Breaking NewsD5 specialNewsPoliticsPunjab

ਤੇਰਾ ਵਿਕਦਾ ਨਾ ਸੁਖਬੀਰ ਸਿਆਂ ਭਾਸ਼ਣ, ਬ੍ਰਹਮਪੁਰੇ ਦੀ ਗਾਲ੍ਹ ਵਿਕਦੀ ?

ਕੁਲਵੰਤ ਸਿੰਘ

ਪਟਿਆਲਾ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇਨੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਟਕਸਾਲੀ ਤਿੱਕੜੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਇੱਥੋਂ ਤੱਕ ਬਗਾਵਤ ਦਾ ਝੰਡਾ ਚੁੱਕ ਰੱਖਿਆ ਹੈ ਕਿ ਇਹ ਲੋਕ ਹੁਣ ਇਨ੍ਹਾਂ ਦੋਵਾਂ ਆਗੂਆਂ ਨੂੰ ਪਾਰਟੀ ਵਿਚੋਂ ਬਾਹਰ ਕੱਢੇ ਜਾਣ ਤੋਂ ਇਲਾਵਾ ਹੋਰ ਕਿਸੇ ਗੱਲ ਤੇ ਵੀ ਸਮਝੌਤਾ ਕਰਨ ਨੂੰ ਤਿਆਰ ਨਹੀਂ ਹਨ। ਇਸੇ ਮੁੱਦੇ ਨੂੰ ਲੈ ਕੇ ਬੀਤੀ ਕੱਲ ਇਸ ਤਿੱਕੜੀ ਦੇ ਇੱਕ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਖਡੂਰ ਸਾਹਿਬ ਦੇ ਚੋਹਲਾ ਸਾਹਿਬ ਵਿਖੇ ਕੀਤੀ ਗਈ ਇੱਕ ਰੈਲੀ ਤੋਂ ਮਿਲੇ ਸਮਰਥਨ ਨੂੰ ਦੇਖਦਿਆਂ ਉਹ ਇਸ ਕਦਰ ਬਾਗੋ ਬਾਗ ਹੋ ਗਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਇੱਕ ਅਜਿਹਾ ਚੈਲੰਜ ਕਰ ਦਿੱਤਾ ਜਿਸਨੂੰ ਕਿ ਪੰਜਾਬੀ ਵਿਚ ਗਾਲ੍ਹ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਗੱਲ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੱਤਰਕਾਰ ਦਾ ਮਾਈਕ ਪਰ੍ਹਾਂ ਹਟਾ ਕੇ ਬੋਲੀ ਸੀ ਪਰ ਉਨ੍ਹਾਂ ਦੀ ਆਵਾਜ਼ ਫਿਰ ਵੀ ਕੈਮਰੇ ਵਿਚ ਕੈਦ ਹੋ ਗਈ ਤੇ ਹਾਸੇ ਠੱਠੇ ਤੋਂ ਸ਼ੁਰੂ ਹੋਈ ਇਹ ਗੱਲ ਅੱਜ ਸੋਸ਼ਲ ਮੀਡੀਆ ’ਤੇ ਹਨੇਰੀ ਵਾਂਗ ਚੱਲ ਰਹੀ ਹੈ। ਭਾਵੇਂ ਕਿ ਸੂਝਵਾਨ ਲੋਕਾਂ ਨੇ ਬ੍ਰਹਮਪੁਰਾ ਦੀ ਇਸ ਹਰਕਤ ਨੂੰ ਦੱਬ ਕੇ ਨਿੰਦਿਆ ਹੈ ਪਰ ਇਸ ਇੱਕ ਗੱਲ ਨਾਲ ਉਨ੍ਹਾਂ ਲੋਕਾਂ ਦੇ ਮਨਾਂ ਅੰਦਰ ਇਸ ਅਕਾਲੀ ਤਿੱਕੜੀ ਪ੍ਰਤੀ ਇਹ ਸੋਚ ਕੇ ਸੋਚ ਬਦਲ ਗਈ ਕਿ ਨਹੀਂ! ਇਹ ਲੋਕ ਵਾਕਏ ਹੀ ਸੁਖਬੀਰ ਅਤੇ ਮਜੀਠੀਆ ਦੇ ਸਤਾਏ ਦਿਸ ਰਹੇ ਹਨ, ਤੇ ਇਨ੍ਹਾਂ ’ਤੇ ਸ਼ੱਕ ਕਰਨਾ ਜਾਇਜ਼
ਨਹੀਂ ਹੈ।

Read Also ਲਓ ਜੀ ਬ੍ਰਹਮਪੁਰਾ ਨੇ ਦੱਸੀਆਂ ‘ਖ਼ੁਫੀਆ ਗੱਲਾਂ’

ਗੱਲ ਅੱਗੇ ਵਧਾਉਣ ਤੋਂ ਪਹਿਲਾਂ ਅਸੀਂ ਇਹ ਗੱਲ ਇੱਥੇ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਗਲੋਬਲ ਪੰਜਾਬ ਟੀਵੀ ਕਿਸੇ ਪ੍ਰਤੀ ਕੋਈ ਵੀ ਮੰਦੀ ਸ਼ਬਦਾਵਲੀ ਬੋਲਣ ਦੀ ਹਿਮਾਇਤ ਨਹੀਂ ਕਰਦਾ ਪਰ ਇਸ ਘਟਨਾ ਨੇ ਜਿਸ ਤਰ੍ਹਾਂ ਤੇਜ਼ੀ ਨਾਲ ਸਿਆਸੀ ਸਮੀਕਰਣ ਬਦਲੇ ਨੇ ਉਸ ਨੇ ਸਾਨੂੰ ਇਸ ਮੁੱਦੇ ਤੇ ਚਰਚਾ ਅਤੇ ਵਿਸ਼ਲੇਸ਼ਣ ਕਰਨ ਲਈ ਮਜਬੂਰ ਕਰ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਦੋਂ ਤੋਂ ਟਕਸਾਲੀਆਂ ਦੀ ਇਸ ਤਿਕੜੀ ਨੇ ਬਾਦਲਾਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਉਸ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਜਬਰਦਸਤ ਪ੍ਰਚਾਰ ਚੱਲ ਰਿਹਾ ਸੀ ਇਸ ਤਿੱਕੜੀ ਦਾ ਇਤਬਾਰ ਨਾ ਕਰਿਓ, ਬਗਾਵਤ ਦਾ ਇਹ ਇੱਕ ਡਰਾਮਾ ਮਾਤਰ ਹੈ। ਪਰ ਜਿਉਂ ਜਿਉਂ ਸਮਾਂ ਆਪਣੀ ਚਾਲ ਅੱਗੇ ਵਧਾਉਂਦਾ ਗਿਆ ਤਿਉਂ ਤਿਉਂ ਨਾ ਇਸ ਤਿੱਕੜੀ ਦੇ ਤੇਵਰ ਤਿੱਖੇ ਹੁੰਦੇ ਚਲੇ ਗਏ ਬਲਕਿ ਹੌਲੀ ਹੌਲੀ ਇਨ੍ਹਾਂ ਵਲੋਂ ਸੁਖਬੀਰ ਅਤੇ ਮਜੀਠੀਆ ਦੀਆਂ ਖੋਲ੍ਹੀਆਂ ਜਾ ਰਹੀਆਂ ਕਥਿਤ ਪੋਲ੍ਹਾਂ ਨੇ ਕਈ ਲੋਕਾਂ ਨੂੰ ਆਪਣੀ ਧਾਰਨਾ ਨਿਊਟਲ ਕਰਨ ਤੇ ਮਜਬੂਰ ਕਰ ਦਿੱਤਾ। ਇਸ ਦੇ ਬਾਵਜੂਦ ਜਦੋਂ ਇਸ ਤਿੱਕੜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫ਼ੀ ਮੰਗਣ ਲੱਗਿਆਂ ਜਦੋਂ ਬਰਗਾੜੀ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕੀਤਾ ਸੀ ਤਾਂ ਉਸ ਵੇਲੇ ਉਸ ਮੋਰਚੇ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਇਹ ਬਿਆਨ ਦਿੱਤੇ ਸਨ ਕਿ ਇਨ੍ਹਾਂ ਨੂੰ ਉੱਥੇ ਵੜਨ ਨਾ ਦਿਉ ਇਹ ਸਭ ਬਾਦਲਾਂ ਦੀ ਚਾਲ ਹੈ।

ਸਮੇਂ ਦੀਆਂ ਸੂਈਆਂ ਅੱਗੇ ਵਧੀਆਂ ਤਾਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਫਿਰ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਵਿਚਲੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਪਰ ਵੱਡਾ ਭੂਚਾਲ ਉਦੋਂ ਆਇਆ ਜਦੋਂ ਸੇਵਾ ਸਿੰਘ ਸੇਖਵਾਂ ਨੇ ਆਪਣਾ ਅਸਤੀਫਾ ਦੇਣ ਲੱਗਿਆਂ ਅਸਤੀਫੇ ਵਿਚ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੀ ਉਹ ਲਾਹ ਪਾਹ ਕੀਤੀ ਜਿਸ ਤੋਂ ਕਿ ਉਹ ਲੋਕ ਹੁਣ ਤੱਕ ਬਚਦੇ ਆ ਰਹੇ ਸਨ। ਇਸਦਾ ਨਤੀਜਾ ਇਹ ਨਿਕਲਿਆ ਕਿ ਪਾਰਟੀ ਨੇ ਕੁਝ ਘੰਟਿਆਂ ਵਿਚ ਹੀ ਸੇਵਾ ਸਿੰਘ ਸੇਖਵਾਂ ਨੂੰ ਅਹਿਸਾਨ ਫਰਾਮੋਸ਼ ਦਾ ਖਿਤਾਬ ਦਿੰਦਿਆਂ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ 4 ਤਰੀਕ ਨੂੰ ਪਾਰਟੀ ਵਰਕਰਾਂ ਦੀ ਮੀਟਿੰਗ ਸੱਦ ਕੇ ਲੁਕੇ ਸ਼ਬਦਾਂ ਵਿੱਚ ਸ਼ਕਤੀ ਪ੍ਰਦਰਸ਼ਨ ਦਾ ਐਲਾਨ ਕਰਨ ਤੋਂ ਬਾਅਦ ਅਕਾਲੀ ਦਲ ਨੇ ਬ੍ਰਹਮਪੁਰਾ ਦੇ ਹਲਕੇ ਦੇ ਆਗੂਆਂ ਨੂੰ ਤਕੜੇ ਹੋ ਕੇ ਕੰਮ ਕਰਨ ਦਾ ਥਾਪੜਾ ਦੇ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਦਾ ਆਪਣਾ ਭਾਣਜਾ ਅਲਵਿੰਦਰਪਾਲ ਸਿੰਘ ਪੱਖੋਕੇ ਬ੍ਰਹਮਪੁਰਾ ਦੇ ਵਿਰੁੱਧ ਖੁੱਲ ਕੇ ਆ ਗਿਆ ਤੇ ਉਸਨੇ ਬ੍ਰਹਮਪੁਰਾ ਨੂੰ ਪਾਰਟੀ ਤੋਂ ਬਾਹਰ ਕੱਢੇ ਜਾਣ ਦੀ ਮੰਗ ਕਰ ਦਿੱਤੀ। ਇਸਦੇ ਬਾਵਜੂਦ 4 ਨਵੰਬਰ ਨੂੰ ਬ੍ਰਹਮਪੁਰਾ ਨੇ ਰੈਲੀ ਕੀਤੀ ਜੋ ਕਿ ਹਜ਼ਾਰਾਂ ਦੇ ਇਕੱਠ ਹੋਣ ਤੋਂ ਬਾਅਦ ਪੂਰੀ ਕਾਮਯਾਬ ਮੰਨੀ ਗਈ।

ਇਸ ਰੈਲੀ ਤੋਂ ਬਾਅਦ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਇੰਨੇ ਜੋਸ਼ ਵਿਚ ਆ ਗਏ ਕਿ ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਉਹ ਗੱਲ ਆਖ ਦਿੱਤੀ ਜਿਸਨੂੰ ਕਿ ਪੰਜਾਬੀ ਵਿਚ ਗਾਲ੍ਹ ਮੰਨਿਆ ਜਾਂਦਾ ਹੈ। ਇਹ ਖਬਰ ਵੀਡੀਓ ਦੇ ਰੂਪ ਵਿਚ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਨੂੰ ਕਿ ਲੋਕਾਂ ਵਲੋਂ ਦੇਖਣ ਤੋਂ ਬਾਅਦ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਇਹ ਤਿੱਕੜੀ ਤਾਂ ਆਪ ਬਾਦਲਾਂ ਵਲੋਂ ਸਤਾਈ ਹੋਈ ਹੈ ਇਸ ਲਈ ਇਸ ਨੂੰ ਬਾਦਲ ਹਿਮਾਇਤੀ ਮੰਨਣਾ ਗਲਤ ਹੋਵੇਗਾ। ਹੁਣ ਲੋਕਾਂ ਦੀ ਇਹ ਧਾਰਨਾ ਅੱਗੇ ਕੀ ਰੰਗ ਲਿਆਵੇਗੀ, ਕੀ ਬਰਗਾੜੀ ਮੋਰਚੇ ਵਾਲੇ ਇਸ ਤਿੱਕੜੀ ਨੂੰ ਉੱਥੇ ਆਉਣ ਦੀ ਇਜਾਜ਼ਤ ਦੇਣਗੇ? ਬ੍ਰਹਮਪੁਰਾ ਵਲੋਂ ਕੱਢੀ ਗਈ ਇਹ ਗਾਲ੍ਹ ਉਨ੍ਹਾਂ ਨੂੰ ਮਹਿੰਗੀ ਪਵੇਗੀ ਜਾਂ ਸ਼ੁਹਰਤ ਦੁਆਵੇਗੀ? ਇਹ ਤਾਂ ਅਜੇ ਭਵਿਖ ਦੇ ਗਰਭ ਵਿਚ ਹੈ ਪਰ ਇਸ ਇੱਕ ਗਾਲ੍ਹ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਚੰਗੀਆਂ ਗੱਲ ਧਿਆਨ ਘੱਟ ਅਤੇ ਮਾੜੀਆਂ ਗੱਲਾਂ ਵੱਲ ਵੱਧ ਦਿੰਦੇ ਹਨ ਤੇ ਇਸ ਇੱਕ ਮਾੜੀ ਗੱਲ ਨੇ ਬ੍ਰਹਮਪੁਰਾ ਦੀ ਸਿਆਸੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button