EDITORIAL

ਬੀਬੀ ਦੀ ਬਾਦਲਾਂ ਨੂੰ ਵੰਗਾਰ, ਚੋਣ ਮਗਰੋਂ ਹੋਰ ਵੀ ਤਿਆਰ !

ਬੀਜੇਪੀ ਕਰੇਗੀ ਵਾਰ !

ਅਮਰਜੀਤ ਸਿੰਘ ਵੜੈਚ (94178-01988) 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਨੌ ਨਵੰਬਰ ਨੂੰ ਹੋ ਰਹੀ ਚੋਣ ਸਿਰਫ਼ ਪ੍ਰਧਾਨ ਜਾਂ ਅਹੁਦੇਦਾਰਾਂ ਦੀ ਚੋਣ ਨਹੀਂ ਹੋਵੇਗੀ ਬਲਕਿ ਇਸ ਚੋਣ ਮਗਰੋਂ ਸ਼੍ਰੋਮਣੀ ਆਕਾਲੀ ਦਲ ਅੰਦਰ ਚੱਲ ਰਹੀ ਖਿਚੋਤਾਣ ਵੀ ਨਵਾਂ ਰੂਪ ਲਵੇਗੀ ਜੋ ਪਾਰਟੀ ਦੇ ਪ੍ਰਧਾਨ ਲਈ ਇਕ ਹੋਰ ਚੁਣੌਤੀ ਬਣਨ ਵਾਲ਼ੀ ਹੈ ।

ਪਾਰਟੀ ਦੀ ਬਹੁਤ ਹੀ ਵਫ਼ਾਦਾਰ ਵਰਕਰ ਤੇ ਆਪਣੇ ਆਪ ਨੂੰ ਵੱਡੇ ਬਾਦਲ ਦੀ ‘ਬੇਟੀ’ ਕਹਿਣ ਵਾਲ਼ੀ ਬੀਬੀ ਜਗੀਰ ਕੌਰ ਨੇ ਪਾਰਟੀ ਤੋਂ ਰਾਹ ਵੱਖਰਾ ਕਰ ਲਿਆ ਜਦੋਂ ਉਸ ਨੇ ਇਸ ਵਾਰ ਕਮੇਟੀ ਦੀ ਚੋਣ ਵਿੱਚ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਦਿਤਾ । ਇਹ ਰਾਹ ਉਦੋਂ ਬਿਲਕੁਲ ਵੱਖਰੇ-ਵੱਖਰੇ ਹੋ ਗਏ ਜਦੋਂ ਪਾਰਟੀ ਨੇ ਬੀਬੀ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿਤਾ ਤੇ ਹੁਣ ਜਲਦੀ ਹੀ ਪਾਰਟੀ ਬੀਬੀ ਨੂੰ ਪੱਕਿਆਂ ਤੌਰ ‘ਤੇ ਜਾਂ ਫਿਰ ਅਗਲੇ ਛੇ ਸਾਲਾਂ ਲਈ ਪਾਰਟੀ ‘ਚੋਂ ਅਲਵਿਦਾ ਕਹਿ ਦਵੇਗੀ ।

ਪਾਰਟੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੂਜੀ ਵਾਰ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਨਾਮਜ਼ਦ ਕਰ ਦਿਤਾ ਹੈ । ਸੋ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਕਮੇਟੀ ਪ੍ਰਧਾਨ ਪਾਰਟੀ ਪ੍ਰਧਾਨ ਦੇ ਲਿਫ਼ਾਫ਼ੇ ‘ਚੋ ਨਹੀਂ ਬਲਕਿ ਬੈਲਟ ਬੌਕਸ ਵਿੱਚੋਂ ਹੀ ਨਿਕਲ਼ੇਗਾ । ਬੀਬੀ ਨੇ ਲਿਫ਼ਾਫ਼ੇ ਵਾਲ਼ੇ ਕਲਚਰ ਨੂੰ ਚੁਣੌਤੀ ਦਿਤੀ ਸੀ ਜਿਸ ਕਰਕੇ ਪਾਰਟੀ ਨੇ ਬੀਬੀ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿਤਾ । ਇਹ ਬੜੀ ਹੈਰਾਨੀ ਵਾਲ਼ੀ ਗੱਲ ਹੈ ਕਿ ਇਕ ਪਾਸੇ ਤਾਂ ਪਾਰਟੀ ਬੀਬੀ ਨੂੰ ਮੁਅੱਤਲ ਕਰ ਰਹੀ ਹੈ ਤੇ ਦੂਜੇ ਪਾਸੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਬੀਬੀ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਲਈ ਅਪੀਲ ਕਰਦੇ ਦਿਖਾਈ ਦਿੰਦੇ ਹਨ !

ਬੀਬੀ ਜਾਗੀਰ ਕੌਰ ਬਾਰੇ ਵੀ ਇਕ ਗੱਲ ਬੜੀ ਅਜੀਬ ਹੈ ਕਿ ਬੀਬੀ ਜਦੋਂ ਪਹਿਲਾਂ ਲਿਫ਼ਾਫ਼ਾ ਕਲਚਰ ਸਮੇਂ ਤਿੰਨ ਵਾਰ ਕਮੇਟੀ ਦੇ ਪ੍ਰਧਾਨ ਬਣੇ ਸਨ ਤਾਂ ਉਸ ਵਕਤ ਉਨ੍ਹਾਂ ਨੂੰ ਪਾਰਟੀ ਅੰਦਰ ਲੋਕਤੰਤਰ ਦਾਅ ‘ਤੇ ਨਹੀਂ ਸੀ ਲੱਗਿਆ ਲਗਦਾ ? ਜਦੋਂ 1999 ‘ਚ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਕਰਕੇ ਪਾਰਟੀ ‘ਚੋਂ ,ਚੰਦੂਮਾਜਰਾ ਸਮੇਤ, ਕੱਢ ਦਿਤਾ ਗਿਆ ਸੀ ਕਿ ਟੌਹੜੇ ਨੇ ਵੱਡੇ ਬਾਦਲ ਨੂੰ ਇਹ ਕਿਹਾ ਸੀ ਕਿ ਪਾਰਟੀ ਦੇ ਕੰਮ ਕਾਜ ਲਈ ਇਕ ਕਾਰਜਕਾਰੀ ਪ੍ਰਧਾਨ ਹੋਣਾ ਚਾਹੀਦਾ ਹੈ ਤਾਂ ਉਸ ਵਕਤ ਵੀ ਬੀਬੀ ਸਮੇਤ ਕੋਈ ਵੀ ਨਹੀਂ ਬੋਲਿਆ ਸੀ । ਇਹ ਗੱਲ ਵੱਖਰੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵੱਡੇ ਖਿਡਾਰੀ ਹਨ ਤੇ ਬਾਦਲ ਨੇ ਟੌਹੜੇ ਦੇ ਉਸ ਸੁਝਾਅ ‘ਚੋਂ ਭਵਿਖ ‘ਚ ਆਪਣੀ ਸੀਐੱਮ ਦੀ ਕੁਰਸੀ ਨੂੰ ਖ਼ਤਰਾ ਭਾਂਪ ਲਿਆ ਸੀ । ਹੁਣ ਬੀਬੀ ਜੀ ਦਾ ਬੋਲਣਾ ਵੀ ਇਹ ਦਰਸਾਉਂਦਾ ਹੈ ਕਿ ਬੀਬੀ ਸਿਆਸਤ ‘ਚ ਬਣੇ ਰਹਿਣ ਲਈ ਕਮੇਟੀ ਦੀ ਕੁਰਸੀ ਸਾਂਭਣਾ ਚਾਹੁੰਦੇ ਹਨ ਕਿਉਂਕਿ ਅਗਲੇ ਪੰਜ ਸਾਲ ਤਾਂ ਹਾਲੇ ਲਾਲ ਬੱਤੀ ਮਿਲਣ ਦੀ ਕੋਈ ਆਸ ਨਹੀਂ ਹੈ । ਇਹ ਵੀ ਪਤਾ ਲੱਗਿਆ ਹੈ ਕਿ ਪਾਰਟੀ ਹੁਣ ਨਵੇਂ ਖੂਨ ਨੂੰ ਵਧੇਰੇ ਅੱਗੇ ਲਿਆਉਣ ਦੀ ਸਕੀਮ ‘ਚ ਹੈ ।

ਇਹ ਗੱਲ ਤਾਂ ਬਿਲਕੁਲ ਹੁਣ ਸਪੱਸ਼ਟ ਹੋ ਗਈ ਹੈ ਕਿ ਸੌ ਸਾਲ ਤੋਂ ਵੀ ਵੱਧ ਪੁਰਾਣੀ ਇਹ ਪਾਰਟੀ ਹੁਣ ਸੰਕਟ ‘ਚੋਂ ਲੰਘ ਰਹੀ ਹੈ : ਪਹਿਲਾਂ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਇਤਿਹਾਸਿਕ ਸ਼ਰਮਿੰਦਗੀ ਝੱਲਣੀ ਪਈ ਜਦੋਂ ਪੰਜਾਬ ਨੂੰ ਪੰਜ ਵਾਰ ਮੁੱਖ-ਮੰਤਰੀ ਦੇਣ ਵਾਲ਼ੀ ਪਾਰਟੀ ਸਿਰਫ਼ ਤਿੰਨ ਸੀਟਾਂ ਹੀ ਲੈ ਸਕੀ । ਪਾਰਟੀ ਨੂੰ ਇਹ ਖਮਿਆਜ਼ਾ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਉਪਰ ਦੋਗਲ਼ੀ ਨੀਤੀ ਕਾਰਨ ਭੁਗਤਣਾ ਪਿਆ । ਇਸ ਮਗਰੋਂ ਸੰਗਰੂਰ ਦ‌ੀ ਲੋਕ ਸਭਾ ਸੀਟ ਜਿਤਣ ਦਾ ਦਾਅਵਾ ਕਰਨ ਵਾਲ਼ੀ ਸ਼੍ਰੋਮਣੀ ਅਕਾਲੀ ਦਲ ‘ਬੰਦੀ ਸਿੰਘਾ ਦੇ ਏਜੰਡੇ ਨਾਲ਼ ਵੀ ਬੀਜੇਪੀ ਤੋਂ ਪਿਛੇ ਪੰਜਵੇਂ ਸਥਾਨ ‘ਤੇ ਤਿਲਕ ਗਈ ।

ਪਹਿਲਾਂ ਦਾਖੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਆਯਾਲੀ ਰਾਸ਼ਟਰਪਤੀ ਦੀ ਚੋਣ ਸਮੇਂ ਪਾਰਟੀ ਨੂੰ ਚਿਤਾਵਨੀ ਦੇ ਚੁੱਕੇ ਹਨ ਜਦੋਂ ਉਨ੍ਹਾਂ ਪਾਰਟੀ ਦੇ ਬਾਹਰ ਜਾ ਕੇ ਇਸ ਚੋਣ ‘ਚ ਹਿੱਸਾ ਹੀ ਨਹੀਂ ਲਿਆ । ਇਸ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ, ਸੁੱਚਾ ਸਿੰਘ ਛੋਟੇਪੁਰ, ਸੁਖਦੇਵ ਸਿੰਘ ਢੀਡਸਾ,ਜਗਦੇਵ ਸਿੰਘ ਤਲਵੰਡੀ ਵਰਗੇ ਕਈ ਅਜਿਹੇ ਨੇਤਾ ਰਹੇ ਹਨ ਜਿਨ੍ਹਾਂ ਨੇ ਪਾਰਟੀ ਨਾਲ਼ ਜਦੋਂ ਨਾਰਾਜ਼ਗੀ ਵਖਾਈ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿਤਾ । ਪਾਰਟੀ ਦੇ ਪਹਿਲਾਂ ਕਈ ਟੁਕੜੇ ਹੋ ਚੁੱਕੇ ਹਨ ਪਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ‘ਤੇ ਪਕੜ ਹੀ ਏਨੀ ਮਜਬੂਤ ਰਹੀ ਹੈ ਕਿ ਇਸ ਨੂੰ ਕੋਈ ਵੀ ਵੱਖ ਹੋਇਆ ਨੇਤਾ ਚੁਣੌਤੀ ਨਹੀਂ ਦੇ ਸਕਿਆ । ਪਾਰਟੀ ਦੇ ਕੁਝ ਬਾਦਲ ਪਰਿਵਾਰ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਚਲਾਉਣ ਲਈ ਵੱਡੇ ਸਰਮਾਏ ਦੀ ਲੋੜ ਪੈਂਦੀ ਹੈ ਜੋ ਬਾਦਲ ਪਰਿਵਾਰ ਤੋਂ ਬਿਨਾ ਹੋਰ ਕਿਸੇ ਲੀਡਰ ਦੇ ਵੱਸ ਦੀ ਗੱਲ ਨਹੀਂ ।

ਕਮੇਟੀ ਦੇ ਕੁੱਲ 190 ਮੈਂਬਰ ਹੁੰਦੇ ਹਨ ਪਰ ਇਨ੍ਹਾ ਚੋਂ ਵੋਟ ਪਾਉਣ ਦਾ ਅਧਿਕਾਰ ਸਿਰਫ਼ ਚੁਣੇ ਹੋਏ 170 ਤੇ ਵੱਖ-ਵੱਖ ਸੂਬਿਆ ਤੋਂ ਨਾਮਜੱਦ 15 ਮੈਬਰਾਂ ਨੂੰ ਹੀ ਹੁੰਦਾ ਹੈ । ਪੰਜਾ ਤੱਖਤਾਂ ਦੇ ਜੱਥੇਦਾਰ ਸਾਹਿਬਾਨ ਵੀ ਮੈਬਰ ਹੁੰਦੇ ਹਨ ਪਰ ਉਹ ਵੋਟ ਨਹੀਂ ਪਾਉਂਦੇ । 185 ਮੈਬਰਾਂ ‘ਚੋਂ 28 ਫ਼ੌਤ ਹੋ ਚੁੱਕੇ ਹਨ ਤੇ ਦੋ ਨੇ ਅਸਤੀਫ਼ਾ ਦਿਤਾ ਹੋਇਆ ਹੈ । ਹੁਣ 157 ਮੈਂਬਰ ਹੀ ਵੋਟਾਂ ਪਾਉਣਗੇ । ਇਹ ਪਤਾ ਲੱਗ ਰਿਹਾ ਹੈ ਕਿ 125 ਦੇ ਕਰੀਬ ਮੈਂਬਰ ਸੁਖਬੀਰ ਬਾਦਲ ਦੇ ਖੇਮੇ ‘ਚ ਹਨ ਪਰ ਇਹ ਵੀ ਕਨਸੋਆਂ ਹਨ ਕਿ ਇਨ੍ਹਾਂ ‘ਚੋ ਵੀ ਕਈ ਮੈਂਬਰ ਬੀਬੀ ਨੂੰ ਹੱਲਾ ਸ਼ੇਰੀ ਵੀ ਦੇ ਰਹੇ ਹਨ । 32 ਮੈਬਰ ਦੂਜੀਆਂ ਪਾਰਟੀਆਂ ਦੇ ਹਨ ਜੋ ਬੀਬੀ ਦੇ ਹੱਕ ‘ਚ ਭੁਗਤਣਗੇ ।

ਹੁਣ ਬੀਬੀ ਜਗੀਰ ਕੌਰ ਦੀ ਬਗ਼ਾਵਤ ਨੂੰ ਪਾਰਟੀ, ਸਾਬਕਾ ਆਈਪੀਐੱਸ ਤੇ ਕੇਂਦਰ ‘ਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਚਾਲ ਦੱਸ ਰਹੇ ਹਨ ਕਿ ਬੀਬੀ ਬੀਜੇਪੀ ਦੇ ਨਾਲ਼ ਮਿਲ਼ਕੇ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ । ਵੈਸੇ ਅਕਾਲੀ ਪਾਰਟੀ ਬੀਜੇਪੀ ਦੀ ਹਮਾਇਤ ਨਾਲ਼ ਪੰਜਾਬ ‘ਚ ਤਿੰਨ ਵਾਰ ਸਰਕਾਰ ਬਣਾ ਚੁੱਕੀ ਹੈ ਤੇ ਚੌਥੀ ਵਾਰ ਸੱਭ ਤੋਂ ਪਹਿਲਾਂ ਜੰਨ ਸੰਘ ਨਾਲ਼ ਮਿਲ਼ਕੇ ਬਾਦਲ 1970 ‘ਚ ਪੰਜਾਬ ਦੇ ਮੁੱਖ-ਮੰਤਰੀ ਬਣੇ ਸਨ । ਇਹ ਵੀ ਅਫ਼ਵਾਹਾਂ ਜ਼ੋਰਾਂ ‘ਤੇ ਹਨ ਕਿ ਕਈ ਅਕਾਲੀ ਲੀਡਰ ਵੀ ਬੀਜੇਪੀ ‘ਚ ਜਾਣ ਲਈ ਤਿਆਰ ਹਨ ਤੇ ਬੀਬੀ ਉਨ੍ਹਾਂ ਦੀ ਅਗਵਾਈ ਕਰ ਸਕਦੇ ਹਨ ।

ਰਾਜਨੀਤ‌ੀ ਵਿੱਚ ਕੋਈ ਦੁਸ਼ਮਣ ਤੇ ਕੋਈ ਦੋਸਤ ਨਹੀਂ ਹੁੰਦਾ ਸੱਭ ਕੁਰਸੀ ਦੀ ਖੇਡ ਹੈ । ਕਮੇਟੀ ਦਾ ਪ੍ਰਧਾਨ ਭਾਵੇਂ ਕੋਈ ਵੀ ਬਣੇ ਪਰ ਬੀਬੀ ਜਾਗੀਰ ਕੌਰ ਦੇ ਐਲਾਨ ਨੇ ਪਾਰਟੀ ਲੀਡਰਸ਼ਿਪ ਨੂੰ ਜ਼ਰੂਰ ਕੰਬਣੀ ਛੇੜ ਦਿਤੀ ਹੈ । ਇਹ ਸਮਝਿਆ ਜਾ ਰਿਹਾ ਹੈ ਕਿ ਇਹ ਬਗਾਵਤੀ ਸੁਰ ਇਕੱਲ‌ੀ ਨਹੀਂ ਹੈ ਇਸਦੇ ਪਿਛੇ ਹੋਰ ਵੀ ਆਵਾਜ਼ਾਂ ਹਨ ਜੋ ਚੀਕ ਮਾਰਨ ਲਈ ਉਸਲ਼-ਵੱਟੇ ਲੈ ਰਹੀਆਂ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button