EDITORIAL

ਕੀ ਹੁਣ ਸਰਕਾਰ ਟਿਕ ਕੇ ਚੱਲੇਗੀ ? ਨਿਝਰ ਨੇ ਅਸਤੀਫ਼ਾ ਨਹੀਂ ਦਿਤਾ ! ਪਹਿਲਾਂ ਕੁੰਵਰ  ਹੁਣ ਮਝੈਲ ਗੁੱਸੇ

ਅਮਰਜੀਤ ਸਿੰਘ ਵੜੈਚ (94178-01988)

ਪੰਜਾਬ ਦੀ ਵਜ਼ਾਰਤ ਵਿੱਚ ਕੱਲ੍ਹ ਹੋਈ ਰੱਦੋ-ਬਦਲ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਕਿਉਂਕਿ  ਮਾਨ ਦੀ ਕੈਬਨਿਟ ‘ਚ ਇਹ  ਸਾਢੇ ਚੌਦਾਂ  ਮਹੀਨਿਆਂ  ‘ਚ ਚੌਥੀ ਹਿਲ-ਜੁੱਲ ਸੀ । ਇਕ ਦਿਨ  ਪਹਿਲਾਂ ਹੀ ਮਾਨ ਕੈਬਨਿਟ ਦੇ ਮੰਤਰੀ ਇੰਦਰਜੀਤ ਸਿੰਘ ਨਿਝਰ ਨੇ ਅਜੀਤ ਅਖ਼ਬਾਰ ਦੇ ਮੈਨੇਜਿੰਗ ਐਡੀਟਰ ਡਾ: ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਬਿਆਨ ਦਿਤਾ ਸੀ ਕਿ ਬਰਜਿੰਦਰ ਸਿੰਘ ਦੇ ਵਿਰੁਧ ਵਿਜੀਲੈਂਸ ਵਾਲ਼ੋਂ ਜਲੰਧਰ ਨੇੜੇ ਕਰਤਾਰਪੁਰ ਵਿੱਚ ‘ਜੰਗ-ਏ-ਆਜ਼ਾਦੀ ਯਾਦਗਾਰ ‘ ਦੀ ਉਸਾਰੀ ‘ਚ ਫੰਡਾਂ ਦੀ ਦੁਰਵਰਤੋਂ ਵਾਲ਼ਾ ਕੇਸ ਠੀਕ ਨਹੀਂ ਤੇ ਇਹ ਕਾਰਵਾਈ ਤਾਂ ਕੰਮ ਕਰਨ ਵਾਲ਼ੇ ਠੇਕੇਦਾਰਾਂ ਤੇ ਬਾਕੀ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਹੋਣੀ ਚਾਹੀਦੀ ਸੀ । ਨਿਝਰ ਨੇ ਤਾਂ ਇਥੋਂ ਤੱਕ ਕਹਿ ਦਿਤਾ ਕਿ “ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ( ਡਾ: ਹਮਦਰਦ) ਦਾ ਇਸ ਵਿੱਚ ਕੋਈ ਰੋਲ ਨਹੀਂ ” । ਇਸ ਮਗਰੋਂ ਅਗਲੇ ਦਿਨ ਸ਼ਾਮ ਨੂੰ ਹੀ ਖ਼ਬਰ ਆ ਗਈ ਸੀ ਕਿ ਨਿਝਰ ਨੇ ਅਸਤੀਫ਼ਾ ਦੇ ਦਿਤਾ ਹੈ ਤੇ ਮੁੱਖ ਮੰਤਰੀ ਨੇ ਅਸਤੀਫ਼ਾ ਮਨਜ਼ੂਰ ਕਰਨ ਲਈ ਰਾਜਪਾਲ ਨੂੰ ਵੀ ਸਿਫ਼ਾਰਿਸ਼ ਕਰ ਦਿਤੀ ਹੈ । ਪਾਰਟੀ ਦੇ ਅੰਦਰੋਂ ਕੰਸੋਆਂ ਆਈਆਂ ਹਨ ਕਿ ਨਿਝਰ ਤੋਂ ਅਸਤੀਫ਼ਾ ਲਿਆ ਗਿਆ ਹੈ ।

ਭਾਵੇਂ ਆਪ ਦੇ ਬੁਲਾਰੇ ਜਿਨਾ ਮਰਜ਼ੀ ਕਹਿ ਲੈਣ ਕਿ ਨਿਝਰ ਨੇ ਆਪਣੇ ਨਿੱਜੀ ਕਾਰਨਾ ਕਰਕੇ ਅਸਤੀਫ਼ਾ ਦਿਤਾ ਹੈ ਤਾਂ ਵੀ ਇਹ ਦਲੀਲ ਲੋਕਾਂ ਦੇ ਗਲ਼ੇ ਹੇਠਾਂ ਨਹੀਂ ਉਤਰ ਰਹੀ ।  ਉਧਰ ਨਾਲ਼ ਦੀ ਨਾਲ਼ ਮਾਨ ਦੀ ਕੈਬਨਿਟ ਦੇ ਇਕ ਹੋਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ਼ ਤੋਂ ਮਹੱਤਵਪੂਰਨ ਮਹਿਕਮੇ ਖੇਤੀਬਾੜੀ,ਪੇਂਡੂ ਵਿਕਾਸ ਤੇ ਪੰਚਾਇਤਾਂ ਲੈ ਲੈਣਾ ਵੀ ਸਵਾਲ ਪੈਦਾ ਕਰਦਾ ਹੈ ਕਿ ਧਾਲੀਵਾਲ਼ ਦਾ ਕੀ ਕਸੂਰ ਸੀ ? ਧਾਲੀਵਾਲ਼ ਨੇ ਪਿਛਲੇ ਦਿਨੀਂ ਕਹਿ ਦਿਤਾ ਸੀ ਕਿ ਪੰਜਾਬ ਦੇ ਸਕੂਲਾਂ ‘ਚ IELTS ਲਾਗੂ ਕਰਨ ਲਈ ਉਹ ਮੁੱਖ ਮੰਤਰੀ ਨਾਲ਼ ਗੱਲ ਕਰਨਗੇ ।

ਭਗਵੰਤ ਮਾਨ ਤਾਂ ਇਨ੍ਹਾਂ IELTSਕੇਂਦਰਾਂ ਬਾਰੇ ਕਹਿੰਦੇ ਹਨ ਕਿ ਇਹ ਦੁਕਾਨਾਂ ਤਾਂ ਸਾਡੇ ਲੋਕਾਂ ਦੀ ਲੁੱਟ ਕਰਕੇ  ਧੜਾਧੜ ਪੰਜਾਬ  ਦੀ ਜਵਾਨੀ ਨੂੰ  ਬਾਹਰ ਧੱਕ ਰਹੀਆਂ ਹਨ । ਮਾਨ ਤਾਂ ਇਥੋਂ ਤੱਕ ਦਾਅਵਾ ਕਰ ਚੁੱਕੇ ਹਨ ਕਿ ਉਹ ਪੰਜਾਬ ਨੂੰ ਇਸ ਤਰ੍ਹਾਂ ਦਾ ਬਣਾ ਦੇਣਗੇ ਕਿ ਵਿਦੇਸ਼ਾਂ ਵਿੱਚ ਬੈਠੈ ਪੰਜਾਬੀ ਵਾਪਸ ਆਉਣ ਲੱਗ ਜਾਣਗੇ ।

ਵਿਰੋਧੀ ਧਿਰਾਂ ਅਕਸਰ ਆਪ ਤੇ ਇਲਜ਼ਾਮ ਲਾਉਂਦੀਆਂ ਹਨ ਕਿ  ਪੰਜਾਬ ਦੇ ਮੰਤਰੀ ਨੌਸਿਖੀਏ ਹਨ ਜਿਨ੍ਹਾਂ ਕੋਲ਼ ਕੋਈ ਤਜਰਬਾ ਨਹੀਂ ਹੈ । ਮਾਨ ਸਰਕਾਰ ਵੱਲੋਂ ਜਲਦੀ-ਜਲਦੀ ਫੇਰ-ਬਦਲ ਕਰਨਾ ਜ਼ਰੂਰ ਸਰਕਾਰ ਦੀ ਸਥਿਰਤਾ ‘ਤੇ ਸਵਾਲ ਖੜ੍ਹੇ ਕਰਦਾ ਹੈ । ਪਹਿਲਾਂ ਤਾਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੁੱਖ ਮੰਤਰੀ ਨੇ ਖੁਦ ਭਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ਭਿਜਵਾ ਦਿਤਾ ਜੋ ਹੁਣ ਜ਼ਮਾਨਤ ‘ਤੇ ਬਾਹਰ ਹਨ । ਇਸ ਮਗਰੋਂ ਸਿਹਤ ਮੰਤਰੀ ਚੇਤਨ ਸਿੰਘ ਜਿਓੜਾ ਮਾਜਰਾ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ  ਡਾ: ਰਾਜ ਬਹਾਦੁਰ ਨੂੰ ਫਟੇ ਗੱਦੇ ਉਪਰ ਲੇਟ ਕੇ ਵਿਖਾਉਣ ਲਈ ਕਹਿਣ  ਵਾਲ਼ੇ ਮੁੱਦੇ ‘ਤੇ ਘਿਰ ਗਏ ਤੇ ਫਿਰ ਮੰਤਰੀ ਕੋਲ਼ੋਂ ਸਿਹਤ ਮੰਤਰਾਲਾ ਵਾਪਸ ਲੈ ਲਿਆ ਤੇ ਡਾ: ਬਲਬੀਰ ਸਿੰਘ ਨੂੰ ਮੰਤਰੀ ਬਣਾ ਦਿਤਾ ਜੋ ਖੁਦ ਇਕ ਪਰਿਵਾਰਕ ਕੇਸ ‘ਚ ਤਿੰਨ ਸਾਲਾ ਅਦਾਲਤੀ ਸਜ਼ਾ ਦੇ ਹੁਕਮਾਂ ਤੋਂ ਮਗਰੋਂ ਜ਼ਮਾਨਤ ‘ਤੇ ਹਨ ।

ਮਾਨ ਦੇ ਤੀਸਰੇ  ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਵੀ ਮੰਤਰੀ ਬਣਨ ਮਗਰੋਂ ਜਲਦੀ ਹੀ ਵਾਦਾਂ ‘ਚ ਘਿਰ ਗਏ ਜਦੋਂ ਉਨ੍ਹਾ ਦੀ ਇਕ ਆਡੀਓ ਵਾਇਰਲ ਹੋਈ ਜਿਸ ‘ਚ ਉਹ ਕਿਸੇ ਨੂੰ  ਕਥਿਤ ਤੌਰ ‘ਤੇ ਫਸਾਉਣ ਲਈ ਪਲਾਨਿੰਗ ਕਰਦੇ ਸੁਣੇ ਜਾ ਸਕਦੇ ਹਨ । ਸਰਾਰੀ ਨੂੰ ਵੀ ਕੈਬਨਿਟ ‘ਚੋਂ ਬਾਹਰ ਜਾਣਾ ਪਿਆ ; ਹੁਣ ਤਾਜ਼ਾ ਹਿੱਲਜੁਲ ਨੇ ਵੀ ਇਹ ਸੰਕੇਤ ਦਿਤੇ ਹਨ ਕਿ ਆਪ ਅੰਦਰ ਸਭ ਕੁਝ ਠੀਕ ਠਾਕ ਨਹੀਂ ਹੈ ।

ਹੁਣ ਨਵੀਂ ਗੱਲ ਇਹ ਹੋਈ ਹੈ ਕਿ ਪੰਜਾਬ ਦੇ ‘ਬਾਬਾ ਬੋਹੜ’  ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਹਰਾਉਣ ਵਾਲ਼ੇ ਗੁਰਮੀਤ ਸਿੰਘ ਖੁਡੀਆ ਨੂੰ ਮੰਤਰੀ ਮੰਡਲ ‘ਚ ਸ਼ਾਮਿਲ ਕਰ ਲਿਆ ਹੈ ਤੇ ਉਨ੍ਹਾਂ ਨੂੰ ਮਹੱਤਵਪੂਰਨ ਮਹਿਕਮਾ ਖੇਤੀਬਾੜੀ ਦੇ ਦਿਤਾ ਹੈ । ਇਸਦੇ ਨਾਲ਼ ਹੀ ਜਲੰਧਰ ਲੋਕ ਸਭਾ ਦੀ ਚੋਣ ਜਿਤਣ ‘ਚ ਸੱਭ ਤੋਂ ਵੱਧ ਹਿੱਸਾ ਪਾਉਣ ਵਾਲ਼ੇ ਕਰਤਾਰਪੁਰ ਦੇ ਆਪ ਵਿਧਾਇਕ ਬਲਕਾਰ ਸਿੰਘ ਨੂੰ ਇਨਾਮ ਦੇ ਤੌਰ ‘ਤੇ ਮੰਤਰੀ ਹੀ ਨਹੀਂ ਬਣਾਇਆ ਸਗੋਂ ਬਹੁਤ ਹੀ ਮਹੱਤਵਪੂਰਨ  ਸਥਾਨਕ ਸਰਕਾਰਾਂ ਮਹਿਕਮਾ ਵੀ ਦੇ ਦਿਤਾ । ਮਾਨ ਸਰਕਾਰ ਪੰਜਾਬ ਦੀਆਂ ਨਗਰ ਨਿਗਮਾਂ ਤੇ ਨਗਰ ਪਾਲਕਾਂ ਦੀਆਂ ਚੋਣਾਂ ਲਈ ਤਿਆਰੀ ਕਰਨ ਲੱਗ ਪਈ ਹੈ । ਅੱਜ ਸਰਕਾਰ ਨੇ 66 ਮਾਰਕਿਟ ਕਮੇਟੀਆਂ ਦੇ ਚੇਅਰਮੈਨ ਵੀ ਲਾ ਦਿਤੇ ਹਨ । ਵੈਸੇ ਇਕ ਗੱਲ ਨਹੀਂ ਸਮਝ ਆ ਰਹੀ ਕਿ ਕਿਸੇ ਮੰਤਰੀ ਕੋਲ਼  ਪੰਜ -ਪੰਜ ਵਿਭਾਗ ਹਨ ਤੇ ਉਧਰ ਹੁਣ ਵੀ ਦੋ ਸੀਟਾਂ ਮੰਤਰੀ ਮੰਡਲ ‘ਚ ਖਾਲੀ ਪਈਆਂ ਹਨ । ਹੁਣ ਮਾਨ ਸਮੇਤ ਕੁਲ 16 ਮੰਤਰੀ ਹਨ ।

ਜਦੋਂ ਵਾਰ-ਵਾਰ ਮੰਤਰੀ ਬਦਲੇ ਜਾਣ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਜਾਂ ਤਾਂ ਮੁੱਖ ਮੰਤਰੀ ਬਦਲੇ ਜਾਣ ਵਾਲ਼ੇ ਮੰਤਰੀਆਂ ਤੋਂ ਖੁਸ਼ ਨਹੀਂ ਹਨ ਜਾਂ ਫਿਰ ਉਲਟ  ਹੈ । ਇੰਜ ਫਟਾਫਟ ਤਬਦੀਲੀ ਮਹਿਕਮੇ ਦੇ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਤੇ ਜਿਸ ਦਾ ਸਿਧਾ ਅਸਰ ਆਮ ਲੋਕਾਂ ‘ਤੇ ਪੈਂਦਾ ਹੈ । ਜਿਹੜੇ ਮੰਤਰੀ ਕੋਲ਼ੋ ਵਿਭਾਗ ਖੋਹੇ ਗਏ ਨੇ ਤੇ ਜੋ ਮੰਤਰੀ ਅਸਤੀਫ਼ਾ ਦੇ ਗਿਆ ਹੈ ਕੀ ਉਨ੍ਹਾਂ ਨੂੰ ਇਹ ਸਭ ਕੁਝ ਸਹਿਜ ਸੁਭਾ ਪਚ ਜਾਵੇਗਾ ? ਕੀ ਉਨ੍ਹਾਂ ਦੇ ਸਾਥੀ ਇਸ ਫ਼ੈਸਲੇ ਨੂੰ ਸਹਿਜ ਸੁਭਾ ਮੰਨ ਲੈਣਗੇ ? ਇਹ ਦੋਵੇਂ ਹੀ ਮਾਝੇ ਦੇ ਮਝੈਲ ਹਨ । ਇਨ੍ਹਾਂ ਤੋਂ ਪਹਿਲਾਂ ਮਾਝੇ ‘ਚੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਪਾਰਟੀ ਨਾਲ਼ ਨਰਾਜ਼ ਚੱਲ ਰਹੇ ਹਨ ।  ਇਹ ਸਿਰਫ਼ ਆਸ ਹੀ ਕੀਤੀ ਜਾ ਸਕਦੀ ਹੈ ਕਿ ਭਵਿਖ ‘ਚ ਹੁਣ ਲੰਮਾ ਸਮਾਂ ਮੰਤਰੀਆਂ ਨੂੰ ਕੰਮ ਕਰਨ ਦੇ ਮੌਕੇ ਮਿਲਣਗੇ ਤੇ ਲੋਕਾਂ ਦੇ ਤੇ ਵਿਕਾਸ ਦੇ ਕੰਮਾਂ ‘ਚ ਤੇਜ਼ੀ ਆਵੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button