EDITORIAL

ਪੰਜਾਬ – ਦਿੱਲੀ ਸਮਝੌਤੇ ‘ਤੇ ਸ਼ੱਕ ਕਿਉਂ?

ਅਮਰਜੀਤ ਸਿੰਘ ਵੜੈਚ (9417801988)

ਪੰਜਾਬ ਅਤੇ ਦਿੱਲੀ ਸਰਕਾਰਾਂ ਨੇ ਆਪਸ ‘ਚ  ‘ਸਿਆਣਪ ਸਾਂਝੀ” ਕਰਨ ਦਾ ਸਮਝੌਤਾ ਕੀਤਾ ਹੈ। ਜਿਸ ਵਿੱਚ ਇਹ ਸਪੱਸ਼ਟ ਲਿਖਿਆ ਹੈ ਕਿ  ਇਸ ਸਮਝੌਤੇ ਅਨੁਸਾਰ ਦੋਨਾਂ ਸਰਕਾਰਾ ਦੇ ਅਧਿਕਾਰੀ, ਮੰਤਰੀ ਅਤੇ ਹੋਰ ਕਰਮਚਾਰੀ ਸਿਆਣਪ ,ਤਜੁਰਬਾ ਅਤੇ ਹੁਨਰ ਸਾਂਝਾ ਕਰਨ ਲਈ ਦਿੱਲੀ ਭੇਜੇ ਜਾ ਸਕਦੇ ਹਨ ਜਾਂ  ਦਿੱਲੀ ਵਾਲਿਆਂ ਨੂੰ ਜੀ ਆਇਆ ਕਿਹਾ ਜਾ ਸਕਦਾ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਨਵਾਂ ‘ਤੇ ਵਿਲੱਖਣ ਬਾਬ ਜੁੜ ਗਿਆ ਹੈ। ਪੰਜਾਬ ਦੀ ਆਪ ਸਰਕਾਰ ਪੰਜਾਬ ਨੂੰ ਵਧੀਆ ਬਣਾਉਣ ਲਈ ਦਿੱਲੀ ਦੇ ਮਾਡਲ ਅਪਣਾਉਣਾ ਚਾਹੁੰਦੀ ਹੈ। ਜੋ ਕੁਝ ਵੀ ਚੰਗਾ ਜਿਥੋਂ ਵੀ ਮਿਲ ਜਾਵੇ ਅਪਣਾ ਲੈਣਾ ਚਾਹੀਦਾ ਹੈ ਪਰ ਇਹ ਵੀ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ ਕਿ ਜਦੋਂ ਫਿਰ ਵਧੀਆ ਦੀ ਗੱਲ ਹੋਵੇ ਤਾਂ ਫਿਰ ਵਧੀਆ ਲੱਭਣ ਦਾ ਦਾਇਰਾ ਵੀ ਵੱਡਾ ਹੋਣਾ ਚਾਹੀਦਾ ਹੈ।

ਆਮ ਲੋਕਾਂ ਨੂੰ ਇਹ ਗੱਲ ਤਾਂ ਵਧੀਆ ਲੱਗੀ ਹੈ ਕਿ ਮਾਨ ਸਰਕਾਰ ਪੰਜਾਬ ਲਈ ਜਿਹੜੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਈ ਹੈ ਉਨ੍ਹਾਂ ਨੂੰ ਸਾਕਾਰ ਕਰਨ ਲਈ ਵੀ ਤਤਪਰ ਹੈ ਪਰ ਸਵਾਲ ਇਹ ਉਠਦਾ ਹੈ ਕਿ ਫਿਰ ਸਿਰਫ਼ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਦੇ ਮਾਡਲ ਹੀ ਕਿਉਂ ? ਕਿਉਂ ਨਹੀਂ ਮਾਨ ਸਰਕਾਰ ਸਿੱਖਿਆ, ਸਿਹਤ, ਖੇਤੀ, ਉਦਯੋਗ, ਸਿਖਲਾਈ, ਪੁਲਿਸ,ਪ੍ਰਸ਼ਾਸਨ ਆਦਿ ਵਿੱਚ ਬਦਲਾਅ ਲਿਆਉਣ ਲਈ ਵਿਸ਼ਵ ਪੱਧਰ ਦੇ ਸਫ਼ਲ ਮਾਡਲ ਅਪਣਾਉਂਦੀ ?

ਪੰਜਾਬ ਸਰਕਾਰ ਦੇ ਇਸ ਸਮਝੌਤੇ ‘ਤੇ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਬੀਜੇਪੀ ਅਤੇ ਐੱਸਐੱਸਐੱਮ ਨੇ ਆਪੋ-ਆਪਣੀਆਂ ਤੋਪਾ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਨ: ਅਕਾਲੀ ਦਲ ਅਤੇ ਕਾਂਗਰਸ ਨੇ ਤਾਂ ਕਹਿ ਦਿੱਤਾ ਹੈ ਕਿ ਦਿੱਲੀ ਸਰਕਾਰ ਦੇ ਪੰਜਾਬ ਵਿੱਚ ਦਖਲ ਨੂੰ ਸਰਕਾਰੀ ਬਣਾਉਣ ਲਈ ਇਹ ਸਮਝੌਤਾ ਕੀਤਾ ਗਿਆ ਹੈ। ਇਨ੍ਹਾਂ ਤਾਅਨਿਆਂ ਦਾ ਕਰਾਰਾ ਜਵਾਬ ਭਗਵੰਤ ਮਾਨ ਹੁਰਾਂ ਵੀ ਮੋੜਵੇਂ ਰੂਪ ‘ਚ ਦੇ ਦਿੱਤਾ ਹੈ, ਮਾਨ ਨੇ ਕਿਹਾ ਬਾਦਲ ਸਰਕਾਰ ਚੀਨ ਗਈ, ਕੈਪਟਨ ਸਰਕਾਰ ‘ਚ ਇਕ ਵਿਦੇਸ਼ਣ ਦੇ ਹੁਕਮਾਂ ‘ਤੇ ਬਦਲੀਆਂ ਹੁੰਦੀਆਂ ਸੀ ਅਤੇ ਸਿੱਧੂ ਦੀ ਪਹਿਚਾਣ ਹੀ ਖ਼ਤਮ ਹੋ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਬਿਜਲੀ ਮੁਫ਼ਤ ਦੇਣ ਲਈ ਦਿੱਲੀ ਦੀ ਰੀਸ ਕੀਤੀ ਗਈ ਉਸ ਵਿੱਚ ਲਾਈਆਂ ਸ਼ਰਤਾਂ, ਜਿਨ੍ਹਾਂ ਦਾ ਚੋਣ ਵਾਅਦਿਆਂ ਵਿੱਚ ਕੋਈ ਜ਼ਿਕਰ ਨਹੀਂ ਸੀ, ਦਾ ਲੋਕਾਂ ਨੇ ਬੁਰਾ ਮਨਾਇਆ ਹੈ। ਹੁਣ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਲਈ ਮਾਨ ਨੇ ਦਿੱਲੀ ਦੀ ਰੀਸ ਕਰਨੀ ਠੀਕ ਸਮਝੀ ਹੈ ਅਤੇ ਹਰੇਕ ਵਿਧਾਨ ਸਭਾ ਹਲਕੇ ‘ਚ ਸਿਰਫ਼ ਇਕ ਇਕ ਦਿੱਲੀ ਮਾਡਲ ‘ਤੇ ਅਧਾਰਿਤ ਸਕੂਲ ਅਤੇ ਮੁਹੱਲਾ ਕਲੀਨਿਕ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ।

ਗੁਜਰਾਤ (Gujrat) ਦਾ ਦੁੱਧ ਉਤਪਾਦਨ ਵਿੱਚ ਸਹਿਕਾਰਤਾ ਦਾ ਵਿਸ਼ਵ ਪੱਧਰ ਦਾ ਰਿਕਾਰਡ ਹੈ। ਜਿਥੇ ਕੇਰਲਾ ਦੇ ਇੰਜਨੀਅਰ ਵਰਘੀਜ਼ ਕੂਰੀਅਨ ਨੇ Operation Flood-Milk Production, (  AMUL-Anand Milk Union Ltd.) ਸਫ਼ਲ ਬਣਾ ਕੇ ਭਾਰਤ ਨੂੰ ਵਿਸ਼ਵ ਦਾ ਦੁੱਧ ਉਤਪਾਦਨ ਵਿੱਚ ਨੰਬਰ ਅਵਲ ‘ਤੇ ਪਹੁੰਚਾ ਦਿੱਤਾ। ਪੜ੍ਹਾਈ ਦੇ ਮਾਮਲੇ ‘ਚ ਕੇਰਲ ਦੇਸ਼ ਦਾ ਸਫਲ ਸੂਬਾ ਹੈ।

ਦੁਨੀਆਂ ਵਿੱਚ ਸਭ ਤੋਂ ਵਧੀਆ ਖੇਤੀ ਸਹਿਕਾਰਤਾ ਲਈ ਇਜ਼ਰਾਈਲ ਦੇ ਕਿਬਿਊਟਜ਼ (Kibbutz), ਸਿੱਖਿਆ ਦੇ ਅੱਵਲ ਮਾਡਲ   ਅਮਰੀਕਾ, ਯੂਕੇ, ਜਰਮਨੀ,ਕੈਨੇਡਾ, ਫਰਾਂਸ, ਸਵਿਟਜ਼ਰਲੈਂਡ, ਜਾਪਾਨ, ਆਸਟਰੇਲੀਆ, ਸਵੀਡਨ ਅਤੇ ਨੀਦਰਲੈਂਡ ਵਿੱਚ ਹਨ। ਦੁਨੀਆਂ ਵਿੱਚ ਉਤਰੀ ਕੋਰੀਆ, ਤਾਇਵਾਨ, ਡੈਨਮਾਰਕ, ਆਸਟਰੀਆ, ਫਰਾਂਸ, ਸਪੇਨ, ਬੈਲਜੀਅਮ ਅਤੇ ਯੂਕੇ ਦੇ ਸਿਹਤ ਸਿਸਟਮ ਉਤਮ ਦਰਜੇ ਦੇ ਮੰਨੇ ਜਾਂਦੇ ਹਨ। ਚੰਗੇ ਮਾਡਲ ਲੱਭਣ ਲਈ ਦਿੱਲੀ ਤੋਂ ਅੱਗੇ ਵੀ ਜਾਣ ਦੀ ਲੋੜ ਹੈ।

ਭਗਵੰਤ ਮਾਨ ਨੇ ਇਹ ਗੱਲ ਦਾਅਵੇ ਨਾਲ ਕਹੀ ਹੈ ਕਿ ਪੰਜਾਬ ਵਿੱਚ ਵਿਸ਼ਵ ਪੱਧਰ ਦੀਆਂ ਮੁਫ਼ਤ ਸਿਹਤ ਸਹੂਲਤਾਂ ਮਿਲਣ ਲੱਗ ਜਾਣਗੀਆਂ ਤਾਂ ਫਿਰ ਇਸ ਲਈ ਮਾਡਲ ਵੀ ਵਿਸ਼ਵ ਦੇ ਹੀ ਅਪਣਾਉਣੇ ਚਾਹੀਦੇ ਹਨ। ਖ਼ੈਰ ! ਇਸ ਐਲਾਨ ਦਾ ਸਵਾਗਤ ਕਰਨਾ ਬਣਦਾ ਹੈ ਪਰ ਵਿਰੋਧੀ ਪਾਰਟੀਆਂ ਨੇ ਪੁੱਛਿਆ ਹੈ ਕਿ ਮਹਾਂਮਾਰੀ ਦੀ ਦੂਸਰੀ ਲਹਿਰ ਦੌਰਾਨ ਦਿੱਲੀ ਦੀਆਂ ਸਿਹਤ ਸਹੂਲਤਾਂ ਕਿਉਂ ਚਰਮਰਾ ਗਈਆਂ ਸਨ ? ਕਿਉਂ ਕਈ ਮਰੀਜ਼ ਆਕਸੀਜਨ ਖਾਤਰ ਪੰਜਾਬ ਵਿੱਚ ਆ ਗਏ ਸਨ?

ਖੈਰ ! ਸਾਨੂੰ ਮਾਨ ਸਰਕਾਰ ਦੇ ਉੱਦਮਾਂ ਦੇ ਰਿਜ਼ਲਟ ਵੇਖਣ ਲਈ ਇੰਤਜ਼ਾਰ ਤਾਂ ਕਰਨਾ ਹੀ ਪਏਗਾ ਹਾਂ ਸਰਕਾਰ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਪਵੇਗਾ ਕਿ ਇਹ ਉਡੀਕ ਕਿਤੇ ਪਹਿਲੀਆਂ ਸਰਕਾਰਾਂ ਵਾਂਗ ਅਗਲੀਆਂ ਚੋਣਾਂ ਤੱਕ ਨਾ ਫੈਲ ਜਾਵੇ। ਸਾਨੂੰ ਦੁਆ ਕਰਨੀ ਚਾਹੀਦੀ ਹੈ ਕਿ ਮੁੱਖ ਮੰਤਰੀ ਦੇ ਦਾਅਵੇ ਸੱਚ ਹੋ ਜਾਣ।

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button