ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਦਰਜ!

ਅਮਰੀਕਾ ਵਿੱਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕੀ ਵਣਜ ਵਿਭਾਗ ਦੇ ਅੰਤਰਰਾਸ਼ਟਰੀ ਵਪਾਰ ਪ੍ਰਸ਼ਾਸਨ (ਆਈ.ਟੀ.ਏ.) ਦੇ ਅੰਕੜਿਆਂ ਅਨੁਸਾਰ ਇਸ ਸਾਲ ਅਗਸਤ ਮਹੀਨੇ ਵਿਚ ‘ਐੱਫ’ ਅਤੇ ‘ਐੱਮ’ ਸ਼੍ਰੇਣੀ ਦੇ ਵੀਜ਼ਿਆਂ ‘ਤੇ ਅਮਰੀਕਾ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 39 ਫੀਸਦੀ ਦੀ ਗਿਰਾਵਟ ਆਈ ਹੈ। ਸਾਲ 2020 ਦੀ ਕੋਰੋਨਾ ਮਹਾਮਾਰੀ ਤੋਂ ਬਾਅਦ ਅਗਸਤ ਮਹੀਨੇ ਵਿਚ ਅਮਰੀਕਾ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ।ਇਸ ਸਾਲ ਅਗਸਤ ਵਿਚ 25,321 ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ, ਜਦੋਂ ਕਿ ਪਿਛਲੇ ਸਾਲ ਅਗਸਤ ਵਿਚ ਇਹ ਗਿਣਤੀ 41,540 ਸੀ। ਇਹ ਅੰਕੜਾ ਅਗਸਤ 2023 ਦੇ 93,833 ਵਿਦਿਆਰਥੀਆਂ ਦੇ ਰਿਕਾਰਡ ਪੱਧਰ ਨਾਲੋਂ 73 ਫੀਸਦੀ ਘੱਟ ਹੈ। ਗਿਰਾਵਟ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਦੌਰਾਨ ਅਗਸਤ 2024 ਵਿਚ ਹੋਈ ਸੀ, ਜਦੋਂ ਆਮਦ 20.3 ਫੀਸਦੀ ਘੱਟ ਕੇ 74,825 ਰਹਿ ਗਈ ਸੀ। ਹਾਲਾਂਕਿ, ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਵਿਚ ਇਸ ਵਿਚ ਹੋਰ ਤੇਜ਼ੀ ਆਈ, ਜਿੱਥੇ ਅਗਸਤ 2025 ਵਿਚ 44.5 ਫੀਸਦੀ ਅਤੇ ਇਸ ਸਾਲ ਅਗਸਤ 2026 ਵਿਚ 39 ਫੀਸਦੀ ਦੀ ਹੋਰ ਗਿਰਾਵਟ ਦਰਜ ਕੀਤੀ ਗਈ। ਜੂਨ ਤੋਂ ਸਤੰਬਰ ਦਰਮਿਆਨ ਕੁੱਲ 53,714 ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚੇ, ਜੋ ਕਿ 2025 ਦੇ ਮੁਕਾਬਲੇ 28.2 ਫੀਸਦੀ ਅਤੇ 2024 ਦੇ ਮੁਕਾਬਲੇ 59.7 ਫੀਸਦੀ ਘੱਟ ਹੈ। ਹਾਲਾਂਕਿ, ਸਤੰਬਰ ਮਹੀਨੇ ਵਿਚ 12,285 ਐਂਟਰੀਆਂ ਨਾਲ 5 ਫੀਸਦੀ ਦਾ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ।
ਇੱਕ ਰਿਪੋਰਟ ਅਨੁਸਾਰ ਭਾਰਤੀ ਬਿਨੈਕਾਰਾਂ ਲਈ ਐੱਫ-1 ਵੀਜ਼ਾ ਰੱਦ ਹੋਣ ਦੀ ਦਰ ਵਿੱਤੀ ਸਾਲ 2023 ਵਿਚ 36 ਫੀਸਦੀ ਸੀ, ਜੋ 2024 ਵਿਚ ਵਧ ਕੇ 53 ਫੀਸਦੀ ਅਤੇ 2025 ਵਿਚ 61 ਫੀਸਦੀ ਤੱਕ ਪਹੁੰਚ ਗਈ। ਭਾਰਤ ਦੇ ਵਿਦੇਸ਼ ਮੰਤਰਾਲੇ ਦੁਆਰਾ ਰਾਜ ਸਭਾ ਵਿਚ ਦਿੱਤੇ ਜਵਾਬ ਅਨੁਸਾਰ, ਜੂਨ-ਜੁਲਾਈ 2025 ਦੌਰਾਨ ਅਮਰੀਕਾ ਨੇ ਭਾਰਤੀ ਨਾਗਰਿਕਾਂ ਨੂੰ 12,776 ਐੱਫ-1 ਵੀਜ਼ੇ ਜਾਰੀ ਕੀਤੇ ਸਨ, ਜੋ ਪਿਛਲੇ ਸਾਲ ਦੀ ਇਸੇ ਮਿਆਦ (41,336) ਨਾਲੋਂ 69.1 ਫੀਸਦੀ ਘੱਟ ਸਨ।
ਵਿਦੇਸ਼ੀ ਪੜ੍ਹਾਈ ਦੇ ਮਾਹਰਾਂ ਅਨੁਸਾਰ ਅਮਰੀਕੀ ਵੀਜ਼ਾ ਨੀਤੀਆਂ ਵਿਚ ਅਨਿਸ਼ਚਿਤਤਾ ਅਤੇ ਵਧ ਰਹੇ ਖਰਚੇ ਇਸ ਗਿਰਾਵਟ ਦਾ ਮੁੱਖ ਕਾਰਨ ਹਨ। ਅਮਰੀਕੀ ਵਿਦੇਸ਼ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੀਜ਼ਾ ਬਿਨੈਕਾਰਾਂ ਲਈ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਜਨਤਕ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ (ਡੀ.ਐੱਚ.ਐੱਸ.) ਨੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ (ਓ.ਪੀ.ਟੀ.) ਲਈ ਵਿਦਿਅਕ ਅਦਾਰਿਆਂ ‘ਤੇ ਪ੍ਰਤੀ ਵਿਦਿਆਰਥੀ 70,000 ਡਾਲਰ ਅਤੇ ਵਾਧੂ ਮਿਆਦ ਲਈ 30,000 ਡਾਲਰ ਫੀਸ ਲਗਾਉਣ ਦੀ ਤਜਵੀਜ਼ ਰੱਖੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਮਰੀਕਾ ਵਿਚ ਰਹਿਣ ਦੀ ਮਿਆਦ 4 ਸਾਲ ਤੱਕ ਸੀਮਤ ਕਰਨ ਵਾਲੇ ਨਿਯਮ ‘ਤੇ ਮੈਸਾਚੂਸੇਟਸ ਦੀ ਸੰਘੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ, ਜਿਸ ਵਿਰੁੱਧ ਸਰਕਾਰ ਨੇ ਅਪੀਲ ਕੀਤੀ ਹੈ। ਵੀਜ਼ਾ ਸਟੈਂਪਿੰਗ ਲਈ ਅਪਾਇੰਟਮੈਂਟਾਂ ਨਾ ਮਿਲਣ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਉਤਾਰ-ਚੜ੍ਹਾਅ ਕਾਰਨ ਕਈ ਪਰਿਵਾਰ ਆਪਣੇ ਫੈਸਲਿਆਂ ‘ਤੇ ਮੁੜ ਵਿਚਾਰ ਕਰ ਰਹੇ ਹਨ।
ਅਮਰੀਕੀ ਨੀਤੀਆਂ ਵਿਚ ਅਸਥਿਰਤਾ ਅਤੇ ਪੜ੍ਹਾਈ ਤੋਂ ਬਾਅਦ ਰੋਜ਼ਗਾਰ ਦੇ ਅਨਿਸ਼ਚਿਤ ਭਵਿੱਖ ਨੂੰ ਦੇਖਦਿਆਂ ਭਾਰਤੀ ਵਿਦਿਆਰਥੀ ਹੁਣ ਜਰਮਨੀ, ਨੀਦਰਲੈਂਡਜ਼, ਫਰਾਂਸ, ਸਪੇਨ, ਸਿੰਗਾਪੁਰ, ਹਾਂਗਕਾਂਗ ਅਤੇ ਜਾਪਾਨ ਵਰਗੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਕਈ ਵਿਦਿਆਰਥੀ ਭਾਰਤ ਦੀਆਂ ਨਿੱਜੀ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਜਾਂ ਵੀਜ਼ਾ ਨਿਯਮ ਸਪੱਸ਼ਟ ਹੋਣ ਤੱਕ ਆਪਣੀ ਯਾਤਰਾ ਮੁਲਤਵੀ ਕਰਨ ਨੂੰ ਪਹਿਲ ਦੇ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




