EDITORIAL

ਮਾਨ ਸਰਕਾਰ ਦੀ ਨਵੀਂ ‘ਪੰਜਾਬੀ’

ਸਰਕਾਰ ਤੇ ਅਫ਼ਸਰਸ਼ਾਹੀ 'ਚ ਤਾਲਮੇਲ ਨਹੀਂ ?

ਅਮਰਜੀਤ ਸਿੰਘ ਵੜੈਚ (94178-01988)

ਮਾਨ ਸਰਕਾਰ ਨੂੰ ਵਾਰ-ਵਾਰ ਛਿਥਾ ਹੋਣਾ ਪੈ ਰਿਹਾ ਹੈ : ਹਾਲ ਹੀ ਵਿੱਚ ਭਗਵੰਤ ਮਾਨ, ਮੁੱਖ-ਮੰਤਰੀ, ਪੰਜਾਬ ਨੇ ਜਰਮਨੀ ਦੇ ਮਿਊਨਿਕ ਸ਼ਹਿਰ ‘ਚ ਵੱਖ-ਵੱਖ ਉਦਯੋਗਿਕ ਅਦਾਰਿਆਂ ਨਾਲ ਮੀਟਿੰਗ ਮਗਰੋਂ ਟਵੀਟ ਕੀਤਾ ਕਿ ਜਰਮਨੀ ਦੀ ‘ਬੀਐੱਮਡਬਲਿਊ’ ਕੰਪਨੀ ਪੰਜਾਬ ਵਿੱਚ ਵੀ ਆਪਣੀ ਫੈਕਟਰੀ ਲਾਵੇਗੀ ਪਰ ਐਲਾਨ ਦੇ 24 ਘੰਟਿਆਂ ਤੋਂ ਪਹਿਲਾਂ ਹੀ ਕੰਪਨੀ ਦੇ ਭਾਰਤ ਵਾਲੇ ਚੈਪਟਰ ਨੇ ਵੀ ਟਵੀਟ ਕਰਕੇ ਭਗਵੰਤ ਮਾਨ ਨੂੰ ਚਿੱਤ ਕਰ ਦਿੱਤਾ ਕਿ ‘ਬੀਐੱਮਡਬਲਿਊ’ ਦੀ ਪੰਜਾਬ ਵਿੱਚ ਨਵਾਂ ਪਲਾਂਟ ਲਾਉਣ ਲਈ ਕੋਈ ਸਕੀਮ ਨਹੀਂ ਹੈ।

‘ਬੀਐੱਮਡਬਲਿਊ’ ਦੇ ਇਸ ਟਵੀਟ ਤੋਂ ਮਗਰੋਂ ਲੋਕਾਂ ਨੇ ਭਗਵੰਤ ਮਾਨ ਤੇ ‘ਆਪ’ ‘ਤੇ ਅਜਿਹੇ ਤਨਜ਼ ਕੱਸਣੇ ਸ਼ੁਰੂ ਕੀਤੇ ਕਿ ‘ਲੋਕਾਂ ਦੀ ਸਿਰਜਣਾਤਮਿਕਤਾ’ ਅੱਗੇ ਸਿਰ ਝੁਕਦਾ ਹੈ : ਲੋਕਾਂ ਨੇ ‘ਬੀਐੱਮਡਬਲਿਊ’ ਦੀ ਐਬਰੀਵੇਸ਼ਨ ਨੂੰ ਮਾਨ ਹੁਰਾਂ ਦੇ ਨਾਮ ਨਾਲ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਭਗਵੰਤ ਮਾਨ ਦੇ ਆਪਣੇ ਟਵੀਟਰ ਹੈਂਡਲ ‘ਤੇ ਜੋ ਟਵੀਟ ਕੀਤਾ ਗਿਆ ਉਸ ਦਾ ਪੰਜਾਬ ਸਰਕਾਰ ਵੱਲੋਂ 14 ਸਤੰਬਰ ਨੂੰ ਜਾਰੀ ਕੀਤੇ ਲੋਕ ਸੰਪਰਕ, ਵਿਭਾਗ ਦੇ ਪ੍ਰੈਸ ਨੋਟ ‘ਚ ਕਿਤੇ ਜ਼ਿਕਰ ਵੀ ਨਹੀਂ ਆਉਂਦਾ ਕਿ ਕੰਪਨੀ ਨੇ ਇਸ ਤਰ੍ਹਾਂ ਦਾ ਕੋਈ ਵਾਅਦਾ ਮਾਨ ਹੁਰਾਂ ਨਾਲ ਮੀਟਿੰਗ ‘ਚ ਕੀਤਾ ਸੀ। ਜਦੋਂ ਤੋਂ ਮਾਨ ਦੇ ਟਵੀਟ ‘ਤੇ ਟਰੋਲਿੰਗ ਸ਼ੁਰੂ ਹੋਈ ਹੈ ਤਾਂ ਸੀਐੱਮ ਦੀ ‘ਲੋਕ ਸੰਪਰਕ ਕਮਾਂਡਿੰਗ ਯੂਨਿਟ’ ਚੁੱਪ ਹੈ …..ਚੁੱਪ ਦੇ ਕਈ ਅਰਥ ਹੁੰਦੇ ਹਨ।

ਦੂਜਾ ਹੁਣ ਕੱਲ੍ਹ ਮਾਨ ਸਰਕਾਰ ਦੇ ਛੇ ਮਹੀਨੇ ਪੂਰੇ ਹੋਣ ‘ਤੇ ਸਾਰੀਆਂ ਹੀ ਅਖ਼ਬਾਰਾਂ ‘ਚ ਪੂਰੇ-ਪੂਰੇ ਸਫ਼ੇ ਦੇ ਇਸ਼ਤਿਹਾਰ ਛਾਏ ਹੋਏ ਹਨ ਜੋ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ : ਇਸ ਇਸ਼ਤਿਹਾਰ ਦੀ ਪੰਜਾਬੀ ਦੇ ਅਖ਼ਬਾਰਾਂ ‘ਚ ਤਾਂ ਲਿਖਤ ਠੀਕ ਹੈ ਪਰ ਹਿੰਦੀ ਤੇ ਇੰਗਲਿਸ਼ ਦੀਆਂ ਅਖ਼ਬਾਰਾਂ ‘ਚ ਛਾਇਆ ਅਖ਼ਬਾਰਾਂ ਦੀ ਭਾਸ਼ਾ ਬੜੀ ਸ਼ਰਮਿੰਦਗੀ ਵਾਲੀ ਹੈ : ਪੰਜਾਬ ਦੀਆਂ ਅਖ਼ਬਾਰਾਂ ‘ਚ ਟੈਗ ਲਾਈਨ ਹੈ ” ਸਾਡਾ ਕੰਮ ਬੋਲਦਾ ਹੈ’ ਪਰ ਹਿੰਦੀ ‘ਚ ( साड्डा काम बोलदा ) ਤੇ ਇੰਗਲਿਸ਼ ‘ਚ (Sada kaam Bolda)  ਅਨੁਵਾਦ  ਹਨ  : ਇਥੇ ਹੀ ਬੱਸ ਨਹੀਂ ਪੰਜਾਬੀ ਦਾ ਇਸ਼ਤਿਹਾਰ ਇੰਗਲਿਸ਼ ( Punjab Land of Opportunities)  ਦੇ ਸਿਰਲੇਖ ਨਾਲ ਸ਼ੁਰੂ ਹੁੰਦਾ ਹੈ ਕੀ ਉਸ ਦਾ ਪੰਜਾਬੀ ਅਨੁਵਾਦ ਨਹੀਂ ਸੀ ਹੋ ਸਕਦਾ। ਇਹੋ ਹਾਲ ਹਿੰਦੀ ਦੇ ਇਸ਼ਤਿਹਾਰਾਂ ਦਾ ਹੈ। ਇੰਗਲਿਸ਼ ਦੇ ਇਸ਼ਤਿਹਾਰਾਂ ‘ਚ ‘ਮੱਖੀ ‘ਤੇ ਮੱਖੀ’ ਮਾਰੀ ਗਈ ਹੈ। ਇਹ ਸਪੱਸ਼ਟ ਹੈ ਕਿ ਸੀਐੱਮ ਦੇ ‘ਪ੍ਰਚਾਰ ਬਰੀਗੇਡ’ ਤੇ ਲੋਕ ਸੰਪਰਕ, ਵਿਭਾਗ ‘ਚ ਕੋਈ ਤਾਲਮੇਲ ਵੀ ਨਹੀਂ  ਤੇ ਸਰਪ੍ਰਸਤੀ ਦੀ ਵੀ  ਘਾਟ ਹੈ। ਹੈਰਾਨੀ ਦੀ ਗੱਲ ਹੈ ਕਿ ‘ਲੋਕ ਸੰਪਰਕ, ਪੰਜਾਬ ‘ਚ ਬਹੁਤ ਵਧੀਆ ਪੰਜਾਬੀ, ਹਿੰਦੀ ਤੇ ਇੰਗਲਿਸ਼ ਜਾਨਣ ਵਾਲੇ ਅਫ਼ਸਰ ਬੈਠੇ ਹਨ ਫਿਰ ਵੀ ਐੱਡੀ ਵੱਡੀ ਗ਼ਲਤੀ ਹੋ ਗਈ।

ਇਸ ਤੋਂ ਪਹਿਲਾਂ ਵੀ ਸਰਕਾਰ ਨੂੰ ਸ਼ਰਮਿੰਦਾ ਹੋਣਾ ਪਿਆ ਸੀ ਜਦੋਂ ਪੰਜਾਬ ‘ਚੋਂ ‘ਮੋਟਰ- ਰੇਹੜੀਆਂ’ ਬੈਨ ਕਰਨ ਦਾ ਹੁਕਮ ਵਾਪਸ ਲੈਣਾ ਪਿਆ ਸੀ ਜਿਸ ਬਾਰੇ ਪਤਾ ਲੱਗਿਆ ਸੀ ਕਿ ਉਹ ਹੁਕਮ ਸਰਕਾਰ ਨੂੰ ਵਿਸ਼ਵਾਸ ‘ਚ ਲੈਣ ਤੋਂ ਬਿਨਾ ਹੀ ਜਾਰੀ ਕੀਤਾ ਗਿਆ ਸੀ। ਹਾਲ ਹੀ ਵਿੱਚ ਪਹਿਲਾਂ ਸਾਰਕਾਰ ਦੀ ਖਨਨ ਨੀਤੀ ‘ਤੇ ਹੁਣ ਇਕ ਵਿਧਾਇਕ ਇਕ ਪੈਨਸ਼ਨ ਦੇ ਮੁੱਦਿਆਂ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਇਸੇ ਤਰ੍ਹਾਂ ਜਦੋਂ ਵੀਵੀਆਈਪੀਜ਼ ਦੀ ਸੁਰੱਖਿਆ ਘਟਾਈ ਗਈ ਤਾਂ ਉਹ ਲਿਸਟ ਵੀ ਸੋਸ਼ਲ ਮੀਡੀਆ ‘ਤੇ ਪਾਉਣ ਕਾਰਨ ਮਾਨ ਸਰਕਾਰ ਨੂੰ ਛਿਥਾ ਹੋਣਾ ਪਿਆ ਸੀ ਜਦੋਂ ਅਗਲੇ ਹੀ ਦਿਨ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ। ਉਦੋਂ ਅਕਾਲ ਤਖ਼ਤ ਦੇ ਜਥੇਦਾਰ ਦੀ ਸੁਰੱਖਿਆ ਵਾਪਸ ਲੈਣ ਕਾਰਨ ਵੀ ਮਾਨ ਸਰਕਾਰ ਦੀ ਕਿਰਕਰੀ ਹੋਈ ਸ‌ੀ।

ਹੁਣ ‘ਆਪ’ ਵੱਲੋਂ ਭਾਜਪਾ ‘ਤੇ ਵਿਧਾਇਕ ਖਰੀਦਣ ਦੇ ਦੋਸ਼ ਲਾਉਣ ਮਗਰੋਂ ਵੀ ਵਿਰੋਧੀਆਂ ਵੱਲੋਂ ਕੀਤੇ ‘ਸਰਜੀਕਲ ਸਟਰਾਇਕ’ ਕਾਰਨ ਪਾਰਟੀ ਪੈਰਾਂ ਤੋਂ ਥਿੜਕਦੀ ਲਗਦੀ ਹੈ। ਕਾਂਗਰਸ, ਆਕਾਲੀ ਤੇ ਭਾਜਪਾ ਨੇ ‘ਆਪ’ ‘ਤੇ ਜ਼ਬਰਦਸਤ ਹਮਲੇ ਕੀਤੇ ਹਨ ਕਿ ਪਾਰਟੀ ਦੇ ‘ਆਪ’ ਲੀਡਰ ਇਹ ਦੱਸਣ ‘ਚ ਬਿਆਨ ਨਹੀਂ ਮੇਲ ਸਕੇ ਕਿ ਭਾਜਪਾ ਨੇ ਕਿੰਨੇ ਵਿਧਾਇਕਾਂ ਨਾਲ ਸੰਪਰਕ ਕੀਤਾ ਹੈ। ਉਧਰ ਇਨ੍ਹੀਂ ਦਿਨੀਂ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵੀ ਇਕ ਕਥਿਤ ਆਡੀਓ ‘ਚ ਕਿਸੇ ਨਾਲ ‘ਡੀਲ’ ਕਰਦੇ ਦੱਸੇ ਜਾ ਰਹੇ ਹਨ ਤੇ ਇਹ ਵੀ ਅਫ਼ਵਾਹਾਂ ਜ਼ੋਰ ਫੜ ਰਹੀਆਂ ਹਨ ਕਿ ਮਾਨ ਦੇ ਜਰਮਨ ਦੌਰੇ ਮਗਰੋਂ ਸਰਾਰੀ ਦੀ ‘ਰਵਾਨਗੀ’ ਤਹਿ ਹੋ ਚੁੱਕੀ ਹੈ।

ਅਸੀਂ ਪਹਿਲਾਂ ਵੀ ਕਿਹਾ ਸੀ ਕਿ ਮਾਨ ਨੂੰ ਹਰ ਕਦਮ ਬੜਾ ਫੂਕ-ਫੂਕ ਕੇ ਰੱਖਣ ਦੀ ਲੋੜ ਹੈ ਤੇ ਬਿਆਨ ਦੇਣ ਸਮੇਂ ਸ਼ਬਦਾ ਦੀ ਤੇ ਵਾਕਾਂ ਦੀ ਬਣਤਰ ਬੜੀ ਸਮਝ ਕੇ ਕਰਨ ਦੀ ਲੋੜ ਹੈ। ਨੀਤੀਗਤ ਬਿਆਨ ਹਮੇਸ਼ਾ ਪ੍ਰੈਸ ਨੋਟ ਦੇ ਰੂਪ ‘ਚ ਹੀ ਦੇਣੇ ਚਾਹੀਦੇ ਹਨ ਜੋ ਜਾਰੀ ਕਰਨ ਤੋਂ ਪਹਿਲਾਂ ਤਜਰਬੇਕਾਰ ਲੋਕ ਸੰਪਰਕ ਅਧਿਕਾਰੀਆਂ ਦੀ ਨਿਗਰਾਨੀ ‘ਚ ਤਿਆਰ ਹੁੰਦੇ ਹਨ ਤੇ ਫਿਰ ਸੀਐੱਮਓ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਹੀ ਮੀਡੀਆ ਲਈ ਜਾਰੀ ਹੁੰਦੇ ਹਨ। ਲਗਦਾ ਹੈ ਕਿ ਮਾਨ ਨਾਲ ਜਰਮਨੀ ਦੇ ਦੌਰੇ ‘ਤੇ ਗਏ ‘ਲੋਕ ਸੰਪਰਕ’ ਅਧਿਕਾਰੀ ਜਾਂ ਤਾਂ ਆਪਣੀ ਡਿਊਟੀ ‘ਚ ਫ਼ੇਲ ਹੋ ਗਏ ਹਨ ਜਾਂ ਫਿਰ ਮਾਨ ਸਾਹਿਬ ਉਨ੍ਹਾ ਦੀ ਸੁਣਦੇ ਹੀ ਨਹੀਂ ਜਿਵੇਂ ਸੁਨਾਮ ‘ਚ ਭਾਸ਼ਨ ਦਿੰਦਿਆਂ ਸ਼ਹੀਦ ਭਗਤ ਸਿੰਘ ਦੀ ਫ਼ਾਂਸੀ ਦਾ ਸਮਾਂ ਹੀ ਮੁੱਖ ਮੰਤਰੀ ਨੇ ਸਵੇਰੇ ਚਾਰ ਵਜੇ ਕਰ ਦਿੱਤਾ ਤੇ ਅਸੈਂਬਲੀ ਹਾਲ ‘ਚ ਸੁੱਟੇ ਬੰਬ ਨੂੰ ‘ਪਟਾਕਾ’ ਕਹਿ ਦਿੱਤਾ ਸੀ।

ਉਂਜ ਮਾਨ ਸਾਹਿਬ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਉਪਾਸ਼ਕ ਕਹਿੰਦੇ ਹਨ : ਸਾਨੂੰ ਇਹ ਪਤਾ ਲੱਗਾ ਹੈ ਕਿ ਮਾਨ ਸਾਹਿਬ ਆਪਣੀ ਸਪੀਚ ਆਪ ਹੀ ‘ਬਣਾਉਂਦੇ ‘ਹਨ ਕਿਸੇ ਦੀ ਮਦਦ ਨਹੀਂ ਲੈਂਦੇ। ਮੌਜੂਦਾ ਵਰਤਾਰੇ ਤੋਂ ਇਹ ਸ਼ੱਕ ਪੈ ਰਿਹਾ ਹੈ ਕਿ ਮਾਨ ਦੀ ਟੀਮ ਦੇ ‘ਖਿਡਾਰੀ’ ਬਿਨਾ ਪਾਸ ਦਿੱਤਿਆਂ ਆਪੋ-ਆਪਣਾ ਗੋਲ ਕਰਨ ਦੀ ਕਾਹਲ ‘ਚ ਹਨ ਤੇ ‘ਰੈਫਰੀ’ ਭਾਵ ਅਫ਼ਸਰਸ਼ਾਹੀ ਵੀ ਕੋਈ ਚਿਤਾਵਨੀ ਦੀ ਸੀਟੀ ਨਹੀਂ ਵਜਾ ਰਹੀ। ਮਾਨ ਨੂੰ ਹੁਣੇ ਹੀ ਸੰਭਲਣ ਦੀ ਲੋੜ ਹੈ ਨਹੀਂ ਤਾਂ ਮੁੜਕੇ ਸਪੱਸ਼ਟੀਕਰਨ ਦੇਣੇ ਵੀ ਮਹਿੰਗੇ ਪੈਣ ਲੱਗ ਜਾਣਗੇ।

 

 

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button