Breaking NewsD5 specialIndiaNewsPoliticsPunjab

ਪੰਜਾਬੀਆਂ ਦਾ ਕੁਝ ਨਹੀਂ ਬਣ ਸਕਦਾ ਜਾ, ਕੁਝ ਨਹੀ ਬਣਨਾਂ ਇਹ ਅੰਦਾਜ਼ਾ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ ਕਿ..

ਪਟਿਆਲਾ : ਜਿਵੇਂ ਕਿ ਇਸ ਵੇਲੇ ਸਿਆਸੀ ਹਾਲਾਤ ਬਣ ਚੁੱਕੇ ਹਨ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਹੋਈਆਂ ਗੋਲੀਕਾਂਡ ਦੀਆਂ ਘਟਨਾਵਾਂ ਕਾਰਨ ਸਿੱਖ ਪੰਥ ਦੇ ਨਿਸ਼ਾਨੇ ’ਤੇ ਹੈ ਉੱਥੇ ਦੂਜੇ ਪਾਸੇ ਉਸਦੇ ਆਪਣੇ ਆਗੂ ਵੀ ਉਨ੍ਹਾਂ ਦੀ ਸਿਆਸੀ ਲਾਹ-ਪਾਹ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ। ਪਾਰਟੀ ਦੀ ਬਗਾਵਤ ਨੂੰ ਦਬਾਉਣ ਲਈ ਬੇਸ਼ੱਕ ਕੁਝ ਟਕਸਾਲੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਪਰ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਇਸ ਵੇਲੇ ਆਪਣੇ ਸਭ ਤੋਂ ਬੁਰੇ ਦੌਰ ਵਿੱਚੋਂ ਗੁਜਰ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜੋ ਦੋ ਧੜਿਆਂ ਵਿੱਚ ਵੰਡ ਕੇ ਲੀਰੋ ਲੀਰ ਹੋ ਚੁੱਕੀ ਹੈ। ਇਸ ਪਾਰਟੀ ਵਿੱਚ ਹਰ ਕੋਈ ਆਪਣੀ ਡਫਲੀ ਵਜਾ ਰਿਹਾ ਹੈ ਤੇ ਆਪਣਾ ਰਾਗ ਗਾ ਰਿਹਾ ਹੈ। ਅਜਿਹੇ ਵਿੱਚ ਸਾਲ 2019 ਦੀਆਂ ਚੋਣਾਂ ਨੂੰ ਸਿਰ ਤੇ ਮਹਿਸੂਸ ਕਰਦਿਆਂ ਉਹ ਕਾਂਗਰਸੀ ਜਿਹੜੀ ਪਹਾੜ ਜਿੱਡੇ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ, ਉਸਦੇ ਆਗੂਆਂ ਦੀਆਂ ਵਾਛਾਂ ਖਿੱਲੀਆਂ ਹੋਈਆਂ ਹਨ ਤੇ ਪੰਜਾਬ ਅੰਦਰ 13 ਲੋਕ ਸਭਾ ਸੀਟਾਂ ਉੱਤੇ ਚੋਣਾਂ ਲੜਨ ਲਈ ਦਾਅਵੇਦਾਰਾਂ ਦੀ ਲਿਸਟ ਵੱਡੀ ਹੋ ਗਈ ਹੈ।

Read Also ਰੋੜੀ ਦਾ ਖੁਲਾਸਾ, ਡਰ ਸੀ ਕਿਤੇ ਖਹਿਰਾ ਦੂਜੀ ਪਾਰਟੀ ‘ਚ ਸ਼ਾਮਲ ਨਾ ਕਰਵਾ ਦੇਵੇ

ਇਸ ਸਾਰੇ ਘਟਨਾਕ੍ਰਮ ਨੂੰ ਦੂਰ ਤੋਂ ਕੱਛਾਂ ’ਚ ਹੱਥ ਦੇਈ ਬੈਠਾ ਦੇਖ ਰਿਹਾ ਆਮ ਵੋਟਰ ਇਸ ਦੁਚਿੱਤੀ ਵਿੱਚ ਹੈ ਕਿ ਉਹ ਕਿਹਨੂੰ ਵੋਟ ਪਾਵੇ ਤੇ ਕਿਹਨੂੰ ਦੁਰਕਾਰੇ। ਸਭ ਤੋਂ ਪਹਿਲਾਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ। ਮੌਜੂਦਾ ਹਾਲਾਤ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪਾਰਟੀ ਅੰਦਰ ਇੱਕ ਵਾਰ ਫਿਰ ਬਗਾਵਤੀ ਸੁਰ ਤੇਜ਼ ਹਨ ਤੇ ਬਾਗੀਆਂ ਨੇ ਇਸ ਲਈ ਉਹ ਸਮਾਂ ਚੁਣਿਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਨਾਲ ਲੜਾਈ ਵਾਲਾ ਇੱਕ ਹੋਰ ਮੋਰਚਾ ਖੋਲ੍ਹਣ ਦੀ ਹਾਲਤ ਵਿੱਚ ਨਹੀਂ ਸੀ। ਇੱਕ ਹੋਰ ਮੋਰਚਾ ਇਸ ਲਈ ਕਿਉਂਕਿ ਇਸ ਪਾਰਟੀ ’ਤੇ ਕਾਬਜ਼ ਬਾਦਲ ਪਰਿਵਾਰ ਸਾਲ 2015 ਦੀਆਂ ਬੇਅਦਬੀ ਘਟਨਾਵਾਂ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪੁਲਿਸ ਵਲੋਂ ਨਿਹੱਥੇ ਸਿੰਘਾਂ ਨੂੰ ਮਾਰ ਮੁਕਾਉਣ ਦੇ ਦੋਸ਼ ਵਾਲਾ ਫੰਦਾ ਅਕਾਲੀ ਦਲ ਦਾ ਸਿਆਸੀ ਸਾਹ ਘੋਟਣ ਨੂੰ ਹਰ ਪਲ ਤਿਆਰ ਬੈਠਾ ਸੀ। ਇਸ ਮਾਮਲੇ ਵਿੱਚ ਜਿੱਥੇ ਕਾਂਗਰਸ ਸਰਕਾਰ ਵਲੋਂ ਐਸ.ਆਈ.ਟੀ. ਤੇ ਕਮਿਸ਼ਨ ਬਣਾ ਕੇ ਅਕਾਲੀਆਂ ਲਈ ਲੜਾਈ ਦਾ ਇੱਕ ਮੋਰਚਾ ਖੋਲ੍ਹਿਆ ਹੈ ਉੱਥੇ ਆਮ ਆਦਮੀ ਪਾਰਟੀ ਬਾਦਲਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਜਾ ਕੇ ਕਰਤੂਤਾਂ ਨੰਗੀਆਂ ਕਰਨ ਦਾ ਦਾਅਵਾ ਕਰ ਰਹੀ ਹੈ ਸਿੱਖ ਜੱਥੇਬੰਦੀਆਂ ਬਰਗਾੜੀ ਵਿੱਚ ਬੈਠ ਕੇ ਬਾਦਲਾਂ ਨੂੰ ਫਾਹੇ ਟੰਗ ਦੇਣ ਦੀ ਮੰਗ ਕਰ ਰਹੀਆਂ ਹਨ,

ਅਜਿਹੇ ਵਿੱਚ ਆਮ ਲੋਕਾਂ ਦਾ ਸਾਰਾ ਗੁੱਸਾ ਬਾਦਲਾਂ ਖਿਲਾਫ਼ ਨਿਕਲ ਰਿਹਾ ਹੈ। ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਰੈਲੀਆਂ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਦੇ ਨਾਲ-ਨਾਲ ਆਪਣੇ ਸਿਆਸੀ ਵਿਰੋਧੀਆਂ ਨੂੰ ਇਨ੍ਹਾਂ ਰੈਲੀਆਂ ਵਿੱਚ ਭੀੜ ਇਕੱਠੀ ਕਰਕੇ ਸ਼ਕਤੀ ਪ੍ਰਦਰਸ਼ਨ ਕਰਕੇ ਵੀ ਦਿਖਾਇਆ ਹੈ ਕਿ ਜਿੰਨਾ ਮਰਜ਼ੀ ਰੌਲਾ ਪਾਈ ਜਾਵੋ ਲੋਕ ਅੱਜ ਵੀ ਸਾਡੇ ਨਾਲ ਹਨ, ਪਰ ਇਸਦੇ ਬਾਵਜੂਦ ਇਨ੍ਹਾਂ ਰੈਲੀਆਂ ਵਿੱਚ ਪਹਿਲਾਂ ਸੁਖਬੀਰ ਦੀ ਅਤੇ ਫਿਰ ਬਲਵਿੰਦਰ ਸਿੰਘ ਭੂੰਦੜ ਦੀ ਫਿਸਲੀ ਜ਼ੁਬਾਨ ਨੇ ਇਨ੍ਹਾਂ ਨੂੰ ਹੋਰ ਰੈਲੀਆਂ ਕਰਨ ਦੀ ਬਜਾਇ ਅਕਾਲ ਤਖਤ ਸਾਹਿਬ ਜਾਂ ਦਮਦਮਾ ਸਾਹਿਬ ਵਿਖੇ ਪੇਸ਼ ਹੋਣ ਲਈ ਮਜਬੂਰ ਕਰ ਦਿੱਤਾ ਹੈ। ਰਹਿੰਦੀ ਖਹਿੰਦੀ ਕਸਰ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਤੇ ਵਰ੍ਹੇ ਆਪਣੇ ਯੂਟਿਊਬ ਚੈਨਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਵਡਿਆਈ ਕਰਨ ਲਈ ਪਾਈ ਉਸ ਵੀਡੀਓ ਨੇ ਕਰ ਦਿੱਤੀ ਜਿਸ ਵਿੱਚ ਵਡਿਆਈ ਕਰਨ ਵਾਲਾ ਪ੍ਰਕਾਸ਼ ਸਿੰਘ ਬਾਦਲ ਦੀ ਇੰਨੀ ਭਗਤੀ ਕਰ ਬੈਠਾ ਕਿ ਉਸਨੇ ਵੱਡੇ ਬਾਦਲ ਨੂੰ ‘ਸੰਤ ਸਿਪਾਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ’ ਦਾ ਉਹ ਖਿਤਾਬ ਦੇ ਦਿੱਤਾ ਜਿਸ ਬਾਰੇ ਵਿਰੋਧੀਆਂ ਦਾ ਇਹ ਦਾਅਵਾ ਹੈ ਕਿ ਇਹ ਸ਼ਬਦ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਵਰਤੇ ਜਾਂਦੇ ਹਨ।

ਅਜਿਹੇ ਵਿੱਚ ਬੇਸ਼ੱਕ ਅਕਾਲੀ ਦਲ ਵਲੋਂ ਟਕਸਾਲੀਆਂ ਨੂੰ ਬਾਹਰ ਕੱਢ ਕੇ ਮੀਡੀਆ ਦਾ ਧਿਆਨ ਇਸ ਮੁੱਦੇ ਤੋਂ ਭਟਕਾ ਦਿੱਤਾ ਹੈ ਪਰ ਫਿਰ ਵੀ ਕਿਹਾ ਜਾ ਸਕਦਾ ਹੈ ਕਿ ‘ਯੇ ਪਬਲਿਕ ਹੈ ਯੇ ਸਬ ਜਾਨਤੀ ਹੈ।’ ਗੱਲ ਜੇਕਰ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਇਹ ਉਹ ਪਾਰਟੀ ਹੈ ਜਿਸ ਤੋਂ ਪੰਜਾਬ ਦੇ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਆਸ ਲਗਾਈ ਸੀ। ਸ਼ਾਇਦ ਇਹੋ ਕਾਰਨ ਹੈ ਕਿ ਪਹਿਲਾਂ ਜਿਸ ਪਾਰਟੀ ਨੂੰ ਸਾਰੇ ਦੇਸ਼ ਨੇ ਨਕਾਰ ਦਿੱਤਾ ਉਸ ਲਈ ਚਾਰ ਸਾਂਸਦ ਚੁਣ ਕੇ ਸੂਬਾ ਪੰਜਾਬ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੇ। ਜਿਉਂ ਹੀ ਪੰਜਾਬ ਵਿੱਚ ਆਪਣੀ ਪਾਰਟੀ ਦਾ ਆਧਾਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਹਿਸੂਸ ਹੋਇਆ ਉਨ੍ਹਾਂ ਨੇ ਤੁਰੰਤ ਆਪਣੀ ‘ਸਾਮ-ਦਾਮ-ਦੰਡ-ਭੇਦ’ ਵਾਲੀ ਨੀਤੀ ਪੰਜਾਬ ਵਿੱਚ ਲਾਗੂ ਕਰਦਿਆਂ 2017 ਦੀਆਂ ਚੋਣਾਂ ਦੌਰਾਨ ਸਟੇਜਾਂ ਤੋਂ ਹੁੱਬ-ਹੁੱਬ ਕੇ ਉਸ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਤੁੰਨਣ ਦੀ ਗੱਲ ਆਖ ਦਿੱਤੀ ਜਿਸ ਤੋਂ ਬਾਅਦ ਵਿਚ ਉਸਨੇ ਸਿਰਫ਼ ਅਦਾਲਤੀ ਪੇਸ਼ੀਆਂ ਤੋਂ ਡਰਦਿਆਂ ਹੀ ਮਾਫ਼ੀ ਮੰਗ ਲਈ। ਇੰਨਾ ਹੀ ਨਹੀਂ ਕੇਜਰੀਵਾਲ ਨੇ ਪੰਜਾਬੀਆਂ ਵਲੋਂ ਦਿੱਤੇ ਗਏ ਸਮਰਥਨ ਨੂੰ ਉਸ ਕਹਾਵਤ ਵਾਂਗ ਲਿਆ ਕਿ, ‘ਖੁਦਾ ਜਬ ਤਾਕਤ ਦੇਤਾ ਹੈ ਤੋ ਹਿਮਾਕਤ ਆ ਹੀ ਜਾਤੀ ਹੈ’ ਤੇ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਹਰ ਉਸ ਵਿਅਕਤੀ ਨੂੰ ਪਾਰਟੀ ਵਿੱਚੋਂ ਬਾਹਰ ਕੱਢਦਾ ਚਲਾ ਗਿਆ ਜਿਸ ਨੇ ਇਸ ਆਮ ਸਮਝੀ ਜਾਂਦੀ ਪਾਰਟੀ ਦੇ ਖਾਸ ਬੰਦਿਆਂ ਤੋਂ ਕੁਝ ਸਵਾਲ ਪੁੱਛਣ ਦੀ ਹਿੰਮਤ ਕੀਤੀ।

ਇਸ ਪਾਰਟੀ ਵਿੱਚ ਵੀ ਨਿਘਾਰ ਉਸ ਵੇਲੇ ਆਇਆ ਜਦੋਂ 26 ਜੁਲਾਈ 2018 ਨੂੰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਪਣੇ ਉਸ ਆਗੂ ਨੂੰ ਅਹੁਦੇ ਤੋਂ ਹਟਾ ਦਿੱਤਾ ਜਿਹੜਾ ਕਿ ਇਹ ਮੰਨਿਆ ਜਾ ਰਿਹਾ ਸੀ ਕਿ ਵਿਰੋਧੀ ਧਿਰ ਦੇ ਆਗੂ ਵਾਲਾ ਸਹੀ ਮਾਅਨਿਆਂ ਵਿੱਚ ਫਰਜ਼ ਨਿਭਾ ਰਿਹਾ ਸੀ, ਜਿਸਦਾ ਨਤੀਜਾ ਇਹ ਨਿਕਲਿਆ ਕਿ ਇਹ ਪਾਰਟੀ ਦੋ ਫਾੜ ਹੋ ਗਈ, ਇਸਦੇ ਅੱਠ ਵਿਧਾਇਕ ਇੱਕ ਪਾਸੇ ਹੋ ਗਏ ਤੇ ਬਾਰਾਂ ਇੱਕ ਪਾਸੇ। ਉਨ੍ਹਾਂ ਬਾਰਾਂ ਵਿੱਚੋਂ ਵੀ ਹਲਕਾ ਦਾਖਾ ਦੇ ਵਿਧਾਇਕ ਐਚ.ਐਸ.ਫੂਲਕਾ ਪੰਜਾਬ ਸਰਕਾਰ ਖਿਲਾਫ਼ ਰੋਸ ਜ਼ਾਹਿਰ ਕਰਦਿਆਂ ਅਸਤੀਫਾ ਦੇ ਚੁੱਕੇ ਹਨ ਤੇ ਹੁਣ ਆਮ ਆਦਮੀ ਪਾਰਟੀ ਦਾ ਅਸਲ ਆਂਕੜਾ ਗਿਆਰਾਂ ਵਿਧਾਇਕਾਂ ਦਾ ਰਹਿ ਗਿਆ ਹੈ ਜੋ ਕਿ ਉਸ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੀ ਘੱਟ ਹੈ ਜਿਸਨੂੰ ਪੰਜਾਬ ਦੀ ਜਨਤਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ। ਕੁਝ ਇਹੋ ਹਾਲ ਕਾਂਗਰਸ ਪਾਰਟੀ ਦਾ ਹੈ ਜਿਸ ’ਤੇ ਇਹ ਦੋਸ਼ ਹੈ ਕਿ ਜੋ ਵਾਅਦੇ ਉਹ ਸੱਤਾ ਹਾਸਲ ਕਰਨ ਲਈ ਕਰਕੇ ਆਏ ਸੀ ਉਨ੍ਹਾਂ ਵਾਅਦਿਆਂ ਨੂੰ ਇਸ ਪਾਰਟੀ ਨੇ ਹੁਣ ਤੱਕ ਵੀ ਪੂਰਾ ਨਹੀਂ ਕੀਤਾ।

ਇਸ ਤੋਂ ਇਲਾਵਾ ਇਸ ਪਾਰਟੀ ਤੇ ਇਹ ਦੋਸ਼ ਵੀ ਹੈ ਕਿ ਇਸ ਦੀ ਸਰਕਾਰ ਵਲੋਂ ਖੁਦ ਬਣਾਏ ਜਸਟਿਸ ਰਣਜੀਤ ਸਿੰਘ ਦੀਆਂ ਬਾਦਲਾਂ ਅਤੇ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਦਿੱਤੀਆਂ ਗਈਆਂ ਸਿਫਾਰਸ਼ਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਜਿਨ੍ਹਾਂ ਖਿਲਾਫ਼ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਗੋਲੀਕਾਂਡ ’ਚ ਸਿੰਘਾਂ ਦੇ ਮਾਮਲਿਆਂ ਵਿੱਚ ਸ਼ਮੂਲੀਅਤ ਦੇ ਦੋਸ਼ ਲੱਗੇ ਸਨ। ਪਰ ਸਿਆਸੀ ਮਾਹਰਾਂ ਅਨੁਸਾਰ ਜਦੋਂ ਸਾਰੀਆਂ ਹੀ ਪਾਰਟੀਆਂ ਨਿਘਾਰ ਵੱਲ ਹੋਣ ਤਾਂ ਉਸ ਸਮੇਂ ਵੋਟਰ ਸੋਚ ਵਿਚਾਰ ਕੇ ਉਸ ਪਾਰਟੀ ਨੂੰ ਵੋਟ ਪਾਉਂਦੇ ਹਨ ਜਿਸ ਕੋਲੋਂ ਉਸ ਨੂੰ ਭਵਿੱਖ ਵਿਚ ਕੋਈ ਥੋੜੀ ਬਹੁਤ ਆਸ ਹੁੰਦੀ ਹੈ ਤੇ ਇਸ ਮਾਮਲੇ ਵਿਚ ਕਾਂਗਰਸ ਪਾਰਟੀ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ ਕਿਉਂਕਿ ਸੂਬੇ ਵਿੱਚ ਇਸ ਵੇਲੇ ਇਹੋ ਪਾਰਟੀ ਸੱਤਾ ਵਿੱਚ ਹੈ ਤੇ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਣ ਵਾਲੀ ਹੈ।

ਅਜਿਹੇ ਵਿੱਚ ਆਮ ਜਨਤਾ ਇਹ ਸੋਚ ਕੇ ਕਾਂਗਰਸ ਪਾਰਟੀ ਵੱਲ ਥੋੜਾ ਝੁਕਾਅ ਰੱਖ ਸਕਦੀ ਹੈ ਕਿ ਹੋਰ ਨਹੀਂ ਤਾਂ ਇਸ ਪਾਰਟੀ ਤੋਂ ਬਾਕੀ ਰਹਿੰਦੇ ਸੱਤਾ ਦੇ ਕਾਰਜਕਾਲ ਸਮੇਂ ਕੋਈ ਕੰਮ ਈ ਲੈ ਲਵਾਂਗੇ। ਹੁਣ ਸਿਆਸੀ ਮਾਹਰਾਂ ਦੇ ਇਹ ਵਿਸ਼ਲੇਸ਼ਣ ਕਿੰਨੇ ਕੁ ਸੱਚ ਹੁੰਦੇ ਹਨ ਤੇ ਕਿੰਨੇ ਕੁ ਝੂਠ ਇਹ ਵੇਖਣ ਲਈ ਤਾਂ ਅਜੇ ਸਾਨੂੰ 2019 ਦੀਆਂ ਚੋਣਾਂ ਤੋਂ ਬਾਅਦ ਦੇ ਸਮੇਂ ਤੱਕ ਉਡੀਕ ਕਰਨੀ ਪਵੇਗੀ ਪਰ ਫਿਲਹਾਲ ਲੋੜ ਹੈ ਚਾਰੇ ਪਾਸੇ ਹੋ ਰਹੇ ਮਾੜੇ ਨੂੰ ਕੁਝ ਚੰਗਾ ਕਰਨ ਦੀ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਮ ਵੋਟਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਬੰਦ ਕਰਕੇ ਤੇ ਦਿਲ ਨਾਲ ਫੈਸਲੇ ਕਰਨ ਦੀ ਬਜਾਇ ਦਿਮਾਗ ਖੋਲ੍ਹ ਕੇ ਉਸੇ ਦਿਮਾਗ ਨਾਲ ਫੈਸਲੇ ਲਵੇ, ਨਹੀਂ ਤਾਂ ਜਿੱਥੇ ਆਜ਼ਾਦੀ ਤੋਂ ਬਾਅਦ 71 ਸਾਲ ਲੰਘ ਗਏ ਉੱਥੇ ਕੁਝ ਹੋਰ ਲੰਘ ਜਾਣਗੇ, ਤੁਹਾਨੂੰ ਨਾ ਕੋਈ ਪਹਿਲਾਂ ਬਚਾਅ ਸਕਿਆ ਤੇ ਨਾ ਕੋਈ ਅੱਗੇ ਬਚਾ ਪਾਏਗਾ ਕਿਉਂਕਿ ‘ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button