D5 specialOpinion

ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰਕਸੇ ਲਾਏ

ਵੋਟਰਾਂ ਨੂੰ ਭਰਮਾਉਣ ਦੇ ਕੀਤੇ ਜਾ ਰਹੇ ਨੇ ਵੱਡੇ ਯਤਨ, ਐਲਾਨਾਂ ਦੀਆਂ ਲੱਗ ਰਹੀਆਂ ਨੇ ਝੜੀਆਂ

ਜਸਪਾਲ ਸਿੰਘ ਢਿੱਲੋਂ
ਪਟਿਆਲਾ : ਪੰਜ ਰਾਜਾਂ ਦੀਆਂ ਚੋਣਾਂ ਅਗਲੇ ਸਾਲ ਹੋਣ ਜਾ ਰਹੀਆਂ ਹਨ। ਇਨ੍ਹਾਂ ’ਚ ਪੰਜਾਬ ਤੋਂ ਇਲਾਵਾ ਉਤਰ ਪ੍ਰਦੇਸ, ਮਨੀਪੁਰ, ਉਤਰਾਖੰਡ ਅਤੇ ਗੋਆ ਸ਼ਾਮਿਲ ਹਨ। ਪੰਜਾਬ ਅੰਦਰ ਇਸ ਵੇਲੇ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ। ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚੱਲੀ। ਉਨ੍ਹਾਂ ਦੀ ਕਾਰਗੁਜਾਰੀ ਤੋਂ ਜਿਥੇ ਲੋਕ ਖੁਸ਼ ਨਹੀਂ ਸਨ, ਉਥੇ ਹੀ ਪਾਰਟੀ ਦੇ ਅੰਦਰ ਵੀ ਲੋਕ ਅਸੰਤੁਸ਼ਟ ਨਜ਼ਰ ਆ ਰਹੇ ਸਨ, ਜਿਸ ਕਰਕੇ ਕਾਂਗਰਸ ਦੀ ਹਾਈ ਕਮਾਨ ਨੇ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਦੋਵੇਂ ਹੀ ਬਦਲ ਦਿੱਤੇ। ਇਸ ਵੇਲੇ ਪਾਰਟੀ ਵਾਂਗਡੋਰ ਸਾਬਕਾ ਕ੍ਰਿਕਟਰ ਨਵਜੋੋਤ ਸਿੰਘ ਸਿੱਧੂ ਦੇ ਹੱਥ ਹੈ ਅਤੇ ਸਰਕਾਰ ਨੂੰ ਚਰਨਜੀਤ ਸਿੰਘ ਚੰਨੀ ਚਲਾ ਰਹੇ ਹਨ। ਇਹ ਸਭ ਕੁਝ ਕੀਤਾ ਤਾਂ ਪਾਰਟੀ ਦਾ ਤਾਲਮੇਲ ਵਧਾਉਣ ਲਈ ਸੀ ਪਰ ਜਲਦ ਹੀ ਨਵਜੋਤ ਸਿੰਘ ਸਿੱਧੂ ਦਾ ਕੁੱਝ ਮੁਹੱਤਵਪੂਰਨ ਨਿਯੁਕਤੀਆਂ ਨੂੰ ਲੈਕੇ ਮੁੱਖ ਮੰਤਰੀ ਤੋਂ ਮੋਹ ਭੰਗ ਹੋ ਗਿਆ ਅਤੇ ਦੋਹਾਂ ’ਚ ਕਾਫੀ ਦੂਰੀਆਂ ਵੀ ਪੈ ਗਈਆਂ ਨਜ਼ਰ ਆ ਰਹੀਆਂ ਹਨ।

ਇਸ ਵੇਲੇ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਕੰਮ ਕਰ ਰਹੇ ਹਨ ਉਨਾਂ ਦੀ ਕਾਰਗੁਜਾਰੀ ਲੋਕਾਂ ’ਚ ਹਰਮਨ ਪਿਆਰੀ ਬਣ ਰਹੀ ਹੈ, ਇਹੋ ਕਾਰਨ ਹੈ ਕਿ ਮੁੱਖ ਮੰਤਰੀ ਦੀ ਚਰਚਾ ਹਰ ਖੇਤਰ ਖਾਸਕਰ ਪਿੰਡਾਂ ਦੀਆਂ ਸੱਥਾਂ, ਹਰ ਖੇਤਰ ਅਤੇ ਖੁੰਡਾਂ ’ਚ ਹੋ ਰਹੀ ਹੈ। ਲੋਕ ਕਾਰਗੁਜ਼ਾਰੀ ਤੋਂ ਇਹ ਸਮਝਦੇ ਹਨ ਕਿ ਹੁਣ ਚੰਨੀ ਦੀ ਕਾਰਗੁਜਾਰੀ ਲੋਕ ਕਚਿਹਰੀ ’ਚ ਇਸ ਹੱਦ ਤੱਕ ਚਰਚਿਤ ਹੋ ਗਈ ਹੈ ਕਿ 2022 ’ਚ ਵੀ ਕਾਂਗਰਸ ਵੱਲੋਂ ਮੱਖ ਮੰਤਰੀ ਦਾ ਚੇਹਰ ਬਨਣ ਤੋਂ ਕੋਈ ਉਨਾਂ ਰੋਕ ਨਹੀਂ ਸਕਦਾ। ਦੂਜੇ ਪਾਸੇ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਬਿਲਕੁਲ ਸਪਸ਼ਟ ਹਨ ਜੋ ਸਰਕਾਰ ਤੋਂ ਜਵਾਬ ਮੰਗਦੇ ਹਨ ਪਰ ਲੋਕਾਂ ’ਚ ਇਕ ਗੱਲ ਜ਼ਰੂਰ ਚਰਚਿਤ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਦੂਜਿਆਂ ਨਾਲ ਮਿਲਕੇ ਵੀ ਚੱਲਣਾ ਚਾਹੀਦਾ ਹੈ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਬਿਨਾ ਦੇਰੀ ਮਜ਼ਬੂਤ ਕਰਨਾ ਚਾਹੀਦਾ ਹੈ ਜੇ ਪਾਰਟੀ ਤੇ ਸਰਕਾਰ ਵੱਖੋ ਵੱਖ ਦਿਸ਼ਾਵਾਂ ’ਚ ਕੰਮ ਕਰੇਗੀ ਤਾਂ ਬੇੜੀ ਪਾਰ ਲਾਉਣ ਵਾਲਾ ਨਤੀਜਾ ਸਾਹਮਣੇ ਨਹੀਂ ਆਵੇਗਾ।

ਸਰਕਾਰ ਦੇ ਕਈ ਵਜ਼ੀਰ ਕਾਫੀ ਵਧੀਆ ਕੰਮ ਕਰ ਰਹੇ ਹਨ। ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਟਰਾਂਸਪੋਰਟ ਮਹਿਕਮੇ ਨੂੰ ਟਾਪ ਗੇਅਰ ’ਚ ਪਾਇਆ ਹੋਇਆ ਹੈ, ਨੇ ਪਿਛਲੇ ਡੇਢ ਦਹਾਕੇ ’ਚ ਜੋ ਨਹੀਂ ਹੋਇਆ ਉਹ ਇਕ ਮਹੀਨੇ ਤੋਂ ਘੱਟ ਸਮੇਂ ’ਚ ਕਰ ਦਿਖਾਇਆ ਹੈ। ਇਸੇ ਤਰਾਂ ਕਈ ਹੋਰ ਵਜ਼ੀਰ ਖਾਸ ਕਰ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਮੰਤਰੀ, ਪਰਗਟ ਸਿੰਘ, ਡਾ: ਰਾਜ ਕੁਮਾਰ ਵੇਰਕਾ, ਵਿਜੈ ਇੰਦਰ ਸਿੰਗਲਾ, ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਨਾਮ ਵਿਸ਼ੇਸ਼ ਤੋਰ ਤੇ ਸ਼ਾਮਿਲ ਹਨ। ਇਕ ਪਾਸੇ ਸਾਬਕਾ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਹਨ ਕਿ ਊਨ ਸਾਲ 2017 ਵੇਲੇ ਜੋ ਵੀ ਚੋਣ ਵਾਅਦੇ ਆਪਣੇ ਚੋਣ ਮਨੋਰਥ ਪੱਤਰ ’ਚ ਕੀਤੇ ਸਨ ਸਭ ਪੂਰੇ ਕਰ ਦਿੱਤੇ ਹਨ, ਪਰ ਇਸ ਦੇ ਬਾਵਜੂਦ ਵੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਨਸ਼ਾ, ਮਹਿੰਗੀ ਬਿਜਲੀ ਤੇ ਨਿੱਜੀ ਖੇਤਰ ’ਚ ਕੀਤੇ ਸਮਝੌਤੇ, ਟਰਾਂਸਪੋਰਟ , ਕੇਬਲ, ਮੁਲਾਜ਼ਮਾਂ ਦੀਆਂ ਮੰਗਾਂ, ਸ਼ਰਾਬ ਤੇ ਖਨਣ ਮਾਫੀਆ ਸਮੇਤ ਬਹੁਤ ਸਾਰੇ ਅਜੇਹੇ ਵਾਅਦੇ ਹਨ, ਜੋ ਅੱਜ ਵੀ ਜਿਉਂ ਦੀ ਤਿਉਂ ਖੜੇ ਹਨ ਤੇ ਜ਼ਵਾਬ ਮੰਗਦੇ ਹਨ। ਮੁੱਖ ਮੰਤਰੀ ਵੱਲੋਂ ਜਿਸ ਤੇਜ਼ੀ ਨਾਲ ਕਈ ਅਹਿਮ ਮੁੱਦਿਆਂ ਨੂੰ ਨਿਪਟਾਉਣ ਲਈ ਜਿਵੇਂ ਕੰਮ ਕੀਤਾ ਜਾ ਰਿਹਾ ਹੈ ਇਸਦਾ ਕਿੰਨਾ ਕੁ ਅਸਰ ਵੋਟਾਂ ਤੇ ਪਵੇਗਾ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੇ ਤੋਂ ਆਮ ਆਦਮੀ ਵਾਲਾ ਮੁੱਦਾ ਖੋਹ ਲਿਆ ਹੈ ਤੇ ਰਾਜਾ ਵੜਿੰਗ ਨੇ ਜੋ ਝਾੜੂ ਚਲਾਉਣਾ ਸ਼ੁਰੂ ਕੀਤਾ ਹੈ ਇਹ ਕਾਫੀ ਚਰਚਾ ਵਾਲੇ ਕਾਰਨਾਮੇ ਹਨ।

ਸਰਕਾਰ ਤੇ ਪਾਰਟੀ ਨੇ ਜੇ ਇਸੇ ਤਰਾਂ ਲੜਾਈ ਜਾਰੀ ਰੱਖੀ ਤਾਂ 2022 ਦੀ ਬੇੜੀ ਪਾਰ ਲੱਗਣੀ ਔਖੀ ਹੋ ਜਾਵੇਗੀ। ਬੇਅਬਦੀ ਤੇ ਨਸ਼ਾ ਅਜਿਹੇ ਮਾਮਲੇ ਹਨ ਜਿਨ੍ਹਾਂ ਕਾਰਨ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਇਸ ਪਾਰਟੀ ਦੇ ਉਖੜੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ। ਅੱਜ ਵੀ ਅਕਾਲੀ ਦਲ ਦਾ ਜੋ ਵਿਰੋਧ ਹੋ ਰਿਹਾ ਹੈ ਉਹ ਪਾਰਟੀ ਲਈ ਲਾਹੇਵੰਦ ਨਹੀਂ ਰਹੇਗਾ। ਪਾਰਟੀ ਦੀਆਪਣੀਆਂ ਗਲਤੀਆਂ ਹੀ ਪਾਰਟੀ ਦੇ ਇਸ ਹਾਲਾਤ ਲਈ ਜਿੰਮੇਵਾਰ ਦੱਸੇ ਜਾ ਰਹੇ ਹਨ ਤੇ ਪਾਰਟੀ ਨੇ ਪਿਛਲੀਆਂ ਗਲਤੀਆਂ ਤੋਂ ਸਬਕ ਵੀ ਨਹੀਂ ਸਿਖਿਆ ਜਾਪਦਾ।

ਕਿਸਾਨ ਮੋਰਚਾ: ਇਸ ਵੇਲੇ ਦਿੱਲੀ ਦੀਆਂ ਹੱਦਾਂ ਤੇ ਬੈਠੇ ਕਿਸਾਨਾਂ ਨੂੰ 11ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਉਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਲਈ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਕ ਜ਼ਾਬਤਾ ਜਾਰੀ ਕੀਤਾ ਹੈ, ਇਸ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਮੰਨਿਆ ਪਰ ਅਕਾਲੀ ਦਲ ਨੂੰ ਵੱਡੀ ਕਾਹਲ ਪਈ ਹੋਈ ਹੈ ਜਿਨ੍ਹਾਂ ਇਸ ਕਿਸਾਨ ਜ਼ਾਬਤੇ ਦੀ ਉਲੰਘਣਾ ਕਰਕੇ ਆਪਣੀਆਂ ਸਿਆਸੀ ਰੈਲੀਆਂ ਵਿਰੋਧ ਦੇ ਬਾਵਜੂਦ ਜਾਰੀ ਰੱਖੀਆਂ ਹੋਈਆਂ ਹਨ। ਅਕਾਲੀ ਦਲ ਨੇ ਟਿਕਟਾਂ ਵੰਡਣ ’ਚ ਵੀ ਸਭ ਤੋਂ ਮੂਹਰਲਾ ਸਥਾਨ ਪ੍ਰਾਪਤ ਕਰ ਲਿਆ ਹੈ। ਕਿਸਾਨਾਂ ਦਾ ਇਨਾਂ ਪ੍ਰਤੀ ਰਵਈਆ ਕੀ ਰਹਿੰਦਾ ਹੈ ਇਹ ਅਸਰ ਅਕਾਲੀ ਵੋਟ ਬੈਂਕ ਤੇ ਪੈਣਾ ਸੁਭਾਵਕ ਹੈ। ਅਕਾਲੀ ਦਲ ਦਾ ਵੱਡਾ ਵੋਟ ਬੈਂਕ ਕਿਸਾਨੀ ਅਧਾਰਤ ਹੈ, ਇਹ ਸਮਾਂ ਹੀ ਦੱਸੇਗਾ ਕਿ ਅਕਾਲੀ ਦਲ ਨੂੰ ਇਸ ਦਾ ਫਾਇਦਾ ਹੁੰਦਾ ਹੈ ਜਾਂ ਨੁਕਸਾਨ। ਸਾਰੀਆਂ ਪਾਰਟੀਆਂ ਇਸ ਵੇਲੇ ਕਿਸਾਨੀ ਤੇ ਅੱਖ ਰੱਖੀਂ ਬੈਠੀਆਂ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਬੀਐਸਐਫ ਤੇ ਕਿਸਾਨੀ ਮਾਮਲਿਆਂ ਨੂੰ ਲੈਕੇ ਸਰਬ ਪਾਰਟੀ ਬੈਠਕ ਕੀਤੀ ਤੇ ਹੁਣ 8 ਨਵੰਬਰ ਨੂੰ ਵਿਸ਼ੇਸ਼ ਸ਼ੈਸ਼ਨ ਸੱਦ ਲਿਆ ਹੈ , ਅਜੇਹੇ ਕਦਮਾਂ ਦਾ ਅਸਰ ਵੋਟਾਂ ਤੇ ਪੈ ਸਕਦਾ ਹੈ।

ਆਪ ਦੇ ਆਗੂ ਕੇਜਰੀਵਾਲ ਦੇ ਪੰਜਾਬ ਗੇੜੇ: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ’ਚ ਗੇੜੇ ਮਾਰ ਰਹੇ ਹਨ , ਉਨਾਂ ਵੀ ਹੋਰਨਾਂ ਪਾਰਟੀਆਂ ਵਾਂਗ ਐਲਾਨਾ ਦੀ ਝੜੀ ਲਾ ਰੱਖੀ ਹੈ, ਇਸ ਦਾ ਕੋਈ ਅਸਰ ਪਵੇਗਾ ਸਮਾਂ ਹੀ ਦੱਸੇਗਾ , ਇਹ ਪਾਰਟੀ ਜੋ ਵੀ ਐਲਾਨ ਕਰਦੀ ਹੈ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਚੰਨੀ ਐਲਾਨ ਕਰਕੇ ਅਮਲੀ ਜਾਮਾ ਵੀ ਪਹਿਣਾ ਦਿੰਦੇ ਹਨ। ਹਾਲੇ ਤੱਕ ਆਪ ਵੱਲੋਂ ਮੁੱਖ ਮੰਤਰੀ ਦਾ ਐਲਾਨ ਵੀ ਨਹੀਂ ਕੀਤਾ ਗਿਆ ਸਮਝਿਆ ਜਾ ਰਿਹਾ ਹੈ ਇਹ ਬੇਗਾਨੇ ਲਾੜਿਆਂ ਨਾਲ ਹੀ ਬਰਾਤ ਲੈਕੇ ਜਾਣਗੇ।

ਭਾਜਪਾ ਦੇ ਨਹੀਂ ਲੱਗ ਰਹੇ ਪੈਰ : ਭਾਰਤੀ ਜਨਤਾ ਪਾਰਟੀ ਦੀ ਇਸ ਵੇਲੇ ਕੇਂਦਰ ’ਚ ਸਰਕਾਰ ਹੈ ਪਰ ਉਸ ਨੇ ਤਿੰਨ ਖੇਤੀ ਕਾਨੂੰਨ ਅਤੇ ਹੁਣ ਬੀਐਸਐਫ ਦੇ ਅਧਿਕਾਰ ਖੇਤਰਾਂ ਨੂੰ ਰਾਜਾਂ ਅੰਦਰ ਹੋਰ ਵਧਾਕੇ ਨਵਾਂ ਵਿਵਾਦ ਛੇੜ ਲਿਆ ਹੈ ਜਿਸ ਨੂੰ ਹਰ ਭਾਜਪਾ ਵਿਰੋਧੀ ਪਾਰਟੀ ਮੁੱਦਾ ਬਣਾ ਰਹੀ ਹੈ। ਇਸ ਵੇਲੇ ਭਾਜਪਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਰੀਏ ਕਿਸਾਨਾਂ ਦਾ ਮਾਮਲਾ ਹੱਲ ਕਰਨ ਦਾ ਇਕ ਅੰਦਰ ਖਾਤੇ ਯਤਨ ਆਰੰਭ ਕੀਤਾ ਹੈ ਪਰ ਲੱਗਦਾ ਹੈ ਕਿ ਇਹ ਕਦਮ ਵੀ ਭਾਜਪਾ ਨੂੰ ਲਾਹੇਵੰਦ ਸਾਬਿਤ ਨਹੀਂ ਹੋਵੇਗਾ।

ਹੋਰਨਾਂ ਪਾਰਟੀਆਂ : ਪੰਜਾਬ ਅੰਦਰ ਹੋਰਨਾਂ ਪਾਰਟੀਆਂ ’ਚ ਬਸਪਾ ਦੇ ਸਮਝੌਤੇ ਸ੍ਰੋਮਣੀ ਅਕਾਲੀ ਦਲ ਬਾਦਲ ਨਾਲ ਹੋ ਗਿਆ ਹੈ, ਅਕਾਲੀ ਦਲ ਸੰਯੁਕਤ ਤੇ ਖੱਬੀਆਂ ਧਿਰਾਂ ਦੀ ਰਾਜਨੀਤੀ ਕੀ ਹੋਵੇਗੀ , ਅਕਾਲੀ ਦਲ ਅੰਮ੍ਰਿਤਸਰ ਜੋ ਸ: ਸਿਮਰਨਜੀਤ ਸਿੰਘ ਮਾਨ ਦਾ ਹੈ ਦਾ ਕੀ ਕਦਮ ਹੋਵੇਗਾ , ਇਸ ਤੋਂ ਇਲਾਵਾ ਕਈ ਹੋਰ ਸਿਆਸੀ ਪਾਰਟੀਆਂ ਵੀ ਆਪੋ ਆਪਣੀ ਡਫਲੀ ਵਜਾ ਰਹੀਆਂ ਹਨ, ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਨਵੀਂ ਪਾਰਟੀ ਮੈਦਾਨ ’ਚ ਲਿਆਉਣੀ ਹੈ ਕਈ ਪਾਰਟੀਆਂ ’ਚ ਹਾਲੇ ਹੋਰ ਟੁੱਟ ਭੱਜ ਹੋਣੀ ਹੈ ਅਕਾਲੀ ਦਲ ਬਾਦਲ ਨੇ ਕਾਫੀ ਟਿਕਟਾਂ ਐਲਾਨ ਦਿੱਤੀਆਂ ਹਨ ਤੇ ਉਥੇ ਵੀ ਸਭ ਅੱਛਾ ਨਹੀਂ ਹੈ ਕਈ ਹੋਰ ਭਲਵਾਨ ਜਿਨਾਂ ਨੂੰ ਆਸ ਸੀ ਕਿ ਟਿਕਟ ਉਨਾਂ ਨੂੰ ਮਿਲੇਗੀ , ਉਨਾਂ ਨੇ ਵੀ ਪੱਟਾਂ ਤੇ ਥਾਪੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਪੰਜਾਬ ਦੀ ਤਸਵੀਰ ਅਜੀਬ ਹੈ ਕੋਈ ਵੀ ਸਿਆਸੀ ਪਾਰਟੀ ਦਾਅਵੇ ਨਾਲ ਨਹੀਂ ਕਹਿ ਸਕਦੀ ਕਿ ਉਨਾਂ ਦੀ ਹੀ ਸਰਕਾਰ ਬਣੇਗੀ। ਇਸ ਵੇਲੇ ਪੰਜਾਬ ਦੀ ਤਸਵੀਰ ਧੁੰਦਲੀ ਜਾਪਦੀ ਹੈ ਜਿਸ ਵੇਲੇ ਚੋਣਾਂ ਦਾ ਐਲਾਨ ਹੋਵੇਗਾ , ਉਸ ਤੋਂ ਬਾਅਦ ਹੀ ਸਪਸ਼ਟ ਹੋਵੇਗਾ ਕਿ ਪੰਜਾਬ ਦੀ ਰਾਜਨੀਤੀ ਦਾ ਊਠ ਕਿਸ ਕਰਵਟ ਬੈਠਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button