EDITORIAL

ਇਕ ਖ਼ਰਬ ਦੀ ਸ਼ਰਾਬ, ਪੀਵੇਗਾ ‘ਰੰਗਲਾ ਪੰਜਾਬ’

28 ਕਰੋੜ ਬੋਤਲਾਂ ਹੋਣਗੀਆਂ ਖਾਲੀ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਸਰਕਾਰ ਦੀ ਨਵੀਂ ਸ਼ਰਾਬ ਨੀਤੀ ਦਾ ਮਤਲਬ ਹੈ ਕਿ ਚਾਲੂ ਸਾਲ ਵਿੱਚ ਪੰਜਾਬ 28 ਕਰੋੜ ਬੋਤਲਾਂ ਰਾਹੀਂ 9648 ਕਰੋੜ ਦੀ ਸ਼ਰਾਬ ਪੀ ਜਾਵੇਗਾ : ਇਸ ਦਾ ਮਤਲਬ ਹੈ ਕਿ ਪੰਜਾਬ ਦੀ ਤਿੰਨ ਕਰੋੜ ਆਬਾਦੀ ਅਨੁਸਾਰ ਹਰੇਕ ਪੰਜਾਬੀ ਦੇ ਹਿੱਸੇ ਨੌ ਬੋਤਲਾਂ ਆਉਣਗੀਆਂ।  ਇੰਜ ਹਰ ਪੰਜਾਬੀ ਤਿੰਨ ਹਜ਼ਾਰ ਤੋਂ ਵੱਧ ਦੀ ਸ਼ਰਾਬ ਪੀ ਜਾਵੇਗਾ, ਭਾਵ ਅੱਜ ਪੈਦਾ ਹੋਏ ਬੱਚੇ ਦੇ ਹਿੱਸੇ ਵੀ ਨੌ ਬੋਤਲਾਂ ਆ ਰਹੀਆਂ ਹਨ। ਪੰਜਾਬ ਵਿੱਚ ਸਿਰਫ਼ 25 ਫ਼ੀਸਦ ਭਾਵ 75 ਲੱਖ ਲੋਕ ਹੀ ਸ਼ਰਾਬ ਪੀਂਦੇ ਹਨ।

ਉਪਰੋਕਤ ਅੰਕੜੇ ਸਰਕਾਰੀ ਕੰਟਰੋਲ ਹੇਠਲੀ ਸ਼ਰਾਬ ਦੇ ਹਨ। ਜੇਕਰ ਇਸ ਵਿੱਚ ਦੇਸੀ ਨਜਾਇਜ਼, ਦੋ ਨੰਬਰ ਅਤੇ ਸਮੱਗਲ ਹੁੰਦੀ ਸ਼ਰਾਬ ਵੀ ਸ਼ਾਮਿਲ ਕਰ ਲਈ ਜਾਵੇ ਤਾਂ ਇਹ ਅੰਕੜੇ ਦੰਦ ਜੋੜ ਦੇਣਗੇ। ਤੁਹਾਨੂੰ ਯਾਦ ਹੋਵੇਗਾ ਕਿ 2020 ਵਿੱਚ ਪੰਜਾਬ ਵਿੱਚ ਦੇਸੀ ਨਜਾਇਜ਼ ਸ਼ਰਾਬ ਪੀਣ ਕਰਕੇ 120 ਬੰਦੇ ਮਰ ਗਏ ਸਨ। ਇਸ ਧੰਦੇ ਦੇ ਤਾਰ ਪਟਿਆਲੇ ਦੇ ਵੱਡੇ ਲੀਡਰਾਂ ਨਾਲ ਜੁੜਦੇ ਹੋਏ ਵਾਇਆ ਪੁਲਿਸ ਥਾਣਿਆਂ ਮਾਝੈਲੀਆਂ ਦੇ ਸਿਰ ਕੱਢ ਲੀਡਰਾਂ ਦੇ ਦਰਾਂ ਤੱਕ ਜਾ ਪਹੁੰਚੇ ਸਨ।

ਪੰਜਾਬੀਆਂ ਨੇ ਸਰਕਾਰੀ ਖ਼ਜ਼ਾਨੇ ਵਿੱਚ 2016-17 ਵਿੱਚ 4406 ਹਜ਼ਾਰ ਕਰੋੜ, 2017-18 ਵਿੱਚ 5139 ਹਜ਼ਾਰ ਕਰੋੜ, 2018-19 ਵਿੱਚ 5156 ਹਜ਼ਾਰ ਕਰੋੜ, 2019-20 ਵਿੱਚ 5118 ਕਰੋੜ 2020-21 ‘ਚ 6335 ਅਤੇ 2021-22 ‘ਚ 6158 ਕਰੋੜ ਦੀ ਸ਼ਰਾਬ ਪੀ ਕੇ ‘ਦਾਨ’ ਕੀਤੇ ਸੀ। ਇਸ ਦਾ ਮਤਲਬ ਹੈ ਕਿ ਪੰਜਾਬ ਨੇ ਪਿਛਲੇ  ਛੇ ਸਾਲਾਂ ‘ਚ ਹੀ 300 ਅਰਬ ਦੀ ਸ਼ਰਾਬ ਪੀ ਕਿ ਸਰਕਾਰੀ ਖਜ਼ਾਨੇ ਨੂੰ ਅਮੀਰ ਕੀਤਾ ਸੀ। ਇਸ ਵਰ੍ਹੇ ਸਰਕਾਰ ਨੇ ਤਕਰੀਬਨ 28 ਕਰੋੜ ਬੋਤਲਾਂ ਪੰਜਾਬੀਆਂ ਦੇ ਹਲ਼ਕ ਹੇਠਾਂ ਭੇਜਣ ਲਈ ਸਰਕਾਰੀ ਨੀਤੀ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਸਰਕਾਰ ਨੂੰ ਤਕਰੀਬਨ 9648 ਹਜ਼ਾਰ ਕਰੋੜ ਭਾਵ 96 ਅਰਬ ਦੀ ਆਮਦਨ ਹੋਵੇਗੀ ਇਸ ਵਿੱਚ ਸ਼ਰਾਬ ਕੰਪਨੀਆਂ ਦਾ ਮੁਨਾਫ਼ਾ ਸ਼ਾਮਿਲ ਨਹੀਂ ਹੈ। ਇਕ ਅੰਦਾਜ਼ੇ ਅਨੁਸਾਰ ਸ਼ਰਾਬ ਕੰਪਨੀਆਂ ਵੀ 6 ਤੋਂ 7 ਹਜ਼ਾਰ ਕਰੋੜ ਦਾ ਮੁਨਾਫ਼ਾ ਕਮਾ ਲੈਂਦੀਆਂ ਹੋਣਗੀਆਂ। ਸੋ ਕੁਲ ਮਿਲਾ ਕੇ ਅੰਦਾਜ਼ੇ ਅਨੁਸਾਰ ਪੰਜਾਬੀ ਇਸ ਵਰ੍ਹੇ ਇਕ ਖ਼ਰਬ ਦੇ ਨੇੜੇ ਤੇੜੇ ਦੀ ਸ਼ਰਾਬ ਡਕਾਰ ਜਾਣਗੇ। ਜੇਕਰ ਇਸ ਵਿੱਚ ਦੋ ਨੰਬਰ, ਨਜਾਇਜ਼ ਘਰ ਦੀ ਕੱਢੀ ਅਤੇ ਸਮੱਗਲਿੰਗ ਦਾ ਹਿਸਾਬ ਵੀ ਮੋਟਾ-ਮੋਟਾ ਜੋੜ ਲਿਆ ਜਾਵੇ ਤਾਂ ਇਹ ਅੰਕੜਾ ਸਹਿਜੇ ਹੀ ਇਕ ਖਰਬ ਤਾਂ ਹ‌ੋ ਹੀ ਜਾਵੇਗਾ।

ਇਹ ਬਹੁਤ ਗੰਭੀਰ ਸਥਿਤੀ ਹੈ ਕਿ ਅਸੀਂ ਖਰਬਾਂ ਰੁਪਏ ਸਿਰਫ਼ ਸ਼ਰਾਬ ‘ਚ ਰੋੜ੍ਹ ਰਹੇ ਹਾਂ ਜਦੋਂ ਕਿ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ, ਖੇਤੀ ਦਾ ਭੱਠਾ ਬੈਠਣ ਵਾਲਾ ਹੋਇਆ ਪਿਆ ਹੈ, ਗੈਂਗਸਟਰ ਵਧਣ ਲੱਗ ਪਏ ਹਨ ਅਤੇ ਸਮਾਜ ਦੇ ਰਹਿਬਰ ਕਿਲਕਾਰੀਆਂ ਪਾਉਂਦੇ ਫਿਰਦੇ ਹਨ। ਫਿਰ ਦੱਸੋ ਹੁਣ ਪੰਜਾਬ ਕਿਵੇਂ ਬਚੇਗਾ ? ਇਕ ਸਰਵੇਖਣ ਅਨੁਸਾਰ 9 ਸਾਲ ਤੱਕ ਪਹੁੰਚਦਿਆਂ ਪੰਜਾਬੀ ਕਿਸੇ ਇਕ ਨਸ਼ੇ ਦਾ ਸੁਆਦ ਵੇਖ ਲੈਂਦੇ ਹਨ ਅਤੇ ਹੁਣ ਤਾਂ ਸਾਡੀਆਂ ਕੁੜੀਆਂ ਵੀ ਸ਼ਰਾਬ ਪੀਣ ਅਤੇ ਨਸ਼ੇ ਕਰਨ ਲੱਗ ਪਈਆਂ ਹਨ।

ਭਾਰਤ ਵਿੱਚ ਸਿਰਫ਼ ਗੁਜਰਾਤ ਇਕੋ ਇਕ ਸਟੇਟ ਹੈ, ਜਿਥੇ ਇਸ ਨੂੰ ਬੌਂਬੇ ਰਾਜ ਵਿੱਚੋਂ ਅਲੱਗ ਕਰਨ ‘ਤੇ  ਇਕ ਮਈ 1960 ਤੋਂ ਹੀ ਸ਼ਰਾਬਬੰਦੀ ਚੱਲ ਰਹੀ ਹੈ ਅਤੇ ਗੁਜਰਾਤ ਭਾਰਤ ਦਾ ਸਭ ਤੋਂ ਵੱਧ ਤਰੱਕੀ ਵਾਲਾ ਸੂਬਾ ਹੈ: ਕਿਸੇ ਵਕਤ ਪੰਜਾਬ ਨੰਬਰ ਇਕ ਹੁੰਦਾ ਸੀ ਅੱਜ ਇਸ ਦਾ ਨੰਬਰ 17 ਵਾਂ ਹੈ। ਗੁਜਰਾਤ ਵਿੱਚ ਸ਼ਰਾਬਬੰਦੀ ਦੇ ਹੁੰਦਿਆ ਵੀ ਵਿਦੇਸ਼ੀ ਕੰਪਨੀਆਂ ਪੈਸਾ ਲਾ ਰਹੀਆਂ ਹਨ। ਪੰਜਾਬ ਨੂੰ ਸਿਰਫ਼ ਪੈਸਾ ਕਮਾਉਣ ਵੱਲ ਹੀ ਧਿਆਨ ਨਹੀਂ ਦੇਣਾ ਚਾਹੀਦਾ ਬਲਕਿ ਭਵਿੱਖ ਦੀ ਜਵਾਨੀ ਨੂੰ ਨਸ਼ੇ ਤੋਂ ਦੂਰ ਕਰਨ ਲਈ ਵੱਡੇ ਪੱਧਰ ‘ਤੇ ਕੋਈ ਕਾਰਗਰ ਨੀਤੀ ਬਣਾਉਣ ਦੀ ਫ਼ੌਰੀ ਲੋੜ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button