EDITORIAL

ਰੋਡੇ ਤੋਂ ਮੋਰਿੰਡਾ, ਵਾਇਆ ਬਰਗਾੜੀ ਤੇ ਮਲੇਰਕੋਟਲਾ

'ਖੇਡ' ਓਹੀ , 'ਖਿਡਾਰੀ' ਬਦਲੇ 

ਅਮਰਜੀਤ ਸਿੰਘ ਵੜੈਚ (94178-01988)

ਇਸੇ ਮਹੀਨੇ ਦੀ 24 ਤਾਰੀਖ ਨੂੰ  ਜਦੋਂ ਮੋਰਿੰਡੇ ਦੇ  ਇਤਿਹਾਸਿਕ ਗੁਰਦੁਆਰੇ ਕੋਤਵਾਲ਼ੀ ਸਾਹਿਬ ‘ਚ ਸਿਖੀ ਸਰੂਪ ‘ਚ ਇਕ ਸਿਰ ਫਿਰੇ ਨੇ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤਾਂ ਫਿਰ ਓਹੀ ਦਿਨ ਯਾਦ ਆ ਗਿਆ ਜਦੋਂ ਤਕਰੀਬਨ 41 ਸਾਲ਼ ਪਹਿਲਾਂ 26 ਅਪ੍ਰੈਲ 1982 ਨੂੰ ਅੰਮ੍ਰਿਤਸਰ ਦੇ ਇਕ ਮੰਦਿਰ ਦੇ ਬਾਹਰ ਪੁਜਾਰੀ ਨੇ ਸਵੇਰੇ ਪੂਜਾ ਸਮੇਂ ਗਾਵਾਂ ਦੇ  ਦੋ ਕੱਟੇ ਸਿਰ ਪਏ ਵੇਖੇ । ਇਨ੍ਹਾਂ 41 ਸਾਲਾਂ ‘ਚ ਅਸੀਂ ਓਥੇ ਹੀ ਖੜ੍ਹੇ ਹਾਂ ਤੇ ਪੰਜਾਬ ਦੇ ਭਾਈਚਾਰੇ ‘ਚ ਨਫ਼ਰਤ ਫੈਲਾਉਣ ਵਾਲ਼ੀਆਂ ਤਾਕਤਾਂ ਆਪਣਾ ਰੂਪ ਬਦਲ ਕੇ ਫਿਰ ਸਰਗਰਮ ਹੋ ਰਹੀਆਂ ਹਨ । ਉਸ ਵਕਤ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਤੇ ਹੁਣ ਗੁਰਦੁਆਰਿਆਂ ਨੂੰ ।

ਅੱਸੀਵਿਆਂ  ਦੀਆਂ ਇਹ ਘਟਨਾਵਾਂ ਜਦੋਂ ਵਾਪਰੀਆਂ ਸਨ ਤਾਂ ਉਸ ਵਕਤ ਸਿਖਾਂ ਤੇ ਨਿਰੰਕਾਰੀਆਂ ਦਰਮਿਆਨ  ਨਿਰੰਕਾਰੀ ਮਿਸ਼ਨ ਵੱਲੋਂ ਪ੍ਰਕਾਸ਼ਿਤ ਗ੍ਰੰਥ ‘ ਅਵਤਾਰ ਬਾਣੀ ‘ ਕਰਕੇ ਕਸ਼ੀਦਗੀ  ਵਧ ਰਹੀ ਸੀ । ਸਿਖਾਂ ਦਾ ਦੋਸ਼ ਸੀ ਕਿ ਨਿਰੰਕਾਰੀਆਂ ਨੇ ‘ਅਵਤਾਰ ਬਾਣੀ’ ‘ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ਼ ਛੇੜਛਾੜ ਕੀਤੀ ਹੈ ।  ਤੇਰਾਂ ਅਪ੍ਰੈਲ 1978 ਨੂੰ ਅੰਮ੍ਰਿਤਸਰ ‘ਚ ਵਿਸਾਖੀ ਵਾਲ਼ੇ ਦਿਨ ਜੋ ਕਤਲੇਆਮ ਹੋਇਆ ਉਸ ਨੇ ਸਾਰੇ ਪੰਜਾਬ ਨੂੰ ਲਹੂ-ਲੁਹਾਣ ਕਰ ਦਿਤਾ । ਪਟਿਆਲ਼ੇ ਦੇ ਮਾਤਾ ਕਾਲ਼ੀ ਦੇਵੀ ਦੇ ਮੰਦਿਰ ‘ਚ ਵੀ 1982 ‘ਚ ਹੀ  ਅੰਮ੍ਰਿਤਸਰ ਦੇ ਮੰਦਿਰ ਵਾਲ਼ੀ ਕਮੀਨੀ ਹਰਕਤ ਮਗਰੋਂ ਗਊ ਦੀ ਕੱਟੀ ਹੋਈ ਪੂਛ ਸੁਟੀ ਗਈ ਤੇ ਫਿਰ ਗੁਰਦੁਆਰਾ ਦੂਖਨਿਵਾਰਨ ‘ਚ ਬੀੜੀਆਂ ਦੇ ਬੰਡਲ ਸੁੱਟ ਗਏ ਤੇ ਪਟਿਆਲ਼ਾ ਸਮੇਤ ਕਈ ਸ਼ਹਿਰਾਂ ‘ਚ  ਅੱਗਜਨੀ ਹੋਈ ਲੜਾਈਆਂ ਹੋਈਆਂ ਤੇ  ਕਰਫ਼ਿਊ ਲੱਗ ਗਿਆ ।

ਹੁਣ ਫਿਰ ਪੰਜਾਬ ਦੇ ਉਨ੍ਹਾਂ ਜ਼ਖ਼ਮਾਂ ਨੂੰ ਉਚੇੜਨ ਦੀਆਂ ਕੋਝੀਆਂ ਹਰਕਤਾਂ ਹੋ ਰਹੀਆਂ ਹਨ । ਪਹਿਲਾਂ ਜੂਨ 2015 ‘ਚ ਬੁਰਜ ਜਵਾਹਰ ਸਿੰਘ ਵਾਲ਼ਾ ਤੇ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਫਿਰ ਨਵੰਬਰ ‘ਚ ਲੁਧਿਆਣੇ ਦੇ ਚੰਦਰ ਨਗਰ ‘ਚ ਗੀਤਾ ਤੇ ਸ਼੍ਰੀਮਦ ਭਗਵਤ ਗੀਤਾ ਦੇ ਪਵਿਤਰ ਪੰਨੇ ਪਾੜਕੇ ਖਿਲਾਰੇ ਗਏ । ਫਿਰ 2017 ਦੀਆਂ ਚੋਣਾਂ ਸਮੇਂ ਮਲੇਰਕੋਟਲਾ ‘ਚ ਕੁਰਾਨ ਸ਼ਰੀਫ਼ ਦੀ ਬੇਅਦਬੀ ਕੀਤੀ ਗਈ  ।

ਹੁਣ ਦਿਸੰਬਰ 2021 ‘ਚ ਪਹਿਲਾਂ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਹਰਮੰਦਿਰ ਸਾਹਿਬ ‘ਚ ਇਕ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਸਾਹਮਣੇ ਛਾਲ਼ ਮਾਰ ਦਿਤੀ ਤੇ ਉਸ ਨੂੰ ਭਾਵੁਕ ਹੋਕੇ ਗੁੱਸੇ ‘ਚ ਆਏ ਲੋਕਾਂ ਨੇ ਕੁੱਟ-ਕੁਟ ਕੇ ਮਾਰ ਦਿਤਾ ; ਅਗਲੇ ਦਿਨ ਹੀ ਕਪੂਰਥਲੇ ‘ਚ ਇਕ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦੀ ਹੁਰਮਤੀ ਹੋਈ ਉਸ ਵਿੱਚ ਵੀ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਹੀ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿਤਾ ; ਪਿਛਲੇ ਵਰ੍ਹੇ ਹੀ ਅੰਮ੍ਰਿਤਸਰ ‘ਚ ਇਕ ਹਿੰਦੂ ਲੀਡਰ ਸੁਧੀਰ ਸੂਰੀ ਦਾ ਕਤਲ ਕਰ ਦਿਤਾ ਗਿਆ ਤੇ ਪਿਛਲੇ ਵਰ੍ਹੇ 29 ਅਪ੍ਰੈਲ ਨੂੰ ਪਟਿਆਲ਼ੇ ‘ਚ ਵੀ ਕੁਝ ਸਿਖ ਤੇ ਹਿੰਦੂ ਜੱਥੇਬੰਦੀਆਂ ‘ਚ ਟਕਰਾ ਹੋ ਗਿਆ ਸੀ ।

ਹੁਣ ਮੋਰਿੰਡਾ ਦੇ ਇਤਿਹਾਸਿਕ ਗੁਰਦੁਆਰੇ ਕੋਤਵਾਲੀ ਸਾਹਿਬ ‘ਚ  ਜੋ ਘਟਨਾ ਵਾਪਰੀ ਹੈ ਉਸ ਨੂੰ ਜੇ ਕਰ ਅੰਮ੍ਰਿਤਪਾਲ ਦੀ   ਮੋਗੇ ਦੇ ਪਿੰਡ ਰੋਡੇ ਤੋਂ ‘ਗ੍ਰਿਫ਼ਤਾਰੀ ਬਨਾਮ ਸਰੰਡਰ’ ਦੇ ਨਾਲ਼ ਜੋੜਕੇ ਵੇਖਿਆ ਜਾਵੇ ਤਾਂ ਇਹ ਇਕ ਸਾਜ਼ਿਸ਼ ਲਗਦੀ ਹੈ ਕਿਉਂਕਿ ਇਸ ਘਟਨਾ ਤੋਂ ਇਕ ਦਿਨ ਪਹਿਲਾਂ 23 ਅਪ੍ਰੈਲ ਨੂੰ ਅੰਮ੍ਰਿਤਪਾਲ ਦੀ 36 ਦਿਨਾਂ ਮਗਰੋਂ ਗ੍ਰਿਫ਼ਤਾਰੀ ਹੋਈ ਸੀ । ਇਸ ਦਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਪੰਜਾਬ ਵਿਰੋਧੀ ਏਜੰਸੀਆਂ  ਪੰਜਾਬ ਨੂੰ ਲਗਾਤਾਰ ਉਲ਼ਝਾਕੇ ਗੜਬੜ ਵੱਲ ਵਧਾਉਣਾ ਚਾਹੁੰਦੀਆਂ ਹਨ ।

ਇਸ ਵਕਤ ਪੰਜਾਬ ਦੀ ਸਥਿਤੀ ਇਹ ਹੈ ਕਿ ਸਿਖਾਂ ਦਾ ਨਿਰੰਕਾਰੀਆਂ ਤੇ ਡੇਰਾ ਸੱਚਾ ਸੌਦਾ, ਸਿਰਸਾ  ਦੇ ਪ੍ਰੇਮੀਆਂ ਨਾਲ਼  ਟਕਰਾ ਚੱਲ ਰਿਹਾ ਹੈ ; ਦੂਜਾ ਪਿਛਲੇ ਸਮੇਂ ‘ਚ ਇਸਾਈ ਪ੍ਰਚਾਰਕਾਂ ਵੱਲੋਂ ਪਿੰਡਾਂ ‘ਚ ਪਾਸਾਰ ਕਰਨ ਕਰਕੇ ਸਿਖਾਂ ਦੀਆਂ ਕੁਝ ਜੱਥੇਬੰਦੀਆਂ ਇਸਾਈਆਂ ਨਾਲ਼ ਵੀ ਆਹਮੋ-ਸਾਹਮਣੇ ਹਨ । ਇਸਦੇ ਨਾਲ਼-ਨਾਲ਼ ਹਿੰਦੂ-ਸਿਖਾਂ ‘ਚ ਵੀ ਦੋਹਾਂ ਧਿਰਾਂ ਦੀਆਂ ਕੱਟੜ ਜੱਥੇਬੰਦੀਆਂ ਵੱਲੋਂ ਟਕਰਾ ਕਰਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ।

ਭਾਵੇਂ ਲੋਕ ਹੁਣ ਪਹਿਲਾਂ ਵਾਂਗ ਕੁਝ ਸਿਰ ਫਿਰੇ ਲੋਕਾਂ ਵੱਲੋਂ ਧਰਮ ਦੇ ਨਾ ‘ਤੇ ਭੜਕਾਉਣ ਕਰਕੇ ਸੜਕਾਂ ‘ਤੇ ਨਹੀਂ ਨਿਕਲ਼ਦੇ ਪਰ ਤਾਂ ਵੀ ਇਹ ਸਥਿਤੀਆਂ  ਭਵਿਖ ‘ਚ ਕਿਸੇ ਖ਼ਤਰਨਾਕ ਮੋੜ ਦਾ ਇਸ਼ਾਰਾ ਕਰ ਰਹੀਆਂ ਹਨ ਜਿਸ ਤੋਂ ਪੰਜਾਬ ਦੀ ਮਾਨ ਸਰਕਾਰ ਤੇ ਪੰਜਾਬ ਦੇ ਹਰ ਧਰਮ ਦੇ ਲੋਕਾਂ ਤੇ ਪੰਜਾਬ ਹਿਤੈਸ਼ੀ ਪਾਰਟੀਆਂ ਦੇ ਲੀਡਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕੇ ਪੰਜਾਬ ਨੂੰ ਮੁੜ ਕਾਲ਼ੇ ਦੌਰ ‘ਚ ਧੱਕਣ ਦੀਆਂ ਚਾਲਾਂ ਤੋਂ ਬਚਾਇਆ ਜਾ ਸਕੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button