EDITORIAL

ਸੜਕ ਹਾਦਸੇ : ਪੰਜਾਬ ‘ਚ ਹਰ ਰੋਜ਼ 17 ਮੌਤਾਂ !

ਅਮਰਜੀਤ ਸਿੰਘ ਵੜੈਚ (9417801988)

ਸੜਕਾਂ ਲੋਕਾਂ ਨੂੰ ਜੋੜਨ ਲਈ ਹੁੰਦੀਆਂ ਹਨ ਨਾ ਕਿ ਵਿਛੋੜਨ ਲਈ। ਜੇਕਰ ਭਾਰਤ ਸਰਕਾਰ ਦੇ ਰੋਡ ਟਰਾਂਸਪੋਰਟ ਐਂਡ ਹਾਈ ਵੇ ਟਰਾਂਸਪੋਰਟ ਦੇ ਰਿਸਰਚ ਵਿੰਗ ਦੇ 2019 ਦੇ ਅੰਕੜੇ ਵੇਖੇ ਜਾਣ ਤਾਂ ਉਪਰੋਕਤ ਗੱਲ ਝੂਠ ਸਾਬਤ ਹੁੰਦੀ ਹੈ। ਇਨ੍ਹਾਂ ਅੰਕੜਿਆਂ ਮੁਤਾਬਿਕ 2019 ਵਿੱਚ ਭਾਰਤ ‘ਚ 4 ਲੱਖ 49 ਹਜ਼ਾਰ 2 ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ ਇਕ ਲੱਖ 51 ਹਜ਼ਾਰ 113 ਮੌਤਾਂ ਹੋਈਆਂ ਅਤੇ 4 ਲੱਖ 52 ਹਜ਼ਾਰ 361 ਲੋਕ ਜ਼ਖਮੀ ਹੋਏ। ਉਪਰੋਕਤ ਹਾਦਸਿਆਂ ਨੂੰ ਜੇ ਹੋਰ ਸਰਲ ਭਾਸ਼ਾ ਵਿੱਚ ਪੜ੍ਹਨਾ ਹੋਵੇ ਤਾਂ ਇਸਦਾ ਮਤਲਬ ਇਹ ਹੈ ਕਿ ਸਾਡੇ ਦੇਸ਼ ਵਿੱਚ ਹਰ ਰੋਜ਼ 1230 ਸੜਕ ਹਾਦਸੇ ਭਾਵ ਇਕ ਘੰਟੇ ਵਿੱਚ 51 ਹਾਦਸੇ ਹੋ ਜਾਂਦੇ ਹਨ- ਹਰ 85 ਸੈਕਿੰਡ ‘ਤੇ ਇਕ ਹਾਦਸਾ। ਇਨ੍ਹਾਂ ਹਾਦਸਿਆਂ ਵਿੱਚ ਹਰ ਰੋਜ਼ 414 ਮੌਤਾਂ ਭਾਵ ਹਰ ਚਾਰ ਮਿੰਟ ਮਗਰੋਂ ਸੜਕ ਹਾਦਸੇ ਵਿੱਚ ਇਕ ਮੌਤ ਹੋ ਜਾਂਦੀ ਹੈ।

ਸਾਡੇ ਪੰਜਾਬ ਵਿੱਚ ਵੀ ਸਥਿਤੀ ਬੜੀ ਭਿਆਨਕ ਹੈ। ਇਥੇ ਵੀ ਹਰ ਰੋਜ਼ 17 ਘਰਾਂ ਵਿੱਚ ਸੜਕ ਹਾਦਸੇ ਸੱਥਰ ਵਿਛਾ ਦਿੰਦੇ ਹਨ। ਪੰਜਾਬ ਵਿੱਚ 2019 ਦੇ ਅੰਕੜਿਆਂ ਮੁਤਾਬਿਕ 6316 ਪੰਜਾਬੀਆਂ ਨੇ ਸੜਕ ਹਾਦਸਿਆਂ ਵਿੱਚ ਆਪਣੀਆਂ ਜਾਨਾਂ ਗਵਾਈਆਂ ਸਨ। ਇਨ੍ਹਾਂ ਹਾਦਸਿਆਂ ਪਿਛੇ ਕਈ ਕਾਰਨ ਹੁੰਦੇ ਹਨ : ਤੇਜ਼ ਰਫ਼ਤਾਰ, ਨਸ਼ੇ ‘ਚ ਡਰਾਈਵਿੰਗ, ਡਰਾਇਵਰ ਦਾ ਧਿਆਨ ਭਟਕਣਾ, ਟਰੈਫਿਕ ਲਾਈਟਾਂ ਦੀ ਉਲੰਘਣਾ, ਗ਼ਲਤ ਪਾਸੇ ਗੱਡੀ ਚਲਾਉਣੀ, ਰਾਤ ਨੂੰ ਬਿਨਾ ਬੱਤੀਆਂ ਡਰਾਈਵਿੰਗ ਕਰਨੀ, ਗੱਡੀਆਂ ਦੀ ਹਾਲਤ ਠੀਕ ਨਾ ਹੋਣੀ, ਸੜਕਾਂ ‘ਤੇ ਫਿਰਦੇ ਜਾਨਵਰ, ਅਣਜਾਣ ਬੰਦੇ ਵੱਲੋਂ ਡਰਾਈਵਿੰਗ, ਪੈਦਲ ਯਾਤਰੀ,ਸੜਕਾਂ ਦੀ ਹਾਲਤ ਠੀਕ ਨਾ ਹੋਣੀ, ਗ਼ਲਤ ਮੋੜ ਮੁੜਨਾ, ਰੇਸ ਲਾਉਣੀ, ਧੁੰਦ, ਧੂਆਂ, ਟਾਇਰਾਂ ਦਾ ਫੱਟਣਾ, ਟਾਇਰਾਂ ਵਿੱਚ ਹਵਾ ਘੱਟ ਹੋਣਾ, ਸੜਕਾਂ ‘ਤੇ ਗ਼ਲਤ ਪਾਰਕਿੰਗ ਆਦਿ ਸਥਿਤੀਆਂ ਹਾਦਸਿਆਂ ਦਾ ਕਾਰਨ ਬਣਦੀਆਂ ਹਨ।

ਹਾਦਸਿਆਂ ਕਾਰਨ ਸਿਰਫ਼ ਵਿਅਕਤੀਆਂ ਦੀਆਂ ਜਾਨਾਂ ਹੀ ਨਹੀਂ ਜਾਂਦੀਆਂ ਸਗੋਂ ਘਰਾਂ ਵਿੱਚ ਤਾਂ ਪਿਛੇ ਬਚੇ ਪਰਿਵਾਰ ਲਈ ਮੁਸੀਬਤਾਂ ਦੇ ਪਹਾੜ ਹੀ ਟੁੱਟ ਪੈਂਦੇ ਹਨ ਕਿਉਂਕਿ ਕਈ ਘਰਾਂ ‘ਚ ਮਰਨ ਵਾਲਾ ਹੀ ਘਰ ਦਾ ਕਮਾਉਣ ਵਾਲਾ ਹੁੰਦਾ ਹੈ। ਇਨ੍ਹਾਂ ਹਾਦਸਿਆਂ ਕਾਰਨ ਹਸਪਤਾਲਾਂ ਤੇ ਬੋਝ ਵਧਦਾ ਹੈ ਅਤੇ ਗੱਡੀਆਂ ਦਾ ਨੁਕਸਾਨ ਦੇਸ਼ ਦੀ ਤਰੱਕੀ ਦੀ ਰਫ਼ਤਾਰ ਮੱਠੀ ਕਰਦਾ ਹੈ। ਪੁਲਿਸ ਅਤੇ ਬੀਮਾ ਕੰਪਨੀਆਂ ਦਾ ਕੰਮ ਵਧ ਜਾਂਦਾ ਹੈ। ਇਨ੍ਹਾਂ ਹਾਦਸਿਆਂ ‘ਚ ਜਾਨ ਗਵਾਉਣ ਨਾਲ਼ ਭਾਵਨਾਤਮਿਕ ਘਾਟਾ ਵੀ ਪਰਿਵਾਰਾਂ ਨੂੰ ਤੋੜ ਦਿੰਦਾ ਹੈ।

ਵਿਸ਼ਵ ਸਿਹਤ ਸੰਸਥਾ ਅਨੁਸਾਰ ਥਾਈਲੈਂਡ ਵਿੱਚ ਸੱਭ ਤੋਂ ਵੱਧ ਸੜਕ ਹਾਦਸੇ ਹੁੰਦੇ ਹਨ। ਦੂਜੇ ਨੰਬਰ ‘ਤੇ ਦੱਖਣੀ ਅਫ਼ਰੀਕਾ, 3-ਮਲੇਸ਼ੀਆ, 4-ਬਰਾਜ਼ੀਲ, 5-ਚੀਨ, 6-ਰਸ਼ੀਆ ਅਤੇ 7ਵੇਂ ਨੰਬਰ ‘ਤੇ ਭਾਰਤ ਆਉਂਦਾ ਹੈ। ਦੁਨੀਆਂ ਦੀਆਂ ਸਭ ਤੋਂ ਵੱਧ ਸੜਕਾਂ ਇਟਲੀ ਦੇ ਨਾਲ ਲੱਗਦੇ 62 ਵਰਗ ਕਿਲੋਮੀਟਰ ਦੇ 34 ਹਜ਼ਾਰ ਆਬਾਦੀ ਵਾਲੇ ਮੁਲਕ ਸੈਨ ਮਰੀਨੋ ਦੀਆਂ ਹਨ ਜਿਥੇ ਇਕ ਲੱਖ ਪਿਛੇ ਇਕ ਵੀ ਹਾਦਸੇ ਵਿੱਚ ਮੌਤ ਨਹੀਂ ਹੁੰਦੀ।

ਇਨ੍ਹਾਂ ਹਾਦਸਿਆਂ ਕਾਰਨ ਭਾਰਤ ‘ਤੇ 17 ਲੱਖ ਕਰੋੜ ਰੁਪੱਈਆਂ ਦਾ ਸਲਾਨਾ ਬੋਝ ਪੈ ਰਿਹਾ ਹੈ। ਇਹ ਰਕਮ ਪੰਜਾਬ ਸਰਕਾਰ ਦੇ ਅੱਠ ਸਾਲਾਂ ਦੇ ਬਜਟ ਦੇ ਬਰਾਬਰ ਹੈ। ਇਸ ਵਿੱਚ ਨਿੱਜੀ ਪਰਿਵਾਰਾਂ ਦਾ ਸਮਾਜਿਕ ਅਤੇ ਆਰਥਿਕ ਦਾ ਘਾਟਾ ਸ਼ਾਮਿਲ ਨਹੀਂ ਹੈ। ਮ੍ਰਿਤਕਾਂ ਦੇ ਪਰਿਵਾਰਾਂ ‘ਤੇ ਭਵਿਖ ਵਿੱਚ ਪੈਣ ਵਾਲੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਕਿਸੇ ਲੇਖੇ-ਜੋਖੇ ‘ਚ ਹੀ ਨਹੀਂ ਆਉਂਦੇ।

ਉਪਰੋਕਤ ਸਥਿਤੀ ਬੜੀ ਗੰਭੀਰ ਅਤੇ ਚਿੰਤਾ ਵਾਲੀ ਹੈ। ਲੋਕਾਂ ਨੂੰ ਜਾਗਰੂਕ ਕਰਨ, ਸੜਕਾਂ ਨੂੰ ਠੀਕ ਕਰਨ, ਟਰੈਫਿਕ ਪੁਲਿਸ ਨੂੰ ਮਜ਼ਬੂਤ ਕਰਨ, ਐਮਰਜੈਂਸੀ ਸਹੂਲਤਾਂ ਅਤੇ ਐਬੂਲੈਂਸ ਸੇਵਾਵਾਂ ਨੂੰ ਦਰੁਸਤ ਕਰਨ ਆਦਿ ਦੇ ਪੱਖਾਂ ‘ਤੇ ਮਿਥ ਕੇ ਕੰਮ ਕਰਨ ਦੀ ਲੋੜ ਹੈ।  ਸਰਕਾਰਾਂ, ਪਰਿਵਾਰਾਂ, ਧਾਰਮਿਕ ਅਤੇ ਵਿਦਿਅਕ ਪੱਧਰ ‘ਤੇ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ ਤਾਂ ਕਿ ਅਣਜਾਣੇ ‘ਚ ਜਾਣ ਵਾਲੀਆਂ ਜਾਨਾਂ ਨੂੰ ਬਚਾ ਕੇ ਘਰਾਂ ਦੇ ਘਰ ਜੋ ਹਾਦਸਿਆਂ ਕਾਰਨ ਬਰਬਾਦ ਹੋ ਰਹੇ ਹਨ ਉਨ੍ਹਾਂ ਨੂੰ ਬਚਾਇਆ ਜਾ ਸਕੇ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button