IndiaTop News

BBC ਦੀ PM ਦਸਤਾਵੇਜ਼ੀ :- ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ’ਚ ਇਕੱਤਰ ਹੋਏ ਵਿਦਿਆਰਥੀਆਂ ਚੋਂ 70 ਨੂੰ ਲਿਆ ਗਿਆ ਹਿਰਾਸਤ ‘ਚ

ਦਿੱਲੀ ਪੁਲੀਸ ਨੇ BBC ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਸਤਾਵੇਜ਼ੀ ਦੀ ਤਜਵੀਜ਼ਤ ਸਕਰੀਨਿੰਗ ਨੂੰ ਲੈ ਕੇ ਚਾਰ ਕਾਰੁਕਨਾਂ ਨੂੰ ਹਿਰਾਸਤ ਚ ਲੲ ਜਾਣ ਦਾ ਵਿਰੋਧ ਕਰਨ ਲਈ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ’ਚ ਇਕੱਤਰ ਹੋਏ ਵਿਦਿਆਰਥੀਆਂ ਵਿਚੋਂ 70 ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਹ ਦਾਅਵਾ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਨੇ ਕੀਤਾ ਹੈ। ਉਂਜ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੇ ਇਕੱਤਰ ਹੋਣ ਕਰਕੇ ਕੈਂਪਸ ਦੇ ਬਾਹਰ ਪੁਲੀਸ ਅਮਲੇ ਤੇ ਰੈਪਿਡ ਐਕਸ਼ਨ ਫੋਰਸ ਦਾ ਅਮਲਾ ਤਾਇਨਾਤ ਰਿਹਾ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜਾਮੀਆ ਦੇ ਗੇਟਾਂ ’ਤੇ ਪੁਲੀਸ ਅਤੇ ਅੱਥਰੂ ਗੈਸ ਦੀਆਂ ਤੋਪਾਂ ਵਾਲੀਆਂ ਵੈਨਾਂ ਤਾਇਨਾਤ ਕੀਤੀਆਂ ਗਈਆਂ।ਦਿੱਲੀ ਪੁਲੀਸ ਨੇ ਕਿਹਾ ਕਿ ਬੀਬੀਸੀ ਦਸਤਾਵੇਜ਼ੀ ਦੀ ਸਕਰੀਨਿੰਗ ਨੂੰ ਲੈ ਕੇ ਅੱਜ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਕਥਿਤ ਹੰਗਾਮਾ ਕਰਨ ਦੇ ਦੋਸ਼ ਵਿੱਚ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਐੱਸਐੱਫਆਈ ਦਿੱਲੀ ਸਟੇਟ ਕਮੇਟੀ ਨੇ ਕਿਹਾ ਕਿ ਅਜ਼ੀਜ਼ (ਜਾਮੀਆ ਵਿਦਿਆਰਥੀ ਅਤੇ ਜਾਮੀਆ ਯੂਨਿਟ ਸਕੱਤਰ), ਨਿਵੇਦਿਆ (ਜਾਮੀਆ ਵਿਦਿਆਰਥੀ ਅਤੇ ਦੱਖਣੀ ਦਿੱਲੀ ਖੇਤਰ ਦੇ ਉਪ ਪ੍ਰਧਾਨ), ਅਭਿਰਾਮ ਅਤੇ ਤੇਜਸ (ਜਾਮੀਆ ਵਿਦਿਆਰਥੀ ਅਤੇ ਯੂਨਿਟ ਦੇ ਮੈਂਬਰ) ਨੂੰ ਹਿਰਾਸਤ ਵਿੱਚ ਲਿਆ ਗਿਆ। ਹੋਰ ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿੱਚ ਲੈਣ ਦੀਆਂ ਖ਼ਬਰਾਂ ਹਨ।ਐੱਸਐੱਫਆਈ ਦੀ ਦਿੱਲੀ ਸਟੇਟ ਕਮੇਟੀ ਦੇ ਸਕੱਤਰ ਪ੍ਰਿਤੀਸ਼ ਮੈਨਨ ਨੇ ਕਿਹਾ ਕਿ ਪੁਲੀਸ ਨੇ ਕੈਂਪਸ ’ਚ ਇਕੱਤਰ ਹੋਏ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੈਨਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਆਪਣਾ ਰੋਸ ਮੁਜ਼ਾਹਰਾ ਸ਼ੁਰੂ ਕਰਨ ਲੱਗੇ ਸੀ ਕਿ ਉਨ੍ਹਾਂ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ।’’

ਕਾਬਿਲੇਗੌਰ ਹੈ ਕਿ ਖੱਬੇਪੱਖੀਆਂ ਦੀ ਹਮਾਇਤ ਵਾਲੀ ਐੱਸਐੱਫਆਈ ਦੀ ਜਾਮੀਆ ਇਕਾਈ ਨੇ ਮੰਗਲਵਾਰ ਨੂੰ ਪੋਸਟਰ ਰਿਲੀਜ਼ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਬੀਬੀਸੀ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐੱਸਚਨ’ ਯੂਨੀਵਰਸਿਟੀ ਦੇ ਐੱਮਸੀਆਰਸੀ ਲਾਅਨ ਗੇਟ 8 ’ਤੇ ਸ਼ਾਮ 6 ਵਜੇ ਵਿਖਾਈ ਜਾਵੇਗੀ। ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਐੱਸਐੱਫਆਈ ਦੇ ਇਸ ਐਲਾਨ ਮਗਰੋਂ ਉਨ੍ਹਾਂ ਚਾਰ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਧਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਦਸਤਾਵੇਜ਼ੀ ਵਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਉਹ ਲੋਕਾਂ ਤੇ ਜਥੇਬੰਦੀਆਂ ਨੂੰ ‘ਉਨ੍ਹਾਂ ਦੇ ਸੌੜੇ ਹਿੱਤਾਂ ਲਈ ਯੂਨੀਵਰਸਿਟੀ ਦੇ ਸ਼ਾਂਤਮਈ ਅਕਾਦਮਿਕ ਮਾਹੌਲ ਨੂੰ ਖ਼ਰਾਬ ਕਰਨ’ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ’ਵਰਸਿਟੀ ਪ੍ਰਸ਼ਾਸਨ ਨੇ ਇਕ ਬਿਆਨ ਵਿੱਚ ਕਿਹਾ ਕਿ ਦਸਤਾਵੇਜ਼ੀ ਦੀ ਸਕਰੀਨਿੰਗ ਲਈ ਉਨ੍ਹਾਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button