EDITORIAL

ਸਰਨਾ ਤੇ ਸੁਖਬੀਰ , ਹੋਏ ਰਕੀਬ ਬਗਲਗੀਰ

ਅਕਾਲੀ ਸਿਆਸੀ ਜ਼ਮੀਨ ਲਈ ਤਰਲੋਮੱਛੀ, ਅਕਾਲੀ ਦਲ ਅਗਲਾ ਇਮਤਿਹਾਨ 2024'ਚ

ਅਮਰਜੀਤ ਸਿੰਘ ਵੜੈਚ (9417801988)

ਕਹਿੰਦੇ ਹਨ ਕਿ ਇਕ ਪੱਲ ਦਾ ਖੁੰਝਿਆ ਕੋਹਾਂ ‘ਤੇ ਜਾ ਪੈਂਦਾ ਹੈ ।  ਇਕ ਕਹਾਵਤ ਸ਼੍ਰੋਮਣੀ ਅਕਾਲੀ ਦਲ ‘ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਅਕਾਲੀ ਦਲ ਵੱਲੋਂ ਦਿੱਲੀ ਦੇ ਨਾਮਵਰ ਸਿਖ ਸਿਆਸਤ ਦੇ ਸਰਮਾਏਦਾਰ ਨੇਤਾ ਪਰਮਜੀਤ ਸਿੰਘ ਸਰਨਾ ਨਾਲ਼ 23 ਸਾਲਾਂ ਦੇ ਤੋੜ-ਵਿਛੋੜੇ ਮਗਰੋਂ ਫਿਰ ਗਲ਼ਵੱਕੜੀ ਪੈ ਗਈ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ ਦਲ ਹੁਣ ਆਪਣੀ ਗੁਆਚ ਚੁੱਕੀ ਸਿਆਸੀ ਜ਼ਮੀਨ ਨੂੰ ਦੁਬਾਰਾ ਹਾਸਿਲ ਕਰਨ ਲਈ ਕੁਝ ਵੀ ਕਰ ਸਕਦਾ ਹੈ । ਇਸ ਮਿਲਣੀ ਨੂੰ ਅਕਾਲੀ ਦਲ ‘ਪੰਥਕ ਏਕਤਾ’ ਦਾ ਨਾਂ ਦੇ ਰਿਹਾ ਹੈ ਪਰ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੁੱਖੀ ਹਰਮੀਤ ਸਿੰਘ ਕਾਲੇਕਾ ਇਸ ਨੂੰ ਪੰਥਕ ਏਕਤਾ ਨਹੀਂ ਮੰਨਦੇ ।

ਅਕਾਲੀ ਦਲ ਨੂੰ ਕਈ ਝਟਕੇ ਇਕੱਠੇ ਹੀ ਲੱਗੇ ਹਨ । ਕੇਂਦਰ ਸਰਕਾਰ ਵੱਲੋਂ  2020 ‘ਚ ਬਣਾਏ ਗਏ ਦੋ ਖੇਤੀ  ਤੇ ਤੀਜੇ ਸੋਧ ਕਾਨੂੰਨਾਂ ‘ਤੇ ਅਕਾਲੀ ਦਲ ਵੱਲੋਂ ਸਮੇਂ ਸਿਰ  ਸਹੀ ਪੈਂਤੜਾ ਨਾ ਲੈਣ ਦਾ ਨਤੀਜਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਤਾਜ਼ਾ ਚੋਣਾਂ ‘ਚ  ਵੇਖ ਹੀ ਲਿਆ ਹੈ । ਜਿਹੜੀ ਪਾਰਟੀ 2022 ‘ਚ ਸਰਕਾਰ ਬਣਾਉਣ ਦੇ ਸੁਪਨੇ ਵੇਖ ਤੇ ਵਿਖਾ ਰਹੀ ਸੀ ਉਸ ਨੂੰ ਪੰਜਾਬੀਆਂ ਨੇ ਇਤਿਹਾਸਿਕ ਤੇ ਸ਼ਰਮਿੰਦਗੀ ਭਰੀ ਹਾਰ ਦਾ ‘ਹਾਰ’ ਪਾ ਦਿਤਾ । ਇਥੇ ਹੀ ਬੱਸ ਨਹੀਂ ਹੋਈ । ਦਿੱਲੀ ਅਕਾਲੀ ਦਲ (ਬ) ਨੂੰ ਮਨਜਿੰਦਰ ਸਿੰਘ ਸਿਰਸਾ ਨੇ ਅੱਖਾਂ ਵਿਖਾ ਕੇ ਭਾਜਪਾ ਦਾ ਦਰਵਾਜ਼ਾ ਜਾ ਖੜਕਾਇਆ ਤੇ ਹੁਣ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਕਰਾਰ ਦੇਣ ਨਾਲ਼ ਵੀ ਅਕਾਲੀ ਦਲ ਨੂੰ ਝਟਕਾ ਲੱਗਾ ਹੈ ।

ਸਿਆਸਤ ਤੇ ਮੌਸਮ ਕਦੋਂ ਬਦਲ ਜਾਣ ਕੁਝ ਪਤਾ ਨਹੀਂ ਲੱਗਦਾ ,ਇਹ ਗੱਲ  ਇਕ ਵਾਰ ਫਿਰ ਸੱਚ ਕਰ ਵਿਖਾਈ ਹੈ ਸੁਖਬੀਰ ਬਾਦਲ ਤੇ ਸਰਨਾ ਦੀ ਨਵੀਂ ਨੇੜਤਾ ਨੇ । ਸਿਆਸਤ ਵਿੱਚ ਕਦੇ ਵੀ ਦੁਸ਼ਮਣੇ ਨਹੀਂ ਹੁੰਦੇ ਹਮੇਸ਼ਾ ਭਵਿਖ ‘ਚ ‘ਦੋਸਤੀ ਦੀਆਂ ਸੰਭਾਵਨਾਵਾਂ ਰਖੀਆਂ ਜਾਂਦੀਆਂ ਹਨ । ਜਦੋਂ ਕਿਸੇ ਧਿਰ ਨੂੰ ਖਸਾਰਾ ਲੱਗੇ ਜਾਂ ਲੱਗਣ ਦਾ ਡਰ ਹੋਵੇ ਤਾਂ ਇਸ ਤਰ੍ਹਾਂ ਦੀਆਂ ਜੋੜ-ਘਟਾਓ ਹੋਣ ਲੱਗ ਪੈਂਦੀਆਂ ਹਨ ।

ਪਿਛਲੇ ਵਰ੍ਹੇ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਸਰਨਾ ਗਰੁੱਪ ਦੀ ਹਾਰ ਨੇ ਸਰਨਾ ਨੂੰ ਸੁਖਬੀਰ ਨਾਲ਼ ਬਗਲਗੀਰ ਹੋਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਸਰਨਾ ਗਰੁੱਪ ਨੂੰ ਲੰਮੇ ਸਮੇਂ ਤੋਂ ਕਮੇਟੀ ਦੀ ਪ੍ਰਧਾਨਗੀ ਤੋਂ ਦੂਰ ਰਹਿਣਾ ਪਿਆ ਹੈ । ਸਰਨਾ, ਟੌਹੜਾ ਧੜੇ ਦੇ ਸਨ ਅਤੇ  ਅਕਾਲੀ ਦਲ ਤੇ ਬਾਦਲ ਪਰਿਵਾਰ ਦੀ ਸਖਤ ਨਿੰਦਿਆ ਕਰਦੇ ਰਹੇ ਹਨ । ਹੁਣ ਸਰਨਾ ਦਾ ਬਿਆਨ ਹੈ ਕਿ ਸੁਖਬੀਰ ਬਾਦਲ ਤੋਂ ਬਿਨਾ ਅਕਾਲੀ ਦਲ ਨੂੰ ਹੋਰ ਕੋਈ ਨਹੀਂ ਚਲਾ ਸਕਦਾ ਭਾਵ ਸੁਖਬੀਰ ਆਪਣੀ ਪ੍ਰਧਾਨਗੀ ਵੀ ਪੱਕੀ ਕਰਨ ਲਈ ਕਸਰਤ ਕਰ ਰਹੇ ਹਨ ਤੇ  ਸਰਨਾ ਦੀ ਅੱਖ ਹੁਣ ਦਿੱਲੀ ਕਮੇਟੀ ਦੀ ਪ੍ਰਧਾਨਗੀ ‘ਤੇ ਹੈ ।

ਸਰਨਾ ਗੱਰੁਪ ਕਾਂਗਰਸ ਦੇ ਨੇੜੇ ਚਲਾ ਗਿਆ ਸੀ  ਜਦੋਂ ਪੰਜਾਬ ਵਿੱਚ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਤੇ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਸਨ । ਸਾਲ 2007 ਦੀਆਂ ਪੰਜਾਬ ਦੀਆਂ  ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਕੈਪਟਨ ਨੇ ਸਰਹੱਦ ਪਾਰ ਤੋਂ ਇਕ  ਧਾਰਮਿਕ ਪੈਂਤੜਾ ਖੇਡਣ ਦੀ ਕੋਸ਼ਿਸ਼ ਕੀਤੀ : ਨਵੰਬਰ 2005 ਦੇ ਗੁਰੂ ਨਾਨਾਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਕੈਪਟਨ ਤੇ ਸਰਨਾ ਜੋੜੀ ਇਕ ਸੋਨੇ ਦੀ ਪਾਲਕੀ ਲੈਕੇ  ਸ੍ਰੀ ਨਨਕਾਣਾ ਸਾਹਿਬ ਗਏ ਸਨ ,ਸਰਨਾ ਉਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਸਨ ਤੇ ਸਰਨਾ ਨੇ ਉਹ ਪਾਲਕੀ ਬਣਾਉਣ ਲਈ 45 ਲੱਖ ਰੁ: ਖਰਚੇ ਸਨ । ਹੁਣ ਕੈਪਟਨ ਸਾਹਿਬ  ਆਪਣੀ ਟੀਮ ਨਾਲ਼ ਭਾਜਪਾ ‘ਚ ਜਾ ‘ਬਿਰਾਜੇ’ ਹਨ ਤੇ ਸਰਨਾ ਵਾਪਸ ਅਕਾਲੀ ਦਲ ਦੀ ਝੋਲ਼ੀ ‘ਚ ਜਾ ਬੈਠੇ ਹਨ ।

ਅਕਾਲੀ ਦਲ ਇਕੋ-ਇਕ ਪਾਰਟੀ ਹੈ ਜਿਸ ਦਾ ਆਧਾਰ ਸਿਖ ਧਰਮ ਰਿਹਾ ਹੈ ਤੇ ਸਿਖ ਮਸਲਿਆਂ ‘ਤੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ‘ਤੇ ਇਹ ਪਾਰਟੀ ਆਵਾਜ਼ ਬੁਲੰਦ ਕਰਦੀ ਰਹੀ ਹੈ । ਪਿਛਲੇ ਲੰਮੇ ਸਮੇਂ ਤੋਂ ‘ਸਿਖ ਪਾਰਲੀਮੈਂਟ’ ਕਰਕੇ ਜਾਣੀ ਜਾਂਦੀ ਐੱਸਜੀਪੀਸੀ ‘ਤੇ ਵੀ ਇਸ ਦਾ ਕਬਜ਼ਾ ਰਿਹਾ ਹੈ : ਇਹ ਸੱਚਾਈ ਹੈ ਕਿ ਜਿਹੜੀ ਧਿਰ ਗੁਰਦੁਆਰਿਆਂ ਦੇ ਪ੍ਰਬੰਧ ‘ਚ ਪ੍ਰਭਾਵਸ਼ਾਲੀ ਰਹੇਗੀ ਓਹ ਹੀ ‌ਸਿਖ ਸਿਆਸਤ ਵਿੱਚ ਸਿਰਮੌਰ ਰਹੇਗੀ । ਪਿਛਲੇ ਸਮੇਂ ਤੋਂ ਅਕਾਲੀ ਦਲ , ਡੇਰਾ ਸੱਚਾ ਸੌਦਾ ਨੂੰ  ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫ਼ੀ ਦੁਆਉਣ, 2015 ਦੇ ਬੇਅਦਬੀ ਕਾਂਡ,ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗੁੰਮ ਹੋਣ ਤੇ ਹਾਲ ਹੀ ਵਿੱਚ ਖੇਤੀ ਕਾਨੂੰਨਾਂ ਦੇ ਮਸਲਿਆਂ ਵਿੱਚ ਘਿਰ ਗਈ  ਸੀ ਜਿਸ ਦਾ ਹਰਜਾਨਾ ਪਾਰਟੀ ਨੂੰ 2022 ਦੀ ਵੱਡੀ ਹਾਰ ਨਾਲ਼ ਚੁਕਾਉਣਾ ਪਿਆ : ਇਸ ਦਾ ਮਤਲਬ ਸਿਖ ਵੋਟਰ  ਤੇ ਪਾਰਟੀ ਦਾ  ਵਰਕਰ ਅਕਾਲੀ ਦਲ ਨਾਲ਼ ਨਾਰਾਜ਼ ਚੱਲ ਰਿਹਾ ਹੈ ।

ਕਾਂਗਰਸ ਪਾਰਟੀ ਨੂੰ ਅੱਜ ‘ਭਾਰਤ(ਕਾਂਗਰਸ) ਜੋੜੋ ਯਾਤਰਾ ‘ ਇਸ ਲਈ ਕਰਨੀ ਪੈ ਗਈ ਕਿਉਂਕਿ ਕਾਂਗਰਸ ਪਾਰਟੀ ਗਾਂਧੀ ਪਰਿਵਾਰ ਦੇ ‘ਡਰਾਇੰਗ ਰੂਮ’ ‘ਚੋ ਬਾਹਰ ਹੀ ਨਹੀਂ ਨਿਕਲ਼ੀ ਜਿਥੇ ਤੱਕ ਪਾਰਟੀ ਦੇ ਜ਼ਮੀਨੀ ਪੱਧਰ ਦੇ ਲੀਡਰ ਦੀ ਪਹੁੰਚ ਹੀ ਨਹੀਂ ਸੀ । ਅਕਾਲੀ ਪਾਰਟੀ ਲਈ ਦੁਬਾਰਾ ਉਭਰਨਾ ਕੋਈ ਔਖਾ ਨਹੀਂ  ਜੇਕਰ ਪਾਰਟੀ ਲੀਡਰਸ਼ਿਪ, ਪਾਰਟੀ ਦੇ ਅੰਦਰ ਭਰੋਸਾ ਕਾਇਮ ਕਰ ਲਵੇ ਤਾਂ ਫਿਰ ਇਸਦੇ ਵਰਕਰਾਂ ‘ਚ ਦੁਬਾਰਾ ਉਤਸ਼ਾਹ ਭਰਿਆ ਜਾ ਸਕਦਾ ਹੈ ਪਰ ਇਸ ਲਈ ਜ਼ਰੂਰੀ ਹੈ ਕਿ ਪਾਰਟੀ ਇਹ ਪ੍ਰਭਾਵ ਬਣਾਵੇ ਕਿ ਪਾਰਟੀ ‘ਤੇ ਕਿਸੇ ਪਰਿਵਾਰ ਦਾ ਕਬਜ਼ਾ ਨਹੀਂ ਰਹੇਗਾ । ਪਾਰਟੀ ਲੀਡਰਸ਼ਿਪ ਦੀਆਂ ਕੋਸ਼ਿਸ਼ਾਂ ਦਾ ਪਹਿਲਾ ਇਮਤਿਹਾਨ 2024 ‘ਚ ਹੋ ਜਾਣਾ ਹੈ ਜਦੋਂ ਲੋਕਸਭਾ ਦੀਆਂ ਚੋਣਾਂ ਹੋਣਗੀਆਂ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button