ਅੱਜ ਪੰਜਾਬ ਉਦਾਸ ਹੈ ਪਰ ਹੌਸਲੇ ਬੁਲੰਦ ਨੇ, ਕੇਂਦਰ ਤੇ ਪੰਜਾਬ ‘ਚ ਗ਼ਲਤ ਫ਼ਹਿਮੀਆਂ ਕਿਉਂ ?
ਕਿਸਾਨ ਅੰਦੋਲਨ ਦੇ ਕੰਡੇ ਦੀ ਪੀੜ ?
ਅਮਰਜੀਤ ਸਿੰਘ ਵੜੈਚ (94178-01988)
ਜਦੋਂ ਦੇਸ਼ ਅੱਜ 74ਵਾਂ ਗਣਤੰਤਰ ਦਿਵਸ ਮਾਨ ਰਿਹਾ ਹੈ ਉਸ ਵਕਤ ਪੰਜਾਬ ਉਦਾਸ ਹੈ ਕਿਉਂਕਿ ‘ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ‘ ਅੱਜ ‘ਕਰਤੱਵਿਆ ਪੱਥ ਯਾਨੀ ਰਾਜ ਪੱਥ ‘ਤੇ ਹੋਣ ਵਾਲ਼ੀ ਰਾਸ਼ਟਰੀ ਪ੍ਰੇਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ । ਕੇਂਦਰ ਸਰਕਾਰ ਨੇ ਇਸ ਵਾਰ ਇਸ ਪ੍ਰੇਡ ‘ਚ ਸ਼ਾਮਿਲ ਹੋ ਰਹੀਆਂ ਝਾਕੀਆਂ ‘ਚ ਪੰਜਾਬ ਗ਼ੈਰ-ਹਾਜ਼ਿਰ ਕਰ ਦਿਤਾ ਗਿਆ ਹੈ । ਅੱਜ ਦਾ ਦਿਨ ਇਸ ਕਰਕੇ ਵੀ ਪੰਜਾਬ ਨੂੰ ਉਦਾਸ ਕਰਦਾ ਹੈ ਕਿਉਂਕਿ ਅੱਜ ਦੇ ਦਿਨ ਹੀ 2021 ਨੂੰ ਦਿੱਲੀ ‘ਚ ਕਿਸਾਨਾਂ ਵੱਲੋਂ ਕੱਢੇ ਟ੍ਰੈਕਟਰ ਮਾਰਚ ‘ਚ ਹਿੰਸਾ ਕਰਵਾਈ ਗਈ ਸੀ ਅਤੇ ਪੰਜਾਬ ਤੇ ਖਾਸਕਰ ਸਿਖਾਂ ਨੂੰ ਬਦਨਾਮ ਕਰਨ ਦੀ ਚਾਲ ਚੱਲੀ ਗਈ ਸੀ । ਇਸ ਮਾਰਚ ‘ਚ ਇਕ ਨੌਜਵਾਨ ਸ਼ਹੀਦ ਹੋ ਗਿਆ ਸੀ ਤੇ ਪੁਲਿਸ ਨੇ ਸੈਂਕੜਿਆਂ ‘ਚ ਕਿਸਾਨ ਹਿਰਾਸਤ ‘ਚ ਲੈ ਲਏ ਸਨ ਜਿਨ੍ਹਾਂ ‘ਚੋ ਹਾਲੇ ਵੀ ਬਹੁਤੇ ਕੇਸ ਭੁਗਤ ਰਹੇ ਹਨ ।
ਇਸ ਵਾਰ ਪੰਜਾਬ ਦੀ ਝਾਕੀ ਸ਼ਾਮਿਲ ਨਾ ਕਰਨ ਦੀ ਕੋਈ ਵਜ੍ਹਾ ਨਜ਼ਰ ਨਹੀਂ ਆ ਰਹੀ : ਪੰਜਾਬ ਨੇ ਇਸ ਵਾਰ ਤਿੰਨ ਝਾਕੀਆਂ ਪੰਜਾਬ ਦਾ ਅਤੇ ਇਸ ਦੇ ਕਿਸਾਨਾਂ ਦਾ ਪਿਛਲੇ 75 ਸਾਲਾਂ ‘ਚ ਯੋਗਦਾਨ, ਮਾਈ ਭਾਗੋ ਅਤੇ ਮਸ਼ਹੂਰ ਸਾਰਾਗੜ੍ਹੀ ਦੀ ਲੜਾਈ ਦੇ ਪ੍ਰਸਤਾਵ ਭੇਜੇ ਸਨ । ਪਤਾ ਇਹ ਲੱਗਿਆ ਕਿ ਰੱਖਿਆ ਮੰਤਰਾਲੇ ਨੇ ਇਹ ਤਿਨੋ ਹੀ ਝਾਕੀਆਂ ਦੇ ਪ੍ਰਸਤਾਵ ਸਵੀਕਾਰ ਨਹੀਂ ਕੀਤੇ । ਇਨ੍ਹਾਂ ਮਤਿਆਂ ਨੂੰ ਕਿਉਂ ਸਵੀਕਾਰ ਨਹੀਂ ਕੀਤਾ ਗਿਆ ਇਸ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗਿਆ ਪਰ ਇਕ ਗੱਲ ਜ਼ਰੂਰ ਹੈ ਕਿ ਚੋਣ ਕਮੇਟੀ ਨੂੰ ਪੰਜਾਬ ਦੇ ਇਤਿਹਾਸ ਦਾ ਪਤਾ ਹੀ ਨਹੀਂ ਹੈ ਜਾਂ ਫਿਰ ਕੋਈ ਹੋਰ ਗੁੱਝੀ ਗੱਲ ਹੈ । ਇਸ ਮੁੱਦੇ ‘ਤੇ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਨਿੰਦਾ ਕੀਤੀ ਹੈ।
ਸਿਤੰਬਰ 1897 ਦੀ ਸਾਰਾਗੜ੍ਹੀ ਦੀ ਲੜਾਈ ‘ਚ 36 ਸਿਖ ਰੈਜਮੈਂਟ ਦੇ 21 ਸਿਖ ਫੌਜੀਆਂ ਨੇ ਬਰਿਟਸ਼ ਫੌਜ ਲਈ ਲੜਦਿਆਂ ਅਫ਼ਗਾਨਿਸਤਾਨ ਦੇ ਦਸ ਹਜ਼ਾਰ ਕਾਬਾਇਲੀਆਂ ਦੇ ਛੱਕੇ ਛੁੜਾ ਦਿਤੇ ਸਨ । ਮਾਈ ਭਾਗੋ ਨੂੰ ਪੰਜਾਬ ‘ਚ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਜੋ 40 ਸਿਖ ਮੁੱਗਲਾਂ ਨਾਲ਼ ਟੱਕਰ ਲੈ ਰਹੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ‘ਚ ‘ਬੇਦਾਵਾ ‘ਦੇ ਕੇ ਘਰਾਂ ਨੂੰ ਆ ਗਏ ਸਨ ਉਨ੍ਹਾਂ ਨੂੰ ਮਾਈ ਭਾਗੋ ਨੇ ਮਿਹਣਾ ਮਾਰਿਆ ਸੀ ਕਿ ਉਹ ਹੁਣ ਚੂੜੀਆਂ ਪਾਕੇ ਘਰ ਬਹਿ ਜਾਣ ਅਤੇ ਉਨ੍ਹਾ ਦੀ ਥਾਂ ਸਿਖ ਬੀਬੀਆਂ ਮੁਗਲਾਂ ਨਾਲ਼ ਲੜਾਈ ਲੜਨ ਲਈ ਗੁਰੂ ਦਾ ਸਾਥ ਦੇਣ ਜਾਣਗੀਆਂ । ਇਸ ਮਿਹਣੇ ਨੇ ਉਨ੍ਹਾਂ ਸਿੰਘਾਂ ਦੀਆਂ ਜ਼ਮੀਰਾਂ ਨੂੰ ਝੰਜੋੜ ਦਿਤਾ ਤੇ ਉਹ ਸਿੰਘ ਫਿਰ ਗੁਰੂ ਦਾ ਸਾਥ ਦੇਣ ਲਈ ਗੁਰੂ ਗੋਬਿੰਦ ਸਿੰਘ ਨੂੰ ਮਾਲਵੇ ‘ਚ ਜਾ ਮਿਲ਼ੇ ਜਿਥੇ ਮਾਈ ਭਾਗੋ ਨੇ ਅਗਵਾਈ ਕੀਤੀ ਸੀ ਅਤੇ ਸ਼ਹੀਦੀਆਂ ਪਾਈਆਂ । ਮਾਲਵੇ ‘ਚ ਖਿਦਰਾਣੇ ਦੀ ਢਾਬ ‘ਤੇ ਮੁਗਲਾਂ ਨਾਲ਼ ਲੜਾਈ ਹੋਈ ਜਿਸ ਵਿੱਚ ਸਾਰੇ 40 ਸਿੰਘ ਅਤੇ ਮਾਈ ਭਾਗੋ ਸ਼ਹੀਦ ਹੋ ਗਏ ਸਨ ।
ਪੰਜਾਬ ਤਾਂ ਹਮੇਸ਼ਾ ਹੀ ਦੇਸ਼ ਦੇ ਨਾਲ਼ ਹਰ ਮੈਦਾਨ ‘ਚ ਹਿਮਾਲਿਆ ਪਰਬਤ ਵਾਂਗ ਖੜਿਆ ਹੈ : ਪਹਿਲਾਂ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਤੇ ਖਾਸ ਕਰ ਸਿਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿਤੀਆਂ : ਇਸ ਲੜਾਈ ‘ਚ ਭਾਰਤ ਦੇ 121 ਸੰਗਰਾਮੀਆਂ ਨੂੰ ਫਾਂਸੀਆਂ ‘ਤੇ ਲਟਕਾਇਆ ਗਿਆ ਤੇ ਇਨ੍ਹਾਂ ‘ਚੋਂ 93 (71%) ਸਿਖ ਸਨ ,2646 ਆਜ਼ਾਦੀ ਘੁਲਾਟੀਆਂ ਨੂੰ ਉਮਰ ਕੈਦ ਹੋਈ ਜਿਨ੍ਹਾ ‘ਚ 2147(81%) ਸਿਖ ਸਨ ਤੇ 1300 ਪੰਜਾਬੀ ਸੰਗਰਾਮੀਏਂ ਜੱਲ੍ਹਿਆਂਵਾਲ਼ੇ ਬਾਗ ਸ਼ਹੀਦ ‘ਚ ਹੋਏ ਜਿਨ੍ਹਾਂ ‘ਚ 799 (61%) ਸਿਖ ਸਨ ।
ਹੁਣ ਤੱਕ ਸਾਰੀਆਂ ਹੀ ਸਰਕਾਰਾਂ ਇਹ ਸਵੀਕਾਰ ਕਰਦੀਆਂ ਰਹੀਆਂ ਹਨ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਅਤੇ ਵਿਕਾਸ ‘ਚ ਪੰਜਾਬ ਦਾ ਸੱਭ ਤੋਂ ਵੱਧ ਯੋਗਦਾਨ ਹੈ । ਸੰਤਾਲ਼ੀ ਦੀ ਵੰਡ ਨੂੰ ਪੂਰਾ ਦੇਸ਼ ‘ਆਜ਼ਾਦੀ ਦਿਵਸ ‘ ਵਜੋਂ ਮਨਾਉਂਦਾ ਹੈ ਪਰ ਪੰਜਾਬ ਇਸ ਦਿਨ ਉਸ ਕਤਲੋਗ਼ਾਰਤ ਨੂੰ ਯਾਦ ਕਰਦਾ ਹੈ ਜੋ ਇਸ ਦੀ ਧਰਤੀ ‘ਤੇ ਹੋਈ । ਆਜ਼ਾਦੀ ਦਾ ਸੱਭ ਤੋਂ ਵੱਧ ਮੁੱਲ ਪੰਜਾਬ ਨੇ ਤਾਰਿਆ ਸੀ ਜੋ ਪੱਛਮੀ ਅਤੇ ਪੂਰਬੀ ਪੰਜਾਬ ‘ਚ ਵੰਡ ਦਿਤਾ ਗਿਆ ਅਤੇ ਇਸ ਦੀ ਧਰਤੀ ‘ਤੇ 10 ਤੋਂ ਵੀਹ ਲੱਖ ਤੱਕ ਕਤਲ ਹੋਏ । ਪੰਜਾਬੀ ਆਜ਼ਾਦੀ ਦਿਵਸ ਨੂੰ ਹਮੇਸ਼ਾਂ ‘ਹੱਲਿਆਂ ਵੇਲ਼ੇ ਜਾਂ ਵੰਡ ਵੇਲ਼ੇ’ ਕਹਿ ਕੇ ਯਾਦ ਕਰਦੇ ਹਨ । ਪੰਜਾਬ ਲਈ ਇਹ ਬਰਬਾਦੀ ਦਿਵਸ ਹੀ ਸੀ ।
ਆਜ਼ਾਦੀ ਮਗਰੋਂ ਦੇਸ਼ ਨੂੰ ਭੁੱਖਮਰੀ ‘ਚੋਂ ਕੱਢਣ ਲਈ ਪੰਜਾਬ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ , 1962 ‘ਚ ਭਾਰਤ-ਚੀਨ ਜੰਗ ,1968 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ‘ਚ ਪੰਜਾਬੀਆਂ ਨੇ ਸਰਹੱਦੀ ਸੂਬਾ ਹੋਣ ਕਰਕੇ ਫੌਜਾਂ ਦਾ ਪੂਰਾ ਸਾਥ ਦਿਤਾ । ਪਾਕਿਸਤਾਨ ਨਾਲ਼ 1971 ਦੀ ਲੜਾਈ ਸਮੇਂ ਤਾਂ ਪੰਜਾਬੀ, ਭਾਰਤੀ ਫੌਜੀਆਂ ਨੂੰ ਪਾਕਿ ਸਰਹੱਦ ‘ਤੇ ਲੜਾਈ ਦੇ ਮੋਰਚਿਆਂ ‘ਤੇ ਰੋਟੀਆਂ ਵੀ ਪਹੁੰਚਾਉਂਦੇ ਰਹੇ ।
ਪੰਜਾਬ ਨੇ 2017 ‘ਚ ਪੰਜਾਬੀ ਸੱਭਿਆਚਾਰ ‘ਤੇ ‘ਜਾਗੋ’ , 2018 ‘ਚ ‘ਸੰਗਤ ਅਤੇ ਪੰਗਤ’ 2019 ‘ਚ ਜੱਲਿਆਂ ਵਾਲ਼ੇ ਬਾਗ ( ਤੀਜਾ ਸਥਾਨ), 2020 ‘ਚ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਕਿਰਤ ਕਰੋ ਨਾਮ ਜਪੋ ‘ਤੇ ਵੰਡ ਛਕੋ , 2021 ‘ਚ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ‘ਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ 2022 ‘ਚ ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ‘ਤੇ ਦੇਸ਼ ਦੀ ਆਜ਼ਾਦੀ ‘ਚ ਪੰਜਾਬ ਦੇ ਯੋਗਦਾਨ ‘ਚ ਪੰਜਾਬ ਦੇ ਸ਼ਹੀਦਾ ਭਗਤ ਸਿੰਘ, ਰਾਜਗੁਰੂ,ਸੁਖਦੇਵ, ਲਾਲਾ ਲਾਜਪਤ ਰਾਏ,ਊਧਮ ਸਿੰਘ ਤੇ ਜੱਲਿਆਂਵਾਲ਼ੇ ਬਾਗ ‘ਤੇ ਝਾਕੀਆਂ ਪੇਸ਼ ਕੀਤੀਆਂ ਸਨ ।
ਪੰਜਾਬ ਸਰਕਾਰ ਦੀ ਕੇਂਦਰ ਨਾਲ਼ ਕਈ ਮਸਲਿਆਂ ‘ਤੇ ਖੜਕਦੀ ਰਹੀ ਹੈ : ਪੇਂਡੂ ਵਿਕਾਸ ਫੰਡ ਕੇਂਦਰ ਨੇ ਰੋਕ ਲਿਆ ਹੈ , ਚੰਡੀਗੜ੍ਹ ‘ਤੇ ਕੇਂਦਰ ਕਬਜ਼ਾ ਕਰਨਾ ਚਾਹੁੰਦਾ ਹੈ, ਬੀਬੀਐੱਮਬੀ ‘ਤੇ ਕੇਂਦਰ ਕਬਜ਼ਾ ਕਰ ਚੁੱਕਾ ਹੈ , ਪੰਜਾਬ ਯੂਨੀਵਰਸਿਟੀ ‘ਤੇ ਵੀ ਕੇਂਦਰ ਦੀ ਅੱਖ ਹੈ , ਪੰਜਾਬ ਦੇ ਰਾਜਪਾਲ ਨਾਲ਼ ਮਾਨ ਸਰਕਾਰ ਦੀ ਵਿਧਾਨ ਸਭਾ ਸੈਸ਼ਨ, ਵੀਸੀਆਂ ਦੀਆਂ ਨਿਯੁਕਤੀਆਂ ਤੇ ਚੰਡੀਗੜ੍ਹ ਦੇ ਐੱਸਐੱਸਪੀ ਦੀ ਨਿਯੁਕਤੀ ਸਮੇਤ ਰਾਜਪਾਲ ਦੇ ਸਰਹੱਦੀ ਜ਼ਿਲਿਆਂ ਦੇ ਦੌਰੇ ਨੂੰ ਲੈਕੇ ਪਹਿਲਾਂ ਹੀ ਕਈ ਵਿਵਾਦ ਚੱਲ ਰਹੇ ਹਨ ।
ਇਸ ਵਾਰ 74ਵੇਂ ਗੰਣਤੰਤਰ ਦਿਵਸ ‘ਤੇ ਪੰਜਾਬ ਨਾਲ਼ ਕੇਂਦਰ ਦੀ ਭਾਜਪਾ ਦਾ ਇਹ ਵਿਵਹਾਰ ਪੰਜਾਬੀਆਂ ਨੂੰ ਹਮੇਸ਼ਾ ਖਟਕਦਾ ਰਹੇਗਾ । ਇਸ ਘਟਨਾ ਨੂੰ ਇਸ ਨਜ਼ਰੀਏ ਨਾਲ਼ ਵੇਖਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਨੱਪਕੇ ਰੱਖਣਾ ਚਾਹੁੰਦੀ ਹੈ ਕਿਉਂਕਿ ਕੇਂਦਰ ਤੇ ਭਾਜਪਾ ਇਹ ਸਮਝਦੇ ਹਨ ਕਿ ਪੰਜਾਬ ਦੇ ਕਿਸਾਨ ਅੰਦੋਲਨ ਕਰਕੇ ਹੀ ਪੀਐੱਮ ਮੋਦੀ ਨੂੰ ਝੁਕਣਾ ਪਿਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਮੋਦੀ ਕਦੇ ਆਪਣੇ ਫ਼ੈਸਲੇ ਵਾਪਸ ਨਹੀਂ ਲੈਂਦੇ । ਕਿਸਾਨ ਫਿਰ ਅੰਦੋਲਨ ਦੀਆਂ ਤਿਆਰੀਆਂ ਕਰ ਰਹੇ ਹਨ ਕਿਉਂਕਿ ਕਿਸਾਨ ਅੰਦੋਲਨ ਨੂੰ ਸਮਾਪਤ ਕਰਾਉਣ ਲਈ ਜੋ ਮੰਗਾਂ ਮੰਨਣ ਬਾਰੇ ਕੇਂਦਰ ਸਰਕਾਰ ਨੇ ਚਿੱਠੀ ਦਿਤੀ ਸੀ ਉਸ ਤੋਂ ਸਰਕਾਰ ਬਿਲਕੁਲ ਹੀ ਮੁਕਰ ਗਈ ਹੈ । ਇੰਜ ਭਵਿਖ ‘ਚ ਵੀ ਹੋਰ ਕੜਵਾਹਟ ਵਧਣ ਦਾ ਡਰ ਬਣਿਆ ਰਹੇਗਾ । ਇਸ ਸਥਿਤੀ ਨੂੰ ਬਹੁਤ ਜਲਦੀ ਸਾਫ਼ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਹਿਲ ਹੋਣੀ ਚਾਹੀਦੀ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.