇ ਨਿਰਧਾਰਿਤ ਕਰਨ ਲਈ ‘ਸਰਕਾਰੀਆ ਕਮਿਸ਼ਨ’ ਬਣਾਉਣਾ, 9. ਪੰਜਾਬ ਤੇ ਹਰਿਆਣਾ ਵੱਲੋਂ ਤਤਕਾਲੀ ਨਦੀਆਂ ਦਾ ਪਾਣੀ ਤਤਕਾਲੀ ਹਿੱਸੇ ਮੁਤਾਬਿਕ ਹੀ ਲੈਂਦੇ ਰਹਿਣਾ ਤੇ ਦੋਵਾਂ ਰਾਜਾਂ ‘ਚ ਪਾਣੀ ਦੇ ਮਸਲੇ ‘ਤੇ ਇਕ ਕਮਿਸ਼ਨ ਬਣਾਉਣਾ । ਸੱਤਲੁਜ-ਯਮੁਨਾ ਲਿੰਕ ਨਹਿਰ 15 ਅਗਸਤ 1986 ਤੱਕ ਪੰਜਾਬ ਪੂਰੀ ਕਰਨੀ,10. ਕੇਂਦਰ ਵੱਲੋਂ ਰਾਜਾਂ ਨੂੰ ਹਦਾਇਤਾਂ ਦਿਤੀਆਂ ਜਾਣੀਆਂ ਕੇ ਘੱਟ-ਗਿਣਤੀ ਫਿਰਕਿਆਂ ਦੀ ਰੱਖਿਆ ਕੀਤੀ ਜਾਵੇ, ਤੇ 11. ਕੇਂਦਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜ਼ਰੂਰੀ ਕਦਮ ਚੁਕਣੇ।

ਇਸ ਸਮਝੌਤੇ ‘ਤੇ ਪ੍ਰਕਾਸ਼ ਸਿੰਘ ਬਾਦਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਖੁਸ਼ ਨਹੀਂ ਸਨ ਇਸੇ ਕਰਕੇ ਉਹ ਸਮਝੌਤੇ ‘ਚ ਸ਼ਾਮਿਲ ਨਹੀਂ ਹੋਏ ਭਾਵੇਂ ਕਾਂਗਰਸ ਨੇ ਅੰਦਰਖਾਤੇ ਅਕਾਲੀਆਂ ਨਾਲ ਇਹ ਸਮਝੌਤਾ ਵੀ ਕਰ ਲਿਆ ਸੀ ਕਿ ਸਿਤੰਬਰ 1985 ‘ਚ ਹੋਣ ਵਾਲ਼ੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ਸਰਕਾਰ ਅਕਾਲੀ ਹੀ ਬਣਾਉਣਗੇ ‘ਤੇ ਕਾਂਗਰਸ ਅਕਾਲੀ ਉਮੀਦਵਾਰਾਂ ਦੇ ਸਾਹਮਣੇ ਕਾਂਗਰਸ ਕਮਜ਼ੋਰ ਉਮੀਦਵਾਰ ਖੜੇ ਕਰੇਗੀ। ਇਸ ਸਮਝੌਤੇ ‘ਤੇ ਸਹੀ ਪਾਉਣ ਲਈ ਬਾਦਲ ਤੇ ਟੌਹੜੇ ਤੋਂ ਬਿਨਾ ਸੰਤ ਲੌਗੋਵਾਲ ਦਾ ਨਾਲ ਬਲਵੰਤ ਸਿੰਘ, ਸੁਰਜੀਤ ਸਿੰਘ ਬਰਨਾਲ਼ਾ ‘ਤੇ ਪੰਜਾਬ ਦੇ ਰਾਜਪਾਲ ਅਰਜੁਨ ਸਿੰਘ ਵੀ ਮੌਜੂਦ ਸਨ।

ਸਤੰਬਰ 1985 ‘ਚ ਹੋਈਆਂ ਚੋਣਾਂ ‘ਚ ਅਕਾਲੀ ਦਲ ਨੇ 73 ਸੀਟਾਂ ਜਿਤਕੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ‘ਚ ਸਰਕਾਰ ਬਣਾਈ ਜਿਸ ‘ਚ ਬਾਦਲ ਨੇ ਕੋਈ ਵੀ ਮੰਤਰੀ ਪਦ ਨਹੀਂ ਲਿਆ ਤੇ ਕੈਪਟਨ ਤਲਵੰਡੀ ਸਾਬੋ ਤੋਂ ਜਿਤ ਕੇ ਪਹਿਲੀ ਵਾਰ ਖੇਤੀ ਮੰਤਰੀ ਬਣੇ। ਕੈਪਟਨ ਦਰਬਾਰ ਸਾਹਿਬ ‘ਤੇ ਹਮਲੇ ਦੇ ਰੋਸ ‘ਚ ਪਟਿਆਲੇ ਤੋਂ ਸੰਸਦ ਮੈਂਬਰ ਤੇ ਕਾਂਗਰ ਤੋਂ ਅਸਤੀਫ਼ਾ ਦੇ ਕੇ ਅਕਾਲੀ ਦਲ ‘ਚ ਸਾਮਿਲ ਹੋ ਗਏ ਸਨ। ਇਸ ਸਮਝੌਤੇ ‘ਚ ਸ਼ਾਮਿਲ ਲੀਡਰਾਂ ‘ਚੋਂ ਪਹਿਲੀ ਬਲੀ ਸੰਤ ਲੌਗੋਵਾਲ ਦੀ ਅੱਜ ਦੇ ਦਿਨ ਦਿੱਤੀ ਗਈ ਤੇ ਫਿਰ ਜੁਲਾਈ 1990 ‘ਚ , ਲੋਹੀਆਂ ਤੋਂ 1985 ‘ਚ ਬਣੇ ਵਿਧਾਇਕ ਬਲਵੰਤ ਸਿੰਘ ਦੀ ਚੰਡੀਗੜ੍ਹ ‘ਚ ਹੱ‌ਤਿਆ ਕਰ ਦਿਤੀ ਗਈ ; ਬਲਵੰਤ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਉਹ ਭਵਿਖ ‘ਚ ਕਦੇ ਮੁੱਖ-ਮੰਤਰੀ ਦੇ ਦਾਅਵੇਦਾਰ ਵੀ ਹੋ ਸਕਦੇ ਹਨ। ਇਥੇ ਇਕ ਗੱਲ ਹੋਰ ਵੀ ਯਾਦ ਕਰਾਉਣੀ ਬਣਦੀ ਹੈ ਕਿ ਰਾਜ ਦੀ ਸਿਆਸਤ ਵੱਲੋਂ ਇਹ ਵਿਸ਼ਵਾਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ‘ਚ ਜੱਟ ਹੀ ਮੁੱਖ-ਮੰਤਰੀ ਕਾਮਯਾਬ ਹੋ ਸਕਦਾ ਹੈ । ਬਲਵੰਤ ਸਿੰਘ ਕੰਬੋਜ ਬਰਾਦਰੀ ‘ਚੋਂ ਸਨ।

ਇਹ ਸਮਝੌਤਾ ਲਾਗੂ ਕਰਨਾ ਕੇਂਦਰ ਵਿਚਲੀ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਸੀ। ਇਸ ਸਮਝੋਤੇ ਦੀ 6ਵੀਂ ਮਦ ਜੋ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਐਲਾਨ ਨਾਲ ਪੂਰੀ ਹੋ ਜਾਣੀ ਸੀ ਉਸ ਤੋਂ ਵੀ ਸਰਕਾਰ ਮੁੱਕਰ ਗਈ ਕਿਉਨਕਿ ਹਰਿਆਣਾ ਕਾਂਗਰਸ ਨੇ ਰਾਜੀਵ ਗਾਂਧੀ ‘ਤੇ ਦਬਾਅ ਬਣਾ ਲਿਆ ਸੀ। ਇੰਜ ਕਾਂਗਰਸ ਪਾਰਟੀ ਨੇ ਇਸ ਸਮਝੌਤੇ ਨੂੰ ਤੀਲਾ-ਤੀਲਾ ਕਰ ਦਿੱਤਾ।

ਇਕ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਜੇਕਰ ਪੰਜਾਬ ਸਮਝੌਤਾ ਲਾਗੂ ਹੋ ਜਾਂਦਾ ਤਾਂ ਸੰਤ ਹਰਚੰਦ ਸਿੰਘ ਲੌਗੋਵਾਲ਼ ਦਾ ਸਿਆਸੀ ਕੱਦ ਬਹੁਤ ਉੱਚਾ ਹੋ ਜਾਣਾ ਸੀ ਤੇ ਹੋ ਸਕਦਾ ਸੀ ਕਿ ਉਹ ਪੰਜਾਬ ਦੀ ਸਿਆਸਤ ਦੇ ਸਿਰਮੌਰ ਨੇਤਾ ਬਣ ਜਾਂਦੇ  ਤੇ 1985 ਦੀਆਂ ਚੋਣਾਂ ‘ਚ ਪੰਜਾਬ ਦੇ ਮੁੱਖ ਮੰਤਰੀ ਵੀ ਬਣ ਸਕਦੇ ਸਨ। ਇਹ ਵੀ ਹੋ ਸਕਦਾ ਸੀ ਕਿ ਜੇਕਰ ਉਹ ਇਕ ਵਾਰ ਮੁੱਖ-ਮੰਤਰੀ ਬਣ ਜਾਂਦੇ ਤਾਂ ਫਿਰ ਕਾਂਗਰਸ ਤੇ ਅਕਾਲੀਆਂ ਦੇ ਕਈ ਲੀਡਰਾਂ ਨੂੰ ਇਸ ਔਹਦੇ ਤੱਕ ਪਹੁੰਚਣ ਲਈ ਕਈ ਸਾਲ ਇੰਤਜ਼ਾਰ ਕਰਨੀ ਪੈਂਦੀ ਪਰ ਉਨ੍ਹਾਂ ਦੇ ਕਤਲ ਨਾਲ ਕਈ ਲੀਡਰਾਂ ਨੂੰ ਆਪੋ ਆਪਣੀ ਲੀਡਰੀ ਚਮਕਾਉਣ ਦੇ ਕਈ ਕਈ ਮੌਕੇ ਮਿਲ਼ ਗਏ। ਸੰਤ ਲੌਂਗੋਵਾਲ ਪਹਿਲਾਂ ਵੀ  1969 ਤੇ 70 ‘ਚ  ਲਹਿਰਾ ਤੋਂ ਵਿਧਾਇਕ ਬਣ ਚੁੱਕੇ ਸਨ। ਸੰਤ ਜੀ ਸੰਗਰੂਰ  ਜ਼ਿਲ੍ਹੇ ਦੇ ਇਕ ਪਿੰਡ ਗਿਦੜਆਣੀ ਦੇ ਇਕ ਸਾਧਾਰਨ ਪਰਿਵਾਰ ‘ਚ ਪੈਦਾ ਹੋਏ ਸਨ ਤੇ ਪੂਰੀ ਤਰ੍ਹਾਂ ਸਿਖ ਧਰਮ ਨੂੰ ਸਮਰਪਿਤ ਸਨ।

‘ਪੰਜਾਬ ਸਮਝੋਤੇ’ ਨਾਲ ਪੰਜਾਬ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਸੰਤ ਲੌਂਗੋਵਾਲ ਦੇ ‘ਭੇਦਭਰੇ’ ਕਤਲ ਨਾਲ਼ ਪੰਜਾਬ ਫਿਰ ਕੋਹਲੂ ‘ਚ ਪੀੜਨ ਲਈ ਧੱਕ ਦਿਤਾ ਗਿਆ। ਜਿਨ੍ਹਾਂ ਮਸਲਿਆਂ ਭਾਵ  ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਪਾਣੀਆਂ ਦੀ ਵੰਡ, ਸੱਤਲੁਜ-ਯਮੁਨਾ ਲਿੰਕ ਨਹਿਰ,ਸਿਖ ਕੈਦੀਆਂ ਦੀ ਰਿਹਾਈ, ਪੰਜਾਬੀ ਭਾਸ਼ਾ ‘ਤੇ ਸਿਖਾਂ ਨਾਲ ਫੌਜ ਦੀ ਭਰਤੀ ‘ਚ ਹੁੰਦੇ ਵਿਤਕਰੇ, ਕੇਂਦਰ ਰਾਜ ਰਿਸ਼ਤੇ ਆਦਿ ਤੇ ਜਿਹੜੇ ਲਡਿਰਾਂ ਨੇ ‘ਪੰਜਾਬ ਸਮਝੌਤੇ’ ਤੇ ਸਵਾਲ ਚੁੱਕੇ ਸਨ ਉਹ ਲੀਡਰ ਉਸ ਸਮਝੋਤੇ ਦੇ 47 ਸਾਲ ਤੋਂ ਬਾਅਦ ਵੀ ਉਹ ਮਸਲੇ ਹੱਲ ਨਹੀਂ ਕਰਵਾ ਸਕੇ ਪਰ ਆਪ ਉਹ ਕਈ ਵਾਰ ਝੰਡੀ ਵਾਲ਼ੀਆਂ ਕਾਰਾਂ ਦੇ ਝੂਟੇ ਲੈ ਚੁਕੇ ਹਨ। ਪੰਜਾਬ ਨੂੰ ਸੰਤ ਲੌਂਗੋਵਾਲ ਵਰਗੇ ਲੀਡਰਾਂ ਦੀ ਹੁਣ ਸਖ਼ਤ ਲੋੜ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button