ਰੇਰਾ’ ਦੇ ਚੇਅਰਮੈਨ ਦੀ ਨਿਯੁਕਤੀ ਦਾ ਰਾਜ਼, ‘ਆਪ’ ਦੇ ਲੀਡਰ ਨੇ ਦੱਸੀ ਅੰਦਰਲੀ ਗੱਲ
ਚੁੱਪ ਰਹਿਣ ਲਈ ਲੀਡਰ ਮਜਬੂਰ
ਅਮਰਜੀਤ ਸਿੰਘ ਵੜੈਚ (94178-01988)
ਪੰਜਾਬ ਸਰਕਾਰ ਵੱਲੋਂ ਰੇਰਾ (ਰੀਅਲ ਇਸਟੇਟ ਰੈਗੂਲੇਟਰੀ ਅਥਾਰਟੀ ) ਦੇ ਚੇਅਰਮੈਨ ਪਦ ‘ਤੇ ਪੰਜਾਬ ਤੋਂ ਬਾਹਰਲੇ ਸੇਵਾ ਮੁਕਤ ਆਈਏਐੱਸ, ਸਤਿਆ ਗੋਪਾਲ ਨੂੰ ਅਤੇ ਦਿੱਲੀ ਦੇ ਹੀ ਇਕ ਹੋਰ ਸਾਬਕਾ ਆਈਆਰਐੱਸ ਰਾਕੇਸ਼ ਗੋਇਲ ਨੂੰ ਰੇਰਾ ਦਾ ਪੂਰਨਕਾਲੀ ਮੈਂਬਰ ਨਿਯੁਕਤ ਕਰਨ ‘ਤੇ ਰਾਜਨੀਤਿਕ ਵਿਸ਼ਲੇਸ਼ਕਾਂ ਅਤੇ ਲੀਡਰਾਂ ਨੇ ਭਗਵੰਤ ਮਾਨ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਹਨ ਕਿ ਪੰਜਾਬ ‘ਤੇ ਹੁਣ ਬਾਹਰਲੇ ਲੋਕ ਕਬਜ਼ਾ ਕਰਨ ਆ ਰਹੇ ਹਨ ।
ਚੈਅਰਮੈਨ ਗੋਪਾਲ ਛੱਤੀਸਗੜ੍ਹ ਦੇ ਜੰਮਪਲ਼ ਤੇ ਅਰੁਨਾਚਲ,ਗੋਆ ਮੀਜ਼ੋਰਮ-ਯੂਟੀ ਕਾਡਰ ਦੇ ਸਾਬਕਾ ਆਈਏਐੱਸ ਹਨ ਤੇ ਮੈਂਬਰ ਗੋਇਲ ਦਿੱਲੀ ਤੋਂ ਹੀ ਹਨ । ਦੋਵਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ਼ ਦੇ ਖ਼ਾਸ ਬੰਦੇ ਹਨ । ਵੈਸੇ ਗੋਪਾਲ ਦਿੱਲੀ ਦੇ ਚੀਫ਼ ਸੈਕਰੇਟਰੀ ਬਣਨਾ ਚਾਹੁੰਦੇ ਸਨ ਪਰ ਉਨ੍ਹਾ ਨੂੰ ਅਡੀਸ਼ਨਲ ਚੀਫ਼ ਸੈਕਰੇਟਰੀ ਬਣਕੇ ਹੀ ਸਬਰ ਕਰਨਾ ਪਿਆ ਸੀ ‘ਤੇ ਕੇਜਰੀਵਾਲ਼ ਨੇ ਹੁਣ ਪੁਰਾਣੀ ਕਸਰ ਪੂਰੀ ਕਰ ਦਿੱਤੀ ਹੈ ।
ਇਹ ਵੀ ਪਤਾ ਲੱਗਿਆ ਹੈ ਕਿ ਇਸ ਪਦ ਲਈ ਪੰਜਾਬ ਦੇ ਕਈ ਸਾਬਕਾ ਅਫ਼ਸਰ ਲਾਇਨ ਵਿੱਚ ਸਨ ਪਰ ਸਭ ਨੂੰ ਨਿਰਾਸ਼ਾ ਪੱਲੇ ਪਈ ਹੈ । ਰਾਜਸੀ ਪਾਰਟੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ ਕਿ ‘ਆਪ’ ਪੰਜਾਬ ‘ਚ ਬਾਹਰਲੇ ਵਿਅਕਤੀਆਂ ਨੂੰ ਵੱਡੀਆਂ ਪੋਸਟਾਂ ‘ਤੇ ਬਿਠਾ ਰਹੀ ਹੈ । ਇਸ ਤੋਂ ਪਹਿਲਾਂ ਜਦੋਂ ਰੇਰਾ ਬਣੀ ਸੀ ਉਸ ਵਕਤ ਕੈਪਟਨ ਸਰਕਾਰ ਨੇ ਇਕ ਆਈਏਐੱਸ ਅਧਿਕਾਰੀ ਨਵਰੀਤ ਸਿੰਘ ਕੰਗ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕਰਵਾ ਕੇ 2017 ‘ਚ ਰੇਰਾ ਦਾ ਪਹਿਲਾ ਚੇਅਰਮੈਨ ਲਾਇਆ ਸੀ । ਮੌਜੂਦਾ ਚੈਅਰਮੈਨ ਲਈ ਇੰਟਰਵਿਊ ਇਸੇ ਮਹੀਨੇ ਹੀ ਕੀਤੀ ਗਈ ਸੀ । ਗੋਪਾਲ ਰੇਰਾ ਦੇ ਦੂਜੇ ਚੇਅਰਮੈਨ ਹਨ । ਰੇਰਾ ਦੇ ਚੇਅਰਮੈਨ ਦੀ ਮਿਆਦ ਪੰਜਾ ਸਾਲ ਜਾਂ 65 ਸਾਲ ਹੁੰਦੀ ਹੈ ।
ਇਸ ਤੋਂ ਪਹਿਲਾਂ ਪੰਜਾਬ ‘ਚੋਂ ਰਾਜ ਸਭਾ ਦੇ ਮੈਂਬਰ ਨਿਯੁਕਤ ਕਰਨ ਸਮੇਂ ਵੀ ‘ਆਪ’ ‘ਤੇ ਸਵਾਲ ਉੱਠੇ ਸਨ । ਪੰਜਾਬ ‘ਚੋਂ ਸੱਤ ਮੈਂਬਰ ਚੁਣੇ ਜਾਣੇ ਸਨ ਤੇ ਉਹ ਸੱਤ ਦੇ ਸੱਤ ਹੀ ‘ਆਪ’ ਦੇ ਜਾਣੇ ਸਨ ਕਿਉਂਕਿ ਬਾਕੀ ਪਾਰਟੀਆਂ ਕੋਲ ਮੈਬਰ ਚੁਣੇ ਜਾਣ ਲਈ ਵਿਧਾਨ ਸਭਾ ‘ਚ ਵੋਟਾਂ ਘੱਟ ਸਨ । ਉਨ੍ਹਾਂ ਸੱਤ ਮੈਂਬਰਾਂ ‘ਚੋਂ ਦੋ ਮੈਂਬਰ ਰਾਘਵ ਚੱਢਾ ਦਿੱਲੀ ਦੇ ਤੇ ਸੁਨੀਲ ਕੁਮਾਰ ਪਾਠਕ ਛੱਤੀਸਗੜ੍ਹ ਤੋਂ ਹਨ । ਇਸ ਦਾ ਮਤਲਬ ਇਹ ਹੈ ਕਿ ਪੰਜਾਬ ‘ਚ ਰੇਰਾ ਦੇ ਨਵੇਂ ਚੇਅਰਮੈਨ ਸੁਨੀਲ ਪਾਠਕ ਦੀ ਪਸੰਦ ਹਨ ।
ਪੰਜਾਬ ‘ਆਪ’ ਦੇ ਇਕ ਲੀਡਰ ਨੇ ਇਹ ਗੱਲ ਮੰਨੀ ਕਿ ਇਹ ਉਨ੍ਹਾਂ ਦੇ ਮਨ ‘ਚ ਵੀ ਇਹ ਗੱਲ ਆਉਂਦੀ ਹੈ ਕਿ ਬਾਹਰ ਦੇ ਲੋਕ ਪੰਜਾਬ ‘ਚ ਲਿਆਂਦੇ ਜਾ ਰਹੇ ਹਨ ਪਰ ਉਹ ਇਸ ਕਰਕੇ ਚੁੱਪ ਹਨ ਕਿਉਂਕਿ ਜਿਨ੍ਹਾ ਲੀਡਰਾਂ ਨੇ ਪਾਰਟੀ ਨੂੰ ਖੜਾ ਕਰਨ ‘ਚ ਅੰਦਰਖਾਤੇ ਕੰਮ ਕੀਤਾ ਹੁੰਦਾ ਹੈ ਉਨ੍ਹਾ ਨੂੰ ਪਾਰਟੀ ਆਪਣੇ ਢੰਗ ਨਾਲ਼ ਇਨਾਮ ਦਿੰਦੀ । ਇਕ ਹੋਰ ਲੀਡਰ ਨਾਲ ਜਦੋਂ ਗੱਲ ਕੀਤੀ ਤਾਂ ਉਸ ਨੇ ਵੀ ਇਹੀ ਕਿਹਾ | ਇਕ ਹੋਰ ਵੀ ਗੱਲ ਪਤਾ ਲੱਗੀ ਹੈ ਕਿ ਕਈ ਵਿਧਾਇਕਾਂ ਨੂੰ ਇਨ੍ਹਾਂ ‘ਬਾਹਰਲੇ’ ਲੋਕਾਂ ਕਰਕੇ ਹੀ ਪੰਜਾਬ ‘ਚ ਟਿਕਟਾਂ ਮਿਲ਼ੀਆਂ ਸਨ ਇਸ ਕਰਕੇ ਉਹ ਰਿਕਾਰਡ ‘ਤੇ ਆਕੇ ਵਿਰੋਧ ਨਹੀਂ ਕਰ ਸਕਦੇ । ਵਿਧਾਇਕ ਤੇ ਲੀਡਰਾਂ ਦਾ ਕਹਿਣਾ ਹੈ ਕਿ ਉਹ ਤਾਂ ਭਗਵੰਤ ਮਾਨ ਨੂੰ ਹੀ ਕਹਿ ਸਕਦੇ ਹਨ ਪਰ ਅੱਗਿਓਂ ਜਵਾਬ ਮਿਲ਼ਦਾ ਹੈ ਕਿ “ਤੁਹਾਨੂੰ ਹਾਲੇ ਤਜਰਬਾ ਨਹੀਂ ਹੈ “। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਚੁਣੇ ਵਿਧਾਇਕ ਫਿਰ ਕਦੋਂ ਸਿਖਣਗੇ ਸਰਕਾਰੀ ਕੰਮ ਦੇ ਦਾਅ-ਪੇਚ ?
ਮੁੱਖ-ਮੰਤਰੀ ਭਗਵੰਤ ਮਾਨ ਸਮੇਤ ਸਾਰੀ ਕੈਬਨਿਟ ਸਿਖਾਂਦਰੂ ਹੈ ਤਾਂ ਇਸ ਹਿਸਾਬ ਨਾਲ਼ ਫਿਰ ਵਿਰੋਧੀ ਪਾਰਟੀਆਂ ਦੇ ਸ਼ੰਕੇ ਸਹੀ ਕਹੇ ਜਾਣ ਕਿ ਪੰਜਾਬ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲਦੀ ਹੈ । ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਰਟੀ ‘ਚੋਂ ਅਜਿਹੀਆਂ ਨਿਯੁਕਤੀਆਂ ‘ਤੇ ਰਿਕਾਰਡ ‘ਤੇ ਆਕੇ ਨਾ ਬੋਲਣ ਦਾ ਮਤਲਬ ਇਹ ਹੀ ਹੈ ਕਿ ਪੰਜਾਬ ਸਰਕਾਰ ਰਿਮੋਟ ਨਾਲ਼ ਹੀ ਚੱਲਦੀ ਹੈ।
ਇਸ ਤਰ੍ਹਾਂ ਬਾਹਰਲੇ ਲੋਕਾਂ ਨੂੰ ਪੰਜਾਬ ਦੀਆਂ ਮਲ਼ਾਈਦਾਰ ਕੁਰਸੀਆਂ ਦੇਣ ਨਾਲ਼ ਪੰਜਾਬ ਦੇ ਲੋਕਾਂ ਨਾਲ਼ ਬੇਇਨਸਾਫ਼ੀ ਤਾਂ ਹੋਵੇਗੀ ਹੀ ਨਾਲ਼ ਦੀ ਨਾਲ਼ ਇਕ ਹਿਸਾਬ ਨਾਲ਼ ਇਹ ਪੰਜਾਬ ਦੀ ਤੌਹੀਨ ਵੀ ਮੰਨੀ ਜਾ ਰਹੀ ਹੈ ਕਿ ਕੀ ਪੰਜਾਬ ‘ਚ ਅਜਿਹੇ ਅਹੁਦਿਆਂ ਲਈ ਕੋਈ ਯੋਗ ਨੇਤਾ/ਅਫ਼ਸਰ ਹੀ ਨਹੀਂ ਹੈ ? ਪੰਜਾਬ ਦੀਆਂ ਮਹੱਤਵਪੂਰਣ ਪੋਸਟਾਂ ‘ਤੇ ਜੇਕਰ ਇੰਜ ਹੀ ਬਾਹਰਲੇ ਲੋਕ ਲਿਆਕੇ ਬਿਠਾਏ ਜਾਂਦੇ ਰਹੇ ਤਾਂ ਫਿਰ ਭਵਿਖ ‘ਚ ਦੂਜੀਆਂ ਪਾਰਟੀਆਂ ਲਈ ਵੀ ਰਾਹ ਪੱਧਰਾ ਹੋ ਜਾਵੇਗਾ ਤੇ ਨਾਲ਼ ਦੀ ਨਾਲ਼ ਨਵੇਂ ਬਣੇ ਵਿਧਾਇਕਾਂ ਨੂੰ ਵੀ ਨਿਰਾਸ਼ਾ ਪੱਲੇ ਪਵੇਗੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.