ਨਸ਼ੈੜੀ ਡਰਾਇਵਰਾਂ ‘ਤੇ ਸਖ਼ਤੀ ਜ਼ਰੂਰੀ, ਨਵੇਂ ਹੁਕਮ ਲੋਕਾਂ ਲਈ ਮੁਸੀਬਤ
ਅਮਰਜੀਤ ਸਿੰਘ ਵੜੈਚ (94178-01988)
ਪੰਜਾਬ ਸਰਕਾਰ ਦਾ ਸੜਕੀ ਹਾਦਸੇ ਰੋਕਣ ਵਾਸਤੇ ਮੈਰਿਜ ਪੈਲਿਸਾਂ ਦੇ ਬਾਹਰ ਪੁਲਿਸ ਨਾਕੇ ਲਾਉਣ ਵਾਲ਼ਾ ਹੁਕਮ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ । ਲੋਕ ਇਸ ਗੱਲ ਨਾਲ਼ ਤਾਂ ਸਹਿਮਤ ਹਨ ਕਿ ਸੜਕਾਂ ‘ਤੇ ਸ਼ਰਾਬ ਪੀਕੇ ਵਾਹਨ ਚਲਾਉਣ ਵਾਲ਼ਿਆਂ ‘ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਪਰ ਸਰਕਾਰ ਨੇ ਜੋ ਢੰਗ ਵਰਤਣ ਦਾ ਫ਼ੈਸਲਾ ਕੀਤਾ ਹੈ ਉਹ ਲੋਕਾਂ ਦੇ ਸੰਘੋਂ ਹੇਠਾਂ ਨਹੀਂ ਉਤਰ ਰਿਹਾ ।
ਪਿਛਲੇ ਦਿਨੀਂ ਅੰਮ੍ਰਿਤਸਰ ਵਿੱਚ ਸ਼ਰਾਬ ਮਾਫ਼ੀਏ ਵੱਲੋਂ ਇਕ ਪੰਜਾਬੀ ਐੱਨਆਰਆਈ ਪਰਿਵਾਰ ‘ਚ ਪਾਈ ਖਲੱਲ ਨੇ ਪੰਜਾਬ ਸਰਕਾਰ ਦੀ ਬੜੀ ਕਿਰਕਰੀ ਕਰਵਾਈ ਸੀ ਤੇ ਹੁਣ ਇਸ ਨਵੇਂ ‘ਫ਼ੁਰਮਾਨ’ ਨੇ ਸਰਕਾਰ ਨੂੰ ਕੁੜਿਕੀ ‘ਚ ਫਸਾ ਦਿਤਾ ਹੈ । ਇਸ ਹੁਕਮ ਦੇ ਪਿਛੇ ਕੀ ਤਰਕ ਹੈ ਉਹ ਸਮਝ ਤੋਂ ਬਾਹਰ ਹੈ । ਇਸ ਹੁਕਮ ਦਾ ਮੈਰਿਜ ਪੈਲਿਸਾਂ ਵਾਲ਼ਿਆਂ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਭਵਿਖ ਵਿੱਚ ਲੋਕ ਦਿਨ ਵੇਲ਼ੇ ਹੀ ਪੈਲਿਸ ਬੁੱਕ ਕਰਿਆ ਕਰਨਗੇ ਤੇ ਰਾਤ ਸਮੇਂ ਦੀ ਬੁਕਿੰਗ ‘ਤੇ ਮਾੜਾ ਅਸਰ ਪੈ ਸਕਦਾ ਹੈ । ਇਹ ਡਰ ਸਿਰਫ਼ ਮੈਰਿਜ ਪੈਲਿਸਾਂ ਵਾਲ਼ਿਆਂ ਦਾ ਨਹੀਂ ਸਗੋਂ ਵਿਆਹਾਂ ਨਾਲ਼ ਜੁੜੇ ਦੂਸਰੇ ਕੰਮਾਂ ਵਾਲ਼ਿਆਂ ਜਿਵੇਂ ਡੈਕੋਰੇਸ਼ਨ,ਲਾਇਟਿੰਗ, ਆਤਿਸ਼ਬਾਜ਼ੀ ਵਾਲ਼ਿਆਂ ਆਦਿ ਦਾ ਵੀ ਹੈ ।
ਲੋਕਾਂ ਦਾ ਸਵਾਲ ਇਹ ਹੈ ਕਿ ਕੀ ਸਿਰਫ਼ ਰਾਤ ਨੂੰ ਮੈਰਿਜ ਪੈਲਿਸਾਂ ‘ਚੋਂ ਨਿਕਲਣ ਵਾਲ਼ੇ ਲੋਕ ਹੀ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹਨ ? ਅੱਜ ਕੱਲ੍ਹ ਬਹੁਤ ਸਾਰੇ ਲੋਕ ਰਾਤ ਦਾ ਖਾਣਾ ਅਕਸਰ ਹੋਟਲਾਂ ‘ਚ ਜਾਂਦੇ ਹਨ ਤੇ ਊਥੇ ਜਾਕੇ ਦਾਰੂ ਵੀ ਪੀਂਦੇ ਹਨ । ਇਸ ਤੋਂ ਇਲਾਵਾ ਹਰ ਠੇਕੇ ਦੇ ਨਾਲ਼ ਸਰਕਾਰ ਨੇ ਅਹਾਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੋਈ ਹੈ । ਕੀ ਇਹ ਲੋਕ ਸ਼ਰਾਬ ਪੀ ਕੇ ਵਾਹਨ ਨਹੀਂ ਚਲਾਉਂਦੇ ਹੋਣਗੇ ? ਇਸ ਹਿਸਾਬ ਨਾਲ਼ ਤਾਂ ਸਾਰੇ ਹੋਟਲਾਂ ਤੇ ਅਹਾਤਿਆ ਦੇ ਬਾਹਰ ਨਾਕੇ ਲੱਗਣੇ ਚਾਹੀਦੇ ਹਨ । ਕੀ ਕਿਸੇ ਹੋਰ ਸੂਬੇ ਜਾਂ ਦੇਸ਼ ਵਿੱਚ ਇੰਜ ਹੁੰਦਾ ਹੈ ? ਇਸ ਤਰ੍ਹਾਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲ਼ਿਆਂ ਦੀ ਚੈਕਿੰਗ ਕਰਨ ਦਾ ਇਹ ਪੰਜਾਬ ਦਾ ਅਜੀਬ ਹੀ ਮਾਡਲ ਹੈ ।
ਇੰਜ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਹੁਕਮ ਜਾਰੀ ਕਰਨ ਸਮੇਂ ਲੋਕਾਂ ਨੂੰ ਆਉਣ ਵਾਲ਼ੀਆਂ ਦਿਕਤਾਂ ਦਾ ਜ਼ਰਾ ਵੀ ਖ਼ਿਆਲ ਨਹੀਂ ਰੱਖਿਆ ਗਿਆ । ਪਹਿਲੀ ਗੱਲ ਤਾਂ ਕਿ ਜਿਉਂ ਹੀ ਲੋਕਾਂ ਨੂੰ ਰਾਤ ਸਮੇਂ ਮੈਰਿਜ ਪੈਲਿਸ ਤੋਂ ਬਾਹਰ ਨਿਕਲ਼ਦਿਆ ਰੋਕਿਆ ਜਾਵੇਗਾ ਤਾਂ ਬਹੁਤ ਵੱਡਾ ਡਰ ਇਹ ਹੈ ਕਿ ਪੁਲਿਸ ਨਾਲ਼ ਤੂੰ ਤੂੰ ਮੈਂ ਮੈਂ ਵਧੇਗੀ ਤੇ ਹੱਥੋਂ ਪਾਈ ਤੱਕ ਦੀ ਨੌਬਤ ਵੀ ਆ ਸਕਦੀ ਹੈ । ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਇੰਜ ਰਿਸ਼ਵਤ ਦਾ ਚਲਨ ਹੋਰ ਵਧੇਗਾ ਜਿਸ ਬਾਰੇ ਮਾਨ ਸਰਕਾਰ ਦਾਅਵਾ ਕਰਦੀ ਕਿ ਪੰਜਾਬ ਨੂੰ ਭਰਿਸ਼ਟਾਚਾਰ ਮੁੱਕਤ ਕਰਨਾ ਹੈ ।
ਸ਼ਰਾਬ ਪੀਕੇ ਵਾਹਨ ਚਲਾਉਣ ਵਾਲ਼ੇ ਡਰਾਇਵਰਾਂ ਦੀ ਚੈਕਿੰਗ ਰੋਜ਼ ਸਖਤੀ ਨਾਲ਼ ਹੋਣੀ ਚਾਹੀਦੀ ਹੈ ਸਿਰਫ਼ ਵਿਆਹਾਂ ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ‘ਤੇ ਹੀ ਕਿਉਂ ਚੈਕਿੰਗ ਹੋਵੇ ? ਇੰਜ ਲੋਕਾਂ ਦੀਆਂ ਖੁਸ਼ੀਆਂ ‘ਚ ਦਖ਼ਲਅੰਦਾਜ਼ੀ ਹੋਵੇਗੀ ਜੋ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ । ਲਗਦਾ ਹੈ ਕਿ ਆਰਥਿਕ ਖਸਾਰੇ ਦੀ ਮਾਰੀ ਸਰਕਾਰ ਆਪਣੀ ਆਮਦਨ ਵਧਾਉਣ ਦੇ ਢੰਗ ਲੱਭ ਰਹੀ ਹੈ । ਵਾਹਨ ਚਲਾਉਣ ਵਾੀਲ਼ਆਂ ਦੀ ਲਗਾਤਾਰ ਚੈਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਤੇਜ਼ ਰਫ਼ਤਾਰ , ਹੁਲੜਬਾਜ਼ੀ ਤੇ ਸ਼ਰਾਬ ਪੀਕੇ, ਗ਼ਲਤ ਪਾਸੇ ਡਰਾਇਵਿੰਗ ਕਰਨ ਕਰਕੇ ਜ਼ਿਆਦਾ ਹਾਦਸੇ ਵਾਪਰਦੇ ਹਨ ।
ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਟ੍ਰੈਫ਼ਿਕ ਪੁਲਿਸ ਨੂੰ ਨਵੇਂ ਯੰਤਰਾਂ ਦਿਤੇ ਜਾਣ ‘ਤੇ ਇਸ ਦੀ ਨਫ਼ਰੀ ਵਧਾਕੇ ਪੰਜਾਬ ਦੀਆਂ ਸੜਕਾਂ ਨੂੰ ਲੋਕਾਂ ਲਈ ਸੁਰੱਖਿਅਤ ਬਣਾਇਆ ਜਾਵੇ ।
ਲੋਕਾਂ ‘ਤੇ ਸਖ਼ਤੀ ਕਰਨ ਤੋਂ ਪਹਿਲਾਂ ਪੁਲਿਸ ਨੂੰ ਚਾਹੀਦਾ ਹੈ ਕਿ ਜਨਤਾ ਨੂੰ ਪਿਆਰ ਨਾਲ਼ ਜਾਗਰੂਕ ਕੀਤਾ ਜਾਵੇ ਤਾਂ ਕੇ ਲੋਕ ਖ਼ੁਦ-ਬ-ਖ਼ੁਦ ਹੀ ਸੜਕੀ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਣ । ਜੇ ਕਰ ਸਰਕਾਰ ਨੇ ਆਪਣੇ ਹੁਕਮਾਂ ‘ਚ ਤਬਦੀਲੀ ਨਾ ਕੀਤੀ ਤਾਂ ਪੁਲਿਸ ਤੇ ਪਬਲਿਕ ‘ਚ ਕਸ਼ਦਿਗੀ ਹੋਰ ਵਧੇਗੀ । ਇੰਜ ਅਸਰ ਰਸੂਖ਼ ਵਾਲ਼ੇ ਲੋਕ ਤਾਂ ਪੁਲਿਸ ਦੇ ਸ਼ਿਕੰਜੇ ‘ਚੋਂ ਬਚ ਜਾਣਗੇ ਪਰ ਆਮ ਲੋਕ ਪੁਲਿਸ ਦੇ ਚੱਕਰਾਂ ‘ਚ ਫਸ ਜਾਣਗੇ ਜੋ ਕਿਸੇ ਤਰ੍ਹਾਂ ਵੀ ਸਰਕਾਰ ਦੇ ਲਈ ਸ਼ੁੱਭ ਸ਼ਗਨ ਨਹੀਂ ਹੋਵੇਗਾ । ਸਰਕਾਰ ਨੂੰ ਇਸ ਹੁਕਮ ‘ਤੇ ਬਹੁਤ ਜਲਦੀ ਮੁੜ ਵਿਚਾਰ ਕਰਨ ਦੀ ਲੋੜ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.