EDITORIAL

ਸਾਕਾ ਪੰਜਾ ਸਾਹਿਬ ਦੇ ਸੌ ਸਾਲ

ਸਿੱਖ ਮੋਰਚੇ : ਮਨੁੱਖੀ ਹੱਕਾਂ ਲਈ ਲੜਾਈ, ਕਿਸਾਨ ਅੰਦੋਲਨ : ਸਿੱਖਾਂ ਦੀ ਚੜ੍ਹਦੀਕਲਾਂ

ਅਮਰਜੀਤ ਸਿੰਘ ਵੜੈਚ (94178-01988) 

ਸਿੱਖ ਗੁਰਦੁਆਰਿਆਂ  ਨੂੰ ਮਹੰਤਾਂ ਤੋਂ ਮੁੱਕਤ ਕਰਾਉਣ ਲਈ ਸਿੱਖਾਂ ਨੇ 1920 ‘ਚ ‘ਗੁਰਦੁਆਰਾ ਸੁਧਾਰ ਲਹਿਰ ‘ ਸ਼ੁਰੂ ਕੀਤੀ ਜੋ ਬਆਦ ‘ਚ ‘ਆਕਾਲੀ ਲਹਿਰ’ ਬਣੀ ਤੇ ਫਿਰ ਇਸ ‘ਚੋਂ ‘ਸਿੰਘ ਸਭਾ ਲਹਿਰ’ ਉਭਰੀ । ਇਨ੍ਹਾਂ ਸਾਰੀਆਂ ਹੀ ਲਹਿਰਾਂ ਦਾ ਮਕਸਦ ਗੁਰਦੁਆਰਾ ਸਾਹਿਬਾਨ ਦੀ ਅੰਗਰੇਜ਼ਾਂ ਦੇ ਪਿਠੂ ਕਾਬਜ਼ ਮਹੰਤਾਂ ਰਾਹੀਂ ਹੁੰਦੀ ਦੁਰ-ਵਰਤੋਂ ਨੂੰ ਰੋਕਣਾ ਸੀ । ਇਹ ਲੰਮਾ ਸੰਘਰਸ਼ 1920 ਤੋਂ 1925 ਤੱਕ ਚੱਲਿਆ ਜਿਸ ‘ਚੋਂ ‘ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ’ ਤੇ ‘ਆਕਾਲੀ ਦਲ’ ਨੇ  ਜਨਮ ਲਿਆ ।

ਜਦੋਂ ਲੰਮੇ ਸੰਘਰਸ਼ ਤੋਂ ਮਗਰੋਂ ਸਿੱਖ, ਮਹੰਤਾਂ ਕੋਲੋਂ ਗੁਰਦਵਾਰਿਆਂ ਦਾ ਕਬਜ਼ਾ ਲੈਣ ‘ਚ ਕਾਮਯਾਬ ਹੋ ਗਏ ਤਾਂ  ਤਾਂ ਮਹੰਤਾਂ ਨੇ ਫਿਰ ਵੀ ਚਾਲਾਂ ਖੇਡਣ ਦੀ ਕੋਸ਼ਿਸ਼ ਕੀਤੀ ਕਿ ਗੁਰਦੁਆਰਿਆਂ ਦੀਆਂ ਜ਼ਮੀਨਾਂ ਨਾ ਛੱਡੀਆਂ ਜਾਣ । ਗੁਰੂਦੁਆਰਾ ਸ੍ਰੀ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ ਵੀ ਇਸੇ ਚਾਲ ਦਾ ਨਤੀਜਾ ਸੀ ।

‘ਗੁਰਦੁਆਰਾ ਗੁਰੂ ਕਾ ਬਾਗ’ ਅੰਮ੍ਰਿਤਸਰ ਤੋਂ ਉਤਰ ਵਾਲ਼ੇ ਪਾਸੇ ਕੋਈ 20-25 ਕਿਲੋਮੀਟਰ ਦੂਰ ਪਿੰਡ ਸੈਂਸਰਾ ਤੇ ਘੁੱਕੇਵਾਲ਼ੀ ਦੇ ਵਿਚਕਾਰ ਪੈਦਾ ਹੈ । ਇਹ ਸਥਾਨ ਗੁਰੂ ਅਰਜੁਨ ਦੇਵ ਤੇ  ਗੁਰੂ ਤੇਗ ਬਹਾਦੁਰ ਸਾਹਿਬਾਨ ਦੇ  ਚਰਨਾਂ ਦੀ ਛੋਹ ਪ੍ਰਾਪਤ ਵਾਲ਼ਾ ਤੀਰਥ ਹੈ । ਜਿਨੇ ਵੀ ਗੁਰੂ ਘਰ ਮਹੰਤਾਂ ਦੇ ਕਬਜ਼ੇ ਹੇਠ ਸਨ ਉਨ੍ਹਾਂ ਸਾਰਿਆਂ ਦੇ ਨਾਲ਼ ਚੰਗੀਆਂ ਜ਼ਮੀਨਾਂ ਵੀ ਇਨ੍ਹਾਂ ਗੁਰੂ ਘਰਾਂ ਦਾ ਹਿੱਸਾ ਸਨ ਜਿਨ੍ਹਾਂ ਉਪਰ ਮਹੰਤ ਕਬਜ਼ਾ ਛੱਡਣ ਨੂੰ ਤਿਆਰ ਨਹੀਂ ਸਨ ।

‘ਗੁਰੂ ਕਾ ਬਾਗ’ ਦੇ ਨਾਲ਼ ਲਗਦੀ ਜ਼ਮੀਨ ‘ਤੇ ਬਦਨਾਮ ਮਹੰਤ ਸੁੰਦਰ ਦਾਸ ਨੇ ਕਬਜ਼ਾ ਕੀਤਾ ਹੋਇਆ ਸੀ । ਉਸ ਦਾ ਕਹਿਣਾ ਸੀ ਕਿ ਸਿਰਫ਼ ਗੁਰਦੁਆਰੇ ਦਾ ਹੀ ਕਬਜ਼ਾ ਕਮੇਟੀ ਨੂੰ ਦਿੱਤਾ ਗਿਆ ਸੀ ਨਾ ਕਿ ਨਾਲ਼ ਲਗਦੀ ਗੁਰੂ ਘਰ ਦੀ ਜ਼ਮੀਨ ਦਾ । ਗੁਰਦੁਆਰੇ ‘ਚ ਲੰਗਰ ਤਿਆਰ ਕਰਨ ਲਈ ਸੇਵਾਦਾਰ ਨਾਲ਼ ਦੀ ਜ਼ਮੀਨ ‘ਚੋਂ  ਲੱਕੜਾਂ ਲੈਕੇ ਜਾਂਦੇ ਸਨ ਜਿਸ ‘ਤੇ ਮਹੰਤ ਇਤਰਾਜ਼ ਕਰਦਾ ਸੀ । ਉਸ ਨੂੰ ਲੋਕਾਂ ਨੇ ਬੜੀ ਵਾਰ ਸਮਝਾਇਆ ਪਰ ਮਹੰਤ ਅੰਗਰੇਜ਼ਾਂ ਦੀ ਸ਼ਹਿ ‘ਤੇ ਸੀ ਇਸ ਲਈ ਉਹ ਜ਼ਿਦ ‘ਤੇ ਅੜਿਆ ਰਿਹਾ ।

ਗੁਰਦੁਆਰੇ ਦੇ ਲੰਗਰ ਵਾਸਤੇ ਅੱਠ ਅਗਸਤ 1922 ਨੂੰ ਕੁਝ ਸਿਖ ਕਿਕਰ ਦੀਆਂ ਲੱਕੜਾਂ ਲੈਣ ਲਈ ਉਸ ਜ਼ਮੀਨ ‘ਚ ਗਏ ਤਾਂ ਮਹੰਤ ਨੇ ਉਨ੍ਹਾਂ ਉਪਰ ਚੋਰੀ ਦਾ ਕੇਸ ਦਰਜ ਕਰਵਾ ਦਿਤਾ । ਇਨ੍ਹਾਂ ਸਿੰਘਾਂ ਨੂੰ ਬਰਿਟਸ਼ ਸਰਕਾਰ ਨੇ  50-50 ਰੁ: ਜੁਰਮਾਨਾ ਤੇ ਛੇ-ਛੇ ਮਹੀਨੇ ਦੀ ਕੈਦ ਸਣਾ ਦਿਤੀ । ਸਿੰਘ ਫਿਰ ਵੀ ਲੱਕੜਾਂ ਕੱਟਣ ਜਾਂਦੇ ਰਹੇ । ਕੁਝ ਦਿਨਾਂ ਮਗਰੋਂ 23 ਅਗਸਤ ਨੂੰ ਅਚਾਨਕ ਪੁਲਿਸ ਨੇ ਲੱਕੜ ਕੱਟਣ ਵਾਲ਼ੇ ਸਿੰਘਾਂ ਸਮੇਤ ਹੋਰ ਵੀ 66 ਸੇਵਾਦਾਰ ਫੜ ਲਏ ।

ਸਿੱਖਾਂ ਵਿੱਚ ਰੋਸ ਵਧਣ ਲੱਗਿਆ ਤਾਂ  ਅਡੀਸ਼ਨਲ ਪੁਲਿਸ ਕਮਿਸ਼ਨਰ ਬੀ ਟੀ ਨੇ 26 ਅਗਸਤ ਵਾਲ਼ੀ ਮੱਸਿਆ ਨੂੰ  ਗੁਰਦੁਆਰੇ ਦੇ ਬਾਹਰ ਬੈਠੇ ਸ਼ਰਧਾਲੂਆਂ ‘ਤੇ ਲਾਠੀ ਚਾਰਜ ਦੇ ਹੁਕਮ ਦੇ ਦਿਤੇ ਜਿਸ ਨਾਲ਼ ਕਈ ਸਿੰਘ ਜ਼ਖ਼ਮੀ  ਹੋ ਗਏ ਤੇ  ਕਈਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ । ਇਸੇ ਦਿਨ ਪੁਲਿਸ ਨੇ ਤਾਬਿਆ ‘ਚ ਬੈਠੇ ਗ੍ਰੰਥੀ ਸਿੰਘ ਨੂੰ ਵੀ ਵਾਲ਼ਾਂ ਤੋ ਫੜ ਕੇ ਘੜੀਸਿਆ । ਅਗਲੇ ਦਿਨ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ ਸਮੇਤ ਹੋਰ ਵੀ ਸਿਖਾਂ ਨੂੰ ਫੜਕੇ ਥਾਣਿਆਂ ‘ਚ ਜਾ ਤੜਿਆ ।

ਸਿੰਘਾਂ ਦੇ ਜੱਥੇ ਸ੍ਰੀ ਆਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਗ੍ਰਿਫ਼ਤਾਰੀਆਂ ਲਈ ਜਾਂਦੇ ਰਹੇ । ਇਤਿਹਾਸਕਾਰ ਲਿਖਦੇ ਹਨ ਕਿ ਪੁਲਿਸ ਨੇ ਸਿੰਘਾਂ ਉਪਰ ਲਾਠੀਆਂ ਚਲਾਈਆਂ, ਕਈ ਜ਼ਖਮੀਆਂ ਨੂੰ ਘੜੀਸ-ਘੜੀਸ ਕੇ ਸੜਕਾਂ ਤੋਂ ਪਰੇ ਸੁੱਟਦੇ ਰਹੇ, ਪੁਲਿਸ ਵਾਲ਼ੇ ਆਪਣੇ ਲੋਹੇ ਵਰਗੇ ਸਖ਼ਤ ਬੂਟਾਂ ਨਾਲ਼ ਸਿੰਘਾਂ ਨੂੰ ਠੁੱਡੇ ਮਾਰਦੇ ਰਹੇ  ਤੇ ਸਿੰਘਾਂ ਨੂੰ ਘੋੜਿਆਂ ਨਾਲ਼ ਲਿਤਾੜਦੇ ਰਹੇ ਪਰ ਸਿੰਘ ਅਗੋਂ ਬਿਲਕੁਲ ਵੀ ਵਿਰੋਧ ਨਹੀਂ ਸੀ ਕਰਦੇ ਬਲਕਿ ਸ਼ਾਂਤ-ਮਈ ਹੋਕੇ ਡਟੇ ਰਹਿੰਦੇ । ਥਾਣਿਆਂ ਵਿੱਚ ਡੱਕੇ ਸਿੰਘਾਂ ਉਪਰ ਰੋਜ਼ ਤਸ਼ੱਦਦ ਹੁੰਦਾ ਰਿਹਾ ।

ਇਸੇ ਦੌਰਾਨ ਸਾਬਕਾ ਫੌਜੀਆਂ ਦੇ ਇਕ ਜੱਥੇ ਨੇ ਕਪੂਰਥਲਾ ‘ਚ ਮਾਰਚ ਕੱਢਿਆ ਜਿਸ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈਕੇ  ਅੰਮ੍ਰਿਤਸਰ ਦੇ ਮਜਿਸਟਰੇਟ ਅਸਲਮ ਹਯਾਤ ਖਾਂ ਸਾਹਮਣੇ ਪੇਸ਼ ਕੀਤਾ । ਮਜਿਸਟਰੇਟ ਨੇ ਇਨ੍ਹਾਂ ਸਾਬਕਾ ਫੌਜੀ ਸਿੰਘਾਂ ਨੂੰ ਢਾਈ-ਢਾਈ ਸਾਲ ਦੀ ਸਜ਼ਾ ਤੇ 100-100 ਰੁ: ਜੁਰਮਾਨਾ ਕਰਕੇ ਜੇਲ੍ਹ ਭੇਜ ਦਿਤਾ ।  ਇਨ੍ਹਾਂ ਫੌਜੀ ਸਿੰਘਾਂ ਨੂੰ ਬਾਕੀ ਕੈਦੀਆਂ ਨਾਲ਼ ਰੇਲ-ਗੱਡੀ ਰਾਹੀਂ ਅਟੱਕ ਦੀ ਜੇਲ੍ਹ ‘ਚ ਤਬਦੀਲ ਕਰਨ ਦੀ ਸਕੀਮ ਸਰਕਾਰ ਨੇ  ਬਣਾਈ । ਅਟੱਕ ਸ਼ਹਿਰ ਅੰਮ੍ਰਿਤਸਰ ਤੋਂ ਕੋਈ 350 ਕਿਲੋਮੀਟਰ ਦੂਰ ਸੀ । ਇਕ ਟਰੇਨ ਸਿੰਘਾਂ ਨੂੰ ਲੈਕੇ ਰਵਾਨਾ ਹੋਈ ਤੇ  29 ਅਕਤੂਬਰ ਨੂੰ ਰਾਵਲੰਪਿੰਡੀ ਦੇ ਸਟੇਸ਼ਨ ਤੇ ਰੁੱਕਕੇ ਪਾਣੀ ਲਿਆ ਤੇ ਸਟਾਫ ਬਦਲਿਆ । ਡਰਾੲਵਿਰ ਨੂੰ ਸਖ਼ਤ ਹਦਾਇਤ ਸੀ ਕਿ ਟਰੇਨ ਰਸਤੇ ‘ਚ ਕਿਤੇ ਵੀ ਨਹੀਂ ਰੁਕੇਗੀ । ਰਾਵਲਪਿੰਡੀ ‘ਚ  ਸਾਬਕਾ ਫੌਜੀਆਂ ਸਮੇਤ ਕੈਦੀਆਂ ਨੂੰ ਕੁਝ ਵੀ ਖਾਣ ਨੂੰ ਨਾ ਦਿਤਾ ਗਿਆ ।

ਇਹ ਖ਼ਬਰ ਹਸਨ ਅਬਦਾਲ ‘ਚ ਸਿਖਾਂ ਤੱਕ ਪਹੁੰਚ ਗਈ ਜਿਥੇ ਗੁਰਦੁਆਰਾ ਪੰਜਾ ਸਹਿਬ ਸੁਸ਼ੋਬਤ ਹੈ । ਇਥੋਂ ਦੇ ਸਿਖਾਂ ਨੇ ਇਕੱਠ ਕਰਕੇ ਉਸ ਟਰੇਨ ਦੇ ਸਿੰਘਾਂ ਨੂੰ ਲੰਗਰ-ਪਾਣੀ ਛਕਾਉਣ ਦਾ ਮਤਾ ਪਕਾ ਲਿਆ । ਸਿੱਖ ਸੰਗਤਾਂ ਨੇ ਲੰਗਰ ਤਿਆਰ ਕਰਕੇ ਹਸਨ ਅਬਦਾਲ ਦੇ ਸਟੇਸ਼ਨ ‘ਤੇ ਡੇਰਾ ਲਾ ਲਿਆ ਪਰ ਸਟੇਸ਼ਨ ਮਾਸਟਰ ਨੇ ਕਿਹਾ ਕਿ ਉਸ ਟਰੇਨ ਨੂੰ ਓਥੇ ਰੋਕਣ ਦੇ ਹੁਕਮ ਨਹੀਂ ਹਨ । ਸਿੰਘਾਂ ਨੇ ਜਵਾਬ ਦਿਤਾ ਕਿ ਜੇ ਬਾਬਾ ਨਾਨਕ ਪੱਥਰ ਰੋਕ ਸਕਦਾ ਹੈ ਤਾਂ ਉਸ ਦੇ ਸਿੱਖ ਟਰੇਨ ਵੀ ਰੋਕ ਸਕਦੇ ਹਨ ।

ਅਕਤੂਬਰ 30 ਨੂੰ ਟਰੇਨ ਤਕਰੀਬਨ ਸਾਢੇ ਕੁ ਦਸ ਵਜੇ ਹਸਨ ਅਬਦਾਲ ਦੇ ਸਟੇਸ਼ਨ ‘ਤੇ ਪਹੁੰਚ ਗਈ ਜਿਥੇ ਸਿੰਘ, ਸਿੰਘਣੀਆਂ ਬੱਚਿਆਂ ਸਮੇਤ ਲਇਨ ਉਪਰ ਲੇਟ ਗਏ ।  ਤਿੰਨ ਹਜ਼ਾਰ ਸਿੰਘਾਂ ਦੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਸੱਭ ਤੋਂ ਪਹਿਲਾਂ ਟਰੇਨ ਵਾਲ਼ੇ ਪਾਸੇ ਲੇਟੇ ਹੋਏ ਸਨ । ਟਰੇਨ ਉੱਚੀ-ਉੱਚੀ ਸੀਟੀਆਂ ਮਾਰਦੀ ਆ ਰਹੀ ਸੀ ਪਰ ਸਿੰਘ ਤੇ ਸਿੰਘਣੀਆਂ ਉੱਚੀ-ਉੱਚੀ ਸੱਤਨਾਮ ਵਾਹਿਗੁਰੂ ਦਾ ਜਾਪ ਕਰਨ ‘ਚ ਮਗਨ ਹੋ ਗਏ…ਟਰੇਨ ਭਾਈ  ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰਦੀ ਤੇ ਕਈਆਂ ਨੂੰ ਇਧਰ ਉਧਰ ਸੁੱਟਦੀ ਅਚਾਨਕ ਰੁੱਕ ਗਈ । ਸਿੰਘਾਂ ਨੇ ਫੁਰਤੀ ਵਖਾਉਂਦਿਆਂ ਟਰੇਨ ਦੇ ਦਰਵਾਜ਼ੇ ਖੋਲ੍ਹਕੇ ਸਿੰਘਾਂ ਨੂੰ ਲੰਗਰ-ਪਾਣੀ ਛਕਾਇਆ  । ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਟਰੇਨ ਵਿੱਚ ਕੈਦ ਸਿੰਘਾਂ ਨੂੰ ਪਤਾ ਲੱਗਿਆ ਕਿ ਸਿੰਘਾਂ ਨੇ ਆਪਣੀ ਜਾਨਾਂ ਵਾਰ ਕੇ ਇਸ ਲੰਗਰ-ਪਾਣੀ ਦਾ ਪ੍ਰਬੰਧ ਕੀਤਾ ਹੈ ਤਾਂ ਉਨ੍ਹਾਂ ਨੇ ਲੰਗਰ ਛਕਣ ਤੋਂ ਇਨਕਾਰ ਕਰ ਦਿਤਾ ਪਰ ਸੇਵਾਦਾਰ ਸਿੰਘਾਂ ਦੇ ਜ਼ੋਰ ਦੇਣ ‘ਤੇ ਉਨ੍ਹਾਂ ਨੇ ਲੰਗਰ ਛੱਕ ਲਿਆ । ਸਾਰੀ ਟਰੇਨ ‘ਚ ਵੀ ਸੱਤਨਾਮ-ਵਹਿਗੁਰੂ ਦਾ ਜਾਪ ਹੋਣ ਲੱਗ ਪਿਆ ਸੀ ।

ਭਾਈ ਕਰਮ ਸਿੰਘ , ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗ੍ਰੰਥੀ ਭਗਵਾਨ ਸਿੰਘ ਦਾ ਪੁੱਤਰ ਸੀ , ਤੇ ਭਾਈ ਪ੍ਰਤਾਪ ਸਿੰਘ ਜੋ ਜ਼ਖਮੀ ਹੋ ਗਏ ਸਨ ਨੂੰ ਕੁਝ ਸਿੰਘ ਸੰਭਾਲਣ ਲਈ ਅਹੁਲ਼ੇ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਯਾਤਰੀ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਲਓ ਤੇ ਜ਼ਖ਼ਮੀਆਂ ਨੂੰ ਫਿਰ ਸਾਂਭ ਲੈਣਾ । ਭਾਈ ਕਰਮ ਸਿੰਘ ਤਾਂ ਸਟੇਸ਼ਨ ਤੇ ਹੀ ਗੁਰੂ ਨੂੰ ਪਿਆਰੇ ਹੋਕੇ ਸ਼ਹੀਦ ਹੋ ਗਏ  ਤੇ ਬਾਅਦ ਵਿੱਚ ਭਾਈ ਪ੍ਰਤਾਪ ਸਿੰਘ ਵੀ ਸ਼ਹੀਦ ਹੋ ਗਏ  ।

ਇਸ ਸਾਕੇ ‘ਤੇ ਵਿਦੇਸ਼ਾਂ ਦੇ ਮੀਡੀਆ ‘ਚ ਵੀ  ਬੜੀ ਚਰਚਾ ਹੋਈ । ਇਸ ਘਟਨਾ ਦੀ ਅੰਗਰੇਜ਼ਾਂ ਨੇ ਜਦੋਂ ਜਾਂਚ ਕਰਵਾਈ ਤਾਂ ਗੱਡੀ ਦੇ ਡਰਾਇਵਰ ਦਾ ਬਿਆਨ ਸੀ ਕਿ ਉਸ ਨੇ ਬਰੇਕਾਂ ਨਹੀਂ ਲਾਈਆਂ ਸਨ ਸਗੋਂ ਇੰਜਣ ਦੇ ਵੈਕੂਅਮ ਵਾਲ਼ਾ ਲੀਵਰ ਉਹਦੇ ਹੱਥ ‘ਚੋਂ ਆਪੇ ਹੀ ਛੁੱਟ ਗਿਆ ਸੀ ਤੇ ਟਰੇਨ ਰੁੱਕ ਗਈ । ਰੇਲਵੇ ਵਿਭਾਗ ਨੇ ਉਸ ਡਰਾੲਵਿਰ ਨੂੰ ਨੌਕਰੀ ‘ਚੋਂ ਕੱਢ ਦਿਤਾ ਸੀ ।

ਸਿੱਖਾਂ ਦਾ ਇਤਿਹਾਸ ਮਨੁੱਖੀ ਹੱਕਾਂ ਲਈ ਲੜ ਮਰਨ ਦੀ ਕਹਾਣੀ ਹੈ ਜਿਸ ਨੂੰ ਹਾਲੇ ਤੱਕ ਵੀ ਸਿਖਾਂ ਨੇ ਜਾਰੀ ਰੱਖਿਆ ਹੈ ।  ਪਹਿਲਾਂ ਵੀ ਕਈ ਮੋਰਚੇ ਸਿਖਾਂ ਨੈ ਲਾਏ ਹਨ ਜਿਨ੍ਹਾਂ ਬਾਰੇ ਇਤ੍ਹਿਾਸ ਭਰਿਆ ਪਿਆ ਹੈ । ਹਾਲ ਹੀ ਵਿੱਚ ਕੇਂਦਰ ਸਰਕਾਰ ਵਿੱਰੁਧ ‘ਸਿੰਘੂ-ਟਿਕਰੀ ਕਿਸਾਨ ਅੰਦੋਲਨ’ ਓਸੇ ਹੀ ਲੜੀ ਦੀ ਕੜੀ  ਸੀ । ਇਸੇ ਅੰਦੋਲਨ ਦੌਰਾਨ ਲਖੀਮਪੁਰ ਖੀਰੀ ‘ਚ ਸ਼ਾਂਤਮਈ ਰੋਸ ਕਰਦੇ ਕਿਸਾਨਾਂ ‘ਜਿਨ੍ਹਾਂ ਵਿੱਚ ਸਿਖ ਵੀ ਸਨ, ਉਪਰ ਜੀਪ ਚੜ੍ਹਾਕੇ ਸ਼ਹੀਦ ਕਰਨ ਵਾਲ਼ੀ ਦੁਰਘਟਨਾ ਵੀ ਅੰਗਰੇਜ਼ਾਂ ਦੇ ਜ਼ੁਲਮਾਂ ਤੋਂ ਘੱਟ ਨਹੀਂ ਸੀ । ਇਸ ਤੋਂ ਪਹਿਲਾਂ ਵੀ ਸਿਖਾਂ ਨੇ ਐੱਸਵਾਈਐੱਲ ਦੇ ਮੁੱਦੇ ‘ਤੇ ਧਰਮ-ਯੁੱਧ ਮੋਰਚਾ ਲਾਇਆ ਸੀ । ਹਾਲ ਹੀ ‘ਚ ਸੰਗਰੁਰ ‘ਚ ਕਿਸਾਨਾਂ ਦਾ ਮੋਰਚਾ ਵੀ ਓਸੇ ਹੀ ਤਰਜ਼ ਦਾ ਮੋਰਚਾ ਸੀ ਜੋ ਪੰਜਾਬ ਸਰਕਾਰ ਵੱਲੋਂ ਲਿਖਤੀ ਪੱਤਰ ਜਾਰੀ ਕਰਨ ਮਗਰੋਂ ਹੀ ਖਤਮ ਹੋਇਆ ਹੈ ।

ਪੰਜਾਬ ਦੀ ਧਰਤੀ ਨੂੰ ਗੁਰੂਆਂ ਦੀ ਬਖਸ਼ਿਸ਼ ਤੇ ਥਾਪੜਾ ਹਾਸਿਲ ਹੈ ਕਿ ਜਿਥੇ ਵੀ ਮਨੁੱਖੀ ਹੱਕਾਂ ਦਾ ਘਾਣ ਹੋਵੇਗਾ ਓਥੇ ਹੀ  ਗੁਰੂ ਨਾਨਾਕ ਦੇ ਸਿਖ ਤੇ  ਗੁਰੂ ਗੋਬਿੰਦ  ਸਿੰਘ ਦੇ ਸਿੰਘ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਹੀ ਜ਼ੁਲਮ ਦੇ ਖ਼ਿਲਾਫ਼ ਛਾਤੀਆਂ ਤਾਣਕੇ ਡਟ ਜਾਣਗੇ ਤੇ ਫਿਰ ਇਨਸਾਫ਼ ਲੈਕੇ ਹੀ ਡੇਰੇ ਪੁੱਟਣਗੇ।

ਅੱਜ ‘ਸਾਕਾ ਪੰਜਾ ਸਾਹਿਬ’ ਦੇ ਸ਼ਹੀਦਾ ਨੂੰ ਯਾਦ ਕਰਦਿਆਂ ਅਦਾਰਾ ਡੀ5,ਪੰਜਾਬੀ ਟੀਵੀ ਵੀ ਸ਼ਰਧਾਂਜਲੀ ਭੇਂਟ ਕਰਦਾ ਹੈ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button