SportsTop News

ਦੀਪਿਕਾ ਦੀ ਹੈਟ੍ਰਿਕ ਸਦਕਾ ਭਾਰਤ ਨੇ ਚੀਨ ਨੂੰ 6-2 ਨਾਲ ਹਰਾਇਆ

ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਚੀਨ ਨੂੰ 6-2 ਨਾਲ ਹਰਾ ਕੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਹ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਚੀਨ ਵਿਰੁੱਧ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਜਿੱਤ ਨਾਲ ਭਾਰਤੀ ਟੀਮ ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ ਜੋ ਅਕਤੂਬਰ 2003 ਵਿੱਚ ਦਰਜਾਬੰਦੀ ਸ਼ੁਰੂ ਹੋਣ ਤੋਂ ਬਾਅਦ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਸਥਾਨ ਹੈ।

ਭਾਰਤ ਦੀ ਜਿੱਤ ਦੀ ਨੀਂਹ ਦੀਪਿਕਾ ਨੇ ਪਹਿਲੇ ਕੁਆਰਟਰ ਵਿੱਚ ਹੀ ਰੱਖ ਦਿੱਤੀ। ਉਸ ਨੇ ਪਹਿਲੇ, ਛੇਵੇਂ ਅਤੇ 14ਵੇਂ ਮਿੰਟ ਵਿੱਚ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਲਾਲਰੇਮਸਿਆਮੀ ਨੇ 19ਵੇਂ, ਨੇਹਾ ਨੇ 22ਵੇਂ ਅਤੇ ਸਾਕਸ਼ੀ ਰਾਣਾ ਨੇ 38ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਜਿੱਤ ਨਾਲ ਭਾਰਤ ਦੇ 12 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿੱਚ ਸਿਖਰ ’ਤੇ ਕਾਇਮ ਹੈ। ਹੁਣ ਉਸ ਦਾ ਆਖਰੀ ਲੀਗ ਮੈਚ ਜਾਪਾਨ ਨਾਲ ਹੋਵੇਗਾ, ਜਿਸ ਦੇ ਵੀ 12 ਅੰਕ ਹਨ ਅਤੇ ਉਹ ਵੀ ਹੁਣ ਤੱਕ ਕੋਈ ਮੈਚ ਹਾਰਿਆ ਨਹੀਂ ਹੈ।
ਮੈਚ ਸ਼ੁਰੂ ਹੁੰਦਿਆਂ ਹੀ ਭਾਰਤ ਨੇ ਹਮਲਾਵਰ ਖੇਡ ਦਿਖਾਈ। ਪਹਿਲੇ ਹੀ ਮਿੰਟ ਵਿੱਚ ਦੀਪਿਕਾ ਨੇ ਸ਼ਾਨਦਾਰ ਰਿਵਰਸ ਹਿੱਟ ਰਾਹੀਂ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਇਸ ਹਮਲੇ ਦੀ ਸ਼ੁਰੂਆਤ ਰੁਤੁਜਾ ਦਾਦਾਸੋ ਪਿਸਾਲ ਅਤੇ ਸਲੀਮਾ ਟੇਟੇ ਦੇ ਸਹਿਯੋਗ ਨਾਲ ਹੋਈ ਸੀ। ਛੇਵੇਂ ਮਿੰਟ ਵਿੱਚ ਨੇਹਾ ਵੱਲੋਂ ਪੈਨਲਟੀ ਕਾਰਨਰ ਹਾਸਲ ਕਰਨ ਮਗਰੋਂ ਦੀਪਿਕਾ ਨੇ ਦੂਜਾ ਗੋਲ ਕੀਤਾ। ਇਸ ਤੋਂ ਬਾਅਦ 14ਵੇਂ ਮਿੰਟ ਵਿੱਚ ਉਸ ਨੇ ਤੀਜਾ ਗੋਲ ਕਰ ਕੇ ਹੈਟ੍ਰਿਕ ਪੂਰੀ ਕੀਤੀ। ਚੀਨ ਨੇ 15ਵੇਂ ਮਿੰਟ ਵਿੱਚ ਫੇਂਗ ਕਿੰਗਮਿਆਓ ਰਾਹੀਂ ਗੋਲ ਕਰ ਕੇ ਸਕੋਰ 1-3 ਕਰ ਦਿੱਤਾ।
ਦੂਜੇ ਕੁਆਰਟਰ ਵਿੱਚ ਭਾਰਤ ਨੇ ਆਪਣੀ ਲੀਡ ਹੋਰ ਵਧਾਈ। ਰੁਤੁਜਾ ਅਤੇ ਨਵਨੀਤ ਦੇ ਤਾਲਮੇਲ ਨਾਲ ਬਣੇ ਹਮਲੇ ਨੂੰ ਲਾਲਰੇਮਸਿਆਮੀ ਨੇ 19ਵੇਂ ਮਿੰਟ ਵਿੱਚ ਗੋਲ ਵਿੱਚ ਬਦਲਿਆ। 22ਵੇਂ ਮਿੰਟ ਵਿੱਚ ਨੇਹਾ ਨੇ ਰਿਵਰਸ ਫਲਿੱਕ ਰਾਹੀਂ ਗੋਲ ਕਰ ਕੇ ਸਕੋਰ 5-1 ਕਰ ਦਿੱਤਾ। ਪਹਿਲੇ ਅੱਧ ਦੀ ਸਮਾਪਤੀ ’ਤੇ ਭਾਰਤ ਮਜ਼ਬੂਤ ਸਥਿਤੀ ਵਿੱਚ ਸੀ।
ਤੀਜੇ ਕੁਆਰਟਰ ਵਿੱਚ ਚੀਨ ਨੇ ਹਮਲੇ ਤੇਜ਼ ਕੀਤੇ ਅਤੇ 34ਵੇਂ ਮਿੰਟ ਵਿੱਚ ਚੇਨ ਤੌਂਗ ਨੇ ਗੋਲ ਕਰ ਕੇ ਫ਼ਰਕ ਘਟਾਇਆ ਪਰ ਭਾਰਤ ਨੇ ਜਲਦੀ ਹੀ ਜਵਾਬ ਦਿੱਤਾ। 38ਵੇਂ ਮਿੰਟ ਵਿੱਚ ਸਾਕਸ਼ੀ ਰਾਣਾ ਨੇ ਹਵਾਈ ਪਾਸ ਨੂੰ ਸ਼ਾਨਦਾਰ ਢੰਗ ਨਾਲ ਕਾਬੂ ਕਰਦਿਆਂ ਗੋਲ ਕੀਤਾ ਅਤੇ ਸਕੋਰ 6-2 ਕਰ ਦਿੱਤਾ। ਗੋਲਕੀਪਰ ਬਿਚੂ ਦੇਵੀ ਨੇ ਵੀ ਚੀਨ ਦੇ ਹਮਲਿਆਂ ਨੂੰ ਰੋਕਣ ਲਈ ਅਹਿਮ ਬਚਾਅ ਕੀਤੇ। ਆਖਰੀ ਮਿੰਟਾਂ ਵਿੱਚ ਭਾਰਤ ਨੇ ਗੇਂਦ ’ਤੇ ਕਾਬੂ ਅਤੇ ਰੱਖਿਆਤਮਕ ਤਾਲਮੇਲ ਬਣਾਈ ਰੱਖਦਿਆਂ ਜਿੱਤ ਯਕੀਨੀ ਬਣਾਈ।
ਦਿਨ ਦੇ ਹੋਰ ਮੈਚਾਂ ਵਿੱਚ ਦੱਖਣੀ ਕੋਰੀਆ ਨੇ ਥਾਈਲੈਂਡ ਨੂੰ 1-0 ਨਾਲ ਹਰਾਇਆ। ਪਾਰਕ ਸਿਉਂਗਏ ਨੇ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਫ਼ੈਸਲਾਕੁਨ ਗੋਲ ਕੀਤਾ। ਜਾਪਾਨ ਨੇ ਮਲੇਸ਼ੀਆ ਨੂੰ 3-1 ਨਾਲ ਹਰਾਇਆ। ਜਾਪਾਨ ਲਈ ਨਿਕੋ ਮਾਰੂਯਾਮਾ, ਹੀਰੋਕਾ ਮੁਰਾਯਾਮਾ ਅਤੇ ਐਈ ਹੀਰਾਮਿਤਸੂ ਨੇ ਗੋਲ ਕੀਤੇ, ਜਦਕਿ ਮਲੇਸ਼ੀਆ ਵੱਲੋਂ ਅਜ਼ਮਾਇਰਾ ਅਜ਼ਹੈਰੀ ਨੇ ਇਕਲੌਤਾ ਗੋਲ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button