NewsBreaking NewsD5 specialPoliticsPunjab

ਅਕਾਲੀ-ਭਾਜਪਾ ਤਾਲਮੇਲ ਕਮੇਟੀ ਨੇ ਕਾਂਗਰਸ ਨੂੰ ਦਿਗਵਿਜੈ ਸਿੰਘ ਖ਼ਿਲਾਫ ਕਾਰਵਾਈ ਕਰਨ ਲਈ ਆਖਿਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਤਾਲਮੇਲ ਕਮੇਟੀ ਨੇ ਅੱਜ ਸਿੱਖਾਂ ਨੂੰ ਬਦਨਾਮ ਕਰਨ ਲਈ ਕਾਂਗਰਸੀ ਆਗੂ ਦਿਗਵਿਜੈ ਸਿੰਘ ਦੀ ਸਖ਼ਤ ਨਿਖੇਧੀ ਕੀਤੀ। ਇਸ ਦੇ ਨਾਲ ਹੀ ਇਸ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਬਦਸਲੂਕੀ ਕਰਨ ਲਈ ਪੰਜਾਬ ਸਰਕਾਰ ਨੂੰ ਸਖ਼ਤ ਝਾੜ ਪਾਈ ਅਤੇ ਨਾਲ ਹੀ ਕੋਵਿਡ-19 ਦੀ ਰੋਕਥਾਮ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।
ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸਵਨੀ ਸ਼ਰਮਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਯੋਗ ਅਗਵਾਈ ਦੇਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਏ ਹਨ, ਜਿਸ ਕਰਕੇ ਪੰਜਾਬ ਨੂੰ ਬਹੁਤ ਨੁਕਸਾਨ ਸਹਿਣਾ ਪਿਆ ਹੈ ਅਤੇ ਇੱਥੇ ਕੋਵਿਡ ਮੌਤਾਂ ਦੀ ਦਰ ਦੇਸ਼ ਭਰ ਵਿਚ ਸਭ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ।

ਤਾਲਮੇਲ ਕਮੇਟੀ ਨੇ ਕੇਂਦਰ ਸਰਕਾਰ ਨੂੰ ਇਸ ਸੰਕਟ ਦੇ ਸਮੇਂ ਵਿਚ ਕਿਸਾਨਾਂ ਨੂੰ ਕਣਕ ਦੇ ਸਮਰਥਨ ਮੁੱਲ ‘ਤੇ ਬੋਨਸ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਭੇਜੀ ਖੁਰਾਕ ਸਮੱਗਰੀ ਵਿਚ ਹੋਈ ਹੇਰਾਫੇਰੀ ਦੀ ਜਾਂਚ ਲਈ ਇੱਕ ਕੇਂਦਰੀ ਟੀਮ ਭੇਜੀ ਜਾਵੇ। ਇਸ ਨੇ ਸੂਬਾ ਸਰਕਾਰ ਨੂੰ ਇਹ ਵੀ ਆਖਿਆ ਕਿ ਬੇਮੌਸਮੇ ਮੀਂਹ ਕਰਕੇ ਜਿਹਨਾਂ ਕਿਸਾਨਾਂ ਦੀ ਕਣਕ ਦੀ ਫਸਲ ਖਰਾਬ ਹੋ ਗਈ ਹੈ, ਉਹਨਾਂ ਨੂੰ ਕੁਦਰਤੀ ਆਫਤ ਰਾਹਤ ਫੰਡ ਵਿਚੋਂ ਮੁਆਵਜ਼ਾ ਦਿੱਤਾ ਜਾਵੇ।
ਮੀਟਿੰਗ ਦੌਰਾਨ ਬੁਲਾਰਿਆਂ ਨੇ ਕਾਂਗਰਸੀ ਆਗੂ ਦਿਗਵਿਜੈ ਸਿੰਘ ਵੱਲੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸਿੱਖ ਸ਼ਰਧਾਲੂਆਂ ਦੀ ਤੁਲਨਾ ਇੱਕ ਹੋਰ ਫਿਰਕੇ ਦੇ ਧਾਰਮਿਕ ਇਕੱਠ ਨਾਲ ਕੀਤੇ ਜਾਣ ਉੱਤੇ ਸਖ਼ਤ ਇਤਰਾਜ ਜਤਾਇਆ।

ਉਹਨਾਂ ਕਿਹਾ ਕਿ ਇਹ ਸਿੱਖਾਂ ਨੂੰ ਫਿਰ ਉਸੇ ਢੰਗ ਨਾਲ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਜਾਪਦੀ ਹੈ, ਜਿਸ ਤਰ੍ਹਾਂ ਕਾਂਗਰਸ ਪਾਰਟੀ ਪਹਿਲਾਂ 1984 ਵਿਚ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਅਤੇ 2012 ਵਿਚ ਨਸ਼ੇੜੀ ਕਹਿ ਕੇ ਬਦਨਾਮ ਕਰ ਚੁੱਕੀ ਹੈ। ਅਕਾਲੀ-ਭਾਜਪਾ ਆਗੂਆਂ ਨੇ ਇਸ ਮਾਮਲੇ ਉੱਤੇ ਮੁੱਖ ਮੰਤਰੀ ਵੱਲੋਂ ਧਾਰੀ ਚੁੱਪ ਉਤੇ ਸੁਆਲ ਉਠਾਇਆ ਅਤੇ ਕਿਹਾ ਕਿ ਉਸ ਨੇ ਅਜੇ ਤਕ ਦਿਗਵਿਜੈ ਸਿੰਘ ਖ਼ਿਲਾਫ ਕਾਰਵਾਈ ਦੀ ਮੰਗ ਕਿਉਂ ਨਹੀਂ ਕੀਤੀ ਹੈ? ਉਹਨਾਂ ਇਹ ਵੀ ਮੰਗ ਕੀਤੀ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦਿਗਵਿਜੈ ਸਿੰਘ ਖ਼ਿਲਾਫ ਤੁਰੰਤ ਕਾਰਵਾਈ ਕਰੇ। ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਜੂਰ ਸਾਹਿਬ ਦੇ ਸ਼ਰਧਾਲੂਆਂ ਦੇ ਵਾਪਸੀ ਪ੍ਰਬੰਧਾਂ ਵਿਚ ਲਾਪਰਵਾਹੀ ਵਰਤਣ ਅਤੇ ਬਾਅਦ ਵਿਚ ਸੂਬੇ ਅੰਦਰ ਕੋਵਿਡ-19 ਕੇਸਾਂ ਵਿਚ ਵਾਧੇ ਲਈ ਸ਼ਰਧਾਲੂਆਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕਾਂਗਰਸ ਪਾਰਟੀ ਦੀ ਸਖ਼ਤ ਨਿਖੇਧੀ ਕੀਤੀ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਂਦੇ ਸਮੇਂ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਅਤੇ ਸ਼ਰਧਾਲੂਆਂ ਨੂੰ ਗੰਦੀਆਂ ਇਮਾਰਤਾਂ ਅੰਦਰ ਏਕਾਂਤਵਾਸ ਵਿਚ ਪਾ ਕੇ ਉਹਨਾਂ ਦੀ ਤਕਲੀਫਾਂ ਨੂੰ ਹੋਰ ਵਧਾ ਦਿੱਤਾ। ਉਹਨਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਆਪਣਾ ਸਰਾਵਾਂ ਵਿਚ ਠਹਿਰਾਉਣ ਦੀ ਦਿੱਤੀ ਪੇਸ਼ਕਸ਼ ਜਾਣਬੁੱਝ ਕੇ ਸਵੀਕਾਰ ਨਹੀਂ ਕੀਤੀ। ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਅਕਾਲੀ-ਭਾਜਪਾ ਮੈਂਬਰਾਂ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸਿਹਤ ਮੰ ਤਰੀ ਪਿਛਲੇ ਡੇਢ ਮਹੀਨੇ ਤੋਂ ਸੂਬੇ ਦਾ ਸਿਹਤ ਢਾਂਚਾ ਸੁਧਾਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ, ਕਿਉਂਕਿ ਅਜੇ ਵੀ ਪੀਪੀਈ ਕਿਟਾਂ ਅਤੇ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ। ਮੈਂਬਰਾਂ ਨੇ ਕਿਹਾ ਕਿ ਹੁਣ ਹਾਲਾਤ ਇਹ ਹਨ ਕਿ ਵਿਭਾਗ ਵੱਲੋਂ ਖਰੀਦੀਆਂ ਪੀਪੀਈ ਕਿਟਾਂ ਨੂੰ ਨੂੰ ਸਿਹਤ ਕਾਮੇ ਇਸਤੇਮਾਲ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ਇਹ ਆਪਣੇ ਆਪ ਵਿਚ ਇੱਕ ਵੱਡਾ ਘੁਟਾਲਾ ਹੈ।

ਮੈਂਬਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਅਪਣਾਈ ਜਾ ਰਹੀ ਟੈਸਟ ਵਿਧੀ ਅਤੇ ਟੈਸਟਾਂ ਦੇ ਨਤੀਜੇ ਵੀ ਸ਼ੱਕ ਦੇ ਘੇਰੇ ਵਿਚ ਆ ਰਹੇ ਹਨ। ਮੈਂਬਰਾਂ ਨੇ ਅਗਲੇ ਕੁੱਝ ਦਿਨਾਂ ਵਿਚ ਪੰਜਾਬ ਤੋ ਲੱਖਾਂ ਪਰਵਾਸੀ ਮਜ਼ਦੂਰਾਂ ਦੇ ਜਾਣ ਉੱਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਪਲਾਇਣ ਨੂੰ ਰੋਕਣ ਲਈ ਸੰਜੀਦਾ ਯਤਨ ਨਹੀਂ ਕੀਤੇ। ਉਹਨਾਂ ਕਿਹਾ ਕਿ ਇਸ ਨਾਲ ਝੋਨੇ ਦੀ ਬਿਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ । ਉਹਨਾਂ ਸਰਕਾਰ ਨੂੰ 15 ਜੂਂਨ ਤਕ ਝੋਨੇ ਦੀ ਬਿਜਾਈ ਉੱਤੇ ਪਾਬੰਦੀ ਵਾਲੀ ਸ਼ਰਤ ਹਟਾ ਕੇ ਝੋਨੇ ਦੀ ਸੀਜ਼ਨ ਨੂੰ ਵਧਾਉਣ ਲਈ ਆਖਿਆ। ਉਹਨਾਂ ਸਰਕਾਰ ਨੂੰ ਇਹ ਵੀ ਕਿਹਾ ਕਿ ਨਰਮੇ ਦੀ ਫਸਲ ਦੀ ਬਿਜਾਈ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ। ਅਕਾਲੀ-ਭਾਜਪਾ ਤਾਲਮੇਲ ਕਮੇਟੀ ਨੇ ਪੰਜਾਬ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਉਹ ਜੁਆਬ ਦੇਵੇ ਕਿ ਉਸ ਨੇ ਪਿਛਲੇ ਡੇਢ ਮਹੀਨੇ ਦੌਰਾਨ ਲੋਕਾਂ ਦੀ ਤਕਲੀਫਾਂ ਦੂਰ ਕਰਨ ਲਈ ਕੀ ਕੀਤਾ ਹੈ।

ਕਮੇਟੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੰਡ ਲੈਣ ਦੇ ਬਾਵਜੂਦ ਸੂਬਾ ਸਰਕਾਰ ਰੌਲਾ ਪਾ ਰਹੀ ਹੈ ਅਤੇ ਹਾਸਲ ਕੀਤੇ ਫੰਡਾਂ ਨੂੰ ਖਰਚ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਆਪਣਾ ਰੁਜ਼ਗਾਰ ਗੁਆ ਚੁੱਕੇ ਖੇਤ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ ਕੋਈ ਵੀ ਲਾਭ ਦੇਣ ਵਿਚ ਨਾਕਾਮ ਰਹੀ ਹੈ।ਆਮ ਆਦਮੀ ਲਈ ਕੁੱਝ ਨਹੀਂ ਕੀਤਾ ਗਿਆ ਹੈ। ਕਮੇਟੀ ਨੇ ਮੰਗ ਕੀਤੀ ਕਿ ਸਰਕਾਰ ਨਗਰ ਨਿਗਮ , ਨਗਰ ਪਾਲਿਕਾਵਾਂ ਅਤੇ ਇੰਪਰੂਵਮੈਂਟ ਟਰੱਸਟ ਦੀਆਂ ਦੁਕਾਨਾਂ ਦਾ ਕਿਰਾਇਆ ਮੁਆਫ ਕਰ ਦੇਵੇ। ਇਸੇ ਤਰ੍ਹਾਂ ਬਿਜਲੀ ਅਤੇ ਪਾਣੀ ਦੇ ਬਿਲ ਅੱਧੇ ਕਰ ਦੇਣੇ ਚਾਹੀਦੇ ਹਨ ਅਤੇ ਗਊਸ਼ਾਲਾਵਾਂ ਵਿਚ ਚਾਰੇ ਅਤੇ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਘੋਸ਼ਨਾਵਾਂ ਦੇ ਬਾਵਜੂਦ ਸੂਬੇ ਅੰਦਰ ਸਨਅਤਾਂ ਮੁੜ ਚਾਲੂ ਨਹੀਂ ਹੋ ਸਕੀਆਂ, ਕਿਉਂਕਿ ਹਰਿਆਣਾ ਵਾਂਗ ਉਹਨਾਂ ਨੂੰ ਕਾਮਿਆਂ ਨੂੰ ਤਨਖਾਹਾਂ ਦੇਣ ਲਈ ਚੁੱਕੇ ਕਰਜ਼ੇ ਦਾ ਵਿਆਜ ਮੁਆਫ ਕਰਨ ਸਮੇਤ ਕੋਈ ਰਾਹਤ ਨਹੀਂ ਦਿੱਤੀ ਗਈ ਹੈ।

ਮੀਟਿੰਗ ਵਿਚ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀਆਂ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਜੀਵਨ ਗੁਪਤਾ ਦੀ ਇੱਕ ਦੋ ਮੈਂਬਰੀ ਸੂਬਾਈ ਤਾਲਮੇਲ ਕਮੇਟੀ ਬਣਾਈ ਗਈ। ਇਸ ਮੀਟਿੰਗ ਵਿਚ ਐਸਜੀਪੀਸੀ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੀਟਿੰਗ ਵਿਚ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਉਚੇਰੇ ਤੌਰ ਤੇ ਭਾਗ ਲਿਆ। ਇਸ ਤੋਂ ਇਲਾਵਾ ਮੀਟਿੰਗ ਵਿਚ ਭਾਗ ਲੈਣ ਵਾਲਿਆਂ ਵਿਚ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਦਿਨੇਸ਼ ਸ਼ਰਮਾ, ਮਦਨ ਮੋਹਨ ਮਿੱਤਲ, ਵਿਜੈ ਸਾਂਪਲਾ, ਬ੍ਰਿਜ ਲਾਲ ਬਾਵਾ, ਤੀਕਸ਼ਨ ਸੂਦ, ਮਨੋਰੰਜਨ ਕਾਲੀਆ, ਰਜਿੰਦਰ ਭੰਡਾਰੀ, ਤਰੁਣ ਚੁੱਘ, ਸੁਭਾਸ਼ ਸ਼ਰਮਾ ਅਤੇ ਮਾਲਵਿੰਦਰ ਸਿੰਘ ਕੰਗ ਸ਼ਾਮਿਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button