EDITORIAL

ਮਾਨ ਦੇ ਵਾਅਦੇ ਬਣੇ ਵਿਵਾਦ

77 ਤੋਂ 18 , 92 ਤੋਂ 29

ਅਮਰਜੀਤ ਸਿੰਘ ਵੜੈਚ (94178-01988) 

ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ‘ਆਪ’ ਦੀ ਸਰਕਾਰ 16 ਮਾਰਚ, ਸੌਂਹ-ਚੁੱਕ ਸਮਾਗਮ ਤੋਂ ਹੀ ਵਿਵਾਦਾਂ ‘ਚ ਘਿਰਦੀ ਆ ਰਹੀ ਹੈ ; ਵੈਸੇ ਤਾਂ ਚੋਣਾਂ ਤੋਂ ਪਹਿਲਾਂ ਹੀ ‘ਆਪ’ ਵੱਲੋਂ ਮੁੱਖ-ਮੰਤਰੀ ਦਾ ਚਿਹਰਾ ਐਲਾਨਣ ਤੋਂ ਹੀ ਪਾਰਟੀ ‘ਚ ਰੇੜਕਾ ਪੈ ਗਿਆ ਸੀ। ਪੰਜਾਬ ਸਰਕਾਰ ਦੇ ਮੌਜੂਦਾ ਮੰਤਰੀ ਮੰਡਲ ਵਿੱਚ ਮੁੱਖ-ਮੰਤਰੀ ਭਗਵੰਤ ਮਾਨ ਸਮੇਤ ਸਾਰੇ ਹੀ ਮੰਤਰੀ ਪਲੇਠੀ ਵਾਰ ਮੰਤਰੀ ਬਣੇ ਹਨ ਤੇ ਇਨ੍ਹਾਂ ਚੋਂ ਵੀ ਬਹੁਤੇ ਮੁੱਖ-ਮੰਤਰੀ ਸਮੇਤ ਵਿਧਾਇਕ ਵੀ ਪਹਿਲੀ ਵਾਰ ਹੀ ਬਣੇ ਹਨ। ਮੰਤਰੀ ਮੰਡਲ ‘ਚ ਹਰਪਾਲ ਚੀਮਾ, ਅਮਨ ਅਰੋੜਾ ਤੇ ਗੁਰਮੀਤ ਹੇਅਰ ਤਿੰਨ ਹੀ ਵਿਧਾਇਕ ਹਨ ਜੋ ਦੂਜੀ ਵਾਰ ਵਿਧਾਇਕ ਬਣੇ ਹਨ; ਇਨ੍ਹਾਂ ਤਿੰਨਾ ਵਿਧਾਇਕਾਂ ਨੂੰ ਪਿਛਲੀਆਂ ਕੈਪਟਨ ਤੇ ਚੰਨੀ ਸਰਕਾਰਾਂ ‘ਚ ਵੱਖ-ਵੱਖ ਕਮੇਟੀਆਂ ਦੇ ਮੈਂਬਰ ਰਹਿਣ ਦਾ ਤਜਰਬਾ ਹੈ ਪਰ ਬਾਕੀ ਕਿਸੇ ਨੂੰ ਸੈਕਰੇਟੇਰੀਏਟ ‘ਚ ਸਰਕਾਰੀ ਕੰਮ-ਕਾਜ ਦਾ ਕੋਈ ਭੇਦ ਨਹੀਂ ਹੈ। ਸਰਕਾਰ ਵੱਲੋਂ ਹਾਲੇ ਵੀ ਤਿੰਨ ਮੰਤਰੀਆਂ ਦੀਆਂ ਸੀਟਾਂ ਖਾਲੀ ਰੱਖਣ ‘ਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ।

ਹਾਲ ਹੀ ਵਿੱਚ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਡਾ: ਰਾਜ ਬਹਾਦੁਰ ਨਾਲ਼ ਕੀਤੇ ‘ਸਲੂਕ’ ਦੀ ਚਰਚਾ ਨੇ ਇਕ ਵਾਰ ਫਿਰ ਮਾਨ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਕੰਮ ਕਰਨ ਦੇ ਸਟਾਇਲ ਤੇ ਸਵਾਲ ਖੜ੍ਹੇ ਕਰ ਦਿਤੇ ਹਨ  ; ਹਾਲੇ ਸਰਕਾਰ ਬਣਿਆਂ ਨੂੰ ਸਿਰਫ਼ ਸਾਢੇ ਚਾਰ ਮਹੀਨੇ ਹੀ ਹੋਏ ਹਨ। ਪਹਿਲਾਂ ਸੌਂਹ ਚੁੱਕ ਸਮਾਗਮ ‘ਤੇ ਇਕੱਲੇ ਮੁੱਖ-ਮੰਤਰੀ ਵੱਲੋਂ ਹੀ ਸੌਂਹ ਚੁੱਕਣ ‘ਤੇ ਢਾਈ ਕਰੋੜ ਤੋਂ ਵੱਧ ਖਰਚਾ ਕਰਨਾ, ਉਸ ਮਗਰੋਂ ਫਿਰ ਸਿਰਫ਼ ਕੁਝ ਮੰਤਰੀਆਂ ਨੂੰ ਹੀ ਸੌਂਹ ਚੁਕਾਉਣਾ , ਦੋ ਵਾਰ ਬਣੇ ਵਿਧਾਇਕਾਂ ਨੂੰ ਨਜ਼ਰ ਅੰਦਾਜ਼ ਕਰਨਾ, ਪੰਜਾਬ ਸਰਕਾਰ ਦੇ ਗੁਜਰਾਤ ਤੇ ਰਾਜਿਸਥਾਨ ਦੇ ਮੀਡੀਆ ‘ਚ ਕਰੋੜਾਂ ਦੇ ਇਸ਼ਤਿਹਾਰ ਦੇਣਾ, ਪੰਜਾਬ ‘ਚ 20 ਦਿਨਾਂ ‘ਚ ਭਗਵੰਤ ਮਾਨ ਵੱਲੋਂ ਰਿਸ਼ਵਤ ਖਤਮ ਕਰਨ ਦਾ ਕੇਜਰੀਵਾਲ ਦਾ ਗੁਜਰਾਤ ਦੌਰੇ ਦੌਰਾਨ ਕੀਤਾ ਦਾਅਵਾ, ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ ਭਗਵੰਤ ਮਾਨ ਦਾ ਪਹਿਲੀ ਕੈਬਨਿਟ ਮੀਟਿੰਗ ‘ਚ  ‘ਹਰੇ ਪੈੱਨ’ ਨਾਲ਼  ਫ਼ੈਸਲਾ ਕਰਨ ਦਾ ਵਾਅਦਾ ਤੇ ਇਸੇ ਤਰ੍ਹਾਂ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੇ ਵਾਅਦੇ ਆਦਿ ਵਿਵਾਦਾਂ ‘ਚ  ਹਨ।

ਸ਼ੁਤਰਾਣਾ ਤੋਂ ਕੁਲਵੰਤ ਸਿੰਘ ਬਾਜ਼ੀਗਰ ‘ਤੇ ਰਮਨ ਅਰੋੜਾ, ਜਲੰਧਰ ਕੇਂਦਰੀ ਦੇ ਵਿਧਾਇਕਾਂ ਵੱਲੋਂ ਸੌਂਹ ਚੁੱਕਣ ਤੋਂ ਪਹਿਲਾਂ ਹੀ ਵਿਭਾਗਾਂ ‘ਚ ਛਾਪੇ ਮਾਰਨਾ ਵੱਡੀ ਚਰਚਾ ਦਾ ਕਰਨ ਬਣਿਆਂ ਸੀ।ਪਿਛਲੇ ਮਹੀਨੇ ਲੁਧਿਆਣਾ ਦੱਖਣੀ ਦੇ ਵਿਧਾਇਕ ਰਾਜਿੰਦਰਪਾਲ ਕੌਰ ਦਾ ਲੁਧਿਆਣੇ ਦੇ ਇਕ ਆਈਪੀਐੱਸ ਅਫ਼ਸਰ ਨਾਲ, ਪੁਲਿਸ ਵੱਲੋਂ ਵਿਧਾਇਕ ਦੇ ਹਲਕੇ ‘ਚ ਬਿਨਾਂ ਵਿਧਾਇਕਾ ਦੀ ਸੂਚਨਾ ਤੋਂ, ਛਾਪੇ ਮਾਰਨ ਤੇ ਹੋਈ ਤਕਰਾਰ, ਫਿਰ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਡੀਸੀ ਜਲੰਧਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਫ਼ੇਸਬੁੱਕ ਤੇ ਲਾਈਵ ਹੋਕੇ ਰਿਸ਼ਵਤ ਦੇ ਦੋਸ਼ ਤੇ ਫਿਰ ਮਾਫ਼ੀ ਮੰਗਣੀ ਚਰਚਾ ‘ਚ ਰਹੀ ਹੈ। ਸਰਕਾਰ ਵੱਲੋਂ ਆਪਣੇ  ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖ਼ਾਸਤ ਕਰਕੇ ਗ੍ਰਿਫ਼ਤਾਰ  ਕਰਵਾ ਦੇਣ ਦੀ ਘਟਨਾਂ ਨੇ ਲੋਕਾਂ ਨੂੰ ਹੈਰਾਨ ਕੀਤਾ ਸੀ । ਹੁਣ ਰਾਘਵ ਚੱਢਾ,ਮੈਂਬਰ ਰਾਜਸਭਾ ਨੂੰ ਪੰਜਾਬ ਦੀ ਅਸਥਾਈ ਸਲਾਹਕਾਰ ਕਮੇਟੀ ਦਾ ਚੇਅਰਮੈਨ ਥਾਪਣਾ ਵੀ ਮਾਨ ਸਰਕਾਰ ਲਈ ਗਲ਼ੇ ਦ‌ੀ ਹੱਡੀ ਬਣਿਆ ਹੋਇਆ ਹੈ।

ਕੈਪਟਨ ਸਰਕਾਰ ਦੇ ਅਖੀਰਲੇ ਦਿਨਾਂ ‘ਚ ਹੀ ਗੈਂਗਸਟਰਾਂ ਦ‌ੀ ਖਹਿਬਾਜ਼‌ੀ ਸ਼ੁਰੂ ਹੋ ਗਈ ਸੀ ਜੋ ਚੰਨੀ ਸਰਕਾਰ ਵੇਲ਼ੇ ਜ਼ੋਰ ਫੜ ਗਈ ਸੀ। ਹੁਣ ਪਹਿਲਾਂ ਨਕੋਦਰ ‘ਚ ਕਬੱਡੀ ਖਿਡਾਰੀ ਸੰਦੀਪ ਦੇ ਤੇ ਫਿਰ ਪ੍ਰਸਿਧ ਪੰਜਾਬੀ ਗਾਇਕ ਸਿਧੂ ਮੂਸੇਵਾਲ਼ਾ ਦੇ ਕਤਲਾਂ ਮਗਰੋਂ ਪੰਜਾਬ ‘ਚ ਗੈਂਗਸਟਰਾਂ ਦੀ ਵਧੀ ਦਹਿਸ਼ਤ ਕਾਰਨ ਸਰਕਾਰ ਦੇ ਕੰਮ ਕਰਨ ‘ਤੇ ਸਵਾਲ ਉਠਣੇ ਜ਼ਰੂਰ‌ੀ ਹਨ । ਕਈ ਲੀਡਰਾਂ, ਪੁਲਿਸ ਅਫ਼ਸਰਾਂ  ਤੇ ਵਪਾਰੀਆਂ ਨੂੰ ਗੈਂਗਸਟਰਾਂ ਵੱਲੋਂ ਮਿਲ਼ ਰਹੀਆਂ ਜਾਨੋ ਮਾਰਨ ਦੀਆਂ ਧਮਕੀਆਂ ਤੇ ਹੁਣ  ਮਲੇਰਕੋਟਲਾ ‘ਚ ਇਕ ਮਿਉਸਪਲ ਕੌਂਸਲਰ ਦੀ ਹੱਤਿਆ ਨੇ ਆਮ ਲੋਕਾਂ ‘ਚ ਸਹਿਮ ਦੀ ਸਥਿਤੀ ਪੈਦਾ ਕਰ ਦਿੱਤਾ ਹੈ ।

ਸਰਕਾਰ ਵੱਲੋਂ ਅਚਾਨਕ ਮੋਟਰ-ਰੇਹੜੀਆਂ ਬੰਦ ਕਰ ਦੇਣਾ ਤੇ ਫਿਰ ਦਬਾਓ ਵਧਣ ਤੇ ਹੁਕਮ ਵਾਪਸ ਲੈਣੇ,ਬੇਅਦਬੀ ਦੇ ਮਾਮਲੇ ਦੇ ਮਸਲੇ ਨੂੰ ਖਿਚਣ ਦੀ ਮਨਸ਼ਾ,ਡੀਜੀਪੀ ਬਦਲਣਾ,ਏਜੀ ਬਦਲਣੇ, ਨਵੇਂ ਏਜੀ ਘਈ ਦੀ ਨਿਯੁਕਤੀ ‘ਤੇ ਉੱਠੇ ਸਵਾਲ,ਬਿਜਲੀ ਮੁਫ਼ਤ ਦੇਣ ਲਈ ਵਾਰ-ਵਾਰ ਸ਼ਰਤਾਂ ਬਦਲਣੀਆਂ,ਔਰਤਾਂ ਨੂੰ ਹਜ਼ਾਰ ਰੁਪੱਈਆ ਪ੍ਰਤੀ ਮਹੀਨਾ ਦੇਣ ਦੇ ਅਮਲ ਨੂੰ ਅੱਗੇ ਪਾਉਣਾ , ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਛੁਡਵਾਉਣ ਲਈ ਪੱਖਪਾਤ ਵਰਤਣਾ ,ਰਾਜਸਭਾ ਲਈ ਗ਼ੈਰ ਪੰਜਾਬੀ ਵਿਅਕਤੀਆਂ ਦੀ ਚੋਣ ਆਦਿ  ਕਾਰਵਾਈਆਂ ਲੋਕਾਂ ਦੇ ਗਲ਼ੇ ਹੇਠ ਨਹੀਂ ਉਤਰੀਆਂ।

ਵੀਸੀ ਨਾਲ਼ ਹੋਈ ਘਟਨਾ ਨੇ ਸਿਸਟਮ ਦੀਆਂ ਖਾਮੀਆਂ ਨੂੰ ਨੰਗਿਆਂ ਕਰ ਦਿਤਾ ਹੈ ; ਕਈ ਲੋਕਾਂ ਅਤੇ ‘ਆਪ’ ਲੀਡਰਾਂ ਦਾ ਤਰਕ ਹੈ ਕਿ ਜਿਸ ਬੈੱਡ ‘ਤੇ ਮਰੀਜ਼ 10-10 ਦਿਨ ਸੌਂ ਸਕਦਾ ਹੈ ਓਥੇ ਵੀਸ‌ੀ  ਸਿਰਫ਼ ਦੋ ਸੈਕਿੰਡ ਪੈ ਗਿਆ ਤਾਂ ਕੀ ਪਹਾੜ ਟੁੱਟ ਗਿਆ । ਦੂਜੇ ਬੰਨੇ ਵੀਸੀ ਦੇ ਹਮਾਇਤੀਆਂ ਦਾ ਤਰਕ ਹੈ ਕਿ ਵੀਸੀ ਨਾਲ਼ ਸੱਭ ਦੇ  ਸਾਹਮਣੇ  ਹੱਤਕ ਵਾਲ਼ਾ ਵਿਹਾਰ ਕਰਨਾ ਠੀਕ ਨਹੀਂ ਸੀ,ਇਕ ਵੱਖਰੀ ਮੀਟਿੰਗ ‘ਚ ਗੱਲ ਕੀਤੀ  ਜਾ ਸਕਦੀ ਸੀ ।

ਲੋਕਾਂ ‘ਤੇ ਕਰਮਚਾਰੀਆਂ ਨੇ ਵੀਸੀ ਉਪਰ ਮਰੀਜ਼ਾਂ ਨਾਲ਼ ਗ਼ਲਤ ਵਿਹਾਰ ਤੇ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲਾਏ ਹਨ ਪਰ ਮੁੱਖ-ਮੰਤਰੀ ਨੇ ਵੀਸੀ ਦੀ ਰੱਜਕੇ ਤਰੀਫ਼ ਕੀਤ‌ੀ ਹੈ ਤੇ ਇਹ ਵੀ ਖ਼ਬਰਾਂ ਹਨ ਕਿ ਮੁੱਖ ਮੰਤਰੀ ਸਿਹਤ ਮੰਤਰੀ ਦੇ ਵਤੀਰੇ ਤੋਂ ਖ਼ਫਾ ਹਨ ; ਮਾਨ ਨੇ ਇਹ ਵੀ ਕਿਹਾ  “ਮਾਮਲੇ ਨੂੰ ਵਧੀਆ ਤਰੀਕੇ ਨਾਲ਼ ਹੈਂਡਲ ਕੀਤਾ ਜਾ ਸਕਦਾ ਸੀ “। ਪਾਰਟੀ ਆਪ ਹੀ ਇਸ ਮੁੱਦੇ ‘ਤੇ ਦੋ  ਹਿੱਸਿਆਂ ‘ਚ ਵੰਡੀ ਹੋਈ ਹੈ : ਮੁੱਖ ਮੰਤਰੀ ਕੁਝ ਹੋਰ ਕਹਿ ਰਹੇ ਹਨ ‘ਤੇ ਲੀਡਰ ਤੇ ਕੁਝ ਹੋਰ।  ਖ਼ੈਰ ! ਦੋਵੇਂ ਧਿਰਾਂ ਆਪੋ ਆਪਣੀ ਥਾਂ ‘ਤੇ ਠੀਕ ਹਨ ਪਰ ਇਕ ਮੰਤਰੀ ਨੂੰ ਇਕ ਵੀਸੀ ਦੇ ਅਹੁਦੇ ਦੀ ਅਹਿਮੀਅਤ ਦਾ ਖ਼ਿਆਲ ਰੱਖਣਾ ਚਾਹਦਾ ਸੀ । ਹਾਂ ਜੇਕਰ ਉਸ ਦੀ ਕਾਰਗਜ਼ਾਰੀ ਸ਼ੱਕ ਦੇ ਘੇਰੇ ‘ਚ ਹੈ ਤਾਂ ਉਸ ਲਈ ਹੋਰ ਪ੍ਰਸ਼ਾਸਕੀ ਢੰਗ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਵੀਸੀ ‘ਤੇ ਕਾਰਵਾਈ ਲਈ ਚਾਂਸਲਰ/ਰਾਜਪਾਲ, ਪੰਜਾਬ ਨੂੰ ਸਿਫ਼ਾਰਿਸ਼ ਕੀਤੀ ਜਾ ਸਕਦੀ ਸੀ।

‘ਆਪ’ ਕੋਲ 92 ਵਿਧਾਇਕਾਂ ਨਾਲ ਓਸੇ ਤਰ੍ਹਾਂ ਦਾ ਪੂਰਨ ਬਹੁਮਤ ਹੈ ਜਿਸ ਤਰ੍ਹਾਂ ਦਾ ਕੇਂਦਰ ਵਿੱਚ ਬੀਜੇਪੀ ਕੋਲ ਹੈ ; ਬੀਜੇਪੀ ‘ਤੇ ਇਸ ਲੋੜ ਤੋਂ ਵੱਧ ਬਹੁਮੱਤ ਹੋਣ ਕਾਰਨ ਆਪ-ਹੁਦਰੀਆਂ ਕਰਨ ਦੇ ਦੋਸ਼ ਲੱਗਦੇ ਹੀ ਰਹਿੰਦੇ ਹਨ । ਜੇ ‘ਆਪ’ ਸਹਿਜ ‘ਤੇ ਸਬਰ ਨਾਲ ਚੱਲੇਗੀ ਤਾਂ ਪੰਜਾਬ  ਦੇ ਲੋਕਾਂ ਦਾ ਵਿਸ਼ਵਾਸ ਜਿਤ ਲਵੇਗੀ ਪਰ ਜੇ ਏਸੇ ਤਰ੍ਹਾਂ ਗ਼ਲਤੀਆਂ ਹੁੰਦੀਆਂ ਰਹੀਆਂ ਤਾਂ ਫਿਰ 2027 ‘ਚ 92 ਦਾ ਅੰਕੜਾ 29 ਵੀ ਬਣ ਸਕਦਾ ਹੈ  ਜਿਵੇਂ ਕਾਂਗਰਸ ਪਾਰਟੀ 77 ਤੋਂ 18 ਤੇ ਸਿਮਟ ਗਈ ਹੈ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button