EDITORIAL

ਜ਼ੀਰਾ ਫੈਕਟਰੀ ਦਾ ਕਹਿਰ, ਡੂੰਘੇ ਪਾਣੀਆਂ ‘ਚ ਵੀ ‘ਮੌਤ’ ਮੌਜੂਦ,ਪੰਜ ਰਿਪੋਰਟਾਂ ‘ਚ ਫੈਕਟਰੀ ਦੋਸ਼ੀ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬੀ ‘ਚ ਇਕ ਕਹਾਵਤ ਹੇ ਕਿ ਬਿਨਾ ਅੱਗ ਤੋਂ ਧੂੰਆਂ ਨਹੀਂ ਉੱਠਦਾ ।  ਇਹ ਕਹਾਵਤ ਫਿਰੋਜ਼ਪੁਰ ਦੇ ਜ਼ੀਰਾ ਨੇੜੇ ਪਿੰਡ ਮਨਸੂਰਵਾਲ਼ ‘ਚ ਲੱਗੀ ਸ਼ਰਾਬ ਦੀ ਫ਼ੈਕਟਰੀ ਵੱਲੋਂ ਨੇੜਲੇ ਪਿੰਡਾਂ ਦੇ  ਪੀਣ ਵਾਲ਼ੇ ਪਾਣੀ ਨੂੰ ਜ਼ਹਿਰੀਲਾ ਕਰਨ ਦੇ ਦੋਸ਼ਾਂ ਲਈ ਸਹੀ ਸਿਧ ਹੋਈ ਹੈ । ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਵੱਲੋਂ ਤਾਜ਼ਾ ਰਿਪੋਰਟ ਨੇ  ਇਲਾਕੇ ਦੇ ਲੋਕਾਂ ਵੱਲੋਂ ਫੈਕਟਰੀ ‘ਤੇ ਲਾਏ ਜਾਂਦੇ ਦੋਸ਼ਾਂ ਦੀ ਤਸਦੀਕ ਕਰ ਦਿਤੀ ਹੈ ।

ਕਮੇਟੀ ਦੇ ਬੁਲਾਰੇ ਰੋਮਨ ਬਰਾੜ ਨੇ ਦੱਸਿਆ ਕਿ ਹੁਣ ਤੱਕ ਇਸ ਮਸਲੇ ‘ਤੇ ਛੇ ਕਮੇਟੀਆਂ ਦੀਆਂ ਰਿਪੋਰਟਾਂ ‘ਚੋਂ ਪੰਜ ਇਸ ਫੈਕਟਰੀ ਦੇ  ਖਿਲਾਫ਼ ਆਈਆਂ ਹਨ । ਇਕ ਰਿਪੋਰਟ ਜੋ ਰਾਜ ਸਭਾ ਮੈਂਬਰ ਸੰਤ ਸੀਚੇਵਾਲ਼ ਦੀ ਅਗਵਾਈ ‘ਚ ਬਣੀ ਸੀ ਸਿਰਫ਼ ਉਹ ਹੀ ਫੈਕਟਰੀ ਨੂੰ ਬਰੀ ਕਰਦੀ ਹੈ । ਇਹ ਵੀ ਹੈਰਾਨੀ ਵਾਲ਼ੀ ਗੱਲ ਹੈ ਕਿ ਕੇਂਦਰੀ ਬੋਰਡ ਦੀ  ਤਾਜ਼ਾ ਰਿਪੋਰਟ ਵੀ ਹਾਲੇ ਤੱਕ ਕਮੇਟੀ ਤੱਕ ਸਰਕਾਰੀ ਤੌਰ ‘ਤੇ ਨਹੀਂ ਪਹੁੰਚੀ ।

ਇਸ ਫੈਕਟਰੀ ਵਿਰੁਧ ਮਨਸੂਰਵਾਲ਼ ਪਿੰਡ ਦੇ ਇਲਾਕੇ ਦੇ ਲੋਕਾਂ  ‘ਪਬਲਿਕ ਐਕਸ਼ਨ ਕਮੇਟੀ’  ਦੀ ਅਗਵਾਈ ‘ਚ  24 ਜੁਲਾਈ 2022 ਤੋਂ ਫੈਕਟਰੀ ਦੇ ਬਾਹਰ ਧਰਨਾ ਲਾਕੇ ਬੈਠੇ ਹਨ ਜੋ ਇਸ  ਨੂੰ ਬੰਦ ਕਰਨ ਦੀ ਮੰਗ ਕਰ ਰਹੇ ਹਨ । ਇਸ ਕਮੇਟੀ ਦਾ ਦੋਸ਼ ਹੈ ਕਿ ਫੈਕਟਰੀ  ਵੱਲੋਂ ਗੰਦਾ ਪਾਣੀ ਧਰਤੀ ਦੇ ਅੰਦਰ ਹੀ ਸੁੱਟਿਆ ਜਾ ਰਿਹਾ ਹੈ ਜਿਸ ਕਰਕੇ ਆਲ਼ੇ-ਦੁਆਲ਼ੇ ਦੇ ਪਿੰਡਾਂ ‘ਚ ਧਰਤੀ ਹੇਠਲਾ ਪਾਣੀ ਗੰਧਲਾ ਹੋਕੇ ਮਨੁੱਖਾਂ,ਜਾਨਵਰਾਂ ਬਨਸਪਤੀ ਤੇ ਫ਼ਸਲਾਂ ਦੇ ਕਾਬਿਲ ਨਹੀਂ ਰਿਹਾ । ਕਮੇਟੀ ਅਨੁਸਾਰ ਇਸ ਪਾਣੀ ਕਾਰਨ ਇਲਾਕੇ ‘ਚ ਕੈਂਸਰ ਸਮੇਤ ਕਈ ਬਿਮਾਰੀਆਂ ਫ਼ੈਲ ਰਹੀਆਂ ਹਨ ਤੇ ਕਈ ਮੌਤਾਂ ਵੀ ਹੋ ਗਈਆਂ ਹਨ ।

ਹਾਲ ਹੀ ਵਿੱਚ ਆਈ ਰਿਪੋਰਟ ‘ਚ ਇਹ ਸਪੱਸ਼ਟ ਕੀਤਾ ਗਿਆ ਹੈ ਫੈਕਟਰੀ ਦੇ ਅਹਾਤੇ ਵਿੱਚ 5 ਡੂੰਘੇ ਬੋਰ ਤੇ ਦੋ ਪੀਜ਼ੋਮੀਟਰ ਸਨ ਜਿਨ੍ਹਾਂ ਰਾਹੀਂ ਫੈਕਟਰੀ ਦਾ ਗੰਦਾ ਪਾਣੀ ਧਰਤੀ ਦੇ ਹੇਠ ਸੁਟਿਆ ਜਾ ਰਿਹਾ ਹੈ ਜਦੋਂ ਕੇ ਫੈਕਟਰੀ ਨੂੰ ਸਿਰਫ਼ ਚਾਰ ਬੋਰ ਲਾਉਣ ਦੀ ਪ੍ਰਵਾਨਗੀ ਮਿਲ਼ੀ ਹੋਈ ਹੈ ; ਫੈਕਟਰੀ ਮੈਨੇਜਮੈਂਟ ਇਹ ਕਹਿੰਦੀ ਹੈ ਕਿ ਉਸ ਕੋਲ਼ ਪ੍ਰਵਾਨਗੀਆਂ ਹਨ ਪਰ ਉਹ ਕੇਂਦਰੀ ਨਰੀਖਣ ਟੀਮ ਨੂੰ ਕਾਗਜ਼ਾਤ ਨਹੀਂ ਦਿਖਾ ਸਕੀ । ਟੀਮ ਨੇ ਕੁਲ 29 ਬੋਰਾਂ ਦਾ ਨਰੀਖਣ ਕੀਤਾ ਜਿਨ੍ਹਾਂ ‘ਚੋਂ 21 ਨੇੜਲੇ ਪਿੰਡਾਂ ‘ਚ ਲੱਗੇ ਹਨ ।

ਕੇਂਦਰੀ ਟੀਮ ਨੇ ਇਹ ਵੀ ਨੋਟ ਕੀਤਾ ਕਿ ਫੈਕਟਰੀ ਦੇ ਅੰਦਰ ਪਾਣੀ ਦੇ ਪ੍ਰਬੰਧ ਲਈ ਕਈ ਢਾਂਚੇ ਬਣਾਏ ਹੋਏ ਹਨ ਜੋ ‘ਸੈਂਟਰਲ ਗਰਾਊਂਡ ਵਾਟਰ ਬੋਰਡ’ ਦੀ ਪ੍ਰਵਾਨਗੀ ਤੋਂ ਬਿਨਾ ਹੀ ਬਣੇ ਹੋਏ ਹਨ । ਰਿਪੋਰਟ ‘ਚ ਇਹ ਦੱਸਿਆ ਗਿਆ ਹੈ ਕਿ  ਲੋਕਾਂ ਨੇ ਇਹ ਦੋਸ਼ ਲਾਏ ਸਨ ਕਿ ਇਸ ਫੈਕਟਰੀ ਦੇ ਆਲ਼ੇ-ਦੁਆਲ਼ੇ ਦੇ 15 ਕਿਲੋਮੀਟਰ ਦੇ ਦਾਇਰੇ ‘ਚ ਪਾਣੀ ਜ਼ਹਿਰੀਲਾ ਹੋ ਰਿਹਾ ਹੈ ।  ਜਿਨ੍ਹਾਂ 29 ਬੋਰਾਂ ਦਾ ਨਰੀਖਣ ਕੀਤਾ ਗਿਆ ਉਨ੍ਹਾਂ ਸਾਰਿਆਂ  ਦੇ ਪਾਣੀ ਮਾਪਦੰਡਾਂ ‘ਤੇ ਪੂਰੇ  ਨਹੀਂ ਉਤਰੇ  ; ਇਸ ਇਲਾਕੇ ਦੇ ਬੋਰਾਂ ਦੇ ਪਾਣੀਆਂ ‘ਚ ਜ਼ਹਿਰੀਲੇ ਪਦਾਰਥ ਜਿਵੇਂ ਸਾਇਨਾਈਡ,  ਕਰੋਮੀਅਮ, ਨਿਕਲ, ਸਿਕਾ , ਮੈਗਨੀਜ਼  ਤੇ ਭਾਰੀ ਧਾਤਾਂ ਸਮੇਤ ਹੋਰ ਵੀ ਕਈ ਰਸਾਇਣ ਹਨ ਜੋ ਲੋੜ ਤੋਂ ਕਈ ਗੁਣਾ ਵੱਧ ਇਨ੍ਹਾਂ ਪਾਣੀ ਦੇ ਸੈਂਪਲਾਂ ‘ਚ ਮਿਲ਼ੇ ਹਨ । ਬਾਰਾਂ ਬੋਰਾਂ ‘ਚੋਂ ਲਏ ਗਏ ਪਾਣੀ ਜਿਥੇ ਬੋ ਮਾਰਦੇ ਹਨ ਉਥੇ ਉਨ੍ਹਾ ਦਾ ਰੰਗ ਵੀ ਗੰਧਲਾ ਪਾਇਆ ਗਿਆ ਹੈ । ਦੋ ਬੋਰ ਜੋ  ਫੈਕਟਰੀ ਤੋਂ ਬਾਹਰ ਪਿੰਡਾਂ ‘ਚ 250 ਤੇ 500 ਫੁੱਟ ਡੂੰਘੇ ਹਨ ਉਨ੍ਹਾਂ ਦੇ ਪਾਣੀਆਂ ‘ਚੋਂ ਕਈ ਤੱਤ ਲੋੜ ਤੋਂ ਵੱਧ ਮਾਤਰਾ  ‘ਚ ਮਿਲ਼ੇ ਹਨ  ਹੈ ।  ਫੈਕਟਰੀ ਦੇ ਅੰਦਰ 10 ਬੋਰ ਤੇ 6 ਪੀਜ਼ੋਮੀਟਰ ਲੱਗੇ ਹਨ ਪਰ  ਮੈਨੇਜਮੈਂਟ ਅਨੁਸਾਰ ਫੈਕਟਰੀ ਕੋਲ਼ ਸਿਰਫ਼ 4 ਬੋਰਾਂ ਤੇ ਦੋ ਪੀਜ਼ੋਮੀਟਰਾਂ ਦੀ ਮਨਜ਼ੂਰੀ ਹੈ ; ਮੈਨੇਜਮੈਂਟ ਉਸ ਦੇ ਕਾਗਜ਼ਾਤਾ ਵੀ ਨਹੀਂ ਪੇਸ਼ ਕਰ ਸਕੀ । ਕਮੇਟੀ ਨੇ ਆਪਣੀ ਰਿਪੋਰਟ ‘ਚ ਸਾਫ ਕਰ ਦਿਤਾ ਹੈ ਕਿ ਫੈਕਟਰੀ ਵੱਲੋਂ ਜ਼ੀਰੋ ਪ੍ਰਦੂਸ਼ਣ ਦਾ ਦਾਅਵਾ ਹੋਰ ਪੜਤਾਲ ਦੀ ਮੰਗ ਕਰਦਾ ਹੈ ਕਿਉਂਕਿ ਫੇਕਟਰੀ ‘ਚ ਵੱਡੀ ਪੱਧਰ ‘ਤੇ ਬਿਨਾ ਮਨਜ਼ੂਰੀ ਦੇ ਬੋਰ ਲੱਗੇ ਹੋਏ ਹਨ ; ਇਹ ਰਿਪੋਰਟ ਨੈਸ਼ਨਲ ਗਰੀਨ ਟ੍ਰਿਬਿਊਨਲ ਨੂੰ ਸੌਂਪ ਦਿਤੀ ਗਈ ਹੈ ।( ਸਾਡੇ ਕੋਲ ਕਾਪੀ ਮੌਜੂਦ ਹੈ )

ਕਮੇਟੀ ਵੱਲੋਂ ਲਾਏ ਧਰਨੇ ਦੇ ਦਬਾਅ ‘ਚ ਇਸੇ ਵਰ੍ਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਵਰੀ ‘ਚ ਫੈਕਟਰੀ ਬੰਦ ਕਰਨ ਦਾ ਐਲਾਨ ਕਰ ਦਿਤਾ ਸੀ ਪਰ ਹਾਲੇ ਤੱਕ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਕੀਤਾ ਗਿਆ । ਕਮੇਟੀ ਨੇ ਇਸੇ ਕਰਕੇ ਆਪਣਾ ਧਰਨਾ ਨਹੀਂ ਚੁੱਕਿਆ । ਫੈਕਟਰੀ ਨੇ ਕੰਮ ਚਾਲੂ ਕਰਨ ਵਾਸਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਵੀ ਚਾਰਾਜੋਈ ਕੀਤੀ ਪਰ ਬੋਰਡ ਨੇ ਹੱਥ ਪੱਲਾ ਨਹੀਂ ਫੜਾਇਆ । ਇਹ ਫੈਕਟਰੀ  ਸ਼੍ਰੋਮਣੀ ਆਕਾਲੀ ਦਲ ਦੇ ਫਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਤੇ ਸ਼ਰਾਬ ਦੇ ਵਪਾਰੀ ਦੀਪ ਮਲਹੋਤਰਾ ਨੇ 2013  ‘ਚ ਜ਼ੀਰਾ ‘ਚ ਲਾਈ ਸੀ । ਇਹ ਓਹੀ ਦੀਪ ਮਲਹੋਤਰਾ ਹੈ ਜਿਸ ਦੇ ਬੇਟੇ  ਗੌਤਮ ਮਲਹੋਤਰਾ ਦਾ ਨਾਂ ਦਿੱਲੀ ਦੀ ਐਕਸਾਈਜ਼ ਨੀਤੀ ‘ਚ ਕਥਿਤ ਘੁਟਾਲਿਆਂ ‘ਚ ਆ ਰਿਹਾ ਹੈ ।

ਇਸ ਰਿਪੋਰਟ ਨੇ ਧਰਨੇ ‘ਤੇ ਬੈਠੈ ਲੋਕਾਂ ਨੂੰ ਹੋਰ ਬਲ ਬਖਸ਼ਿਆ ਹੈ । ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਫੈਕਟਰੀ ਕਾਰਨ ਲੋਕਾਂ ਦੇ ਹੋਏ  ਜਾਨੀ ਤੇ ਮਾਲੀ ਨੁਕਸਾਨ ਲਈ ਕਮੇਟੀ ਬਣਾਵੇ ਤੇ ਲੋਕਾਂ ਨੂੰ ਮੁਆਵਜ਼ਾ ਦਿਤਾ ਜਾਵੇ । ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸੂਬੇ ਭਰ ‘ਚ  ਉਨ੍ਹਾਂ ਸਾਰੀਆਂ ਫੈਕਟਰੀਆਂ ਦਾ ਪ੍ਰਦੂਸ਼ਣ ਨਰੀਖਣ ਕਰਵਾਇਆ ਜਾਵੇ ਜੋ ਪੰਜਾਬ ਦੇ ਪਾਣੀਆਂ , ਮਿੱਟੀ ਤੇ ਹਵਾਵਾਂ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹਨ ਤੇ ਅਜਿਹੀਆਂ ਇਕਾਈਆਂ ਨੂੰ ਤੁਰੰਤ ਪ੍ਰਭਾਵ ਨਾਲ਼ ਆਪਣੇ ਸਿਸਟਮ ਨੂੰ ਸੁਧਾਰਨ ਲਈ ਸਖਤ ਚਿਤਾਵਨੀਆਂ ਦਿਤੀਆਂ ਜਾਣ ।  ਇਸ ਮਸਲੇ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਜਵਾਬਦੇਹ ਬਣਾਉਣ ਦੀ ਲੋੜ ਹੈ ।

ਮੌਜੂਦਾ ਰਿਪੋਰਟ ਨੂੰ ਆਧਾਰ ਮੰਨਕੇ ਪੂਰੇ ਦੇਸ਼ ਵਿੱਚ ਫੈਕਟਰੀਆਂ ਵੱਲੋਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ਼ ਕੀਤੇ ਜਾ ਰਹੇ ਖਿਲਵਾੜ ਤੋਂ ਪਰਦਾਫ਼ਾਸ਼ ਹੋਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਕੇ ਉਨ੍ਹਾਂ ਦੀ ਜੇਬ ‘ਤੇ ਪੈਣ ਵਾਲ਼ੇ ਦਵਾਈਆਂ ਦੇ ਭਾਰ ਨੂੰ ਹਲਕਾ ਕੀਤਾ ਜਾ ਸਕੇ । ਹਾਲ ਹੀ ਵਿੱਚ ਲਧਿਆਣੇ ‘ਚ ਜ਼ਹਿਰੀਲੀ ਗੈਸ ਨਾਲ਼ ਹੋਈਆਂ  ਮੌਤਾਂ ਤੋਂ ਸਾਨੂੰ ਸਬਕ ਸਿਖ ਲੈਣਾ ਚਾਹੀਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button